ਚੰਡੀਗਡ਼੍ਹ  : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਖਾਲਸਾ ਪੰਥ’ ਦੇ 318ਵੇਂ ਸਾਜਨਾ ਦਿਵਸ ਅਤੇ ਵਿਸਾਖੀ ਦੀ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਵਧਾਈ ਦਿੱਤੀ ਹੈ ਜੋ ਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਪ੍ਰਤੀਕ ਹੈ।
ਵਿਸਾਖੀ ਦੇ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਪੰਜਾਬ ਦੀਆਂ ਸਦੀਆਂ ਪੁਰਾਣੀ ਅਮੀਰ ਅਤੇ ਸ਼ਾਨਦਾਰ ਸਭਿਆਚਾਰਕ ਵਿਰਾਸਤ ਨੂੰ ਯਾਦ ਦਵਾਉਂਦਿਆਂ ਲੋਕਾਂ ਨੂੰ ਇਨ੍ਹਾਂ ਰਿਵਾਇਤਾਂ ਨੂੰ ਬਣਾਉਣ ਰੱਖਣ ਦੀ ਅਪੀਲ ਕੀਤੀ ਹੈ।
ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਲ 1699 ਈਸਵੀ ਵਿੱਚ ਇਸ ਪਵਿੱਤਰ ਦਿਹਾਡ਼ੇ ‘ਤੇ ਵੱਖ ਵੱਖ ਜਾਤਾਂ ਦੇ ਲੋਕਾਂ ਵਿੱਚੋਂ ਪੰਜ ਪਿਆਰਿਆਂ ਨੂੰ ਚੁਣ ਕੇ ਅੰਮ੍ਰਿਤ ਦੀ ਦਾਤ ਬਖਸ਼ਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਵਿਖੇ ‘ਖਾਲਸਾ ਪੰਥ’ ਦੀ ਕੀਤੀ ਸਥਾਪਨਾ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਯਾਦ ਕੀਤਾ। ਉਨ੍ਹਾਂ ਕਿਹਾ ਕਿ ਖਾਲਸਾ ਪੰਥ ਦੀ ਸਾਜਨਾ ਨਾਲ ਇਕ ਸਮਾਨਤਾਵਾਦੀ ਸਮਾਜ ਦੀ ਨੀਂਹ ਰੱਖੀ ਗਈ ਅਤੇ ਇਸ ਨੇ ਸਾਨੂੰ ਮਨੁੱਖਤਾ ਲਈ ਆਪਸੀ ਭਾਈਚਾਰਕ ਸਾਂਝ ਅਤੇ ਪਿਆਰ ਦਾ ਸੰਦੇਸ਼ ਦਿੱਤਾ।
ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਇਸ ਦਿਹਾਡ਼ੇ ਮੌਕੇ ਪੰਜਾਬ ਦਾ ਮਿਹਨਤਕਸ਼ ਕਿਸਾਨ ਆਪਣੀ ਮਿਹਨਤ ਨਾਲ ਉਗਾਈ ਗਈ ਹਾਡ਼੍ਹੀ ਦੀ ਫ਼ਸਲ ਨੂੰ ਵਾਢੀ ਪਾਉੁਂਦਾ ਹੈ।
ਮੁੱਖ ਮੰਤਰੀ ਨੇ  ਲੋਕਾਂ ਨੂੰ ਇਹ ਇਤਿਹਾਸਕ ਦਿਹਾਡ਼ਾ ਆਪਸੀ ਭਾਈਚਾਰਕ ਭਾਵਨਾ, ਪਿਆਰ ਅਤੇ ਰਿਵਾਇਤਾਂ ਨਾਲ ਮਨਾਉਣ ਦਾ ਸੱਦਾ ਦਿੱਤਾ ਤਾਂ ਜੋ ਸਮੁੱਚੇ ਦੇਸ਼ ਵਿੱਚ ਧਰਮ ਨਿਰਪੱਖ ਅਤੇ ਸਮਾਜਿਕ ਤੰਦਾਂ ਨੂੰ ਮਜ਼ਬੂਤ ਕੀਤਾ ਜਾ ਸਕੇ।