ਆਪਣੀਆਂ ਦਿਲਕਸ਼ ਅਦਾਵਾਂ ਨਾਲ ਪਰਦੇ ‘ਤੇ ਜਾਦੂ ਬਿਖੇਰ ਕੇ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀ ਅਦਾਕਾਰਾ ਜੈਕਲਿਨ ਫ਼ਰਨਾਂਡੀਜ਼ ਨੇ ਆਪਣੇ ਬਾਰੇ ਅਹਿਮ ਖ਼ੁਲਾਸਾ ਕੀਤਾ ਹੈ ਜਿਸ ਬਾਰੇ ਸ਼ਾਇਦ ਕਿਸੇ ਨੂੰ ਪਤਾ ਨਹੀਂ ਹੋਵੇਗਾ। ਜੈਕਲਿਨ ਨੇ ਦਿਲਚਸਪ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਉਹ ਅਸਲ ਜ਼ਿੰਦਗੀ ਵਿੱਚ ਵੀ ਸਟ੍ਰੀਟ ਰੇਸਰ ਰਹਿ ਚੁੱਕੀ ਹੈ। ਆਪਣੀ ਅਗਲੀ ਫ਼ਿਲਮ ‘ਡ੍ਰਾਈਵ’ ਵਿੱਚ ਸਟੀਅਰਿੰਗ ਵ੍ਹੀਲ ਫ਼ੜੀ ਨਜ਼ਰ ਆ ਰਹੀ ਜੈਕਲਿਨ ਨੇ ਦੱਸਿਆ ਕਿ ਬਹਿਰੀਨ ‘ਚ ਗੁਜ਼ਾਰੇ ਦਿਨਾਂ ਦੌਰਾਨ ਉਹ ਰੀਅਲ ਲਾਈਫ਼ ਸਟ੍ਰੀਟ ਰੇਸਰ ਰਹਿ ਚੁੱਕੀ ਹੈ। ਉਸ ਨੇ ਦੱਸਿਆ ਕਿ ਉਹ ਆਪਣੀ ਇਕ ਦੋਸਤ ਨਾਲ ਸਟ੍ਰੀਟ ਰੇਸ ਵਿੱਚ ਹਿੱਸਾ ਲੈਂਦੀ ਸੀ ਅਤੇ ਉਸ ਨੇ ਕੁਝ ਦੌੜਾਂ ਜਿੱਤੀਆਂ ਵੀ। ਤਰੁਣ ਮਨਸੁਖਾਨੀ ਦੇ ਨਿਰਦੇਸ਼ਨ ‘ਚ ਬਣ ਰਹੀ ਫ਼ਿਲਮ ‘ਡ੍ਰਾਈਵ’ ਵਿੱਚ ਜੈਕਲਿਨ, ਸੁਸ਼ਾਂਤ ਸਿੰਘ ਰਾਜਪੂਤ ਦੇ ਆਪੋਜ਼ਿਟ ਨਜ਼ਰ ਆਵੇਗੀ। ਜੈਕਲਿਨ ਨੇ ਹਾਲ ਹੀ ‘ਚ ‘ਜੁੜਵਾ 2’ ਦਾ ਲੰਡਨ ਸ਼ੈਡਿਊਲ ਖ਼ਤਮ ਕੀਤਾ ਹੈ ਅਤੇ ਹੁਣ ਸਿੱਧਾਰਥ ਮਲਹੋਤਰਾ ਨਾਲ ਅਗਲੀ ਫ਼ਿਲਮ ‘ਅ ਜੈਂਟਲਮੈਨ’ ਰਿਲੀਜ਼ ਦੀ ਤਿਆਰੀ ਕਰ ਰਹੀ ਹੈ।