walia-bigਸੈਕਸਾਟੂਨ ਤੋਂ ਟਰਾਂਟੋ ਜਾਣ ਦੀ ਤਿਆਰੀ ਸੀ। ਸੈਕਸਾਟੂਨ ਤੋਂ 7 ਵਜੇ ਫ਼ਲਾਈਟ ਸੀ ਅਤੇ ਸਵਾ ਕੁ ਛੇ ਏਅਰਪੋਰਟ ‘ਤੇ ਪਹੁੰਚੇ। ਮੇਰੀ ਪਤਨੀ ਦਾ ਆਪਣੇ ਦੋ ਕੁ ਮਹੀਨੇ ਦੇ ਪੋਤੇ ਨੂੰ ਛੱਡ ਕੇ ਜਾਣ ਦਾ ਉੱਕਾ ਹੀ ਨਹੀਂ ਦਿਲ ਸੀ। ਭਰੇ ਮਨ ਨਾਲ ਜਦੋਂ ਏਅਰਪੋਰਟ ‘ਤੇ ਚੈਕਿੰਗ ਕਰਨ ਲੱਗੇ ਤਾਂ ਜਵਾਬ ਮਿਲ ਗਿਆ। ਅਸੀਂ ਲੇਟ ਪਹੁੰਚੇ ਸਾਂ, ਹੁਣ ਆਪਣੇ ਸਮਾਨ ਸਮੇਤ ਕਿਸੇ ਹੋਰ ਫ਼ਲਾਈਟ ਵਿੱਚ ਹੀ ਜਾ ਸਕਦੇ ਸਾਂ। ਅਗਲੀ ਉਡਾਣ ਤਿੰਨ ਘੰਟੇ ਬਾਅਦ ਸੀ ਸੋ ਮੁੜ ਘਰ ਪਹੁੰਚ ਗਏ। ਸਾਨੂੰ ਦੱਸਿਆ ਗਿਆ ਕਿ ਘਰੇਲੂ ਉਡਾਣਾਂ ਲਈ ਘੱਟੋ ਘੱਟ 45 ਮਿੰਟ ਪਹਿਲਾਂ ਪਹੁੰਚਣਾ ਜ਼ਰੂਰੀ ਹੁੰਦਾ ਹੈ ਅਤੇ ਕੌਮਾਂਤਰੀ ਉਡਾਣ ਲਈ ਇਕ ਘੰਟਾ। ਖੈਰ, ਅਗਲੀ ਉਡਾਣ ਵਿੱਚ ਜਦੋਂ ਟਰਾਂਟੋ ਪਹੁੰਚੇ ਤਾਂ ਰਾਤ ਦੇ ਦੋ ਵੱਜ ਚੁੱਕੇ ਸਨ। ਅਗਲੇ ਦਿਨ ਮੇਰਾ ‘ਅਜੀਤ ਵੀਕਲੀ’ ਪਹੁੰਚਣ ਦਾ ਪ੍ਰੋਗਰਾਮ ਸੀ। ਇਸ ਸਬੰਧੀ ਮੈਂ ਪਹਿਲਾਂ ਹੀ ਸ੍ਰੀਮਤੀ ਕੰਵਲਜੀਤ ਬੈਂਸ ਹੋਰਾਂ ਕੋਲੋਂ ਟਾਈਮ ਲੈ ਰੱਖਿਆ ਸੀ। ਮੇਰਾ ਬੈਂਸ ਪਰਿਵਾਰ ਨਾਲ ਪੁਰਾਣਾ ਰਿਸ਼ਤਾ ਹੈ। ਡਾ. ਦਰਸ਼ਨ ਸਿੰਘ ਬੈਂਸ ਦੇ ਤੁਰ ਜਾਣ ਦਾ ਗਮ ਅਜੇ ਤਾਜ਼ਾ ਹੀ ਸੀ ਕਿ ਪਰਿਵਾਰ ਨੂੰ ਬਿੰਨੀ ਬੈਂਸ ਦੇ ਦੇਹਾਂਤ ਨਾਲ ਇਕ ਹੋਰ ਵੱਡੇ ਦੁੱਖ ਸੰਕਟ ਦਾ ਸਾਹਮਣਾ ਕਰਨਾਂ ਪੈ ਰਿਹਾ ਸੀ। ਭਰ ਜਵਾਨੀ ਵਿੱਚ ਆਪਣੇ ਛੋਟੇ ਪੁੱਤਰ ਦੇ ਤੁਰ ਜਾਣ ‘ਤੇ ਕੰਵਲਜੀਤ ਬੈਂਸ ਦੇ ਇਸ ਦਿਲ ‘ਤੇ ਕੁਦਰਤ ਦਾ ਕਹਿਰ ਟੁੱਟ ਪਿਆ ਸੀ। ਇਹਨਾਂ ਦੋ ਵੱਡੀਆਂ ਸੱਟਾਂ ਦੇ ਬਾਵਜੂਦ ਸ੍ਰੀਮਤੀ ਬੈਂਸ ਅਤੇ ਸਨੀ ਬੈਂਸ ਵਾਹਿਗੁਰੂ ਦਾ ਭਾਣਾ ਮੰਨ ਕੇ ਵੱਡੇ ਜਿਗਰੇ ਨਾਲ ਹਾਲਾਤ ਦਾ ਮੁਕਾਬਲਾ ਕਰਨ ਲਈ ਹਿੰਮਤ ਜੁਟਾ ਰਹੇ ਸਨ। ਇਸ ਮੌਕੇ ਮੈਂ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੋਣਾ ਚਾਹੁੰਦਾ ਸੀ। ਅਜਿਹੇ ਮੌਕੇ ਅਸੀਂ ‘ਰੱਬ ਦਾ ਭਾਣਾ’ ਮੰਨਣ ਤੋਂ ਬਿਨਾਂ ਕਰ ਤਾਂ ਕੁਝ ਨਹੀਂ ਸਕਦੇ ਸੀ ਪਰ ਜਾਣ ਵਾਲੇ ਨੂੰ ਯਾਦ ਕਰਕੇ ਆਪਣੇ ਦਿਲਾਂ ਨੂੰ ਕੁਝ ਧਰਵਾਸ ਦੇ ਲੈਂਦੇ ਹਾਂ। ਕੁਝ ਇਸ ਤਰ੍ਹਾਂ ਦੇ ਅਹਿਸਾਸ ਲੈ ਕੇ ਮੈਂ ਅਜੀਤ ਵੀਕਲੀ ਦੇ ਦਫ਼ਤਰ ਨਿਸਚਿਤ ਵਕਤ ਤੇ ਪਹੁੰਚ ਗਿਆ ਸਾਂ। ਇੱਥੋਂ ਮੈਨੂੰ ਲੈਣ ਕੁਲਵਿੰਦਰ ਸੈਣੀ ਆ ਚੁੱਕਾ ਸੀ।
”ਬਾਬਾ ਜੀ, ਮੈਂ ਗੁਰਦਿਆਲ ਬੱਲ ਬੋਲ ਰਿਹਾ ਹਾਂ। ਮੈਂ ਤੁਹਾਨੂੰ ਮਿਲਣ ਆਇਆ ਹਾਂ ਅਤੇ ਅਜੀਤ ਵੀਕਲੀ ਦੇ ਪਿਛਲੇ ਪਾਸੇ ਅਖਬਾਰ ਦੇ ਦਫ਼ਤਰ ਵਿੱਚ ਬੈਠਾ ਹਾਂ।” ਗੁਰਦਿਆਲ ਬੱਲ ਦਾ ਫ਼ੋਨ ਆਉਂਦਾ ਹੈ। ਗੁਰਦਿਆਲ ਬੱਲ ਕਿਸੇ ਸਮੇਂ ਪੰਜਾਬੀ ਟ੍ਰਿਬਿਊਨ ਵਿੱਚ ਸਹਿ-ਸੰਪਾਦਕ ਸੀ ਅਤੇ ਉਸ ਤੋਂ ਬਾਅਦ ਮੇਰੇ ਵਿਭਾਗ ਵਿੱਚ ਫ਼ੀਚਰ ਸਰਵਿਸ ਦੇ ਇੰਚਾਰਜ ਵਜੋਂ ਆ ਗਿਆ ਸੀ। ਪੰਜਾਬੀ ਜਗਤ ਵਿੱਚ ਬੱਲ ਸਾਹਿਬ ਪੜ੍ਹਨ ਅਤੇ ਕਿਤਾਬਾਂ ਪੜ੍ਹਾਉਣ ਲਈ ਮਸ਼ਹੂਰ ਹਨ। ਪਟਿਆਲਾ ਛੱਡ ਕੇ ਪਿਛਲੇ ਤਿੰਨ ਕੁ ਵਰ੍ਹਿਆਂ ਤੋਂ ਕੈਨੇਡਾ ਆਪਣੇ ਪਰਿਵਾਰ ਕੋਲ ਆ ਵੱਸਿਆ ਸੀ। ਅਸੀਂ ਇਕ ਪੰਜਾਬੀਆਂ ਦੇ ਰੈਸਟੋਰੈਂਟ ਵਿੱਚ ਬੈਠ ਕੇ ਚਾਹ ਪੀਣ ਲੱਗੇ। ਗੁਰਦਿਆਲ ਬੱਲ ਨੇ ਹਮੇਸ਼ਾ ਵਾਂਗ ਪੰਜ-ਸੱਤ ਕਿਤਾਬਾਂ ਦੋਸਤਾਂ ਨੂੰ ਪਹੁੰਚਾਉਦ ਖਾਤਰ ਸੰਭਾਲ ਦਿੱਤੀਆਂ। ਮੈਂ ਬੱਲ ਨੁੰ 29 ਅਕਤੂਬਰ ਨੂੰ ਸਿੰਗਾਰ ਬੈਂਕੁਟ ਹਾਲ ਵਿੱਚ ਗਲੋਬਲ ਪੰਜਾਬ ਫ਼ਾਊਂਡੇਸ਼ਨ ਵੱਲੋਂ ਆਯੋਜਿਤ ਕੀਤੇ ਜਾ ਰਹੇ ਸੈਮੀਨਾਰ ਵਿੱਚ ਆਉਣ ਦਾ ਸੱਦਾ ਦਿੰਤਾ ਅਤੇ ਕੁਲਵਿੰਦਰ ਸੈਣੀ ਮੈਨੂੰ ਘਰ ਛੱਡ ਗਿਆ।
28 ਅਕਤੂਬਰ ਨੁੰ ਹਮਦਰਦ ਅਖਬਾਰ ਦੇ ਦਫ਼ਤਰ ਵਿੱਚ 12 ਕੁ ਵਜੇ ਪਹੁੰਚ ਗਿਆ ਸੀ। ‘ਹਮਦਰਦ’ ਦੇ ਸੰਪਾਦਕ ਅਤੇ ਹਮਦਰਦ ਟੀ. ਵੀ. ਦੇ ਮਾਲਕ ਅਮਰ ਸਿੰਘ ਭੁੱਲਰ ਮੇਰੀ ਇੰਤਜ਼ਾਰ ਕਰ ਰਹੇ ਸਨ। ਸਾਡੀ ਅੱਜ ਦੀ ਮੁਲਾਕਾਤ ਪਹਿਲਾਂ ਹੀ ਤਹਿ ਸੀ ਅਤੇ ਭੁੱਲਰ ਸਾਹਿਬ ਨੇ ਲੰਚ ਦੇ ਨਾਲ ਨਾਲ ਹਮਦਰਦ ਟੀ. ਵੀ. ਲਈ ਇੰਟਰਵਿਊ ਦਾ ਸੱਦਾ ਵੀ ਦਿੱਤਾ ਹੋਇਆ ਸੀ। ਮੈਂ ਅਤੇ ਭੁੱਲਰ ਸਾਹਿਬ 40-42  ਸਾਲ ਦੇ ਪੁਰਾਣੇ ਦੋਸਤ ਸਾਂ। ਅਸੀਂ 1974-75 ਵਿੱਚ ਸਰਕਾਰੀ ਕਾਲਜ ਮਲੇਰਕੋਟਲਾ ਵਿੱਚ ਵਿਦਿਆਰਥੀ ਸਾਂ ਅਤੇ ਵਿਦਿਆਰਥੀ ਰਾਜਨੀਤੀ ਵਿੱਚ ਸਰਗਰਮ ਸਾਂ। ਚਾਹ ਦੇ ਕੱਪ ‘ਤੇ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਤੋਂ ਬਾਅਦ ਮੈਂ ਸਟੂਡੀਓ ਵਿੱਚ ਗਿਆ। ਉਥੇ ਪਰਮਜੀਤ ਦਿਓਲ ਮੈਨੂੰ ਇੰਟਰਵਿਊ ਕਰਨ ਲਈ ਤਿਆਰ ਬੈਠੀ ਸੀ। ਇਕ ਘੰਟੇ ਦੀ ਇੰਟਰਵਿਉ ਨੂੰ ਫ਼ੇਸਬੁੱਕ ਲਾਈਵ ਕੀਤਾ ਗਿਆ। ਉਥੋਂ ਮੈਨੂੰ ਅਮਰ ਸਿੰਘ ਭੁੱਲਰ ਅਮਨ ਪੱਡਾ ਦੇ ਤਹਿਲਕਾ ਟੀ. ਵੀ. ਦੇ ਸਟੂਡੀਓ ਛੱਡ ਗਿਅ। ਇੱਥੇ ਸਤਨਾਮ ਸਿੰਘ ਨੇ ਮੈਨੂੰ ਇੰਟਰਵਿਊ ਕੀਤਾ। ਇੱਥੋਂ ਜੀਤ ਵਾਲੀਆ ਪੂਰੇ ਪਰਿਵਾਰ ਸਮੇਤ ਮੈਨੂੰ ਲੈਣ ਪਹੁੰਚ ਗੲੈ ਸਨ। ਅਸੀਂ ਉਥੋਂ ਸਿੱਧੇ ਨਿਆਗਰਾਫ਼ਾਲ ਜਾਣਾ ਸੀ। ਮੈਂ ਤਾਂ ਕਈ ਵਾਰ ਨਿਆਗਰਾ ਫ਼ਲ ਜਾ ਚੁੱਕਾ ਸਾਂ ਪਰ ਮੇਰੀ ਧਰਮ ਪਤਨੀ ਦੀ ਇਹ ਪਹਿਲੀ ਯਾਤਰਾ ਸੀ। ਉਹ ਨਿਆਗਰਾ ਵੇਖਣਾ ਚਾਹੁੰਦੀ ਸੀ ਜਾਂ ਫ਼ਿਰ ਜੀਤ ਵਾਲੀਆ ਦੇ ਬੱਚੇ। ਅਸੀਂ ਸ਼ਾਮ ਚਾਰ ਕੁ ਵਜੇ ਨਿਆਗਰਾ ਵੱਲ ਚੱਲ ਪਏ। ਨਿਆਗਰਾ ਦਰਿਆ ‘ਤੇ ਸਥਿਤ ਨਿਆਗਰਾ ਫ਼ਾਲ ਟਰਾਂਟੋ ਤੋਂ 120 ਕਿਲੋਮੀਟਰ ਦੂਰ ਹੈ। ਇੱਥੋਂ ਅਮਰੀਕਾ ਦਾ ਸ਼ਹਿਰ ਬਫ਼ਲੋ ਸਿਰਫ਼ 27 ਕਿਲੋਮੀਟਰ ਦੂਰ ਹੈ। ਇਹ ਉਚੀਆਂ ਪਾਣੀ ਦੀਆਂ ਧਾਰਾਂ ਕੈਨੇਡਾ ਦੇ ਪ੍ਰਾਂਤ ਉਨਟਾਰੀਓ ਅਤੇ ਅਮਰੀਕਾ ਦੇ ਰਾਜ ਨਿਊਯਾਰਕ ਦੇ ਵਿੱਚਾਲੇ ਸਥਿਤ ਹਨ। ਨਿਆਗਰਾ ਫ਼ਾਲ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਵੇਖਿਆ ਜਾਂਦਾ ਹੈ। ਇਕ ਹੈ ਮੋਟ ਆਈਲੈਂਡ ਤੇ ਦੂਸਰਾ ਹੌਰਸ ਸ਼ੂ ਫ਼ਾਲਜ਼। ਇਸ ਫ਼ਾਲਜ਼ ਦਾ ਦੋ ਤਿਹਾਈ ਹਿੱਸਾ ਕੈਨੇਡਾ ਵਾਲੇ ਪਾਸੇ ਹੈ। ਅਮਰੀਕਾ ਵਾਲੇ ਪਾਸੇ ਬਰਾਈਡਲ ਵੇਲ ਫ਼ਾਲਜ਼ ਵੀ ਹਨ। ਨਿਆਗਰਾ ਫ਼ਾਲ ਦੀ ਉਤਪਤੀ ਬਰਫ਼ ਯੁੱਗ ਵੇਲੇ ਗਲੇਸ਼ੀਅਰ ਦੇ ਪਿਘਲਣ ਨਾਲ ਹੋਈ। ਇਹ ਵੱਡਾ ਵਾਟਰ ਫ਼ਾਲ ਦੁਨੀਆਂ ਵਿੱਚ ਆਪਣੀ ਖੂਬਸੂਰਤੀ ਕਰਕੇ ਬਹੁਤ ਮਸ਼ਹੂਰ ਹੈ। ਕੁਦਰਤ ਦੀ ਇਸ ਖੂਬਸੂਰਤ ਸਿਰਜਣਾ ਨੂੰ ਪਹਿਲੀ ਵਾਰ 1604 ਵਿੱਚ ਇਕ ਫ਼ਰਾਂਸੀਸੀ ਸੈਮੂਅਲ ਡੀ ਫ਼ੈਮਪਲੇਨ ਨੇ ਲੱਭਿਆ ਸੀ। ਹੁਣ ਕੈਨੇਡਾ ਅਤੇ ਅਮਰੀਕਾ ਦੀ ਯਾਤਰਾ ਕਰਨ ਵਾਲੇ ਲੱਖਾਂ ਲੋਕਾਂ ਲਈ ਇਹ ਖਿੱਚ ਦਾ ਕੇਂਦਰ ਹੈ। ਇਸੇ ਤਰ੍ਹਾਂ ਦੀ ਖਿੱਚ ਸਾਨੂੰ ਵੀ ਨਿਆਗਰਾ ਫ਼ਾਲ ਖਿੱਚ ਲਿਆਈ ਸੀ। ਜਦੋਂ ਅਸੀਂ ਨਿਆਗਰਾ ਪਹੁੰਚੇ ਤਾਂ ਮੂੰਹ ਹਨੇਰਾ ਹੋ ਚੁੱਕਾ ਸੀ। ਠੰਡੀਆਂ-ਠੰਡੀਆਂ ਹਵਾਵਾਂ ਨੇ ਸਾਡੇ ਦੰਦ ਵੱਜਣ ਲਗਾ ਦਿੱਤੇ। ਅਸੀਂ ਜਲਦੀ ਹੀ ਇੰਡੀਅਨ ਸ਼ੈਫ਼ ਨਾਂ ਦੇ ਹੋਟਲ ਵਿੱਚ ਜਾ ਬੈਠੇ। ਠੰਡ ਤੋਂ ਬਚਣ ਲਈ ਅਤੇ ਡਿਨਰ ਕਰਨ ਲਈ। ਉਂਝ ਵੀ ਮੈਂ ਵਕਤ ਸਿਰ ਘਰ ਪਹੁੰਚਣਾ ਚਾਹੁੰਦਾ ਸੀ ਕਿਉਂਕਿ ਅਗਲੇ ਦਿਨ ਗਲੋਬਲ ਪੰਜਾਬ ਫ਼ਾਊਂਡੇਸ਼ਨ ਦੇ ਟਰਾਂਟੋ ਚੈਪਟਰ ਵੱਲੋਂ ਆਯੋਜਿਤ ਕੀਤੇ ਜਾ ਰਹੇ ਸੈਮੀਨਾਰ ਵਿੱਚ ਸ਼ਾਮਲ ਹੋਣਾ ਸੀ।
ਗਲੋਬਲ ਪੰਜਾਬ ਫ਼ਾਊਂਡੇਸ਼ਨ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਲੂਮਨੀ ਐਸੋਸੀਏਸ਼ਨ ਦੇ ਟਰਾਂਟੋ ਚੈਪਟਰ ਵੱਲੋਂ ‘ਹਾਉ ਟੂ ਲੀਡ ਸੁਕਸੈਸਫ਼ੁਲ ਲਾਈਫ਼’ ਵਿਸ਼ੇ ‘ਤੇ ਸੈਮੀਨਾਰ ਆਯੋਜਿਤ ਕੀਤਾ ਗਿਆ। ਗਲੋਬਲ ਪੰਜਾਬ ਫ਼ਾਊਂਡੇਸ਼ਨ ਦੇ ਟਰਾਂਟੋ ਚੈਪਟਰ ਦਾ ਆਰੰਭ ਜੂਨ 2015 ਵਿੱਚ ਕੀਤਾ ਗਿਆ ਸੀ। ਇਸ ਵਿੱਚ ਡਾ. ਕੁਲਜੀਤ ਸਿੰਘ ਜੰਜੁਆ, ਕੁਲਵਿੰਦਰ ਸੈਣੀ, ਕਵੀਤਰੀ ਸੁਰਜੀਤ ਕੌਰ ਅਤੇ ਅਰੂਜ ਰਾਜਪੂਤ ਆਦਿ ਦੋਸਤ ਕਾਰਜਸ਼ੀਲ ਸਨ। ਦੂਜੇ ਪਾਸੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ  ਅਤੇ ਪੰਜਾਬੀ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਦੇ ਟਰਾਂਟੋ ਚੈਪਟਰ ਦੇ ਚੇਅਰਮੈਨ ਐਡਵੋਕੇਟ ਪਰਮਜੀਤ ਸਿੰਘ ਗਿੱਲ ਅਤੇ ਜਸਪ੍ਰੀਤ ਗਿੱਲ ਆਦਿ ਇਸ ਸੈਮੀਨਾਰ ਦੀ ਸਫ਼ਲਤਾ ਲਈ ਸਹਿਯੋਗ ਦੇ ਰਹੇ ਸਨ। ਇਸ ਵਿੱਚ ਸ਼ਾਮਲ ਹੋਣ ਲਈ ਜਦੋਂ ਮੈਂ ਸਿੰਗਾਰ ਬੈਂਕੁਟ ਹਾਲ ਪਹੁੰਚਿਆ ਤਾਂ ਪ੍ਰਸਿੱਧ ਖੇਡ ਲੇਖਕ ਪ੍ਰਿੰਸੀਪਲ ਸਰਬਣ ਸਿੰਘ, ਸੀਨੀਅਰ ਸਾਹਿਤਕਾਰ ਬਲਵੀਰ ਸਿੰਘ ਮੋਮੀ, ਸ. ਇੱਛਰ ਸਿੰਘ, ਦੁੱਗਲ ਸਾਹਿਬ ਅਤੇ ਸੁਰਜੀਤ ਕੌਰ ਅਤੇ ਪਿਆਰਾ ਸਿੰਘ ਕੱਦੋਵਾਲ ਆਦਿ ਦੋਸਤ ਮੈਨੂੰ ਪ੍ਰਵੇਸ਼ ਦੁਆਰ ‘ਤੇ ਹੀ ਮਿਲ ਗਏ। ਹਾਲ ਵਿੱਚ ਕੁਲਵਿੰਦਰ ਸੈਣੀ, ਮਹਿੰਦਰ ਸਿੰਘ ਵਾਲੀਆ, ਪਰਮਜੀਤ ਸਿੰਘ ਗਿੱਲ ਅਤੇ ਪਵਨ ਮਹਿਰੋਕ ਆਦਿ ਦੋਸਤ ਬਹੁਤ ਨਿੱਘ ਨਾਲ ਮਿਲੇ। ਵੇਖਦੇ ਵੇਖਦੇ ਹਾਲ ਵਿੱਚ ਖੂਬ ਚਹਿਲ ਪਹਿਲ ਹੋ ਗਈ ਸੀ। ਚਾਹ ਦੇ ਨਾਲ ਗੱਲਬਾਤ ਦਾ ਸਿਲਸਿਲਾ ਉਦੋਂ ਟੁੱਟਿਆ ਜਦੋਂ ਕੁਲਜੀਤ ਸਿੰਘ ਜੰਜੂਆ ਨੇ ਮਸਕੂਦ ਚੌਧਰੀ, ਪ੍ਰਿੰਸੀਪਲ ਸਰਬਣ ਸਿੰਘ, ਬਲਬੀਰ ਮੋਮੀ ਅਤੇ ਮੈਨੂੰ ਸਟੇਜ ‘ਤੇ ਆਉਣ ਦਾ ਸੱਦਾ ਦਿੱਤਾ। ਪ੍ਰੋਗਰਾਮ ਦੀ ਸ਼ੁਰੂਆਤ ਐਡਵੋਕੇਟ ਪਰਮਜੀਤ ਸਿੰਘ ਗਿੱਲ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਉਹਨਾਂ ਤੋਂ ਬਾਅਦ ਮੋਟੀਵੇਸ਼ਨਲ ਸਪੀਕਰ ਦੀਪਕ ਮਨਚੰਦਾ ਨੇ ਭਾਸ਼ਣ ਦਿੱਤਾ। ਦੀਪਕ ਮਨਚੰਦਾ ਤੋਂ ਬਾਅਦ ਮਹਿੰਦਰ ਸਿੰਘ ਵਾਲੀਆ ਨੇ ਤੱਥਾਂ ‘ਤੇ ਆਧਾਰਿਤ ਆਪਣੀ ਗੱਲ ਕਹੀ ਅਤੇ ਸਫ਼ਲ ਤੇ ਸਿਹਤ ਭਰਪੂਰ ਜ਼ਿੰਦਗੀ ਜਿਊਣ ਦੇ ਨੁਕਤੇ ਦੱਸੇ। ਡਾ. ਸਮਰਾ ਜ਼ਫ਼ਰ ਨੇ ਆਪਣੀ ਜ਼ਿੰਦਗੀ ਦੇ ਸੰਘਰਸ਼ ਦੀ ਕਹਾਣੀ ਨਾਲ ਪ੍ਰੇਰਨਾਮਈ ਭਾਸ਼ਣ ਦਿੱਤਾ। ਪ੍ਰਿੰਸੀਪਲ ਸਰਬਣ ਸਿੰਘ ਨੇ ਵੀ ਚੰਗੀ ਸਿਹਤ ਲਈ ਨੁਕਤੇ ਸਾਂਝੇ ਕੀਤੇ।
ਡਾ. ਕੁਲਜੀਤ ਸਿੰਘ ਜੰਜੂਆ ਨੇ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਤੋਂ ਬਾਅਦ ਮੈਨੂੰ ਬੋਲਣ ਦਾ ਸੱਦਾ ਦਿੱਤਾ। ਮੈਂ ਆਪਣੀ ਗੱਲ ਆਪਣੀ ਪੁਸਤਕ ‘ਜਿੱਤ ਦਾ ਮੰਤਰ’ ਦੇ ਹਵਾਲੇ ਨਾਲ ਸ਼ੁਰੂ ਕੀਤੀ। ਉਂਝ ਮੈਥੋਂ ਪਹਿਲਾਂ ਜਸਪ੍ਰੀਤ ਕੌਰ ਗਿੱਲ ਨੇ ‘ਜਿੱਤ ਦਾ ਮੰਤਰ’ ਉਤੇ ਖੋਜ ਭਰਪੂਰ ਪੇਪਰ ਪੇਸ਼ ਕੀਤਾ ਸੀ ਅਤੇ ਹਾਜ਼ਰ ਸਰੋਤਿਆਂ ਨੂੰ ਪੁਸਤਕ ਬਾਰੇ ਕਾਫ਼ੀ ਜਾਣਕਾਰੀ ਮਿਲ ਚੁੱਕੀ ਸੀ। ਮੈਂ ਵੀ ਸਕਾਰਾਤਮਕ ਸੋਚ, ਦ੍ਰਿੜ੍ਹ ਨਿਸ਼ਚੇ ਅਤੇ ਆਤਮ ਵਿਸ਼ਵਾਸ ਨਾਲ ਮਿੱਥੇ ਹੋਏ ਉਦੇਸ਼ ਨੂੰ ਹਾਸਲ ਕਰਨ ਦੇ ਨੁਕਤਿਆਂ ਬਾਰੇ ਗੁਰਬਾਣੀ, ਗੀਤਾ ਅਤੇ ਬਾਈਬਲ ਦੇ ਹਵਾਲੇ ਨਾਲ ਗੱਲ ਕੀਤੀ। ਮੇਰੇ ਭਾਸ਼ਣ ਤੋਂ ਬਾਅਦ ਮੈਂਬਰ ਪਾਰਲੀਮੈਂਟ ਕਮਲ ਖਹਿਰਾ, ਡਾ. ਕੁਲਜੀਤ ਜੰਜੂਆ, ਕੁਲਵਿੰਦਰ ਸਿੰਘ ਸੈਣੀ ਅਤੇ ਹੋਰ ਦੋਸਤਾਂ ਨੇ ਮੁੱਖ ਮਹਿਮਾਨ ਦੇ ਤੌਰ ‘ਤੇ ਮੈਨੂੰ ਸਨਮਾਨਿਤ ਕੀਤਾ। ਇਸ ਸਮਾਰੋਹ ਦੇ ਦੂਜੇ ਹਿੱਸੇ ਵਿੱਚ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਸੁਰਜੀਤ ਕੌਰ, ਪਰਮ ਸਰਾਂ, ਮਕਸੂਦ ਚੌਧਰੀ, ਲਵਲੀਨ ਕੌਰ ਗਿੱਲ, ਪਿਆਰਾ ਸਿੰਘ ਕੱਦੂਵਾਲ, ਕੁਲਜੀਤ ਸਿੰਘ, ਪਰਮਜੀਤ ਗਿੱਲ ਅਤੇ ਅਰੂਜ ਰਾਜਪੂਤ ਆਦਿ ਤਕਰੀਬਨ 10-12 ਕਵੀ ਸ਼ਾਮਲ ਹੋਏ। ਸਮੁੱਚੇ ਤੌਰ ‘ਤੇ ਇਹ ਪ੍ਰੋਗਰਾਮ ਇਕ ਸਫ਼ਲ ਸਮਾਗਮ ਦੇ ਤੌਰ ‘ਤੇ ਸੰਪੰਨ ਹੋਇਆ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇੰਗਲਿਸ਼ ਦੀ ਐਮ. ਏ. ਕਰਨ ਤੋਂ ਬਾਅਦ ਸਟੱਡੀ ਵੀਜ਼ਾ ‘ਤੇ ਕੈਨੇਡਾ ਪਹੁੰਚੀ ਮੇਗਨਾ ਸੋਹਲ ਮੈਨੂੰ ਮਿਲਣ ਆਈ ਅਤੇ ਕਹਿਣ ਲੱਗੀ ਕਿ ਅੱਜ ਮੈਂ ਤੁਹਾਨੁੰ ਤੁਹਾਡੀ ਮਨਪਸੰਦ ਥਾਂ ‘ਤੇ ਲੈ ਕੇ ਜਾਵਾਂਗੀ। ਅਸੀਂ ਘੰਟੇ ਕੁ ਦੀ ਡ੍ਰਾਈਵ ਤੋਂ ਬਾਅਦ ‘ਫ਼ੁੰਗ ਲੋਇ ਕੋਕ ਇੰਸਟੀਚਿਊਟ ਆਫ਼ ਡਾਊਇਜ਼ਮ, ਮੋਨੋ, ਉਨਟਾਰੀਓ’ ਪਹੁੰਚੇ। ਇੱਥੇ ਚੀਨੀ ਦਾਰਸ਼ਨਿਕ ਤਾਓ ਨੂੰ ਯਾਦ ਕਰਦੇ ਹੋਏ ਅਸੀਂ ਤਾਓਿਇਸਟ ਪ੍ਰੰਪਰਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਜਿਸ ਮੁਤਾਬਕ ਮਨੁੱਖ ਦੀ ਚੰਗੀ ਸਿਹਤ ਲਈ ਸਰੀਰ, ਮਨ ਅਤੇ ਆਤਮਾ ਵਿੱਚ ਇਕਸੁਰਤਾ ਦਾ ਹੋਣਾ ਜ਼ਰੂਰੀ ਹੁੰਦਾ ਹੈ। ਕਿਸੇ ਚੀਨੀ ਮੰਦਰ ਵਿੱਚ ਜਾਣ ਦਾ ਅੱਜ ਮੇਰਾ ਪਹਿਲਾ ਮੌਕਾ ਸੀ। ਇਹ ਦਿਨ ਸੱਚਮੁਚ ਆਪਣੇ ਨਾਲ ਗੱਲਬਾਤ ਕਰਨ ਵਾਲਾ ਦਿਨ ਹੋ ਨਿੱਬੜਿਆ ਸੀ। ਇਹ ਦਿਨ ਹੋਰ ਵੀ ਲੰਮਾ ਹੋ ਸਕਦਾ ਸੀ ਜੇ ਸੁਰਜੀਤ ਕੌਰ ਅਤ ੇਅਰੂਜ ਰਾਜਪੂਤ ਦਾ ਫ਼ੋਨ ਨਾ ਆਉਂਦਾ। ਉਹਨਾਂ ਕਿਹਾ ਕਿ ਉਹ ਮੈਨੂੰ ਉਡੀਕ ਰਹੇ ਨੇ। ਅਰੂਜ ਨੇ ‘ਰੇਡੀਓ ਕੈਨੇਡਾ ਜਿੰਦਾਬਾਦ’ ਲਈ ਮੈਨੂੰ ਇੰਟਰਵਿਊ ਵੀ ਕਰਨਾ ਸੀ। ਉਹਨਾਂ ਨੂੰ ਪਤਾ ਸੀ ਕਿ ਟਰਾਂਟੋ ਵਿੱਚ ਇਹ ਮੇਰਾ ਆਖਰੀ ਦਿਨ ਸੀ। ਇਹ ਸਮਾਂ ਸੀ ਜਿਸਦਾ ਅਸੀਂ ਵੱਧ ਤੋਂਵੱਧ ਲਾਭ ਲੈ ਸਕਦੇ ਸੀ। ਸੋ ਅਜਿਹਾ ਹੀ ਕੀਤਾ। ਉਹਨਾਂ ਤੋਂ ਵਿਦਾ ਹੋ ਕੇ ਮੈਂ ਆਪਣੇ ਮੇਜ਼ਬਾਨ ਜੀਤ ਵਾਲੀਆ ਦੇ ਘਰ ਪਹੁੰਚ ਗਿਆ ਸੀ, ਜਿੱਥੇ ਮੇਰੀ ਪਤਨੀ ਸਮੇਤ ਸਾਰਾ ਪਰਿਵਾਰ ਮੇਰਾ ਇੰਤਜ਼ਾਰ ਕਰ ਰਿਹਾ ਸੀ। ਮੈਂ ਪਹਿਲੀ ਵਾਰ ਕੈਨੇਡਾ ਦੀ ਧਰਤੀ ‘ਤੇ ਦੀਵਾਲੀ ਮਨਾਉਣ ਜਾ ਰਿਹਾ ਸੀ। ਇਸ ਦੀਵਾਲੀ ਤੋਂ ਬਾਅਦ ਅਗਲੇ ਦਿਨ ਅਸੀਂ ਇੰਡੀਆ ਲਈ ਰਵਾਨਾ ਹੋ ਜਾਣਾ ਸੀ।
(ਸਮਾਪਤ)

LEAVE A REPLY