7ਚੰਡੀਗੜ੍ਹ – ਪੰਜਾਬ ਦੇ ਵੱਖ-ਵੱਖ ਭਾਗਾਂ ‘ਚ ‘ਆਪ’ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਦੋਸ਼ ਲਗਾਇਆ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਲਈ ਪਾਰਟੀ ਲੀਡਰਸ਼ਿਪ ਵਲੋਂ ਟਿਕਟਾਂ ਵੇਚੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ‘ਆਪ’ ਵਲੋਂ ਹੁਣ ਤਕ 92 ਸੀਟਾਂ ਲਈ ਖੜ੍ਹੇ ਕੀਤੇ ਗਏ ਉਮੀਦਵਾਰਾਂ ‘ਚੋਂ 59 ਦਾਗੀ ਹਨ, ਜਿਨ੍ਹਾਂ ਨੂੰ ਤੁਰੰਤ ਬਦਲਿਆ ਜਾਣਾ ਚਾਹੀਦਾ ਹੈ।
ਅੱਜ ਇੱਥੇ ਚੰਡੀਗੜ੍ਹ ਪ੍ਰੈੱਸ ਕਲੱਬ ‘ਚ ਇਕ ਮੀਡੀਆ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ‘ਆਪ’ ਦੇ ਜੰਡਿਆਲਾ ਜ਼ੋਨ ਦੇ ਕੈਸ਼ੀਅਰ ਅਤੇ ਸੈਕਟਰ ਇੰਚਾਰਜ ਗੁਪਤੇਸ਼ਵਰ ਬਾਵਾ, ਜ਼ਿਲਾ ਜ਼ੋਨਲ ਇੰਚਾਰਜ (ਕਿਸਾਨ ਵਿੰਗ) ਡਾ. ਹਰਿੰਦਰ ਸਿੰਘ ਅਤੇ ਸੈਕਟਰ ਇੰਚਾਰਜ (ਲੀਗਲ ਵਿੰਗ) ਇੰਜੀਨੀਅਰ ਕਾਬਲ ਸਿੰਘ ਨੇ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੂੰ 48 ਘੰਟੇ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੰਜਾਬ ਦੇ ਵਾਲੰਟੀਅਰ ਅਗਲੀ ਰਣਨੀਤੀ ਅਪਣਾਉਣ ਲਈ ਸੁਤੰਤਰ ਹੋਣਗੇ। ਇਸ ਮੌਕੇ ਉਨ੍ਹਾਂ ਨੇ 32 ਹਲਕਿਆਂ ਲਈ ਸੰਭਾਵਿਤ ਉਮੀਦਵਾਰਾਂ ਦੀ ਲਿਸਟ ਵੀ ਜਾਰੀ ਕੀਤੀ।
ਪਾਰਟੀ ‘ਚ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ : ‘ਆਪ’ ਨੇਤਾਵਾਂ ਅਤੇ ਵਾਲੰਟੀਅਰਾਂ ਨੇ ਕਿਹਾ ਕਿ ਪਾਰਟੀ ਅੰਦਰ ਸਵਰਾਜ ਅਤੇ ਅੰਦਰੂਨੀ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਜੇ ਸਿੰਘ, ਦੁਰਗੇਸ਼ ਪਾਠਕ ਅਤੇ ਹੋਰ ਦਿੱਲੀ ਦੇ ਸਾਥੀਆਂ ਨੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਬੁਰੀ ਤਰ੍ਹਾਂ ਨੋਚਿਆ ਹੈ। ਦਿੱਲੀ ਦੀ ਲੀਡਰਸ਼ਿਪ ਨੇ ਉਨ੍ਹਾਂ ਦੀ ਪਿੱਠ ‘ਚ ਛੁਰਾ ਮਾਰਿਆ ਹੈ, ਜਿਨ੍ਹਾਂ ਨੇ ਉਨ੍ਹਾਂ ‘ਤੇ ਭਰੋਸਾ ਕੀਤਾ। ਪਾਰਟੀ ਵਾਲੰਟੀਅਰ ਮਹਿਸੂਸ ਕਰ ਰਹੇ ਹਨ ਕਿ ਜਿਸ ਯੋਜਨਾਬੱਧ ਢੰਗ ਨਾਲ ਪਾਰਟੀ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ, ਉਹ ਆਤਮਘਾਤੀ ਰਸਤਾ ਹੈ। ਇੰਝ ਲਗਦਾ ਹੈ ਕਿ ਪਾਰਟੀ ਚੋਣਾਂ ਹੀ ਨਹੀਂ ਜਿੱਤਣਾ ਚਾਹੁੰਦੀ। ਪੰਜਾਬ ਦਾ ਦੌਰਾ ਕਰਨ ਮਗਰੋਂ ਸਾਹਮਣੇ ਆਇਆ ਹੈ ਕਿ 59 ਉਮੀਦਵਾਰਾਂ ਦਾ ਕਿਰਦਾਰ ਦਾਗੀ ਅਤੇ ਸ਼ੱਕੀ ਹੈ। ਵਾਲੰਟੀਅਰ ਉਨ੍ਹਾਂ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ, ਇਸ ਲਈ ਇਨ੍ਹਾਂ 59 ਉਮੀਦਵਾਰਾਂ ਨੂੰ ਪਾਰਟੀ ਦੇ ਹਿੱਤ ‘ਚ ਤੁਰੰਤ ਬਦਲਿਆ ਜਾਣਾ ਚਾਹੀਦਾ ਹੈ।
ਵਰਕਰਾਂ ਦੀਆਂ 5 ਮੰਗਾਂ
1. 59 ਉਮੀਦਵਾਰਾਂ ਦੀ ਥਾਂ ‘ਤੇ
ਯੋਗ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਜਾਣ।
2. ਪਾਰਟੀ ਤੋਂ ਬਾਹਰ ਕੱਢੇ ਗਏ ਨੇਤਾਵਾਂ ਡਾ. ਧਰਮਵੀਰ ਗਾਂਧੀ, ਹਰਿੰਦਰ ਸਿੰਘ ਖਾਲਸਾ, ਡਾ. ਦਲਜੀਤ ਸਿੰਘ, ਪ੍ਰੋ. ਮਨਜੀਤ ਸਿੰਘ, ਜੱਸੀ ਜਸਰਾਜ ਤੇ ਹੋਰਨਾਂ ਨੂੰ ਬਿਨਾ ਸ਼ਰਤ ਪਾਰਟੀ ‘ਚ ਵਾਪਸ ਲਿਆ ਜਾਏ। ਸੁੱਚਾ ਸਿੰਘ ਛੋਟੇਪੁਰ ਦੇ ਖਿਲਾਫ ਤਥਾਕਥਿਤ ਵੀਡੀਓ ਨੂੰ ਜਨਤਕ ਕੀਤਾ ਜਾਏ।
3. ਸੰਜੇ ਸਿੰਘ, ਜਰਨੈਲ ਸਿੰਘ ਅਤੇ ਦੁਰਗੇਸ਼ ਪਾਠਕ ਸਮੇਤ ਸਾਰੀ ਦਿੱਲੀ ਟੀਮ ਵਾਪਸ ਬੁਲਾਈ ਜਾਏ ਅਤੇ ਪੰਜਾਬ ਨੂੰ ਪੰਜਾਬੀਆਂ ਦੇ ਹਵਾਲੇ ਕੀਤਾ ਜਾਏ।
4. ਪਿਛਲੇ 2 ਸਾਲਾਂ ਦੌਰਾਨ ਪੰਜਾਬ ਅਤੇ ਐੱਨ. ਆਰ. ਆਈਜ਼ ਤੋਂ ਇਕੱਠੇ ਕੀਤੇ ਫੰਡ ਅਤੇ ਖਰਚੇ ਜਨਤਕ ਕੀਤੇ ਜਾਣ। ਇਹ ਫੰਡ ਪੰਜਾਬ ‘ਚ ਹੀ ਖਰਚ ਕੀਤਾ ਜਾਣਾ ਚਾਹੀਦਾ ਹੈ।
5. ਹੰਕਾਰ ਛੱਡ ਕੇ ਪੰਜਾਬ ਦੇ ਹਿਤਕਾਰੀ ਲੋਕਾਂ ਨੂੰ ਪਾਰਟੀ ‘ਚ ਸ਼ਾਮਲ ਕੀਤਾ ਜਾਏ।

LEAVE A REPLY