ajit_weeklyਅਕਸਰ, ਕਿਸੇ ਦੀਰਘਕਾਲੀਨ ਯੋਜਨਾ ਵਿੱਚ ਲੋੜੀਂਦੀ ਪ੍ਰਗਤੀ ਹਾਸਿਲ ਕਰਨ ਲਈ, ਸਾਨੂੰ ਆਪਣੇ ਕਿਸੇ ਨਜ਼ਦੀਕੀ ਟੀਚੇ ਦਾ ਖ਼ਿਆਲ ਤਿਆਗਣਾ ਪੈਂਦਾ ਹੈ। ਸਾਡੇ ਰਿਸ਼ਤੇ ਵੀ ਅਜਿਹੀ ਹੀ ਕਿਸੇ ਪ੍ਰਕਿਰਿਆ ਤੋਂ ਫ਼ਾਇਦਾ ਉਠਾ ਸਕਦੇ ਹਨ। ਕਿਸੇ ਵੀ ਜੇਤੂ ਰਣਨੀਤੀ ਦੇ ਸਫ਼ਲ ਹੋਣ ਲਈ, ਸੰਭਵ ਹੈ ਸਾਨੂੰ ਕੁਝ ਲੜਾਈਆਂ ਹਾਰਨੀਆਂ ਪੈਣ। ਅਜਿਹਾ ਨਹੀਂ ਕਿ ਮੈਂ ਤੁਹਾਨੂੰ ਆਪਣੇ ਰਿਸ਼ਤਿਆਂ ਨੂੰ ਕਿਸੇ ਕਿਸਮ ਦੀ ਜੰਗ ਸਮਝਣ ਲਈ ਉਕਸਾ ਰਿਹਾਂ … ਸਗੋਂ ਇਸ ਦੇ ਬਿਲਕੁਲ ਉਲਟ ਹਨ ਮੇਰੇ ਇਰਾਦੇ। ਦੋ ਦਿਲਾਂ ਦੇ ਮੇਲ ਵਿੱਚ ਸਾਵਧਾਨੀ ਨਾਲ ਯੋਜਨਾ ਬਣਾਉਣ ਅਤੇ ਹੁਨਰਮੰਦਾਨਾ ਗੱਲਬਾਤ ਕਰਨ ਦੀ ਲੋੜ ਹੁੰਦੀ ਹੈ, ਜੇਕਰ ਸੰਗਮ ਨੇ ਸਫ਼ਲ ਹੋਣੈ ਤਾਂ! ਜਦੋਂ ਤੁਹਾਨੂੰ ਕੁਰਬਾਨੀ ਦੇਣ ਲਈ ਕਿਹਾ ਜਾਵੇ ਤਾਂ ਆਪਣਾ ਬਹੁਤਾ ਧਿਆਨ ਇਸ ਗੱਲ ਵੱਲ ਨਾ ਰੱਖਿਆ ਜੇ ਕਿ ਤੁਸੀਂ ਇਸ ਰਿਸ਼ਤੇ ਵਿੱਚ ਗਵਾਓਗੇ ਕੀ ਸਗੋਂ ਇਹ ਸੋਚਿਓ ਕਿ ਤੁਸੀਂ ਇਸ ਵਿੱਚੋਂ ਖੱਟੋਗੇ ਕੀ।
ਮਹਾਨਤਮ ਤੋਂ ਮਹਾਨਤਮ ਪ੍ਰੇਮ ਕਹਾਣੀਆਂ ਉਸ ਪਲ ਤੋਂ ਸ਼ੁਰੂ ਹੁੰਦੀਆਂ ਹਨ ਜਦੋਂ ਇੱਕ ਭੀੜ ਭਾੜ ਵਾਲੇ ਕਮਰੇ ਵਿੱਚ ਦੋ ਇਨਸਾਨਾਂ ਦੀਆਂ ਅੱਖਾਂ ਆਪਸ ਵਿੱਚ ਪਹਿਲੀ ਵਾਰ ਚਾਰ ਹੁੰਦੀਆਂ ਹਨ। ਇਸ ਨੂੰ ਪਹਿਲੀ ਨਜ਼ਰ ਵਿੱਚ ਪਿਆਰ ਹੋਣਾ, ਯਾਨੀ ਕਿ Love at first sight, ਕਹਿੰਦੇ ਹਨ … ਅਚਾਨਕ ਕਿਸੇ ਨਾਲ ਨਜ਼ਰਾਂ ਮਿਲਣ ਉਪਰੰਤ ਇੱਕਦਮ ਉਸ ਨਾਲ ਉਲਫ਼ਤ ਹੋਣ ਤੋਂ ਬਾਅਦ ਜਿਹੜਾ ਇੱਕ ਸਥਾਈ ਕੋਨੈਕਸ਼ਨ ਸ਼ੁਰੂ ਹੁੰਦਾ ਹੈ ਉਹ ਫ਼ਿਰ ਸਦਾ ਸਦਾ ਲਈ ਇੱਕ ਅਜਿਹੇ ਰਿਸ਼ਤੇ ਵਿੱਚ ਤਬਦੀਲ ਹੋ ਜਾਂਦੈ ਜਿਹੜਾ ਖ਼ੁਸ਼ੀ ਦੀ ਡਗਰ ਤੋਂ ਫ਼ਿਰ ਕਦੇ ਥਿੜਕਦਾ ਹੀ ਨਹੀਂ। ਪਰ ਅਜਿਹਾ ਕੇਵਲ ਕਿੱਸੇ ਕਹਾਣੀਆਂ ਵਿੱਚ ਹੀ ਵਾਪਰਦੈ। ਹਕੀਕਤ ਦਰਅਸਲ ਇਹ ਹੈ ਕਿ ਕੋਈ ਵੀ ਰਿਸ਼ਤਾ ਜਿਹੜਾ ਸਿਰਫ਼ ਇੱਕ ਨਿਗਾਹ ਦੇ ਆਸਰੇ ‘ਤੇ ਹੀ ਟਿਕਿਆ ਹੋਵੇ ਕੇਵਲ ਉਸ ਵਕਤ ਤਕ ਹੀ ਕਾਇਮ ਰਹੇਗਾ ਜਦੋਂ ਤਕ ਦੋਹਾਂ ‘ਚੋਂ ਇੱਕ ਪਾਰਟੀ ਆਪਣੀ ਅੱਖ ਨਹੀਂ ਝਪਕ ਲੈਂਦੀ! ਤੁਹਾਡੇ ਦਿਲ ਦੀ ਬਿਹਤਰ ਸੇਵਾ ਤਾਂ ਹੀ ਹੋ ਸਕੇਗੀ ਜੇਕਰ ਤੁਸੀਂ ਆਪਣੀ ਪਹੁੰਚ ਨੂੰ ਥੋੜ੍ਹਾ ਤਬਦੀਲ ਕਰ ਲਓ। ਤੁਸੀਂ ਅਜਿਹੇ ਕਿਹੜੇ ਬੰਦੇ ਨੂੰ ਜਾਣਦੇ ਹੋ ਜਿਹੜਾ ਅੱਜਕੱਲ੍ਹ ਤੁਹਾਨੂੰ ਉਸ ਤੋਂ ਵੱਧ ਲੱਗ ਰਿਹੈ ਜਿੰਨਾ ਉਹ ਓਦੋਂ ਲਗਦਾ ਹੁੰਦਾ ਸੀ ਜਦੋਂ ਉਹ ਪਹਿਲੀ ਵਾਰ ਤੁਹਾਡੀਆਂ ਨਿਗਾਹਾਂ ਵਿੱਚ ਆਇਆ ਸੀ?
ਜਿਨ੍ਹਾਂ ਲੋਕਾਂ ਕੋਲ iPhone 6S Plus ਹੈ, ਕੀ ਉਹ ਉਨ੍ਹਾਂ ਲੋਕਾਂ ਨਾਲੋਂ ਵਧੇਰੇ ਖ਼ੁਸ਼ ਹਨ ਜਿਨ੍ਹਾਂ ਕੋਲ ਕੇਵਲ iPhone 6 ਹੈ? ਕੀ ਜ਼ਿੰਦਗੀ ਵਿੱਚ ਖ਼ੁਸ਼ੀ ਦੇ ਪੱਧਰ ਅਤੇ ਕਿਸੇ ਯੰਤਰ ਦੀ ਖ਼ਾਸੀਅਤ ਦਰਮਿਆਨ ਕੋਈ ਰਿਸ਼ਤਾ ਹੈ? ਬਿਲਕੁਲ ਨਹੀਂ! ਪਰ ਜਦੋਂ ਲੋਕ ਕਿਸੇ ਸ਼ੈਅ ‘ਤੇ ਫ਼ਖਰ ਮਹਿਸੂਸ ਕਰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਧੁਰ ਅੰਦਰ ਇੱਕ ਤਰ੍ਹਾਂ ਦੀ ਚਮਕ ਦਾ ਅਹਿਸਾਸ ਹੁੰਦਾ ਹੈ। ਇਸੇ ਲਈ ਜੇਕਰ ਤੁਸੀਂ ਭਾਵਨਾਤਮਕ ਸਥਿਰਤਾ ਚਾਹੁੰਦੇ ਹੋ ਤਾਂ ਸਿਆਣਪ ਇਸੇ ਗੱਲ ਵਿੱਚ ਹੈ ਕਿ ਬੰਦਾ ਆਪਣੀ ਸੰਪਤੀ ਅਤੇ ਦੌਲਤ ‘ਤੇ ਬਹੁਤਾ ਮਾਣ ਨਾ ਕਰੇ ਸਗੋਂ ਆਪਣੇ ਦਿਲ ਦੀਆਂ ਗਹਿਰਾਈਆਂ ਵਿੱਚ ਪਏ ਨੇਕ ਖ਼ਿਆਲਾਂ ਦੇ ਭਰਪੂਰ ਸ੍ਰੋਤਾਂ ਵਿੱਚ ਚੁੱਭੀ ਮਾਰੇ! ਜ਼ਿੰਦਗੀ ਛੇਤੀ ਹੀ ਤੁਹਾਨੂੰ ਇੱਕ ਅੰਦਰੂਨੀ ਅੱਪਗ੍ਰੇਡ ਭੇਜੇਗੀ। ਉਸ ਨੂੰ ਇਨਸਟਾਲ ਕਰਨ ਲਈ, ਬੱਸ ਵਧੇਰੇ ਪ੍ਰੇਰਿਤ ਹੋਣ ਅਤੇ ਘੱਟ ਪ੍ਰਤੀਕਿਰਿਆਵਾਦੀ ਹੋਣ ਦੀ ਲੋੜ ਪਵੇਗੀ।
ਕੁਝ ਸਿਰਜਣਾਤਮਕ ਕਾਰਜਾਂ ਦਾ ਫ਼ੌਰਨ ਇਨਾਮ ਮਿਲਦੈ। ਸਾਡੇ ਦਿਮਾਗ਼ ਵਿੱਚ ਕੋਈ ਆਈਡੀਆ ਆਉਂਦੈ ਅਤੇ ਅਸੀਂ ਉਸ ਨੂੰ ਲਾਗੂ ਕਰਦੇ ਹਾਂ ਜਿਸ ਨਾਲ ਸਾਨੂੰ ਫ਼ੌਰੀ ਸੰਤੁਸ਼ਟੀ ਹਾਸਿਲ ਹੁੰਦੀ ਹੈ। ਸਾਡੇ ਹੀ ਕੀਤੇ ਹੋਏ ਕੁਝ ਦੂਸਰੇ ਕੰਮਾਂ ਦਾ ਫ਼ਲ ਚਖ਼ਣ ਲਈ ਕਈ ਵਾਰ ਸਾਨੂੰ ਵਾਧੂ ਇੰਤਜ਼ਾਰ ਵੀ ਕਰਨਾ ਪੈਂਦੈ। ਬੇਸ਼ੱਕ, ਜਿੰਨੀ ਜ਼ਿਆਦਾ ਕੋਸ਼ਿਸ਼ ਤੁਸੀਂ ਕਿਸੇ ਸੁਪਨੇ ਦਾ ਪਿੱਛਾ ਕਰਨ ਵਿੱਚ ਕਰੋਗੇ, ਉਸ ਨੂੰ ਹਾਸਿਲ ਕਰਨਾ ਓਨਾ ਹੀ ਜ਼ਿਆਦਾ ਸੰਤੁਸ਼ਟੀਜਨਕ ਹੋਵੇਗਾ। ਪਰ ਇਹ ਗੱਲ ਉਸ ਵਕਤ ਸਾਨੂੰ ਕੋਈ ਹੌਸਲਾ ਨਹੀਂ ਦੇ ਸਕਦੀ ਜਦੋਂ ਸਾਨੂੰ ਇਸ ਗੱਲ ‘ਤੇ ਹੀ ਸ਼ੱਕ ਹੋਵੇ ਕਿ ਅਸੀਂ ਸਫ਼ਲ ਹੋ ਵੀ ਸਕਾਂਗੇ ਜਾਂ ਨਹੀਂ। ਇਸੇ ਲਈ ਇਹ ਪੁੱਛਣਾ ਹਮੇਸ਼ਾ ਮਹੱਤਵਪੂਰਨ ਹੁੰਦੈ: ”ਕੀ ਮੈਂ ਇਸ ਵਕਤ ਸਿਰਜਣਾਤਮਕ ਬਣ ਰਿਹਾਂ? ਜਾਂ ਫ਼ਿਰ ਮੈਂ ਕਿਸੇ ਭਾਵਨਾਤਮਕ ਟੀਚੇ ਦਾ ਪਿੱਛਾ ਕਰ ਰਿਹਾਂ? ਜਾਂ ਫ਼ਿਰ ਦੋਹੇਂ?” ਇਹ ਜੋ ਮਰਜ਼ੀ ਹੋਵੇ, ਸਫ਼ਲਤਾ ਉਸ ਤੋਂ ਕਿਤੇ ਨਜ਼ਦੀਕ ਹੈ ਜਿੰਨਾ ਤੁਸੀਂ ਸੋਚਦੇ ਹੋ।
ਅੰਗ੍ਰੇਜ਼ੀ ਦੀ ਇੱਕ ਅਖਾਣ ਹੈ ‘To nip in the bud’ ਭਾਵ ਕਲੀ ਨੂੰ ਫ਼ੁੱਟਣ ਤੋਂ ਪਹਿਲਾਂ ਹੀ ਮਸਲ ਦੇਣਾ। ਇਹ 17ਵੀਂ ਸਦੀ ਦੀ ਸਤਰ ਹੈ ਜਿਸ ਦਾ ਇਸਤੇਮਾਲ ਕਿਸੇ ਵਕਤ ਬਾਗ਼ਬਾਨੀ ਜਾਂ ਖੇਤੀਬਾੜੀ ਦੀ ਭਾਸ਼ਾ ਵਿੱਚ ਕੀਤਾ ਜਾਂਦਾ ਸੀ ਪਰ ਅੱਜਕੱਲ੍ਹ ਇਹ ਆਮ ਬੋਲਚਾਲ ਦੀ ਰੋਜ਼ਮੱਰਾ ਦੀ ਭਾਸ਼ਾ ਦਾ ਹਿੱਸਾ ਬਣ ਚੁੱਕੀ ਹੈ। ਅੱਜਕੱਲ੍ਹ ਅਸੀਂ ਇਸ ਨੂੰ ਕਿਸੇ ਦੇ ਵਿਹਾਰ ਵਿੱਚ ਵਕਤ ਰਹਿੰਦੇ ਹੀ ਸੁਧਾਰ ਕਰਨ ਲਈ ਵਰਤਦੇ ਹਾਂ। ਜਿਉਂ ਜਿਉਂ ਕੋਈ ਸ਼ੈਅ ਤੁਹਾਨੂੰ ਅਣਸੁਖਾਵਾਂ ਕਰਨਾ ਸ਼ੁਰੂ ਕਰ ਰਹੀ ਹੈ, ਇਹ ਵਕਤ ਹੋ ਸਕਦਾ ਹੈ ਆਪਣੇ ਗਾਰਡਨ ਦੀ ਸਟੋਰੇਜ ਸ਼ੈੱਡ ਦਾ ਇੱਕ ਚੱਕਰ ਲਗਾਉਣ ਅਤੇ ਉਥੋਂ ਛਟਾਈ ਕਰਨ ਲਈ ਆਪਣੇ ਔਜ਼ਾਰ ਲਭ ਕੇ ਲਿਆਉਣ ਦਾ। ਤੁਹਾਨੂੰ ਆਪਣਾ ਪੰਧ ਬਦਲਣ ਦੀ ਲੋੜ ਨਹੀਂ, ਜਾਂ ਸਖ਼ਤ ਕੋਸ਼ਿਸ਼ ਕਰ ਕੇ ਕਿਸੇ ਵੀ ਮਸਲੇ ਦੀ ਜੜ੍ਹ ਤਕ ਪਹੁੰਚਣ ਦੀ ਵੀ ਲੋੜ ਨਹੀਂ। ਖ਼ੂਬਸੂਰਤ, ਪਰ ਮੁਰਝਾਈਆਂ, ਕਲੀਆਂ ਨੂੰ ਮੁੜ ਖਿੜਾਉਣ ਅਤੇ ਬਹਾਰ ਨੂੰ ਆਪਣੇ ਮਨ ਦੇ ਬਾਗ਼ਾਂ ਵਿੱਚ ਸੱਦਾ ਦੇਣ ਲਈ ਤੁਹਾਨੂੰ ਕੇਵਲ ਆਪਣੇ ਅੰਦਰ ਇੱਕ ਛੋਟੀ ਜਿਹੀ ਤਬਦੀਲੀ ਦੀ ਲੋੜ ਹੈ।
ਕਿਸੇ ਵੀ ਐਕਸ਼ਨ ਨੂੰ ਲਾਭਦਾਇਕ ਕਰਾਰ ਦਿੱਤੇ ਜਾਣ ਲਈ ਇਹ ਜ਼ਰੂਰੀ ਨਹੀਂ ਕਿ ਉਸ ਦਾ ਕੋਈ ‘ਨਤੀਜਾ’ ਨਿਕਲੇ। ਕਈ ਵਾਰ, ਅਸੀਂ ਕੁਝ ਚੀਜ਼ਾਂ ਕੇਵਲ ਇਸ ਲਈ ਕਹਿੰਦੇ ਜਾਂ ਕਰਦੇ ਹਾਂ ਤਾਂ ਕਿ ਅਸੀਂ ਪ੍ਰੇਰਿਤ ਹੋ ਸਕੀਏ। ਇਹ ਸਾਡੇ ਆਲੇ ਦੁਆਲੇ ਦੇ ਵਾਤਾਵਰਣ ਵਿੱਚ ਫ਼ੌਰੀ ਅਤੇ ਪ੍ਰਤੱਖ (ਲਗਭਗ ਛੂਹੇ ਜਾ ਸਕਣ ਵਾਲਾ) ਫ਼ਰਕ ਪਾ ਸਕਦੇ ਹਨ; ਸਾਨੂੰ ਬਿਹਤਰ ਮਹਿਸੂਸ ਕਰਵਾ ਸਕਦੇ ਹਨ, ਜਾਂ ਉਨ੍ਹਾਂ ਦਾ ਅਸਰ ਥੋੜ੍ਹਾ ਅਟਕ ਕੇ ਹੋ ਸਕਦੈ। ਸਾਡੇ ਲਈ ਹਮੇਸ਼ਾ ਇਹ ਦਸਣਾ ਸੌਖਾ ਨਹੀਂ ਹੁੰਦਾ ਕਿ ਸਾਨੂੰ ਕਿਹੋ ਜਿਹਾ ਪ੍ਰਤੀਕਰਮ ਮਿਲ ਰਿਹੈ। ਤੁਹਾਡੀ ਭਾਵਨਾਤਮਕ ਜ਼ਿੰਦਗੀ ਵਿੱਚ ਇਸ ਵਕਤ ਤੁਹਾਨੂੰ ਉਹ ਕਰਨ ਦੀ ਲੋੜ ਹੈ ਜਿਹੜਾ ਕਰਨਾ ਤੁਹਾਡੇ ਦਿਲ ਨੂੰ ਵਾਕਈ ਸਹੀ ਜਾਪਦਾ ਹੋਵੇ; ਇਸ ਨੂੰ ਕਰਨ ਲਈ ਤੁਹਾਨੂੰ ਹੋਰ ਕੋਈ ਵੀ ਵਾਧੂ ਦਾ ਕਾਰਨ ਨਹੀਂ ਚਾਹੀਦਾ, ਅਤੇ ਜੋ ਮਰਜ਼ੀ ਹੋ ਜਾਵੇ ਤੁਹਾਨੂੰ ਇਹੀ ਕਰਨਾ ਚਾਹੀਦੈ।

LEAVE A REPLY