ajit_weeklyਕੋਈ ਵੀ ਪੁਸਤਕ ਇੱਕ ਪਵਿੱਤਰ ਗ੍ਰੰਥ ਨਹੀਂ ਹੁੰਦੀ। ਬੇਸ਼ੱਕ ਉਸ ਵਿੱਚ ਕਿਸੇ ਖ਼ਾਸ ਵਿਸ਼ੇ ‘ਤੇ ਜਾਣਕਾਰੀਆਂ ਦੀ ਖਾਣ ਹੀ ਕਿਉਂ ਨਾ ਦੱਬੀ ਪਈ ਹੋਵੇ, ਉਹ ਉਸ ਵਿਸ਼ੇ ਦੀ ਰੂਹ ਦੇ ਗੁੱਝੇ ਭੇਦਾਂ ਬਾਰੇ ਤੁਹਾਨੂੰ ਸੰਕੇਤ ਤਕ ਨਹੀਂ ਦੇ ਸਕਦੀ। ਜੇਕਰ ਸਾਨੂੰ ਜੀਵਨ ਬਾਰੇ ਉਸ ਤੋਂ ਵੱਧ ਹੋਰ ਕੁਝ ਵੀ ਨਾ ਪਤਾ ਹੁੰਦਾ ਜੋ ਸਾਡੇ ਹਾਈ ਸਕੂਲ ਦੀ ‘ਆਰੰਭਿਕ ਜੀਵ-ਵਿਗਿਆਨ’ ਦੀ ਪੁਸਤਕ ਦੇ ਪੰਨੇ ਸਾਨੂੰ ਸਿਖਾਉਂਦੇ ਸਨ ਤਾਂ ਅਸੀਂ ਆਪਣੀਆਂ ਵਧੇਰੇ ਸੂਖਮ, ਧੁਰ ਅੰਦਰ ਦੀਆਂ ਗਹਿਰਾਈਆਂ ‘ਚੋਂ ਉਭਰਣ ਵਾਲੀਆਂ ਭਾਵਨਾਵਾਂ ਦਾ ਤਜਰਬਾ ਕਰਨ ਤੋਂ ਵਿਰਵੇ ਰਹਿ ਜਾਂਦੇ। ਆਪਣੇ ਦਿਲਾਂ ਦੀਆਂ ਦੌੜਦੀਆਂ ਹੋਈਆਂ ਧੜਕਨਾਂ ਨੂੰ ਸੁਣਨ ਲਈ ਸਾਨੂੰ ਸਖ਼ਤ ਜੱਦੋਜਹਿਦ ਕਰਨੀ ਪੈਂਦੀ, ਅਤੇ ਕਿਸੇ ਸ਼ਾਇਰ ਵਲੋਂ ਲਿਖੀਆਂ ਤੇ ਕਿਸੇ ਗਾਇਕ ਵਲੋਂ ਸਵਰਬੱਧ ਕੀਤੀਆਂ ਗ਼ਜਲਾਂ ਨੂੰ ਸੁਣਕੇ ਰੁਕੇ ਹੋਏ ਆਪਣੇ ਸਾਹਾਂ ਨੂੰ ਪਛਾਣਨ ਤੋਂ ਅਸਮਰਥ ਹੋ ਜਾਂਦੇ ਅਸੀਂ। ਤੁਸੀਂ ਆਪਣੇ ਦਿਲ ਦੀਆਂ ਇੱਛਾਵਾਂ ਵੱਲ ਆਪਣਾ ਧਿਆਨ ਵਧੇਰੇ ਕੇਂਦ੍ਰਿਤ ਕਰੋ। ਆਪਣੀ ਸ਼ਖ਼ਸੀਅਤ ਦੇ ਉਸ ਹਿੱਸੇ ਲਈ ਤਰਕ ਲੱਭਣ ਦੀ ਕੋਸ਼ਿਸ਼ ਨਾ ਕਰੋ ਜੋ ਤੁਹਾਨੂੰ ਖ਼ਾਸ (ਤੇ ਦੂਸਰਿਆਂ ਤੋਂ ਵੱਖਰਾ) ਬਣਾਉਂਦਾ ਹੈ!
ਪੁਰਾਤਤਵ ਵਿਗਿਆਨ ਦਾ ਕੋਈ ਭਵਿੱਖ ਨਹੀਂ। ਇਹ ਤੁਹਾਨੂੰ ਕੇਵਲ ਅਤੀਤ ਬਾਰੇ ਹੀ ਦੱਸ ਸਕਦੈ। ਹਾਂ ਜੇਕਰ ਤੁਹਾਨੂੰ ਖੋਦਦੇ ਖੋਦਦੇ ਕੋਈ ਅਜਿਹੀ ਮਹੱਤਵਪੂਰਨ ਜਾਂ ਦੁਰਲੱਭ ਲੱਭਤ ਜਾਂ ਵਸਤੂ ਲੱਭ ਜਾਵੇ ਜਿਹੜੀ ਹਰ ਸ਼ੈਅ ਬਾਰੇ ਤੁਹਾਡੀ ਸਮਝ ਹੀ ਬਦਲ ਕੇ ਰੱਖ ਦੇਵੇ ਤਾਂ ਫ਼ਿਰ ਗੱਲ ਵੱਖਰੀ ਹੈ। ਪਰ ਮੋਟੇ ਤੌਰ ‘ਤੇ, ਅਜਿਹੀਆਂ ਖੋਜਾਂ ਅਕਸਰ ਟੁੱਟੇ ਭੱਜੇ ਟੁੱਕੜਿਆਂ ਦੇ ਰੂਪ ਵਿੱਚ ਹੀ ਸਾਡੇ ਸਾਹਮਣੇ ਆਉਂਦੀਆਂ ਹਨ। ਜੇਕਰ ਅਸੀਂ ਇਨ੍ਹਾਂ ਟੁਕੜਿਆਂ ਨੂੰ ਜੋੜਨ ਵਿੱਚ ਕਾਮਯਾਬ ਹੋ ਵੀ ਜਾਈਏ, ਸਾਨੂੰ ਕਦੇ ਵੀ ਕੋਈ ਅਜਿਹੀ ਸ਼ੈਅ ਪ੍ਰਾਪਤ ਨਹੀਂ ਹੁੰਦੀ ਜਿਹੜੀ ਹਰ ਪਾਸਿਓਂ ਮੁਕੰਮਲ ਹੋਵੇ। ਤੁਹਾਡਾ ਇੱਕ ਹਿੱਸਾ ਹੁਣ ਵੀ ਮੁੜ ਕੇ ਪਿੱਛੇ ਦੇਖਣਾ ਚਾਹੁੰਦੈ। ਪਰ ਕਿਉਂ? ਇਸ ਨਾਲ ਤੁਸੀਂ ਕੀ ਸਿੱਖਣ ਜਾਂ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ? ਇਸ ਦੀ ਬਜਾਏ ਅੱਗੇ ਦੇਖੋ। ਆਪਣੇ ਜੀਵਨ ਵਿੱਚ ਉਭਰਣ ਵਾਲੀ ਆਸ਼ਾ ਦੀ ਨਵੀਂ ਕਿਰਨ ਦਾ ਸਵਾਗਤ ਕਰਨ ਲਈ ਤਿਆਰ ਰਹੋ!
ਜੇਕਰ ਸਾਡਾ ਇਹ ਸੰਸਾਰ ਸੱਚਮੁੱਚ ਪਾਗ਼ਲਾਂ ਨਾਲ ਹੀ ਭਰਿਆ ਪਿਐ ਤਾਂ ਫ਼ਿਰ ਕੀ ਇਹ ਅਸੀਂ ਸਿਆਣੇ ਬੰਦੇ ਹੀ ਨਹੀਂ ਜਿਹੜੇ ਇਸ ਪਾਗ਼ਲਖ਼ਾਨੇ ਵਿੱਚ ਘੱਟ ਗਿਣਤੀ ਵਿੱਚ ਹਾਂ? ਫ਼ਿਰ ਕੀ ਦੂਸਰਿਆਂ ਦੀ ‘ਖੇਡ ਹੀ ਖੇਡਣ’ ਵਿੱਚ ਸਿਆਣਪ ਨਹੀਂ? ਚੁੱਪਚਾਪ ਕਿਸੇ ਵੀ ਹਾਸੋਹੀਣੀ, ਬੇਵਕੂਫ਼ਾਨੀ ਤਜਵੀਜ਼ ਲਈ ਸਿਰ ਝੁਕਾ ਕੇ ਰਜ਼ਾਮੰਦੀ ਦੇ ਦੇਣ ਵਿੱਚ? ਪਰ ਜਿਵੇਂ ਮਹਾਨ ਰੋਮਨ ਫ਼ਿਲਾਸਫ਼ਰ ਮਾਰਕਸ ਔਰੇਲੀਅਸ ਨੇ ਇੱਕ ਵਾਰ, ਇੱਕ ਜਗ੍ਹਾ ਕਿਹਾ ਸੀ, ”ਜੀਵਨ ਦਾ ਉਦੇਸ਼ ਬਹੁ-ਗਿਣਤੀ ਦੇ ਪੱਖ ਵਿੱਚ ਹੋਣਾ ਨਹੀ ਸਗੋਂ ਉਸ ਦੇ ਸ਼ਿਕੰਜੇ ਵਿੱਚੋਂ ਕਿਸੇ ਤਰ੍ਹਾਂ ਵੀ ਆਜ਼ਾਦ ਹੋ ਕੇ ਪਾਗ਼ਲਾਂ ਦੇ ਟੋਲੇ ਨਾਲ ਰਲ ਜਾਣਾ ਹੈ।” ਜੇਕਰ ਤੁਸੀਂ ਸਮਝਦੇ ਹੋ ਕਿ ਜੋ ਤੁਸੀਂ ਕਹਿ ਜਾਂ ਕਰ ਰਹੇ ਹੋ ਉਹੀ ਸਮਝਦਾਰੀ ਹੈ ਤਾਂ ਆਪਣਾ ਪੱਖ ਪੇਸ਼ ਕਰੋ। ਬਾਖ਼ੂਬੀ ਪੇਸ਼ ਕਰੋ, ਪੂਰੇ ਜ਼ੋਰ ਨਾਲ ਪੇਸ਼ ਕਰੋ।
ਹੁਣ ਤਕ, ਤੁਹਾਡੇ ਦਿਲ ਦੀਆਂ ਖ਼ਵਾਹਿਸ਼ਾਂ (ਜਾਂ ਘੱਟੋ ਘੱਟ ਉਨ੍ਹਾਂ ਵਿੱਚੋਂ ਇੱਕ ਜਾਂ ਦੋ) ਹਮੇਸ਼ਾ ਕਿਸੇ ਅੜੀਅਲ ਟੱਟੂ ਵਾਂਗ, ਪਰੇਸ਼ਾਨ ਕਰਨ ਦੀ ਹੱਦ ਤਕ, ਇੱਕ ਖ਼ਵਾਬ ਵਾਂਗ ਤੁਹਾਡੀ ਪਹੁੰਚ ‘ਚੋਂ ਹਮੇਸ਼ਾ ਬਾਹਰ ਹੀ ਰਹੀਆਂ ਹਨ। ਕੀ ਤੁਹਾਨੂੰ ਇੰਝ ਨਹੀਂ ਜਾਪਦਾ ਜਿਵੇਂ ਤੁਸੀਂ ਬਹੁਤ ਸਾਰੇ ਬਲੂੰਗੜਿਆਂ ਨੂੰ ਚੁਪਚਾਪ ਬੈਠੇ ਰਹਿਣ ਦਾ ਹੁਕਮ ਚਾੜ੍ਹਨ, ਪਰਛਾਵਿਆਂ ਨੂੰ ਫ਼ੜਨ ਤੇ ਜੰਗਲੀ ਬਤਖ਼ਾਂ ਦਾ ਸ਼ਿਕਾਰ ਕਰਨ ਦੀ ਇੱਕੋ ਵਕਤ ‘ਤੇ ਕੋਸ਼ਿਸ਼ ਕਰ ਰਹੇ ਹੋਵੋ? ਵੈਸੇ, ਤੁਹਾਡੇ ਵਰਗੇ ਲੋਕਾਂ ਕੋਲ, ਖ਼ਾਸ ਤੌਰ ‘ਤੇ, ਅਜਿਹੇ ਤੀਰਾਂ ਦਾ ਤਰਕਸ਼ ਭਰਿਆ ਹੁੰਦੈ ਜਿਹੜੇ ਉਹ ਲਾਪਰਵਾਹੀ ਦੀ ਆਜ਼ਾਦੀ ਨਾਲ ਇਸ ਵਿਸ਼ਵਾਸ ਵਿੱਚ ਛੱਡ ਸਕਦੇ ਹਨ ਕਿ ਕੁਝ ਨਾ ਕੁਝ ਤਾਂ ਆਪਣੇ ਨਿਸ਼ਾਨੇ ਨੂੰ ਫ਼ੁੰਡਣਗੇ ਹੀ! ਤੁਹਾਨੂੰ ਇਸ ਵਕਤ ਕੇਵਲ ਇੱਕ ਡੂੰਘਾ ਸਾਹ ਭਰ ਕੇ, ਆਪਣੀ ਨਿਗਾਹ ਸਥਿਰ ਰੱਖ ਕੇ, ਬਿਹਤਰੀਨ ਸੰਭਾਵੀ ਨਤੀਜੇ ‘ਤੇ ਆਪਣਾ ਪੂਰਾ ਧਿਆਨ ਕੇਂਦ੍ਰਿਤ ਅਤੇ ਆਪਣੇ ਆਪ ‘ਤੇ ਵਿਸ਼ਵਾਸ ਕਰਨਾ ਪੈਣੈ। ਕੁਦਰਤ ਬਾਕੀ ਸਭ ਦਾ ਧਿਆਨ ਆਪ ਰੱਖ ਲਵੇਗੀ!
ਕੋਈ, ਕਿਤੇ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹੈ ਕਿ ਇਹ ਸੰਭਵ ਨਹੀਂ। ਮੈਨੂੰ ਇਹ ਵੀ ਪਤੈ ਕਿ ਅਜਿਹੇ ਬੇਪਰਵਾਹ ਬਿਆਨ ਤੋਂ ਵੱਧ ਇਸ ਚੈਲੇਂਜ ਨੂੰ ਕਬੂਲ ਕਰਨ ਲਈ ਤੁਹਾਨੂੰ ਹੋਰ ਕੋਈ ਵੀ ਸ਼ੈਅ ਪ੍ਰੇਰਿਤ ਨਹੀਂ ਕਰ ਸਕਦੀ। ਸਮੁੱਚੇ ਮਨੁੱਖੀ ਇਤਿਹਾਸ ਦੌਰਾਨ ਬੇਸ਼ੁਮਾਰ ਸੂਝਵਾਨ ਸ਼ਖ਼ਸੀਅਤਾਂ ਨੇ ਕਈ ਚੀਜ਼ਾਂ ਨੂੰ ਅਸੰਭਵ ਗਰਦਾਨਿਐ। ”ਹਵਾ ਤੋਂ ਭਾਰੀਆਂ ਉੱਡਨ ਵਾਲੀਆਂ ਵਸਤੂਆਂ ਬਣਾਉਣੀਆਂ ਨਾਮੁਮਕਿਨ ਹਨ,” ਉਨ੍ਹਾਂ ਨੇ ਰਾੲ੍ਹੀਟ ਬਰਦਰਜ਼ ਨੂੰ ਉਸ ਵੇਲੇ ਕਿਹਾ ਸੀ ਜਦੋਂ ਉਹ ਆਪਣਾ ਪਹਿਲਾ ਹਵਾਈ ਜਹਾਜ਼ ਬਣਾਉਣ ਦੀ ਕੋਸ਼ਿਸ਼ ਕਰਨ ਜਾ ਰਹੇ ਸਨ। IBM ਦੇ ਪ੍ਰੈਜ਼ੀਡੈਂਟ ਨੇ ਇੱਕ ਵਾਰ ਕਿਹਾ ਸੀ ਕਿ ਪੂਰੇ ਸੰਸਾਰ ਵਿੱਚ ਮਸਾਂ ਪੰਜ ਕੁ ਕੰਪਿਊਟਰ ਖਪਾਉਣ ਦੀ ਗੁੰਜਾਇਸ਼ ਹੀ ਹੋਵੇਗੀ। ਦੂਸਰਿਆਂ ਦੀ ਨਾਕਾਰਾਤਮਕਤਾ ਨੂੰ ਆਪਣੇ ਆਪ ਨੂੰ ਪ੍ਰਭਾਵਿਤ ਕਰਨ ਦੀ ਇਜਾਜ਼ਤ ਨਾ ਦਿਓ। ਭਵਿੱਖ ਵਿੱਚ ਆਪਣਾ ਯਕੀਨ ਦਿਖਾਓ ਅਤੇ ਭਵਿੱਖ ਰਹਿਮਦਿਲੀ ਨਾਲ ਤੁਹਾਨੂੰ ਜਵਾਬ ਦੇਵੇਗਾ।
ਕੀ ਤੁਸੀਂ ਉਹੀ ਵਿਅਕਤੀ ਹੋ ਜੋ ਤੁਸੀਂ ਕਿਸੇ ਵੇਲੇ ਹੋਇਆ ਕਰਦੇ ਸੀ? ਇੱਕ ਤਰ੍ਹਾਂ ਨਾਲ, ਹਾਂ। ਪਰ ਜੀਵਨ ਦੀਆਂ ਬਾਰੀਕੀਆਂ ਅਤੇ ਖ਼ੁਦ ਨੂੰ ਵਧੇਰੇ ਸਮਝਣ ਦੀ ਕੋਸ਼ਿਸ਼ ਵਿੱਚ ਤੁਸੀਂ ਆਪਣਾ ਬਹੁਤ ਸਾਰਾ ਵਕਤ ਲਗਾਇਆ ਹੈ। ਖੋਜ ਦੀ ਇਹ ਯਾਤਰਾ ਤੁਹਾਨੂੰ ਬਹੁਤ ਸਾਰੇ ਦਿਲਚਸਪ ਸਥਾਨਾਂ ‘ਤੇ ਲੈ ਕੇ ਜਾ ਚੁੱਕੀ ਹੈ ਅਤੇ ਤੁਹਾਡੇ ਤਜਰਬਿਆਂ ਨੇ ਕਾਫ਼ੀ ਹੱਦ ਤਕ ਤੁਹਾਡੀ ਸ਼ਖ਼ਸੀਅਤ ਨੂੰ ਆਕਾਰ ਤੇ ਨਿਖਾਰ ਦਿੱਤਾ ਹੈ। ਸੋ, ਜਿਸ ਸਥਿਤੀ ਨਾਲ ਇਸ ਵਕਤ ਤੁਸੀਂ ਦੋ-ਚਾਰ ਹੋ ਰਹੇ ਹੋ, ਉਸ ਨੂੰ ਤੁਸੀਂ ਉਨ੍ਹਾਂ ਹੀ ਚਸ਼ਮਿਆਂ ਨਾਲ ਤਾਂ ਨਹੀਂ ਦੇਖ ਸਕਦੇ ਜਿਨ੍ਹਾਂ ਦਾ ਇਸਤੇਮਾਲ ਤੁਸੀਂ ਕਿਸੇ ਵਕਤ ਕਰਦੇ ਹੁੰਦੇ ਸੀ। ਆਪਣੀ ਮੌਜੂਦਾ ਸਥਿਤੀ ਵਿੱਚ ਉਹੀ ਨਾ ਕਰੋ ਜੋ ਤੁਸੀਂ ਪਹਿਲਾਂ ਕਦੇ ਕੀਤਾ ਹੁੰਦਾ … ਉਹੀ ਨਾ ਕਹੋ ਜੋ ਪਹਿਲਾਂ ਕਦੇ ਤੁਸੀਂ ਕਿਹਾ ਹੁੰਦਾ। ਕੁਝ ਨਵਾਂ ਤੇ ਵੱਖਰਾ ਪਰ ਸਾਕਰਾਤਮਕ ਕਰਨਾ ਵੀ ਸੰਭਵ ਹੈ!

LEAVE A REPLY