2ਜੰਮੂ — ਅੱਤਵਾਦੀਆਂ ਨੇ ਨਗਰੋਟਾ ‘ਚ ਫਿਦਾਇਨ ਹਮਲੇ ਦੀ ਯੋਜਨਾ 6 ਦਿਨ ਪਹਿਲਾਂ ਹੀ ਬਣਾ ਲਈ ਗਈ ਸੀ ਪਰ ਹਮਲੇ ਦੇ ਲਈ ਉਨ੍ਹਾਂ ਨੇ 29 ਨਵੰਬਰ ਨੂੰ ਇਸ ਲਈ ਚੁਣਿਆ ਕਿਉਂਕਿ ਇਸ ਦਿਨ ਕਰਾਚੀ ‘ਚ ਪਾਕਿਸਤਾਨੀ ਫੌਜ ਮੁਖੀ ਜਨਰਲ ਰਾਹੀਲ ਸ਼ਰੀਫ ਦੀ ਰਿਟਾਇਰਮੈਂਟ ਤੇ ਨਵੇਂ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਫੌਜ ਦੀ ਕਮਾਨ ਸੌਂਪੀ ਜਾਣੀ ਸੀ। ਅੱਤਵਾਦੀਆਂ ਨੇ ਨਗਰੋਟਾ ਫੌਜੀ ਕੈਂਪ ‘ਤੇ ਹਮਲਾ ਕਰ ਕੇ ਇਕ ਤਰ੍ਹਾਂ ਨਾਲ ਪਾਕਿਸਤਾਨ ਦੇ ਨਵੇਂ ਫੌਜ ਮੁਖੀ ਨੂੰ ਸਲਾਮੀ ਦਿੱਤੀ ਹੈ।
ਨਵਾਂ ਨਹੀਂ ਸੁਰੰਗਾਂ ਦਾ ਇਤਿਹਾਸ, ਪਰ ਸਬਕ ਨਹੀਂ ਸਿੱਖਿਆ
ਜੰਮੂ-ਕਸ਼ਮੀਰ ਨਾਲ ਲੱਗਦੀ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੇ ਕੰਟਰੋਲ ਲਾਈਨ ‘ਤੇ ਪਾਕਿਸਤਾਨ ਵਲੋਂ ਸੁਰੰਗਾਂ ਦੇ ਰਾਹੀਂ ਅੱਤਵਾਦੀ ਘੁਸਪੈਠ ਕਰਵਾਉਣ ਦਾ ਇਤਿਹਾਸ ਨਵਾਂ ਨਹੀਂ ਹੈ, ਪਰ ਬਾਵਜੂਦ ਇਸਦੇ ਸਾਡੇ ਸੁਰੱਖਿਆ ਦਸਤਿਆਂ ਨੇ ਕੋਈ ਸਬਕ ਨਹੀਂ ਲਿਆ। ਇਕ ਤੋਂ ਬਾਅਦ ਇਕ ਅੱਤਵਾਦੀ ਵਾਰਦਾਤਾਂ ਹੁੰਦੀਆਂ ਰਹੀਆਂ। ਬੀ. ਐੱਸ. ਐੱਫ. ਨੇ ਇਸ ਵਾਰ ਵੀ ਅੱਤਵਾਦੀਆਂ ਦੀ ਘੁਸਪੈਠ ਦੇ ਲਈ ਸਰੱਹਦੀ ਸੁਰੰਗਾਂ ਦੇ ਇਸਤੇਮਾਲ ਹੋਣ ਦਾ ਸ਼ੱਕ ਪ੍ਰਗਟਾਇਆ ਹੈ। ਸਵਾਲ ਇਹ ਉਠਦਾ ਹੈ ਕਿ ਜਦੋਂ ਅੱਤਰਰਾਸ਼ਟਰੀ ਸਰੱਹਦ ‘ਤੇ ਸਾਂਭਾ ਜ਼ਿਲੇ ਦੇ ਰਾਮਗੜ੍ਹ ਸੈਕਟਰ ਤੇ ਜੰਮੂ ਜ਼ਿਲੇ ਦੇ ਆਰ. ਐੱਸ. ਪੁਰਾ ਸੈਕਟਰ ਤੇ ਕੰਟਰੋਲ ਲਾਈਨ ‘ਤੇ ਜੰਮੂ ਜ਼ਿਲੇ ਦੇ ਅਖਨੂਰ ਸੈਕਟਰ ‘ਚ ਪਹਿਲਾਂ ਵੀ ਸੁਰੰਗਾਂ ਦਾ ਖੁਲਾਸਾ ਹੋ ਚੁੱਕਾ ਹੈ।
ਘੁਸਪੈਠ ਲਈ ਕਵਰ ਫਾਇਰ ਦਿੰਦੀ ਹੈ ਪਾਕਿ ਫੌਜ
ਹੁਣ ਪੁੰਛ ‘ਚ ਕੀਤੀ ਜੰਗਬੰਦੀ ਦੀ ਉਲੰਘਣਾ, ਸੂਬੇਦਾਰ ਦੀਵਾਨ ਸਿੰਘ ਜ਼ਖਮੀ
ਭਾਰਤੀ ਫੌਜ ਅਤੇ ਬੀ. ਐੱਸ. ਐੱਫ. ਦੀਆਂ ਅਗਾਊਂ ਚੌਕੀਆਂ ਅਤੇ ਰਿਹਾਇਸ਼ੀ ਇਲਾਕਿਆਂ ‘ਚ ਗੋਲੀਬਾਰੀ ਕਰ ਕੇ ਦੋਵੇਂ ਦੇਸ਼ਾਂ ਦੇ ਵਿਚਕਾਰ ਸਾਲ 2003 ‘ਚ ਹੋਏ ਜੰਗਬੰਦੀ ਸਮਝੌਤੇ ਦਾ ਉਲੰਘਣ ਕਰਨ ਪਿੱਛੇ ਪਾਕਿਸਤਾਨੀ ਫੌਜ ਦਾ ਮਕਸਦ ਅੱਤਵਾਦੀਆਂ ਦੀ ਭਾਰਤ ‘ਚ ਘੁਸਪੈਠ ਕਰਵਾਉਣਾ ਹੁੰਦਾ ਹੈ। ਘੁਸਪੈਠ ਦੌਰਾਨ ਭਾਰਤੀ ਸੁਰੱਖਿਆ ਦਸਤਿਆਂ ਦਾ ਧਿਆਨ ਭਟਕਾਉਣ ਲਈ ਹੀ ਪਾਕਿਸਤਾਨੀ ਫੌਜ ਅੱਤਵਾਦੀਆਂ ਨੂੰ ਕਵਰ ਫਾਇਰ ਦਿੰਦੀ ਹੈ।
28-29 ਨਵੰਬਰ ਦੀ ਰਾਤ ਨੂੰ ਜਦੋਂ ਸਾਂਭਾ ਜ਼ਿਲੇ ਦੇ ਰਾਮਗੜ੍ਹ ਸੈਕਟਰ ‘ਚ ਅੱਤਵਾਦੀਆਂ ਨੇ ਘੁਸਪੈਠ ਕੀਤੀ ਤਾਂ ਪਾਕਿਸਤਾਨੀ ਫੌਜ ਨੇ ਉਨ੍ਹਾਂ ਨੂੰ ਕਵਰ ਫਾਇਰ ਦੇਣ ਲਈ ਜੰਗਬੰਦੀ ਨਿਯਮ ਦਾ ਉਲੰਘਣ ਕੀਤਾ। ਇਸ ਤੋਂ ਬਾਅਦ ਕੰਟਰੋਲ ਲਾਈਨ ‘ਤੇ ਉੜੀ ਸੈਕਟਰ ‘ਚ ਪਾਕਿਸਤਾਨੀ ਫੌਜ ਦੀ ਗੋਲੀਬਾਰੀ ਸ਼ੁਰੂ ਹੋਈ। ਇਸ ਲੜੀ ‘ਚ ਪਾਕਿਸਤਾਨੀ ਫੌਜ ਨੇ ਬੁੱਧਵਾਰ ਸਵੇਰੇ 8 ਵਜੇ ਪੁੰਛ ਸੈਕਟਰ ‘ਚ ਕੰਟਰੋਲ ਲਾਈਨ ‘ਤੇ ਗੋਲੀਬਾਰੀ ਕਰ ਕੇ ਜੰਗਬੰਦੀ ਦੀ ਉਲੰਘਣਾ ਕੀਤੀ। ਸਨਾਈਪਰ ਲਗਾ ਕੇ ਕੀਤੀ ਗਈ ਇਸ ਗੋਲੀਬਾਰੀ ‘ਚ ਫੌਜ ਦਾ ਜੀ. ਸੀ. ਓ. ਸੂਬੇਦਾਰ ਦੀਵਾਨ ਸਿੰਘ ਜ਼ਖਮੀ ਹੋ ਗਿਆ ਜਿਸ ਨੂੰ ਫੌਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਸਥਾਨਕ ਮਦਦ ਦਾ ਪੂਰਾ ਸ਼ੱਕ
ਸੁਰੱਖਿਆ ਅਤੇ ਖੁਫੀਆ ਏਜੰਸੀਆਂ ਨੂੰ ਪੂਰਾ ਸ਼ੱਕ ਹੈ ਕਿ ਸਥਾਨਕ ਲੋਕਾਂ ਦੀ ਮੱਦਦ ਤੋਂ ਬਿਨਾਂ ਅੱਤਵਾਦੀ ਨਗਰੋਟਾ ਵਿਚ ਅੱਤਵਾਦੀ ਹਮਲੇ ਨੂੰ ਅੰਜਾਮ ਨਹੀਂ ਦੇ ਸਕਦੇ ਸਨ। ਕਾਰਨ ਇਹ ਵੀ ਹੈ ਕਿ ਪਿਛਲੀਆਂ ਕੁਝ ਘਟਨਾਵਾਂ ਵਾਂਗ ਅਜੇ ਤੱਕ ਅਜਿਹਾ ਕੋਈ ਵਿਅਕਤੀ ਸਾਹਮਣੇ ਨਹੀਂ ਆਇਆ ਹੈ, ਜਿਸਨੂੰ ਜ਼ਬਰਦਸਤੀ ਬੰਦੀ ਬਣਾ ਕੇ ਅੱਤਵਾਦੀ ਘਟਨਾ ਸਥਾਨ ਤੱਕ ਪਹੁੰਚੇ ਹੋਣ। ਅਜਿਹਾ ਲੱਗਦਾ ਹੈ ਕਿ ਕਿਸੇ ਓਵਰਗਰਾਊਂਡ ਵਰਕਰ (ਓ. ਜੀ. ਡਬਲਯੂ.) ਨੇ ਹੀ ਨਗਰੋਟਾ ਤੱਕ ਪਹੁੰਚਣ ਵਿਚ ਅੱਤਵਾਦੀਆਂ ਦੀ ਮੱਦਦ ਕੀਤੀ ਹੈ। ਇੰਨਾ ਹੀ ਨਹੀਂ, ਅੱਤਵਾਦੀਆਂ ਕੋਲੋਂ ਭਾਰਤ ਵਿਚ ਬਣਿਆ ਕੁਝ ਸਾਮਾਨ ਵੀ ਬਰਾਮਦ ਹੋਇਆ ਹੈ ਜੋ ਉਨ੍ਹਾਂ ਨੂੰ ਸਥਾਨਕ ਮਦਦਗਾਰ ਵਲੋਂ ਮੁਹੱਈਆ ਕਰਵਾਇਆ ਗਿਆ ਹੋਵੇਗਾ। ਇਸ ਲਈ ਸੁਰੱਖਿਆ ਅਤੇ ਖੁਫੀਆ ਏਜੰਸੀਆਂ ਨੂੰ ਅੱਤਵਾਦੀਆਂ ਦੇ ਸਥਾਨਕ ਮਦਦਗਾਰ ਦੀ ਭਾਲ ਹੈ।
ਸੁਰੰਗ ਰਾਹੀਂ ਆਏ ਸਨ ਅੱਤਵਾਦੀ
ਜਿਵੇਂ ਕਿ ਸੀਮਾ ਸੁਰੱਖਿਆ ਬਲ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਅੱਤਵਾਦੀ ਅੰਤਰਰਾਸ਼ਟਰੀ ਸਰਹੱਦ ‘ਤੇ ਕਿਸੇ ਸਥਾਨ ‘ਤੇ ਬਣੀ ਸੁਰੰਗ ਰਾਹੀਂ ਭਾਰਤ ਵਿਚ ਦਾਖਲ ਹੋਏ ਸਨ ਤਾਂ ਇਹ ਸ਼ੱਕ ਵੀ ਮਜ਼ਬੂਤ ਹੋ ਜਾਂਦਾ ਹੈ ਕਿ ਰਾਮਗੜ੍ਹ ਅਤੇ ਨਗਰੋਟਾ ਦੋਵੇਂ ਸਥਾਨਾਂ ‘ਤੇ ਹਮਲਾ ਕਰਨ ਵਾਲੇ ਅੱਤਵਾਦੀ ਇਕੋ ਹੀ ਸੁਰੰਗ ਰਾਹੀਂ ਪਾਕਿਸਤਾਨ ਤੋਂ ਭਾਰਤੀ ਇਲਾਕੇ ਵਿਚ ਦਾਖਲ ਹੋਏ ਹੋਣਗੇ। ਜੇਕਰ ਇਹ ਗੁਪਤ ਸੁਰੰਗ ਸਾਂਬਾ ਜ਼ਿਲੇ ਦੇ ਰਾਮਗੜ੍ਹ ਸੈਕਟਰ ਵਿਚ ਕਿਸੇ ਸਥਾਨ ‘ਤੇ ਬਣਾਈ ਗਈ ਹੈ ਤਾਂ ਉਥੋਂ ਨਗਰੋਟਾ ਦੀ ਦੂਰੀ ਕਰੀਬ 57 ਕਿਲੋਮੀਟਰ ਹੈ ਅਤੇ ਬਿਨਾਂ ਸਥਾਨਕ ਸਹਾਇਤਾ ਦੇ ਅੱਤਵਾਦੀਆਂ ਦਾ ਅੰਤਰਰਾਸ਼ਟਰੀ ਸਰਹੱਦ ਤੋਂ ਨਗਰੋਟਾ ਤੱਕ ਪਹੁੰਚਣਾ ਆਸਾਨ ਨਹੀਂ ਹੈ।
ਫੌਜ ਨੇ ਫਿਰ ਚਲਾਈ ਤਲਾਸ਼ੀ ਮੁਹਿੰਮ
ਫੌਜ ਨੇ ਕੱਲ ਤਲਾਸ਼ੀ ਮੁਹਿੰਮ ਚਲਾਈ ਸੀ ਪਰ ਹਨੇਰਾ ਹੋਣ ‘ਤੇ ਸ਼ਾਮ ਨੂੰ ਇਸਨੂੰ ਰੋਕ ਦਿੱਤਾ ਗਿਆ। ਕੁਝ ਸੁਰਾਗ ਮਿਲਣ ਦੀ ਸੰਭਾਵਨਾ ਕਾਰਨ ਫੌਜ ਨੇ ਬੁੱਧਵਾਰ ਨੂੰ ਫਿਰ ਤੋਂ ਫੌਜ ਦੇ ਕੈਂਪ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਤਲਾਸ਼ੀ ਮੁਹਿੰਮ ਚਲਾਈ।
ਜਾਣਕਾਰੀ ਦੇਣ ਤੋਂ ਬਚਦੀ ਰਹੀ ਫੌਜ
ਵਾਰ-ਵਾਰ ਪੁੱਛੇ ਜਾਣ ਦੇ ਬਾਵਜੂਦ ਫੌਜ ਦੇ ਬੁਲਾਰੇ ਨੇ ਪੂਰਾ ਦਿਨ ਅੱਤਵਾਦੀ ਹਮਲੇ ਦੀ ਕੋਈ ਠੋਸ ਜਾਣਕਾਰੀ ਨਹੀਂ ਦਿੱਤੀ। ਉਹ ਸਿਰਫ ਅਫਵਾਹਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕਰਦਾ ਰਿਹਾ। ਦੇਰ ਸ਼ਾਮ ਤੱਕ ਫੌਜ ਨੇ 2 ਪਹਿਰਿਆਂ ਦਾ ਪ੍ਰੈੱਸ ਬਿਆਨ ਜਾਰੀ ਕਰਕੇ ਆਪਣੇ ਫਰਜ਼ ਨੂੰ ਖਤਮ ਕਰ ਦਿੱਤਾ।
ਅਸਲਾ ਡਿਪੂ ਦੇ ਕੋਲ ਹੈ ਸੰਘਣੀ ਆਬਾਦੀ ਵਾਲਾ ਇਲਾਕਾ
ਇਸ ਅਸਲਾ ਡਿਪੂ ਵਾਲੀ 166 ਯੂਨਿਟ ਨਾਲ ਸੰਘਣੀ ਆਬਾਦੀ ਵਾਲਾ ਇਲਾਕਾ ਲੱਗਦਾ ਹੈ। ਅੱਤਵਾਦੀਆਂ ਤੋਂ ਅਸਲਾ ਡਿਪੂ ਮਹਿਜ 200 ਮੀਟਰ ਦੂਰ ਰਹਿ ਗਿਆ ਸੀ। ਥੋੜ੍ਹੀ ਜਿਹੀ ਗਲਤੀ ਵੱਡੀ ਤਬਾਹੀ ਦਾ ਕਾਰਨ ਬਣ ਸਕਦੀ ਸੀ। ਅੱਤਵਾਦੀਆਂ ਨੇ ਹਮਲੇ ਲਈ ਜਿਸ ਸਥਾਨ ਨੂੰ ਚੁਣਿਆ, ਉਹ 16ਵੀਂ ਕੋਰ ਦੇ ਹੈੱਡਕੁਆਰਟਰ ਅਤੇ ਜੀ. ਓ. ਸੀ. ਦੇ ਨਿਵਾਸ ਦੇ ਬੇਹੱਦ ਕਰੀਬ ਹੈ। ਮਸ਼ੇਲ ਸੈਕਟਰ ਵਿਚ ਭਾਰਤੀ ਜਵਾਨ ਦੀ ਮ੍ਰਿਤਕ ਦੇਹ ਦਾ ਅਪਮਾਨ ਕੀਤੇ ਜਾਣ ਤੋਂ ਬਾਅਦ ਭਾਰਤ ਨੇ ਜਵਾਬੀ ਕਾਰਵਾਈ ਵਿਚ ਪਾਕਿਸਤਾਨ ਦੀਆਂ ਮੋਹਰੀ ਚੌਕੀਆਂ ਨੂੰ ਤਬਾਹ ਕੀਤਾ ਸੀ।
ਲਸ਼ਕਰ-ਏ-ਤੋਇਬਾ ਦਾ ਹੱਥ ਹੋਣ ਦਾ ਸ਼ੱਕ
ਫੌਜ ਦੇ ਹੈੱਡਕੁਆਰਟਰ ‘ਤੇ ਫਿਦਾਈਨ ਹਮਲੇ ਦੇ ਤਰੀਕੇ ਤੋਂ ਲੱਗਦਾ ਹੈ ਕਿ ਇਹ ਲਸ਼ਕਰ-ਏ-ਤੋਇਬਾ ਦੀ ਨਾਪਾਕ ਹਰਕਤ ਹੈ। ਫੌਜ ਦੇ ਸੂਤਰ ਦੱਸਦੇ ਹਨ ਕਿ ਲਸ਼ਕਰ ਇਸੇ ਤਰ੍ਹਾਂ ਦੇ ਹਮਲਿਆਂ ਨੂੰ ਪਹਿਲਾਂ ਵੀ ਅੰਜਾਮ ਦਿੰਦਾ ਰਿਹਾ ਹੈ। ਲਸ਼ਕਰ ਦੇ ਸਰਗਣਾ ਹਾਫਿਜ਼ ਸਈਦ ਨੇ ਭਾਰਤ ਤੋਂ ਬਦਲਾ ਲੈਣ ਦੀ ਚਿਤਾਵਨੀ ਦਿੱਤੀ ਸੀ। ਆਪ੍ਰੇਸ਼ਨ ਪੂਰਾ ਹੋਣ ਤੋਂ ਬਾਅਦ ਫੌਜ ਇਹ ਜਾਂਚ ਕਰੇਗੀ ਕਿ ਹਮਲਾ ਲਸ਼ਕਰ-ਏ-ਤੋਇਬਾ ਜਾਂ ਜੈਸ਼-ਏ-ਮੁਹੰਮਦ ਵਿਚੋਂ ਕਿਸ ਨੇ ਕੀਤਾ ਹੈ। ਉੜੀ ਹਮਲੇ ਵਿਚ ਪਹਿਲਾਂ ਜੈਸ਼ ਦਾ ਹੱਥ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਗਿਆ ਸੀ ਅਤੇ ਬਾਅਦ ਵਿਚ ਇਸਦੀ ਪੁਸ਼ਟੀ ਹੋਈ।

LEAVE A REPLY