1ਨਵੀਂ ਦਿੱਲੀ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਰਜੇ ਦੇ ਬੋਝ ਹੇਠਾਂ ਦੱਬੇ ਪੰਜਾਬ ਦੇ ਕਿਸਾਨਾਂ ਦੀ ਬੁਰੀ ਆਰਥਿਕ ਹਾਲਤ ਦਾ ਮੁੱਦਾ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਕ ਮੀਟਿੰਗ ਦੌਰਾਨ ਚੁੱਕਿਆ।
ਇਸ ਲਡ਼ੀ ਹੇਠ, ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਪਾਰਟੀ ਵਫਦ ਦੇ ਮੈਂਬਰ ਰਹੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਸਮੇਤ ਦੇਸ਼ ਦੇ ਹੋਰ ਹਿੱਸਿਆਂ ‘ਚ ਲੋਨਾਂ ਦੇ ਬੋਝ ਹੇਠਾਂ ਦੱਬੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ।
ਪਾਰਲੀਮੈਂਟ ਹਾਊਸ ‘ਚ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ‘ਚ, ਕੈਪਟਨ ਅਮਰਿੰਦਰ ਨੇ ਕਿਹਾ ਕਿ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐਫ.ਸੀ.ਆਈ) ਵੱਲੋਂ ਐਮ.ਐਸ.ਪੀ ਸਮੇਤ ਹੋਰ ਖੇਤੀ ਮੁੱਦਿਆਂ ‘ਤੇ ਜਿਸ ਪ੍ਰਕਾਰ ਕੰਮ ਕੀਤਾ ਜਾ ਰਿਹਾ ਹੈ, ਉਸ ਨਾਲ ਕਿਸਾਨਾਂ ਦੀਆਂ ਸਮੱਸਿਆਵਾਂ ‘ਚ ਹੋਰ ਵਾਧਾ ਹੋ ਰਿਹਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਕਾਂਗਰਸ ਨੇ ਕਰਜੇ ਸਮੇਤ ਕਿਸਾਨਾਂ ਦੇ ਹੋਰ ਦੁੱਖਾਂ ਦਾ ਹੱਲ ਕੱਢਣ ਵਾਸਤੇ ਪ੍ਰਧਾਨ ਮੰਤਰੀ ਤੋਂ ਸਮਰਥਨ ਮੰਗਿਆ ਹੈ। ਜਿਨ੍ਹਾਂ ਨੇ ਉਕਤ ਮੁੱਦੇ ਉਪਰ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੇ ਮੀਟਿੰਗ ਦੌਰਾਨ ਪੰਜਾਬ ਦੇ ਕਿਸਾਨਾਂ ਦੀ ਮਾਡ਼ੀ ਹਾਲਤ ‘ਤੇ ਗੱਲ ਕੀਤੀ, ਜਦਕਿ ਉੱਤਰ ਪ੍ਰਦੇਸ਼ ਦੇ ਹੋਰ ਆਗੂਆਂ ਨੇ ਆਪਣੇ ਸੂਬੇ ਦੇ ਹਾਲਾਤਾਂ ਨੂੰ ਪ੍ਰਧਾਨ ਮੰਤਰੀ ਸਾਹਮਣੇ ਰੱਖਿਆ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਨੋਟਬੰਦੀ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਵਧਾ ਦਿੱਤਾ ਹੈ। ਪੰਜਾਬ ‘ਚ ਕਿਸਾਨ ਆਪਣੀ ਨਗਦੀ ਸਬੰਧੀ ਲੋਡ਼ਾਂ ਲਈ ਪੂਰੀ ਤਰ੍ਹਾਂ ਸਹਿਕਾਰੀ ਬੈਂਕਾਂ ‘ਤੇ ਨਿਰਭਰ ਕਰਦੇ ਹਨ, ਜਿਥੋਂ ਦੇ 12,700 ਪਿੰਡਾਂ ‘ਚੋਂ 7000 ‘ਚ ਨਾ ਤਾਂ ਕੋਈ ਬੈਂਕ ਬ੍ਰਾਂਚ ਤੇ ਨਾ ਹੀ ਏ.ਟੀ.ਐਮ ਹਨ। ਜਿਸ ਸਬੰਧੀ ਉਨ੍ਹਾਂ ਨੇ ਮੋਦੀ ਸਰਕਾਰ ਤੋਂ ਸਵਾਲ ਕੀਤਾ ਹੈ ਕਿ ਅਜਿਹੇ ‘ਚ ਕਿਸ ਤਰ੍ਹਾਂ ਕਿਸਾਨਾਂ ਤੋਂ ਉਕਤ ਸਥਿਤੀ ‘ਚ ਆਪਣੀ ਹੋਂਦ ਬਚਾਏ ਰੱਖਣ ਦੀ ਉਮੀਦ ਕੀਤੀ ਜਾ ਸਕਦੀ ਹੈ।
ਜਦਕਿ ਕੇਂਦਰੀ ਵਿੱਤ ਮੰਤਰੀ ਅਰੂਨ ਜੇਤਲੀ ਦੇ ਦਾਅਵੇ ਕਿ 2-3 ਹਫਤਿਆਂ ਅੰਦਰ ਦੇਸ਼ ‘ਚ ਨੋਟਬੰਦੀ ਦੇ ਬਾਅਦ ਦੇ ਹਾਲਾਤ ਆਮ ਹੋ ਜਾਣਗੇ, ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਅਗਲੇ ਇਕ ਸਾਲ ਤੱਕ ਹਾਲਾਤ ਸੁਧਰਦੇ ਨਹੀਂ ਦਿੱਖ ਰਹੇ।
ਬਾਅਦ ‘ਚ ਜ਼ਾਰੀ ਇਕ ਬਿਆਨ ‘ਚ, ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਅੰਦਰ ਹਾਲਾਤਾਂ ਗੰਭੀਰਤਾ ਦਾ ਇਸੇ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੀ ਪਾਰਟੀ ਦੀ ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ, ਮੁਹਿੰਮ ਹੇਠ 33 ਲੱਖ ਕਿਸਾਨਾਂ ਨੇ ਕਰਜਾ ਮੁਆਫੀ ਫਾਰਮਾਂ ‘ਤੇ ਦਸਤਖਤ ਕੀਤੇ ਸਨ। ਜਿਸ ਮੁਹਿੰਮ ਨੂੰ ਖੇਤ ਮਜ਼ਦੂਰਾਂ ਸਮੇਤ ਕਿਸਾਨ ਸਮਾਜ ਤੋਂ ਭਾਰੀ ਸਮਰਥਨ ਮਿੱਲਿਆ ਸੀ।
ਇਸ ਮੌਕੇ ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਕਿ ਭਾਵੇਂ ਮੋਦੀ ਸਰਕਾਰ ਕੋਈ ਸਮਰਥਨ ਦੇਣ ‘ਚ ਅਸਫਲ ਰਹੇ, ਲੇਕਿਨ ਉਹ ਸੂਬੇ ਦੇ ਕਿਸਾਨਾਂ ਦੇ ਕਰਜੇ ਮੁਆਫ ਕਰਨ ਪ੍ਰਤੀ ਵਚਨਬੱਧ ਹਨ। ਉਨ੍ਹਾਂ ਨੇ ਵਾਅਦਾ ਕੀਤਾ ਕਿ ਨਾ ਹੀ ਕਿਸਾਨਾਂ ਤੇ ਨਾ ਹੀ ਆਡ਼੍ਹਤੀਆਂ ਨੂੰ ਪੈਂਡਿੰਗ ਕਰਜ਼ਿਆਂ ਨੂੰ ਸੈਟਲ ਕਰਨ ਵਾਸਤੇ ਇਕ ਪੈਸਾ ਵੀ ਆਪਣੀਆਂ ਜੇਬ੍ਹਾਂ ਤੋਂ ਦੇਣਾ ਪਵੇਗਾ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਮਾਡ਼ੀ ਹਾਲਤ ਨੂੰ ਬਾਦਲ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਤੇ ਗਤੀਵਿਧੀਆਂ ਨੇ ਹੋਰ ਵੀ ਬਦਤਰ ਕਰ ਦਿੱਤਾ ਹੈ, ਜਿਨ੍ਹਾਂ ‘ਚ ਫਸਲਾਂ ਦੀ ਖ੍ਰੀਦ ‘ਚ ਭਾਂਰੀ ਧਾਂਦਲੀ, ਕਿਸਾਨਾਂ ਦੀਆਂ ਬਕਾਇਆ ਰਾਸ਼ੀਆਂ ਦੀ ਅਦਾਇਗੀ ਨਾ ਹੋਣਾ, ਐਮ.ਐਸ.ਪੀ ਤੋਂ ਵੀ ਘੱਟ ਰੇਟ ‘ਤੇ ਖ੍ਰੀਦ ਅਤੇ ਭਾਜਪਾ ਦੀ ਅਗਵਾਈ ਹੇਠ ਪੈਦਾ ਕੀਤੇ ਗਏ ਜੰਗੀ ਮਾਹੌਲ ਕਾਰਨ ਸਰਹੱਦੀ ਇਲਾਕਿਆਂ ਅੰਦਰ ਫਸਲਾਂ ਦੀ ਵਾਢੀ ‘ਚ ਹੋਈ ਦੇਰੀ ਸ਼ਾਮਿਲ ਹਨ।
ਉਨ੍ਹਾਂ ਨੇ ਕਿਹਾ ਕਿ ਐਸ.ਵਾਈ.ਐਲ ਮੁੱਦੇ ‘ਤੇ ਬਾਦਲ ਸਰਕਾਰ ਦੇ ਪੰਜਾਬ ਵਿਰੋਧੀ ਰਵੱਈਏ ਨੇ ਸਮੱਸਿਆ ਨੂੰ ਹੋਰ ਬਿਗਾਡ਼ ਦਿੱਤਾ। ਇਸ ਦਿਸ਼ਾ ‘ਚ ਬਾਦਲ ਗੁਆਂਢੀ ਹਰਿਆਣਾ ਨੂੰ ਪੰਜਾਬ ਦੇ ਪਾਣੀ ਦੇ ਅਧਿਕਾਰ ਵੇਚਣ ਲਈ ਤੁਲ ਪਏ, ਜਿਸਨੇ ਸੂਬੇ ਦੇ ਦੱਖਣੀ ਹਿੱਸੇ ਦੇ ਕਿਸਾਨਾਂ ਲਈ ਮੌਤ ਦੀ ਘੰਟੀ ਵਜਾ ਦਿੱਤੀ।
ਪੰਜਾਬ ਕਾਂਗਰਸ ਪ੍ਰਧਾਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਤੇਲ ‘ਤੇ ਸਬਸਿਡੀ ਵਜੋਂ ਹੋਈ ਵੱਡੀ ਬਚੱਤ ਦੇ ਮੱਦੇਨਜ਼ਰ, ਕਿਸਾਨਾਂ ਦੇ ਕਰਜੇ ਮੁਅਫ ਕਰਨ ‘ਚ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਜੇ ਕੇਂਦਰ ਦੀ ਭਾਜਪਾ ਅਗਵਾਈ ਵਾਲੀ ਸਰਕਾਰ ਸਨਅੱਤਕਾਰਾਂ ਦੇ 110,000 ਕਰੋਡ਼ ਰੁਪਏ ਦੇ ਲੋਨ ਮੁਆਫ ਕਰ ਸਕਦੀ ਹੈ, ਤਾਂ ਅਜਿਹਾ ਹੀ ਗਰੀਬ ਕਿਸਾਨਾਂ ਖਾਤਿਰ ਵੀ ਕੀਤਾ ਜਾ ਸਕਦਾ ਹੈ, ਜਿਨ੍ਹਾਂ ਵਾਸਤੇ ਇਹ ਜ਼ਿੰਦਗੀ ਤੇ ਮੌਤ ਦਾ ਮਾਮਲਾ ਹੈ।

LEAVE A REPLY