7ਨਕੋਦਰ : ਭਾਰਤ-ਪਾਕਿਸਤਾਨ ਵਲੋਂ ਆਪਣੇ ਦੋਸਤਾਨਾ ਸਬੰਧਾਂ ਨੂੰ ਕਾਇਮ ਰੱਖਦੇ ਹੋਏ ਸ਼ੁਰੂ ਕਰਵਾਈ ਗਈ ਦਿੱਲੀ-ਲਾਹੌਰ ਬੱਸ ਸਰਵਿਸ ਹੁਣ ਪੁਲਸ ਦੇ ਲਈ ਸਿਰਦਰਦੀ ਬਣ ਕੇ ਕਹਿ ਗਈ ਹੈ। ਪੰਜਾਬ ‘ਚ ਵਿਗੜੇ ਹਾਲਾਤ ਅਤੇ ਨਿੱਤ ਲੱਗ ਰਹੇ ਥਾਂ-ਥਾਂ ਧਰਨਿਆਂ ਕਾਰਨ ਪੰਜਾਬ ਪੁਲਸ ਨੂੰ ਸੁਰੱਖਿਆ ਵਜੋਂ ਕਈ ਵਾਰ ਬੱਸ ਦਾ ਰੂਟ ਬਦਲਣਾ ਪੈਂਦਾ ਹੈ, ਜਿਸ ਕਾਰਨ ਸਰਕਾਰ ਲਈ ਇਹ ਬੱਸ ਸਰਵਿਸ ਕਾਫੀ ਮੁਸੀਬਤ ਦਾ ਸਬੱਬ ਸਾਬਿਤ ਹੋ ਰਹੀ ਹੈ। ਜੇਕਰ ਤਾਜ਼ਾ ਹਾਲਾਤ ਨੂੰ ਗੰਭੀਰਤਾ ਨਾਲ ਦੇਖਿਆ ਜਾਵੇ ਤਾਂ ਦਿਨ-ਬ-ਦਿਨ ਭਾਰਤ-ਪਾਕਿ ਦੇ ਆਪਸੀ ਰਿਸ਼ਤਿਆਂ ‘ਚ ਆ ਰਹੀਆਂ ਤਰੇੜਾਂ ਕਾਰਨ ਇਸ ਬੱਸ ਨੂੰ ਜਾਰੀ ਰੱਖਣਾ ਹੋਰ ਵੀ ਅਤਿ ਮੁਸ਼ਕਿਲ ਹੋ ਜਾਵੇਗਾ।
ਪਿਛਲੇ ਕੁਝ ਦਿਨਾਂ ਤੋਂ ਮਜਬੂਰਨ ਦਿੱਲੀ-ਲਾਹੌਰ ਬੱਸ ਸਰਵਿਸ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਇਨ੍ਹਾਂ ਬੱਸਾਂ ਦਾ ਰੂਟ ਬਦਲ ਕੇ ਫਿਲੌਰ ਤੋਂ ਸੁਭਾਨਪੁਰ ਵਾਇਆ ਨਕੋਦਰ, ਕਪੂਰਥਲਾ ਅਤੇ ਅੰਮ੍ਰਿਤਸਰ ਤੋਂ ਹੁੰਦੇ ਹੋਏ ਵਾਹਗਾ ਬਾਰਡਰ ਅਤੇ ਲਾਹੌਰ ਤੋਂ ਦਿੱਲੀ ਜਾਣ ਵਾਲੀ ਬੱਸ ਅੰਮ੍ਰਿਤਸਰ ਤੋਂ ਸੁਭਾਨਪੁਰ, ਕਪੂਰਥਲਾ, ਨਕੋਦਰ, ਨੂਰਮਹਿਲ ਤੋਂ ਹੁੰਦੀ ਹੋਈ ਫਿਲੌਰ ਪਹੁੰਚੀ।
ਪੁਲਸ ਸੂਤਰਾਂ ਅਨੁਸਾਰ ਜਿਥੇ ਪੰਜਾਬ ਪੁਲਸ ਦੀ ਸਿਰਦਰਦੀ ਵਧੀ ਹੋਈ ਹੈ, ਉਥੇ ਨਾਲ ਹੀ ਇਸ ਸਮਝੌਤੇ ਤਹਿਤ ਬੱਸ ਨੂੰ ਚਲਾਉਂਦੇ ਸਮੇਂ ਸੁਰੱਖਿਆ ਵਜੋਂ ਪੰਜਾਬ ਅਤੇ ਕੇਂਦਰ ਸਰਕਾਰ ਵਲੋਂ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਇਨ੍ਹਾਂ ਬੱਸਾਂ ਦੇ ਰੂਟ ਅਨੁਸਾਰ ਅਕਸਰ ਬੱਸ ਦੇ ਆਉਣ-ਜਾਣ ਦੇ ਸਮੇਂ ਤੱਕ ਪੁਲਸ ਦੀ ਗਸ਼ਤ ਤੇ ਨਾਕੇ ਬਰਕਰਾਰ ਰੱਖੇ ਜਾਂਦੇ ਹਨ, ਜਿਸ ਕਾਰਨ ਬੱਸ ਦੇ ਰੂਟ ਨਾਲ ਸਬੰਧਤ ਥਾਣਿਆਂ ‘ਚ ਪੁਲਸ ਮੁਲਾਜ਼ਮਾਂ ਦੀ ਘਾਟ ਅਤੇ ਦਫਤਰੀ ਕੰਮਾਂ ‘ਚ ਭਾਰੀ ਰੁਕਾਵਟ ਪੇਸ਼ ਆ ਰਹੀ ਹੈ।
ਇਹ ਕਿਹੋ ਜਿਹੀ ਦੋਸਤੀ?
ਦੋਵਾਂ ਦੇਸ਼ਾਂ ਦੀ ਦੋਸਤੀ ਲਈ ਚਲਾਈ ਜਾ ਰਹੀ ਇਸ ਬੱਸ ਦੀ ਸੁਰੱਖਿਆ ਵਾਸਤੇ ਸਰਕਾਰ ਨੂੰ ਦਿੱਲੀ ਤੋਂ ਵਾਹਗਾ ਬਾਰਡਰ ਕਰੀਬ 500 ਕਿ. ਮੀ. ਸਫਰ ਤੈਅ ਕਰਨਾ ਪੈਂਦਾ ਹੈ, ਜਦਕਿ ਪਾਕਿਸਤਾਨ ਸਰਕਾਰ ਵਾਹਗਾ ਬਾਰਡਰ ਤੋਂ ਲਾਹੌਰ ਤੱਕ ਸਿਰਫ 40 ਕਿ. ਮੀ. ਦੇ ਕਰੀਬ ਰਸਤੇ ਦੀ ਸੁਰੱਖਿਆ ਕਰਦੀ ਹੈ, ਜਿਸ ਕਾਰਨ ਪਾਕਿਸਤਾਨ ਸਰਕਾਰ ਨੂੰ ਇਸ ਬੱਸ ਦੀ ਵਧੇਰੇ ਸੁਰੱਖਿਆ ਨਹੀਂ ਕਰਨੀ ਪੈਂਦੀ ਅਤੇ ਖਰਚਾ ਵੀ ਕਾਫੀ ਘੱਟ ਹੁੰਦਾ ਹੈ। ਭਾਰਤ ਤੇ ਪੰਜਾਬ ਸਰਕਾਰ ਸਿਰਫ ਦੋਸਤੀ ਲਈ ਵਾਧੂ ਖਰਚ ਅਤੇ ਬੇਲੋੜੀ ਸੁਰੱਖਿਆ ਕਰ ਰਹੀ ਪਰ ਇਸ ਦੇ ਉਲਟ ਪਾਕਿਸਤਾਨ ਅਕਸਰ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਫਿਰ ਤਾਂ ਕਹਿਣਾ ਬਣਦਾ ਕਿ ਇਹ ਕਿਹੋ ਜਿਹੀ ਦੋਸਤੀ?

LEAVE A REPLY