4ਨਵੀਂ ਦਿੱਲੀ — ਭਾਰਤ ਨੇ ਸੈਨਾ ਲਈ 145 ਐੱਮ 777 ਅਲਟਰਾ ਲਾਈਟ ਹਾਵਿਤਸਰ ਤੋਪਾਂ ਲਈ ਅਮਰੀਕਾ ਨਾਲ 737 ਮਿਲੀਅਨ ਡਾਲਰ (ਲੱਗਭਗ 5000 ਕਰੋੜ ਰੁਪਏ) ਦੀ ਡੀਲ ਸਾਇਨ ਕੀਤੀ ਹੈ। ਅੱਸੀ ਦੇ ਦਹਾਕੇ ਦੇ ਮੱਧ ‘ਚ ਬੋਫੋਰਜ਼ ਘੋਟਾਲਾ ਸਾਹਮਣੇ ਆਉਣ ਤੋਂ ਬਾਅਦ ਭਾਰਤ ਤੋਪਖਾਨੇ ਦਾ ਮਾਡਰਨਾਈਜੇਸ਼ਨ ਰੁਕਿਆ ਹੋਇਆ ਸੀ। ਬੋਫੋਰਜ਼ ਤੋਂ ਬਾਅਦ ਇਹ ਪਹਿਲਾ ਤੋਪ ਸੌਦਾ ਹੈ।
ਭਾਰਤ-ਅਮਰੀਕਾ ਮਿਲਟਰੀ ਕੋਆਪਰੇਸ਼ਨ ਗਰੁੱਪ ਦੀ ਮੀਟਿੰਗ ਬੁੱਧਵਾਰ ਨੂੰ ਰਾਜਧਾਨੀ ‘ਚ ਸ਼ੁਰੂ ਹੋਈ। ਹਾਲਾਂਕਿ ਰੱਖਿਆ ਮੰਤਰਾਲੇ ਨੇ ਇਸ ਡੀਲ ‘ਤੇ ਚੁੱਪੀ ਸਾਧੀ ਹੋਈ ਹੈ ਪਰ ਸੂਤਰਾਂ ਅਨੁਸਾਰ, ਇਸ ਮੀਟਿੰਗ ‘ਚ ਭਾਰਤ ਨੇ ਸਵੀਕਾਰ ਪੱਤਰ ‘ਤੇ ਹਸਤਾਖਰ ਕਰ ਦਿੱਤੇ ਹਨ। ਹੁਣ ਤੋਪ ਬਣਾਉਣ ਵਾਲੀ ਕੰਪਨੀ ਬੀ. ਏ. ਈ ਸਿਸਟਮਸ ਆਉਣ ਵਾਲੇ ਹਫਤਿਆਂ ‘ਚ ਅਮਰੀਕੀ ਸਰਕਾਰ ਨਾਲ ਸਮਝੌਤੇ ‘ਤੇ ਹਸਤਾਖਰ ਕਰੇਗੀ। 145 ‘ਚੋਂ 120 ਤੋਪਾਂ ਨੂੰ ਭਾਰਤ ‘ਚ ਅਸੈਂਬਲ ਕੀਤਾ ਜਾਵੇਗਾ ਜਦ ਕਿ 25 ਤੋਪਾਂ ਤਿਆਰ ਅਵਸਥਾ ‘ਚ ਹੀ ਮਿਲਣਗੀਆਂ। ਮੰਨਿਆ ਜਾ ਰਿਹਾ ਹੈ ਕਿ ਚੀਨ ਦੇ ਮੋਰਚੇ ‘ਤੇ ਇਨ੍ਹਾਂ ਦੀ ਤਾਇਨਾਤੀ ਹੋਵੇਗੀ।
ਖਬਰਾਂ ਅਨੁਸਾਰ 17 ਨਵੰਬਰ ਨੂੰ ਪੀ. ਐੱਮ ਮੋਦੀ ਦੀ ਪ੍ਰਧਾਨਗੀ ‘ਚ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਇਸ ਡੀਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਡੀਲ ਤੋਂ ਬਾਅਦ ਅਮਰੀਕਾ, ਭਾਰਤ ਨੂੰ ਸਭ ਤੋਂ ਜ਼ਿਆਦਾ ਹਥਿਆਰ ਬਰਾਮਦ ਕਰਨ ਵਾਲਾ ਦੇਸ਼ ਬਣ ਜਾਵੇਗਾ। ਸਾਲ 2007 ਤੋਂ ਬਾਅਦ ਭਾਰਤ ਅਤੇ ਅਮਰੀਕਾ ਵਿਚਾਲੇ 15 ਬਿਲੀਅਨ ਡਾਲਰ ਦੇ ਰੱਖਿਆ ਸੌਦੇ ਹੋ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਭਾਰਤੀ ਸੈਨਾ ਹਾਵਿਤਸਰ ਵਰਗੀ 25 ਕਿਲੋਮੀਟਰ ਤੋਂ ਜ਼ਿਆਦਾ ਦੂਰ ਤੱਕ ਮਾਰ ਕਰਨ ਵਾਲੀ ਅਲਟਰਾ ਲਾਈਟ ਤੋਪਾਂ ਦੀ ਮੰਗ ਲੰਬੇ ਸਮੇਂ ਤੋਂ ਕਰ ਰਹੀ ਹੈ। ਇਨ੍ਹਾਂ ਤੋਪਾਂ ਨੂੰ ਉੱਚੇ ਰਣਨੀਤਕ ਠਿਕਾਣਿਆਂ ‘ਤੇ ਆਸਾਨੀ ਨਾਲ ਲਿਜਾਇਆ ਜਾ ਸਕਦਾ ਹੈ। ਹਾਵਿਤਸਰ ਤੋਪ ਦਾ ਵਜ਼ਨ 4 ਟਨ ਤੋਂ ਕੁਝ ਜ਼ਿਆਦਾ ਹੈ ਕਿਉਂਕਿ ਇਸ ‘ਚ ਟਾਈਟੇਨੀਅਮ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਇਸ ਲਈ ਇਸ ਨੂੰ 16,000 ਫੁੱਟ ਤੋਕ ਸਥਾਪਿਤ ਕੀਤਾ ਜਾ ਸਕਦਾ ਹੈ। ਹਾਵਿਤਸਰ ਤੋਪਾਂ ਨੂੰ ਨਵੀਂ 17 ਮਾਊਂਟੇਨ ਸਟ੍ਰਾਈਕ ਕੋਰਪਸ ਨੂੰ ਦਿੱਤਾ ਜਾਵੇਗਾ ਤਾਂ ਜੋ ਚੀਨ ਵਿਰੁੱਧ ਇਸ ਦੀ ਤੁਰੰਤ ਪ੍ਰਕਿਰਿਆ ਦੀ ਸਮਰੱਥਾ ‘ਚ ਇਜ਼ਾਫਾ ਹੋ ਜਾਵੇ।
ਸੂਤਰਾਂ ਦਾ ਕਹਿਣਾ ਹੈ ਕਿ ਬੋਫੋਰਜ਼ ਨੂੰ ਬੀ. ਏ. ਈ ਸਿਸਟਮਸ ਨੇ ਖਰੀਦ ਲਿਆ ਹੈ, ਜਿਸ ਦੀ ਅਮਰੀਕਾ ਸਬਸਿਡੀਅਰੀ ਭਾਰਤ ‘ਚ ਮਹਿੰਦਰਾ ਨਾਲ ਮਿਲ ਕੇ ਹਾਵਿਤਸਰ ਤੋਪਾਂ ਦੀ ਸਪਲਾਈ ਲਈ ਕੰਮ ਕਰੇਗੀ। ਸ਼ੁਰੂਆਤੀ ਦੋ ਤੋਪਾਂ ਦੀ ਸਪਲਾਈ ‘ਚ ਛੇ ਮਹੀਨੇ ਲੱਗਣਗੇ ਅਤੇ ਇਸ ਤੋਂ ਬਾਅਦ ਹਰ ਮਹੀਨੇ ਦੋ ਤੋਪਾਂ ਦੀ ਸਪਲਾਈ ਕੀਤੀ ਜਾਵੇਗੀ।

LEAVE A REPLY