ajit_weeklyਬਰਤਾਨੀਆ ਦੇ ਮਸ਼ਹੂਰ ਅੰਗ੍ਰੇਜ਼ੀ ਦੇ ਗਾਇਕ, ਸੰਗੀਤਕਾਰ ਅਤੇ ਸੌਂਗ ਰਾਈਟਰ ਸਟਿੰਗ  ਨੇ 1985 ਵਿੱਚ ਇੱਕ ਗੀਤ ਗਾਇਆ ਸੀ ਜੋ ਕਿ ਉਸ ਵਕਤ ਹਰ ਅਲ੍ਹੜ ਦੀ ਜ਼ੁਬਾਨ ‘ਤੇ ਚੜ੍ਹ ਗਿਆ ਸੀ। ਇਸ ਗੀਤ ਦਾ ਢਿੱਲਾ ਜਿਹਾ ਤਰਜਮਾ ਕੁਝ ਇੰਝ ਹੈ, ”ਜੇ ਤੁਸੀਂ ਕਿਸੇ ਨੂੰ ਸੱਚਮੁੱਚ ਪਿਆਰ ਕਰਦੇ ਹੋ ਤਾਂ ਉਸ ਨੂੰ ਆਜ਼ਾਦ ਕਰ ਦਿਓ।” ਇਸ ਗੀਤ ਦੇ ਬੋਲ ਅਤੇ ਸੰਗੀਤ ਸਟਿੰਗ  ਦੇ ਆਪਣੇ ਸਨ, ਪਰ ਇਸ ਦਾ ਅਸਲੀ ਮਤਲਬ ਉਹੀ ਹੈ ਜਿਹੜਾ ਸਾਨੂੰ ਸਦੀਆਂ ਤੋਂ ਸਿਖਾਇਆ ਜਾਂਦਾ ਰਿਹਾ ਹੈ। ਮੁੱਢ ਕਦੀਮ ਤੋਂ, ਸਿਆਣੇ ਬੰਦਿਆਂ ਨੂੰ ਇਹ ਪਤਾ ਹੈ ਕਿ ਅਸੀਂ ਕਿਸੇ ਨੂੰ ਵੀ ਕਾਬੂ ਕਰ ਕੇ ਜ਼ਬਰਦਸਤੀ ਉਨ੍ਹਾਂ ਦੀ ਮਰਜ਼ੀ ਦੇ ਖ਼ਿਲਾਫ਼ ਆਪਣੀ ਜ਼ਿੰਦਗੀ ਵਿੱਚ ਨਹੀਂ ਰੱਖ ਸਕਦੇ, ਉਨ੍ਹਾਂ ‘ਤੇ ਪਾਬੰਦੀਆਂ ਆਇਦ ਨਹੀਂ ਕਰ ਸਕਦੇ, ਜਾਂ ਉਨ੍ਹਾਂ ਨੂੰ ਸਦਾ ਲਈ ਆਪਣੇ ਆਪ ‘ਤੇ ਨਿਰਭਰ ਬਣਾ ਕੇ ਨਹੀਂ ਰੱਖ ਸਕਦੇ। ਕਿਸੇ ਦੂਸਰੇ ਵਿਅਕਤੀ ‘ਤੇ ਵਿਸ਼ਵਾਸ ਦਿਖਾਉਣ, ਜਾਂ ਉਨ੍ਹਾਂ ਨਾਲ ਖੁਲ੍ਹਣ ਲਈ ਹਿੰਮਤ ਦਰਕਾਰ ਹੁੰਦੀ ਹੈ, ਪਰ ਇਸ ਤੋਂ ਮਿਲਣ ਵਾਲਾ ਇਨਾਮ ਖ਼ੁਸ਼ਦਿਲਾਂ ਦਾ ਇੱਕ ਅਜਿਹਾ ਭਾਵਨਾਤਮਕ ਕੋਨੈਕਸ਼ਨ ਹੁੰਦਾ ਹੈ ਜੋ ਅੰਤ ਵਿੱਚ ਸਭ ਤੋਂ ਵੱਧ ਹੰਢਣਸਾਰ ਨਿਕਲਦੈ। ਹੁਣ ਜਦੋਂ ਕਿ ਤੁਹਾਡੀ ਨਿੱਜੀ ਜ਼ਿੰਦਗੀ ਵਿੱਚ ਦਬਾਅ ਵੱਧ ਰਹੇ ਨੇ ਤਾਂ ਇਹ ਉਹ ਖ਼ੁਸ਼ਗਵਾਰ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਹਮੇਸ਼ਾ ਚੇਤੇ ਰੱਖਣੀਆਂ ਚਾਹੀਦੀਆਂ ਹਨ।
ਕੀ ਕੋਈ ਉਸ ਤੋਂ ਵੱਧ ਦੀ ਮੰਗ ਕਰ ਰਿਹਾ ਹੈ ਜਿੰਨਾ ਕੁ ਤੁਸੀਂ ਉਨ੍ਹਾਂ ਨੂੰ ਆਸਾਨੀ ਅਤੇ ਸੌਖ ਨਾਲ ਸਪਲਾਈ ਕਰ ਸਕਦੇ ਹੋ? ਕੀ ਤੁਸੀਂ ਉਨ੍ਹਾਂ ਦੀ ਲੋੜ ਸਿਰਫ਼ ਇਸ ਲਈ ਪੂਰੀ ਕਰਨ ਲਈ ਜੂਝ ਰਹੇ ਹੋ ਕਿਉਂਕਿ ਤੁਸੀਂ ਉਨ੍ਹਾਂ ਸਨਮੁੱਖ ਮਜਬੂਰ ਮਹਿਸੂਸ ਕਰਦੇ ਹੋ, ਜਾਂ ਫ਼ਿਰ ਤੁਸੀਂ ਇਸ ਗੱਲੋਂ ਡਰਦੇ ਹੋ ਕਿ ਜੇ ਤੁਸੀਂ ਉਨ੍ਹਾਂ ਦੀ ਲੋੜ ਪੂਰੀ ਨਾ ਕੀਤੀ ਤਾਂ ਉਹ ਤੁਹਾਡੇ ਵਿੱਚ ਨੁਕਸ ਕੱਢ ਕੇ ਆਪਣਾ ਧਿਆਨ ਕਿਸੇ ਹੋਰ ਪਾਸੇ ਜਾਂ ਕਿਸੇ ਹੋਰ ਵਿਅਕਤੀ ਵੱਲ ਕੇਂਦ੍ਰਿਤ ਕਰ ਲੈਣਗੇ? ਇਹ ਉਹ ਚਿੰਤਾਵਾਂ ਹਨ ਜਿਨ੍ਹਾਂ ਵਿੱਚੋਂ ਡਰ ਦੀ ਬੋ ਆਉਂਦੀ ਹੈ। ਡਰ ਕਿਸੇ ਵੀ ਸਮਾਜਕ ਰਿਸ਼ਤੇ ਨੂੰ ਪਰਵਾਨ ਚੜ੍ਹਾਨ ਲਈ ਇੱਕ ਚੰਗੀ ਸਾਮੱਗਰੀ ਨਹੀਂ ਕਹੀ ਜਾ ਸਕਦੀ। ਤੁਹਾਨੂੰ ਜੋ ਚਾਹੀਦੈ ਉਹ ਹੈ ਖ਼ੁਸ਼ੀ। ਦਰਅਸਲ, ਹਰ ਕੋਈ ਇਹੋ ਹੀ ਤਾਂ ਚਾਹੁੰਦੈ! ਸਾਕਾਰਾਤਮਕ ਪੱਖਾਂ ਵੱਲ ਆਪਣਾ ਧਿਆਨ ਕੇਂਦ੍ਰਿਤ ਕਰੋ। ਨਾਕਾਰਾਤਮਕ ਸੋਚ ਨੂੰ ਆਪਣੇ ਲਾਗੇ ਵੀ ਨਾ ਫ਼ਟਕਣ ਦਿਓ। ਫ਼ਿਰ ਦੇਖਿਓ ਕਿਵੇਂ ਚੀਜ਼ਾਂ ਹਲਕੀਆਂ ਫ਼ੁਲਕੀਆਂ ਹੁੰਦੀਆਂ ਨੇ!
ਇੱਕ ਤਰ੍ਹਾਂ ਨਾਲ ਸਾਡੇ ਸਾਰਿਆਂ ਪਿੱਛੇ ਕੋਈ ਸ਼ੈਅ ਹਮੇਸ਼ਾ ਹੀ ਚੁੱਪਚਾਪ ਲੱਗੀ ਰਹਿੰਦੀ ਹੈ। ਬੇਸ਼ੱਕ ਭੂਤ ਪ੍ਰੇਤ ਅਤੇ ਆਤਮਾਵਾਂ ਤਾਂ ਸਾਡੇ ਪਿੱਛੇ ਨਾ ਵੀ ਲੱਗੇ ਹੋਣ, ਪਰ ਯਾਦਾਂ ਨਿਰਸੰਦੇਹ ਸਾਡੇ ਪਿੱਛੇ ਨਿਰੰਤਰ ਪਈਆਂ ਰਹਿੰਦੀਆਂ ਹਨ। ਅਕਸਰ, ਅਸੀਂ ਆਪਣੇ ਆਪ ਨੂੰ ਇਨ੍ਹਾਂ ਤੋਂ ਓਨੇ ਤ੍ਰਭਕੇ ਹੋਏ ਨਹੀਂ ਲੱਗਣ ਦਿੰਦੇ ਜਿੰਨੇ ਕਿ ਅਸੀਂ ਅਸਲ ਵਿੱਚ ਅੰਦਰੋਂ ਹੁੰਦੇ ਹਾਂ। ਕਈ ਲੋਕ ਕਹਿੰਦੇ ਹਨ ਕਿ ਅਤੀਤ ਉਸ ਵੇਲੇ ਤਕ ਵਰਤਮਾਨ ਵਿੱਚ ਨਹੀਂ ਰਹਿ ਸਕਦਾ ਜਿੰਨਾ ਚਿਰ ਅਸੀਂ ਉਸ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੰਦੇ, ਪਰ ਕਈਆਂ ਦਾ ਇਹ ਵੀ ਤਰਕ ਹੈ ਕਿ ਅਤੀਤ ਤੋਂ ਪਿੱਛਾ ਛੁਡਾਉਣਾ ਲਗਭਗ ਨਾਮੁਮਕਿਨ ਹੈ। ਜਦੋਂ ਬੀਤੇ ਹੋਏ ਕੱਲ੍ਹ ਦੇ ਭਾਵਨਾਤਮਕ ਤਜਰਬੇ ਕਿਸੇ ਤਰ੍ਹਾਂ ਸਾਡੇ ਅੱਜ ਨੂੰ ਰੰਗਣ ਲੱਗ ਪੈਣ ਤਾਂ ਫ਼ਿਰ ਸਪੱਸ਼ਟ ਦੇਖਣਾ ਜਾਂ ਸੋਚਣਾ ਮੁਸ਼ਕਿਲ ਹੋ ਜਾਂਦਾ ਹੈ। ਫ਼ਿਰ ਵੀ, ਹੁਣ ਤੁਸੀਂ ਇਸ ਸਭ ਨੂੰ ਪਿੱਛੇ ਛੱਡ ਕੇ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਸਕਦੇ ਹੋ ਅਤੇ ਤੁਹਾਨੂੰ ਅਜਿਹਾ ਕਰਨਾ ਵੀ ਚਾਹੀਦੈ।
ਅਸੀਂ ਹਮੇਸ਼ਾ ਇੱਕ ਦੂਸਰੇ ਨੂੰ ਸੱਚਾਈ ਨਹੀਂ ਦੱਸਦੇ। ਅਜਿਹਾ ਨਹੀਂ ਕਿ ਅਸੀਂ ਜਾਣਬੁੱਝ ਕੇ ਝੂਠ ਬੋਲਦੇ ਹਾਂ, ਕਈ ਵਾਰ ਬੱਸ ਅਸੀਂ ਕੋਈ ਚੀਜ਼ ਭੁੱਲਣ ਦੀ ਗ਼ਲਤੀ ਕਰ ਕੇ ਗ਼ਲਤਫ਼ਹਿਮੀ ਪੈਦਾ ਕਰ ਬੈਠਦੇ ਹਾਂ। ਪਿਆਰ ਅਤੇ ਸੰਵੇਦਨਸ਼ੀਲਤਾ ਕਾਰਨ, ਅਸੀਂ ਉਨ੍ਹਾਂ ਵਿਸ਼ਿਆਂ ਨੂੰ ਛੂਹਣ ਤੋਂ ਵੀ ਕਤਰਾਉਂਦੇ ਹਾਂ ਜਿਨ੍ਹਾਂ ਬਾਰੇ ਸਾਨੂੰ ਪਤਾ ਹੁੰਦੈ ਕਿ ਉਨ੍ਹਾਂ ਦਾ ਜ਼ਿਕਰ ਛੇੜਨ ‘ਤੇ ਸਾਡੇ ਪਿਆਰੇ ਸਾਡੇ ਨਾਲ ਖ਼ਫ਼ਾ ਹੋ ਸਕਦੇ ਹਨ। ਹਾਲਾਂਕਿ ਚੁੱਪ ਰਹਿਣ ਪਿੱਛੇ ਤੁਹਾਡੇ ਦਿਲ ਅੰਦਰ ਆਪਣੇ ਸਨੇਹੀਆਂ ਪ੍ਰਤੀ ਪਿਆਰ ਹੀ ਹੁੰਦਾ ਹੈ, ਪਰ ਜੇਕਰ ਤੁਹਾਡੀ ਇਸ ਚੁੱਪੀ ਕਾਰਨ ਉਨ੍ਹਾਂ ਦੇ ਮਨਾਂ ਵਿੱਚ ਕੋਈ ਗ਼ਲਤਫ਼ਹਿਮੀ ਪੈਦਾ ਹੋ ਜਾਵੇ ਤਾਂ ਹੈਰਾਨ ਨਾ ਹੋਇਓ! ਸ਼ਾਇਦ ਇਹ ਵੇਲਾ ਹੈ ਤੁਹਾਡੇ ਅਤੇ ਕਿਸੇ ਹੋਰ ਲਈ ਆਪਣੇ ਦਿਲਾਂ ਦੀਆਂ ਗ਼ਹਿਰਾਈਆਂ ਤੋਂ ਇੱਕ ਦੂਜੇ ਨਾਲ ਸੱਚੇ ਹੋਣ ਦਾ ਅਤੇ ਖੁਲ੍ਹ ਕੇ ਗੱਲ ਕਰਨ ਦਾ, ਬੇਸ਼ੱਕ ਅਜਿਹਾ ਕਰਨ ਵਿੱਚ ਤੁਹਾਨੂੰ ਸ਼ੁਰੂ ਵਿੱਚ ਥੋੜ੍ਹੀ ਔਖ ਹੀ ਕਿਉਂ ਨਾ ਮਹਿਸੂਸ ਹੋਵੇ।
ਅਸੀਂ ਇੱਕ ਦੂਜੇ ਲਈ ਚਾਹੇ ਕਿੰਨਾ ਵੀ ਦਰਦ ਕਿਉਂ ਨਾ ਮਹਿਸੂਸ ਕਰਦੇ ਹੋਈਏ, ਫ਼ਿਰ ਵੀ ਕੁਝ ਅਜਿਹੀਆਂ ਪੀੜਾਂ ਹੁੰਦੀਆਂ ਹਨ ਜਿਹੜੀਆਂ ਅਸੀਂ ਇੱਕ ਦੂਜੇ ਦੀ ਥਾਂ ‘ਤੇ ਕਦੇ ਵੀ ਮਹਿਸੂਸ ਨਹੀਂ ਕਰ ਸਕਦੇ। ਜੇ ਮੈਂ ਗ਼ਲਤੀ ਨਾਲ ਦੀਵਾਰ ਵਿੱਚ ਠੁੱਡਾ ਮਾਰ ਬੈਠਾਂ ਤਾਂ ਦਰਦ ਨਾਲ ਤੁਸੀਂ ਤਾਂ ਕਰਾਹੋਗੇ ਨਹੀਂ। ਜੇਕਰ ਤੁਹਾਡੇ ਸਿਰ ਵਿੱਚ ਦਰਦ ਹੋ ਰਿਹਾ ਹੋਵੇ, ਅਤੇ ਆਇਬੂਪਰੂਫ਼ਨ ਦੀ ਗੋਲੀ ਮੈਂ ਖਾ ਲਵਾਂ ਤਾਂ ਕੀ ਤੁਹਾਡਾ ਸਿਰ ਦਰਦ ਦੂਰ ਹੋ ਜਾਵੇਗਾ? ਵਧੇਰੇ ਸੂਖਮ ਅਤੇ ਭਾਵਨਾਤਮਕ ਪੱਧਰ ‘ਤੇ, ਦੋ ਲੋਕਾਂ ਦਰਮਿਆਨ ਹਮੇਸ਼ਾ ਅਜਿਹੇ ਖੇਤਰ ਮੌਜੂਦ ਰਹਿੰਦੇ ਹਨ ਜਿੱਥੇ ਉਹ ਘੱਟੋ ਘੱਟ ਇੱਕ ਦੂਸਰੇ ਦੇ ਤਜਰਬਿਆਂ ਦੀ ਕਲਪਨਾ ਤਾਂ ਕਰ ਹੀ ਸਕਦੇ ਹਨ। ਕਿਸੇ ਦੀਆਂ ਭਾਵਨਾਵਾਂ ਪ੍ਰਤੀ ਥੋੜ੍ਹੀ ਜਿਹੀ ਹਮਦਰਦੀ ਦਿਖਾਉਣ ਨਾਲ ਤੁਸੀਂ ਉਨ੍ਹਾਂ ਨਾਲ ਆਪਣੀ ਸਾਂਝ ਹੋਰ ਵੀ ਪੱਕੀ ਕਰ ਸਕਦੇ ਹੋ।
ਗਰਾਉਚੋ ਮਾਰਕਸ 1890 ਵਿੱਚ ਜਨਮਿਆ ਇੱਕ ਅਮੈਰੀਕਨ ਕੌਮੇਡੀਅਨ ਅਤੇ ਟੀ.ਵੀ. ਸਟਾਰ ਸੀ। ਉਹ ਆਪਣੇ ਮਜ਼੍ਹਾਈਆ ਟੋਟਕਿਆਂ ਲਈ ਜਾਣਿਆ ਜਾਂਦਾ ਸੀ, ਅਤੇ ਉਹ ਸ਼ਾਇਦ ਹੁਣ ਤਕ ਦਾ ਸਭ ਤੋਂ ਵੱਡਾ ਕੌਮੇਡੀਅਨ ਹੋਵੇ। ਉਸ ਦਾ ਇੱਕ ਕਥਨ ਬਹੁਤ ਹੀ ਮਸ਼ਹੂਰ ਹੋਇਆ ਸੀ। ਗਰੂਚੋ ਨੇ ਇੱਕ ਜਗ੍ਹਾ ਕਿਹਾ ਸੀ ਕਿ ਉਹ ਕਿਸੇ ਵੀ ਅਜਿਹੇ ਕਲੱਬ ਦਾ ਮੈਂਬਰ ਨਹੀਂ ਬਣਨਾ ਚਾਹੇਗਾ ਜਿਹੜਾ ਉਸ ਵਰਗੇ ਬੰਦੇ ਨੂੰ ਆਪਣਾ ਮੈਂਬਰ ਬਣਾਉਣ ਲਈ ਤਿਆਰ ਹੋਵੇ। ਕੀ ਉਸ ਦੇ ਇਸ ਕਥਨ ‘ਚੋਂ ਉਸ ਰੁਝਾਨ ਦੀ ਝਲਕ ਨਹੀਂ ਪੈਂਦੀ ਜਿਸ ਦਾ ਪ੍ਰਦਰਸ਼ਨ ਅਸੀਂ ਸਮੇਂ ਸਮੇਂ ‘ਤੇ ਆਪਣੇ ਨਿੱਜੀ ਜੀਵਨ ਵਿੱਚ ਕਰਦੇ ਹੀ ਰਹਿੰਦੇ ਹਾਂ? ਕੀ ਅਸੀਂ ਵੀ ਬੇਧਿਆਨੇ ਵਿੱਚ ਉਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਦੀ ਹਮੇਸ਼ਾ ਬੇਕਦਰੀ ਨਹੀਂ ਕਰ ਜਾਂਦੇ ਜਿਹੜੇ ਸਾਨੂੰ ਪਿਆਰ ਕਰਦੇ ਹਨ ਕਿਉਂਕਿ ਸਾਡੀ ਸਮਝ ਵਿੱਚ ਇਹ ਨਹੀਂ ਆਉਂਦਾ ਕਿ ਉਹ ਸਾਨੂੰ ਇੰਨਾ ਪਿਆਰ ਕਿਵੇਂ ਕਰ ਸਕਦੇ ਹਨ ਜਦੋਂ ਕਿ ਜੇ ਅਸੀਂ ਉਨ੍ਹਾਂ ਦੀ ਜਗ੍ਹਾ ਹੋਈਏ ਤਾਂ ਅਸੀਂ ਕਦੇ ਵੀ ਆਪਣੇ ਆਪ ਨੂੰ ਪਿਆਰ ਨਹੀਂ ਕਰ ਸਕਾਂਗੇ? ਇਸ ਵਕਤ ਮਹੱਤਵਪੂਰਨ ਗੱਲ ਸਿਰਫ਼ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਪਿਆਰ ਕਰੋ … ਅਤੇ ਫ਼ਿਰ ਉਨ੍ਹਾਂ ਦੇ ਸਦਾ ਰਿਣੀ ਰਹੋ ਜਿਨ੍ਹਾਂ ਨੇ ਕਦੇ ਵੀ ਤੁਹਾਨੂੰ ਪਿਆਰ ਕੀਤੈ!

LEAVE A REPLY