9ਸਾਨ ਬੋਨੀਫੇਸੀਓ : ਪ੍ਰਵਾਸੀ ਪੰਜਾਬੀਆਂ ਵਿਚ ਉਨਾਂ ਦੀ ਮਾਤਭੂਮੀ ਪੰਜਾਬ ਨੂੰ ਬਦਨਾਮ ਕਰਨ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਇਕ ਡੂੰਘੀ ਸਾਜਿਸ਼ ਅਧੀਨ ਕੂਡ਼ ਪ੍ਰਚਾਰ ਕੀਤਾ ਜਾ ਰਿਹਾ ਹੈ। ਯੂਰਪ ਦੌਰੇ ‘ਤੇ ਪਹੁੰਚੇ ਹੋਏ ਦਿੱਲੀ ਗੁਰਦੁਆਰਾ ਪ੍ਰਬੰਧਕ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਸਲਾਹਕਾਰ ਸ. ਮਨਜਿੰਦਰ ਸਿੰਘ ਸਿਰਸਾ ਨੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ, ਸਾਨ ਬੋਨੀਫੇਸੀਓ ‘ਚ ਇਕੱਤਰ ਹੋਏ ਪ੍ਰਵਾਸੀ ਪੰਜਾਬੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਨੇ ਪਿਛਲੇ ਸਾਢੇ ਨੌ ਸਾਲਾਂ ‘ਚ ਰਿਕਾਰਡ ਤੋਡ਼ ਜੋ ਤਰੱਕੀ ਕੀਤੀ ਹੈ ਉਸ ਨਾਲ ਆਮ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਣ ਲੱਗਾ ਹੈ। ਬਿਜਲੀ ਖੇਤਰ ‘ਚ ਆਤਮ ਨਿਰਭਰਤਾ, 4/6 ਲੇਨ ਸਡ਼ਕਾਂ ਦੀ ਉਸਾਰੀ, ਕਿਸਾਨਾਂ ਨੂੰ ਮੁਫ਼ਤ ਬਿਜਲੀ, ਮਜ਼ਦੂਰਾਂ ਨੂੰ ਆਟਾ-ਦਾਲ ਸਕੀਮ ਨਾਲ ਜੋਡ਼ਨਾ, 80 ਨਵੇਂ ਕਾਲਜ ਤੇ 20 ਯੂਨੀਵਰਸਿਟੀਆਂ ਦੀ ਸਥਾਪਨਾ, ਘਰੇਲੂ ਤੇ ਅੰਤਰਰਾਸ਼ਟਰੀ ਹਵਾਈ ਉਡਾਣਾਂ ਲਈ ਹਵਾਈ ਅੱਡਿਆਂ ਦੀ ਉਸਾਰੀ, ਰਾਜ ਦੇ ਪੰਜਾਬੀ ਢਾਂਚੇ ਲਈ ਅਜਿਹੇ ਵੱਡੇ ਕੰਮ ਕੀਤੇ ਹਨ ਜਿਨਾਂ ਸਦਕਾ ਪੰਜਾਬ ਇਕ ਤਰੱਕੀ ਦੀ ਲੀਹ ਉਤੇ ਚਡ਼ਿਆ, ਮਾਲ ਵਿਭਾਗ ਦੇ ਸਮੁੱਚੇ ਰਿਕਾਰਡ ਦਾ ਕੰਪਿਊਟਰੀਕਰਨ ਕਰਨਾ ਅਤੇ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਲਈ ਇਕ ਵੱਖਰਾ ਵਿਭਾਗ ਸਥਾਪਤ ਕਰਨਾ ਵੱਡੀਆਂ ਪ੍ਰਾਪਤੀਆਂ ਹਨ। ਇਨਾਂ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਜਾਂਦਾ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਯਤਨਾਂ ਸਦਕਾ 1984 ਦੀ ਸਿੱਖ ਨਸਲਕੁਸ਼ੀ ਦੀ ਯਾਦਗਾਰ ਸਥਾਪਤ ਕਰਨਾ, ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾਡ਼ੇ ਮੌਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸਿੱਖਾਂ ਦੇ ਯੋਗਦਾਨ ਸਬੰਧੀ ਬਿਆਨ ਦੇਣਾ ਅਤੇ ਕੇਂਦਰ ਸਰਕਾਰ ਵੱਲੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ  ਸਾਢੇ ਤਿਨ ਸੌ ਸਾਲਾਂ ਸ਼ਤਾਬਦੀ ਮਨਾਉਣ ਲਈ ਦਿੱਤਾ ਸੁਨੇਹਾ ਇਸ ਗੱਲ ਦਾ ਪ੍ਰਤੀਤ ਹੈ ਕਿ ਅੱਜ ਸਿੱਖਾਂ ਦੇ ਮਾਣ-ਸਨਮਾਨ ‘ਚ ਪਹਿਲਾਂ ਨਾਲੋਂ ਵਾਧਾ ਹੋਇਆ ਹੈ ਅਤੇ ਉਨਾਂ ਦੀ ਕੇਂਦਰ ਸਰਕਾਰ ਵਿਚ ਗੱਲ ਸੁਣੀ ਜਾਣ ਲੱਗੀ ਹੈ। ਪੰਜਾਬ ਦੇ ਲੋਕ ਤੀਸਰੀ ਵਾਰ 2017 ‘ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਜਾ ਰਹੇ ਹਨ ਇਸ ਕਰਕੇ ਕਾਂਗਰਸ ਅਤੇ ‘ਆਪ’ ਦੀ ਲੀਡਰਸ਼ਿਪ ਫਿਕਰਮੰਦ ਹੈ। ਇਨਾਂ ਵਿਰੋਧੀ ਪਾਰਟੀਆਂ ਵੱਲੋਂ ਕੇਵਲ ਨਿੱਜੀ ਤੇ ਸਿਆਸੀ ਹਿਤਾਂ ਦੀ ਪੂਰਤੀ ਲਈ ਪੰਜਾਬ ਨੂੰ ਬਦਨਾਮ ਕਰਨ ਦੀ ਮੁਹਿੰਮ ਅਰੰਭੀ ਹੋਈ ਹੈ ਜਿਸ ਦਾ ਜਵਾਬ 2017 ‘ਚ ਪੰਜਾਬ ਦੇ ਲੋਕ ਦੇਣਗੇ।
ਸ. ਸਿਰਸਾ ਨੇ ਪ੍ਰਵਾਸੀ ਪੰਜਾਬੀਆਂ ਵੱਲੋਂ ਬਾਲੀਵਾਲ ਦੇ ਕਰਵਾਏ ਜਾ ਰਹੇ ਇਕ ਟੂਰਨਾਮੈਂਟ ਵਿਚ ਸ਼ਾਮਲ ਹੋ ਕੇ ਮੇਜ਼ਬਾਨੀ ਵੀ ਕੀਤੀ। ਇਸ ਮੌਕੇ ਉਨਾਂ ਨੇ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਅੰਦਰ ਖੇਡਾਂ ਦੇ ਮਿਆਰ ਵਿਚ ਕੀਤੇ ਗਏ ਅੰਤਰ ਰਾਸ਼ਟਰੀ ਸੁਧਾਰਾਂ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੰਜਾਬ ਵਿਚ ਅੰਤਰ ਰਾਸਟਰੀ ਪੱਧਰ ਦੇ ਸਟੇਡੀਅਮ ਬਣ ਚੁੱਕੇ ਹਨ। ਇਟਲੀ ਪਹੁੰਚਣ ‘ਤੇ ਅਕਾਲੀ ਦਲ ਦੇ ਪ੍ਰਧਾਨ ਜਸਵੰਤ ਸਿੰਘ ਨਹਿਰਾ, ਲਖਵਿੰਦਰ ਸਿੰਘ ਜਨਰਲ ਸਕੱਤਰ, ਜਗਜੀਤ ਸਿੰਘ, ਦਲਵਿੰਦਰ ਸਿੰਘ ਰਾਏਪੁਰ, ਕੁਲਵੰਤ ਸਿੰਘ ਆਦਿ ਨੇ ਸ. ਸਿਰਸਾ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ।

LEAVE A REPLY