ajit_weeklyਕਲਪਨਾ ਕਰੋ ਕਿ ਤੁਸੀਂ ਅਮਰ ਹੋ ਗਏ ਹੋ। ਕੀ ਇੱਕ ਅੱਧੀ ਸਦੀ ਤੋਂ ਬਾਅਦ ਜ਼ਿੰਦਗੀ ਬਹੁਤ ਜ਼ਿਆਦਾ ਉਕਾਊ ਨਹੀਂ ਬਣ ਜਾਵੇਗੀ? ਕੀ ਇਹੀ ਤੱਥ ਕਿ ਅਸੀਂ ਇੱਥੇ ਬਹੁਤ ਥੋੜ੍ਹੇ ਸਮੇਂ ਲਈ ਆਉਂਦੇ ਹਾਂ ਇਸ ਸਭ ਕਾਸੇ ਨੂੰ ਦਿਲਚਸਪ ਨਹੀਂ ਬਣਾ ਦਿੰਦਾ? ਅਤੇ ਜੇਕਰ ਸੱਚਮੁੱਚ ਹੀ ਸਾਡੀ ਜ਼ਿੰਦਗੀ ਸਦੀਵੀ ਹੁੰਦੀ ਤਾਂ ਸਾਡੇ ਉਨ੍ਹਾਂ ਦਾਰਸ਼ਨਿਕ ਸਵਾਲਾਂ ਦਾ ਕੀ ਬਣਦਾ ਜਿਹੜੇ ਅਕਸਰ ਸਾਨੂੰ ਸਾਰਿਆਂ ਨੂੰ ਸਤਾਉਂਦੇ ਰਹਿੰਦੇ ਹਨ? ਜਿਵੇਂ ਕਿ ‘ਅਸੀਂ ਕਿੱਥੋਂ ਆਏ ਹਾਂ?’ ਜਾਂ, ‘ਮਰਨ ਤੋਂ ਬਾਅਦ ਸਾਡਾ ਕੀ ਹੁੰਦੈ?’ ਫ਼ਿਰ ਸਾਡੇ ਸੋਚਣ ਲਈ ਅਜਿਹੀਆਂ ਸੋਚਾਂ ਹੀ ਨਹੀਂ ਸਨ ਹੋਣੀਆਂ। ਕਦੇ ਕਦੇ ਕੋਈ ਸਾਧਾਰਣ ਸ਼ੈਅ ਵੀ ਤੁਹਾਨੂੰ ਤੁਹਾਡੀ ਜ਼ਿੰਦਗੀ ਦੀਆਂ ਬਿਹਤਰੀਨ ਖ਼ੁਸ਼ੀਆਂ ਦੇ ਜਾਂਦੀ ਹੈ। ਬੱਸ ਉਸ ਲਈ ਸ਼ੁਕਰੀਆ ਕਰਨਾ ਸਿੱਖੋ।
ਸਾਨੂੰ ਓਦੋਂ ਪਤਾ ਲੱਗ ਜਾਂਦੈ ਕਿ ਕੋਈ ਰਿਸ਼ਤਾ ਕਿਸੇ ਕਿਸਮ ਦੀ ਮੁਸ਼ਕਿਲ ਵਿੱਚ ਹੈ ਜਦੋਂ ਅਸੀਂ ਆਪਣੇ ਆਪ ਨੂੰ ਇਹ ਸਵਾਲ ਪੁੱਛਦੇ ਹਾਂ ਕਿ ਸਾਡੀ ਉਸ ਵਿੱਚ ਸ਼ਮੂਲੀਅਤ ਠੀਕ ਵੀ ਹੈ ਜਾਂ ਨਹੀਂ। ਕੀ ਸਾਨੂੰ ਓਨਾ ਵਾਪਿਸ ਮਿਲ ਰਿਹੈ ਜਿੰਨਾ ਅਸੀਂ ਉਸ ਵਿੱਚ ਪਾ ਰਹੇ ਹਾਂ? ਕੀ ਉਸ ਰਿਸ਼ਤੇ ਵਿੱਚ ਇੱਕ ਖ਼ੁਸ਼ਗਵਾਰ ਬਰਾਬਰੀ ਹੈ ਜਾਂ ਫ਼ਿਰ ਨਿਰਾਸ਼ਾਜਨਕ ਅਸਮਾਨਤਾ? ਪਰ ਇੱਥੇ ਤੁਹਾਨੂੰ ਇੱਕ ਚੀਜ਼ ਨੋਟ ਫ਼ਰਮਾਉਣੀ ਚਾਹੀਦੀ ਹੈ ਕਿ ਕਈ ਵਾਰ ਮਹਿਜ਼ ਇਹ ਸਵਾਲ ਪੁੱਛਣਾ ਹੀ ਰਿਸ਼ਤੇ ਦਾ ਤਵਾਜ਼ਨ ਵਿਗਾੜ ਸਕਦਾ ਹੈ। ਜੇਕਰ ਤੁਹਾਨੂੰ ਇਹ ਸਮਝ ਨਹੀਂ ਆ ਰਹੀ ਕਿ ਆਪਣੀ ਭਾਵਨਾਤਮਕ ਜ਼ਿੰਦਗੀ ਵਿਚਲੀ ਕਿਸੇ ਸਥਿਤੀ ਦਾ ਕੀ ਕੀਤਾ ਜਾਵੇ ਤਾਂ ਬਿਹਤਰ ਇਹੀ ਹੈ ਕਿ ਉਸ ਬਾਰੇ ਹਾਲ ਦੀ ਘੜੀ ਬਿਲਕੁਲ ਨਾ ਸੋਚਿਆ ਜਾਵੇ!
‘ਤੁਸੀਂ ਹਮੇਸ਼ਾ ਉਸ ਦਾ ਦਿਲ ਦੁਖਾਉਂਦੇ ਹੋ ਜਿਸ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ …,’ ਇਹ ਬੋਲ ਸਨ ਇੱਕ ਮਸ਼ਹੂਰ ਅੰਗ੍ਰੇਜ਼ੀ ਦੇ ਗੀਤ ਦੇ। ਪਰ ਇਹ ਗੱਲ ਸੱਚ ਤਾਂ ਨਹੀਂ ਹੋ ਸਕਦੀ? ਜੇਕਰ ਇਹ ਗੱਲ ਸੱਚ ਹੁੰਦੀ ਤਾਂ ਫ਼ਿਰ ਸਾਡੇ ‘ਚੋਂ ਕੋਈ ਵੀ ਕਦੇ ਪਿਆਰ ਕਰਨ ਬਾਰੇ ਕਿਉਂ ਸੋਚਦਾ? ਕਿਉਂਕਿ, ਬੇਸ਼ੱਕ ਅਸੀਂ ਕਈ ਵਾਰ ਅਭੋਲ ਹੀ ਉਨ੍ਹਾਂ ਲੋਕਾਂ ਨੂੰ ਦੁੱਖ ਪਹੁੰਚਾ ਬੈਠਦੇ ਹਾਂ (ਜਾਂ ਉਨ੍ਹਾਂ ਤੋਂ ਦੁੱਖ ਸਹਿੰਦੇ ਹਾਂ) ਜਿਨ੍ਹਾਂ ਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ, ਪਰ ਸਾਨੂੰ ਉਨ੍ਹਾਂ ਦੇ ਸਾਥ ਦਾ ਫ਼ਾਇਦਾ ਵੀ ਤਾਂ ਖ਼ੂਬ ਹੁੰਦੈ। ਅਸੀਂ ਇੱਕ ਦੂਸਰੇ ਨੂੰ ਆਨੰਦ ਤੇ ਸੰਪੂਰਨਤਾ ਦਿੰਦੇ ਹਾਂ। ਆਪਸੀ ਸਮਝ ਤੇ ਹਮਦਰਦੀ ਵੀ। ਜੇਕਰ, ਹਾਲ ਹੀ ਵਿੱਚ, ਤੁਹਾਡੇ ਭਾਵਨਾਤਮਕ ਜੀਵਨ ਵਿਚਲਾ ਕੋਈ ਨੇੜਲਾ ਕੋਨੈਕਸ਼ਨ ਰਿਸ਼ਤੇ ਦੀਆਂ ਨਾਕਾਰਾਤਮਕ ਹੱਦਾਂ ਛੂਹਣ ਲੱਗ ਪਿਐ ਤਾਂ ਬਿਲਕੁਲ ਵੀ ਘਬਰਾਓ ਨਾ। ਛੇਤੀ ਹੀ ਤੁਹਾਨੂੰ ਉਸ ਦਾ ਸਾਕਾਰਾਤਮਕ ਸਿਰਾ ਵੀ ਦਿਖਾਈ ਦੇਣ ਲੱਗ ਪਏਗਾ।
ਕੁਝ ਮਨੋਵਿਗਿਆਨੀ ਸਾਨੂੰ ਦਸਦੇ ਹਨ ਕਿ ਆਪਸੀ ਗੱਲਬਾਤ ਕਦੇ ਵੀ ਓਨੀ ਆਸਾਨ ਨਹੀਂ ਹੁੰਦੀ ਜਿੰਨੀ ਅਸੀਂ ਸੋਚਦੇ ਹਾਂ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਇੱਕ ਦੂਸਰੇ ਦਾ ਇਸਤੇਮਾਲ ਆਪਣੀਆਂ ਉਨ੍ਹਾਂ ਭਟਕੀਆਂ ਹੋਈਆਂ ਭਾਵਨਾਤਮਕ ਲੋੜਾਂ ਨੂੰ ਪੂਰੀਆਂ ਕਰਨ ਲਈ ਕਰਦੇ ਹਾਂ ਜਿਨ੍ਹਾਂ ਬਾਰੇ ਸਾਨੂੰ ਖ਼ੁਦ ਵੀ ਪੂਰੀ ਤਰ੍ਹਾਂ ਇਹ ਪਤਾ ਨਹੀਂ ਹੁੰਦਾ ਕਿ ਉਹ ਮੌਜੂਦ ਹਨ। ਅਸੀਂ ਦੂਸਰਿਆਂ ਨੂੰ ਅਜਿਹੇ ਰੋਲ ਨਿਭਾਉਣ ਲਈ ਕਹਿੰਦੇ ਹਾਂ ਅਤੇ ਉਨ੍ਹਾਂ ਨੂੰ ਅਜਿਹੀਆਂ ਸਥਿਤੀਆਂ ਵਿੱਚ ਪਾਉਂਦੇ ਹਾਂ ਜਿਨ੍ਹਾਂ ਵਿੱਚ ਉਨ੍ਹਾਂ ਕੋਲ ਉਹ ਬਣਨ ਤੋਂ ਸਿਵਾਏ ਹੋਰ ਕੋਈ ਚਾਰਾ ਹੀ ਨਹੀਂ ਹੁੰਦਾ ਜੋ ਅਸੀਂ ਅੰਦਰੂਨੀ ਤੌਰ ‘ਤੇ ਉਨ੍ਹਾਂ ਨੂੰ ਬਣਿਆ ਹੋਇਆ ਦੇਖਣਾ ਚਾਹੁੰਦੇ ਹਾਂ। ਸਾਰਾ ਵਿਵਾਦ ਹੀ ਹੱਲ ਹੋ ਜਾਵੇ ਜੇਕਰ ਅਸੀਂ ਆਪਣੇ ਆਪ ਨੂੰ ਇੱਕ ਵਾਰ ਅਜਿਹਾ ਕਰਦੇ ਹੋਏ ਨੋਟਿਸ ਕਰ ਲਈਏ ਅਤੇ ਇਸ ਰੁਝਾਨ ਤੋਂ ਉੱਪਰ ਉੱਠ ਸਕੀਏ। ਫ਼ਿਰ ਅਸੀਂ ਆਪਣੇ ਕਦਮ ਵਧੇਰੇ ਸਾਬਤ-ਕਦਮੀ ਅਤੇ ਸਾਕਾਰਾਤਮਕਤਾ ਨਾਲ ਚੁੱਕ ਸਕਾਂਗੇ।
ਜ਼ਿੰਦਗੀ ਹਮੇਸ਼ਾ ਸਾਨੂੰ ਨਵੀਆਂ ਚੀਜ਼ਾਂ ਸਿਖਾਉਂਦੀ ਰਹਿੰਦੀ ਹੈ। ਫ਼ਿਰ ਵੀ, ਦੂਸਰੇ ਵਿਦਿਆਰਥੀਆਂ ਵਾਂਗ ਹੀ ਇਹ ਜ਼ਰੂਰੀ ਨਹੀਂ ਕਿ ਅਸੀਂ ਸਿਖਾਏ ਗਏ ਆਪਣੇ ਸਾਰੇ ਸਬਕਾਂ ਵੱਲ ਹਮੇਸ਼ਾ ਪੂਰੀ ਤਰ੍ਹਾਂ ਧਿਆਨ ਦੇ ਸਕੀਏ। ਸਾਡੇ ਦਿਮਾਗ਼ ਇੱਧਰ ਉੱਧਰ ਭਟਕਦੇ ਰਹਿੰਦੇ ਹਨ, ਸਾਡੇ ਵਿਚਾਰ ਵਹਿਣ ਵਿੱਚ ਵਹਿ ਜਾਂਦੇ ਹਨ ਅਤੇ ਫ਼ਿਰ ਅਸੀਂ ਹੈਰਾਨ ਹੁੰਦੇ ਹਾਂ ਕਿ ਸਾਨੂੰ ਕਿਉਂ ਓਨੀ ਸਮਝ ਨਹੀਂ ਆ ਰਹੀ ਜਿੰਨੀ ਸਾਨੂੰ ਲਗਦੈ ਕਿ ਸਾਨੂੰ ਆਉਣੀ ਚਾਹੀਦੀ ਸੀ। ਕੀ ਕੋਈ ਅਜਿਹੀ ਪ੍ਰਕਿਰਿਆ ਹੀ ਸਾਨੂੰ ਵਿਸ਼ਵਾਸ ਦੇ ਉਸ ਸੰਕਟ ਬਾਰੇ ਸਮਝਾ ਸਕਦੀ ਹੈ ਜਿਸ ਦਾ ਤਜਰਬਾ ਤੁਹਾਨੂੰ ਹਾਲ ਹੀ ਵਿੱਚ ਹੋਇਐ? ਤੁਸੀਂ ਤਾਂ ਇਹ ਵੀ ਸੋਚ ਰਹੇ ਹੋ ਕਿ ਕਿਤੇ ਹੁਣ ਉਸ ਵਿੱਚੋਂ ਕੁਝ ਨੂੰ ਬਦਲਣ ਦਾ ਵਕਤ ਤਾਂ ਨਹੀਂ ਆ ਗਿਆ ਜਿਸ ਵਿੱਚ ਤੁਹਾਨੂੰ ਵਿਸ਼ਵਾਸ ਹੈ ਅਤੇ ਜਿਸ ਦੇ ਸੱਚ ਹੋਣ ਵਿੱਚ ਪੂਰਾ ਯਕੀਨ ਵੀ। ਦਰਅਸਲ, ਜਿਉਂ ਜਿਉਂ ਤੁਹਾਡੇ ਜੀਵਨ ਦੀ ਯਾਤਰਾ ਆਪਣੇ ਅਗਲੇ ਸਟੇਸ਼ਨ ਵੱਲ ਵੱਧ ਰਹੀ ਹੈ, ਇਹ ਬਿਲਕੁਲ ਸਹੀ ਵੇਲਾ ਹੈ ਆਪਣਾ ਸਾਰਾ ਬੋਰੀ ਬਿਸਤਰਾ ਲੈ ਕੇ ਕਿਸੇ ਜਾਣੀ ਪਛਾਣੀ ਟ੍ਰੇਨ ਵਿੱਚ ਸਵਾਰ ਹੋਣ ਦਾ!
ਕੀ ਤੁਸੀਂ ਕਿਸੇ ਦੂਸਰੇ ਵਿਅਕਤੀ ਨੂੰ ਸੱਚਮੁੱਚ ਜਾਣਦੇ ਹੋ? ਪੂਰੀ ਤਰ੍ਹਾਂ? ਅਸੀਂ ਸਾਰੇ ਹੀ ਦੂਸਰਿਆਂ ਸਾਹਮਣੇ ਆਪਣਾ ਇੱਕ ਅਜਿਹਾ ਅਕਸ ਪੇਸ਼ ਕਰਦੇ ਹਾਂ ਜਿਹੜਾ ਥੋੜ੍ਹਾ ਫ਼ਰਕ ਹੁੰਦੈ, ਸਾਡੀ ਸੱਚੀ, ਪੂਰੀ ਜਾਂ ਅਸਲੀ ਸ਼ਖਸੀਅਤ ਤੋਂ। ਅਸੀਂ ਆਪਣਾ ਇੱਕ ਅਜਿਹਾ ਸਤਹੀ ਪ੍ਰਭਾਵ ਛੱਡ ਸਕਦੇ ਹਾਂ ਜਿਹੜਾ ਸਾਡੀ ਡੂੰਘਾਈ ਨੂੰ ਛੁਪਾ ਸਕਦੈ ਜਾਂ ਫ਼ਿਰ ਅਸੀਂ ਆਪਣੀ ਇੱਕ ਅਜਿਹੀ ਗਲੈਮਰੱਸ ਛਵੀ ਛੱਡ ਸਕਦੇ ਹਾਂ ਜਿਹੋ ਜਿਹਾ ਬਣਨ ਦੀ ਸਾਡੀ ਇੱਛਾ ਤਾਂ ਹੋ ਸਕਦੀ ਹੈ, ਪਰ ਇਹ ਜ਼ਰੂਰੀ ਨਹੀਂ ਕਿ ਅਸਲ ਜ਼ਿੰਦਗੀ ਵਿੱਚ ਅਸੀਂ ਸੱਚਮੁੱਚ ਉਹੋ ਜਿਹੇ ਹੋਈਏ! ਇਸ ਵਿੱਚ ਕੁਝ ਵੀ ਗ਼ਲਤ ਨਹੀਂ, ਪਰ ਰਿਸ਼ਤਾ ਹਮੇਸ਼ਾ ਓਦੋਂ ਹੀ ਵਧੇਰੇ ਅਰਥਭਰਪੂਰ ਹੁੰਦਾ ਹੈ ਜਦੋਂ ਉਹ ਦੋ ਅਜਿਹੇ ‘ਸੱਚੇ’ ਚਿਹਰਿਆਂ ਦਰਮਿਆਨ ਹੋਵੇ ਜਿਹੜੇ ਕੇਵਲ ਆਪਣੀਆਂ ਊਣਤਾਈਆਂ ਨੂੰ ਆਪਣੇ ਮਖੌਟਿਆਂ ਪਿੱਛੇ ਲੁਕਾਉਣ ਦੀ ਕੋਸ਼ਿਸ਼ ਕਰਦੇ ਹੋਣ!

LEAVE A REPLY