5ਨਵੀਂ ਦਿੱਲੀ: ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਅਹੁਦੇਦਾਰਾਂ ਤੇ ਪ੍ਰਬੰਧਕਾਂ ਬਾਰੇ ਕਿਹਾ ਕਿ ਕਮੇਟੀ ਦੇ ਮਾੜੇ ਪ੍ਰਬੰਧਾਂ ਕਾਰਨ ਜਿਥੇ ਹਰ ਰੋਜ਼ ਘੱਪਲੇ ਹੋ ਰਹੇ ਹਨ ਤੇ ਗੁਰੂ ਦੀ ਗੋਲਕ ਨੂੰ ਸਿਰਫ ਲੁੱਟਣ ਦੇ ਹੱਦਾਂ ਬੰਨ੍ਹੇ ਟੱਪ ਕੇ ਡਾਕੇ ਮਾਰੇ ਜਾ ਰਹੇ ਹਨ।ਜਾਰੀ ਇੱਕ ਬਿਆਨ ਰਾਹੀਂ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਅਹੁਦੇਦਾਰਾਂ, ਦਿੱਲੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਤੇ ਤਖਤਾਂ ਦੇ ‘ਗੁਲਾਮ’ ਜਥੇਦਾਰਾਂ ਨੇ ਦੋਸ਼ ਲਗਾਇਆ ਸੀ ਕਿ ਸਰਨਿਆਂ ਨੇ ਬਾਲਾ ਸਾਹਿਬ ਵਾਲਾ ਹਸਪਤਾਲ ਇੱਕ ਪ੍ਰਾਈਵੇਟ ਕੰਪਨੀ ਨੂੰ 300 ਕਰੋੜ ਦਾ ਵੇਚ ਦਿੱਤਾ ਹੈ ਜਿਸ ਦੀ ਜਾਂਚ ਕਰਵਾ ਕੇ ਚੋਣਾਂ ਤੋਂ ਬਾਅਦ 15 ਦਿਨਾਂ ਦੇ ਅੰਦਰ ਅੰਦਰ ਸੱਚਾਈ ਸੰਗਤਾਂ ਦੇ ਸਾਹਮਣੇ ਲਿਆਦੀ ਜਾਵੇਗੀ ਪਰ ਅੱਜ ਕਰੀਬ ਪੌਣੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਜਾਂਚ ਦੀ ਰਿਪੋਰਟ ਪੇਸ਼ ਨਹੀਂ ਕੀਤੀ ਗਈ।
ਉਹਨਾਂ ਕਿਹਾ ਕਿ ‘ਨਾਲੇ ਚੋਰ ਤੇ ਨਾਲੇ ਚਤੁਰ’ ਵਾਲੀ ਭੂਮਿਕਾ ਨਿਭਾ ਕੇ ਮਨਜੀਤ ਸਿੰਘ ਜੀ.ਕੇ. ਤੇ ਮਨਜਿੰਦਰ ਸਿੰਘ ਸਿਰਸਾ ਜਿਹੜੇ 300 ਕਰੋੜ ਦਾ ਘੱਪਲਾ ਤਾਂ ਕੱਢ ਨਹੀਂ ਸਕੇ ਪਰ 118 ਕਰੋੜ ਰੁਪਏ ਦੀ ਗੁਰੂ ਅਮਾਨਤ ਜਮ੍ਹਾ ਕੀਤੀ ਸਾਰੀ ਦੀ ਸਾਰੀ ਛਕ ਗਏ ਹਨ। ਉਹਨਾਂ ਕਿਹਾ ਕਿ ਜੀ.ਕੇ. ਤੇ ਸਿਰਸਾ ਸੰਗਤਾਂ ਨੂੰ ਸਪੱਸ਼ਟ ਕਰਨ ਕਿ 300 ਕਰੋੜ ਦਾ ਘੱਪਲਾ ਕਿੱਥੇ ਗਿਆ ਤੇ 118 ਕਰੋੜ ਦੀਆਂ ਐਫ.ਡੀ.ਆਰਜ਼ ਅੱਜ ਕਿਥੇ ਹਨ। ਉਹਨਾਂ ਕਿਹਾ ਕਿ ਉਹ ਇਤਿਹਾਸਕ ਇਮਾਰਤਾਂ ਵੀ ਇਹਨਾਂ ਨੇ ਤੋੜ ਦਿੱਤੀਆਂ ਜਿਹੜੀਆਂ ਹਾਲੇ 100 ਸਾਲ ਹੋਰ ਤੱਕ ਕਾਇਮ ਰਹਿ ਸਕਦੀਆਂ ਸਨ ਤਾਂ ਕਿ ਸੰਗਤਾਂ ਕੋਲੋਂ ਇਮਾਰਤਾਂ ਦੀ ਉਸਾਰੀ ਲਈ ਹੋਰ ਦਾਨ ਇਕੱਠਾ ਕਰਕੇ ਆਪਣੀਆਂ ਨਿੱਜੀ ਤਿਜੌਰੀਆਂ ਭਰੀਆਂ ਜਾਣ।
ਉਹਨਾਂ ਜੀ. ਕੇ. ਤੇ ਸਿਰਸਾ ਨੂੰ ਕਿਹਾ ਕਿ ਜਾਂ ਤਾਂ ਉਹ 300 ਕਰੋੜ ਦੇ ਘੱਪਲੇ ਦੀ ਜਾਂਚ ਰਿਪੋਰਟ ਬਾਹਰ ਕੱਢਣ ਅਤੇ 118 ਕਰੋੜ ਦਾ ਹਿਸਾਬ ਸੰਗਤਾਂ ਨੂੰ ਦੇਣ ਨਹੀਂ ਤਾਂ ਉਹ ਦਿਨ ਦੂਰ ਜਦੋਂ ਪੰਜਾਬ ਵਿੱਚ ਬਾਦਲਾਂ ਵਾਂਗ ਇਹਨਾਂ ਦਾ ਵੀ ਸੰਗਤਾਂ ਘਰੋਂ ਬਾਹਰ ਨਿਕਲਣਾ ਬੰਦ ਕਰ ਦੇਣਗੀਆਂ। ਉਹਨਾਂ ਕਿਹਾ ਕਿ ਉਹ ਅੱਜ ਵੀ ਆਪਣੇ ਪੁਰਾਣੇ ਸਟੈਂਡ ’ਤੇ ਖੜ੍ਹੇ ਹਨ ਕਿ ਜੇਕਰ ਬਾਲਾ ਸਾਹਿਬ ਵਾਲਾ ਹਸਪਤਾਲ ਬਣ ਜਾਂਦਾ ਤਾਂ ਗੁਰੂ ਘਰ ਦੀ ਅਰਬਾਂ ਖਰਬਾਂ ਦੀ ਜਾਇਦਾਦ ਬਣ ਜਾਣੀ ਸੀ ਜਿਸ ਦਾ ਸਭ ਤੋਂ ਵੱਧ ਫਾਇਦਾ ਸਿੱਖ ਸੰਗਤਾਂ ਨੂੰ ਹੋਣਾ ਸੀ ਪਰ ਅੱਜ ਇਹਨਾਂ ਦੇ ਭ੍ਰਿਸ਼ਟ ਤੰਤਰ ਦੀ ਵਜ੍ਹਾ ਕਰਕੇ ਉਹ ਥਾਂ ਖੰਡਰ ਬਣੀ ਹੋਈ ਹੈ।

LEAVE A REPLY