1ਅੰਮ੍ਰਿਤਸਰ – ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਲੋਕਾਂ ਨਾਲ ਲਗਾਤਾਰ ਧੋਖਾ ਕਰ ਰਹੀ ਹੈ। 50 ਫੀਸਦੀ ਟੈਕਸ ਛੋਟ ਦੇਣ ਦੇ ਮਾਮਲੇ ‘ਚ ਮੋਦੀ ਸਰਕਾਰ ਨੂੰ ਤੁਰੰਤ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਸਟੇਜ ਤੋਂ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ 2 ਮਹੀਨਿਆਂ ਬਾਅਦ ਪੰਜਾਬ ਅੰਦਰ ਆਮ ਲੋਕਾਂ ਦੀ ਸਰਕਾਰ ਬਣਨ ਜਾ ਰਹੀ ਹੈ, ਜੋ ਵਾਰੀ ਬੰਨ੍ਹ ਕੇ ਪੰਜਾਬ ਨੂੰ ਲੁੱਟ ਰਹੇ ਕੈਪਟਨ ਅਮਰਿੰਦਰ ਤੇ ਬਾਦਲਾਂ ਤੋਂ ਛੁਟਕਾਰਾ ਦਿਵਾਏਗੀ ਅਤੇ ਪੰਜਾਬ ਅੰਦਰ ਖੁਸ਼ਹਾਲ ਅਤੇ ਭੈਅ-ਮੁਕਤ ਮਾਹੌਲ ਸਿਰਜੇਗੀ। ਉਨ੍ਹਾਂ ਕਿਹਾ ਕਿ 15-20 ਸਾਲਾਂ ਤੋਂ ਬਾਦਲ ਅਤੇ ਕੈਪਟਨ ਪੰਜਾਬ ਨੂੰ ਮਿਲ ਕੇ ਲੁੱਟ ਅਤੇ ਕੁੱਟ ਰਹੇ ਹਨ। ਨਸ਼ੇ ਕਾਰਨ ਮਰੀਜ਼ ਬਣੇ ਨੌਜਵਾਨਾਂ ‘ਤੇ ਫਰਜ਼ੀ ਕੇਸ ਪਾਏ ਜਾ ਰਹੇ ਹਨ। ਇਸੇ ਤਰ੍ਹਾਂ ਆਪਣੇ ਹੱਕ ਅਤੇ ਰੋਜ਼ਗਾਰ ਮੰਗਣ ਵਾਲਿਆਂ ਨੂੰ ਵੀ ਝੂਠੇ ਕੇਸਾਂ ਵਿਚ ਫਸਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਰਬਾਂ ਰੁਪਏ ਦੇ ਘੋਟਾਲੇ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਵਰਗੇ ਭ੍ਰਿਸ਼ਟ ਨੇਤਾਵਾਂ ਦੇ ਮੁਕੱਦਮੇ ਵਾਪਸ ਲਏ ਜਾ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਇਕ ਦੂਜੇ ਨੂੰ ਬਚਾਉਣ ਲਈ ਕੈਪਟਨ ਤੇ ਬਾਦਲ ਨੇ ਪੂਰੀ ਸੈਟਿੰਗ ਕਰ ਰੱਖੀ ਹੈ। ਉਨ੍ਹਾਂ ਬਾਦਲਾਂ ਅਤੇ ਮਜੀਠੀਆ ਨੂੰ ਲਲਕਾਰਦੇ ਹੋਏ ਕਿਹਾ ਕਿ ਜੇਕਰ ਦਮ ਹੈ ਤਾਂ 2 ਮਹੀਨਿਆਂ ਦੇ ਵਿਚ-ਵਿਚ ਸਾਨੂੰ ਜੇਲ ‘ਚ ਸੁੱਟ ਦੇਣ, ਨਹੀਂ ਤਾਂ 2 ਮਹੀਨਿਆਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਅਸੀਂ ਮਜੀਠੀਆ ਨੂੰ ਜੇਲ ਵਿਚ ਡੱਕਾਂਗੇ। ਇਸ ਮੌਕੇ ਪੰਜਾਬ ਮਾਮਲਿਆਂ ਦੇ ਸਹਾਇਕ ਇੰਚਾਰਜ ਜਰਨੈਲ ਸਿੰਘ ਤੇ ਐੱਚ. ਐੱਸ. ਫੂਲਕਾ ਨੇ ਵੀ ਸੰਬੋਧਨ ਕੀਤਾ।

LEAVE A REPLY