ਅਦਾਕਾਰਾ ਕੰਗਨਾ ਰਨੌਤ ਦੀ ਆਉਣ ਵਾਲੀ ਫ਼ਿਲਮ ਮਣੀਕਰਣਿਕਾ: ਦਾ ਕੁਈਨ ਔਫ਼ ਝਾਂਸੀ ਆਉਣ ਵਾਲੀ 25 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਹਾਲ ਹੀ ‘ਚ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਜਿਸ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ। ਫ਼ਿਲਮ ਦੇ ਟ੍ਰੇਲਰ ਵਿੱਚ ਦਰਸ਼ਕਾਂ ਨੂੰ ਲਕਸ਼ਮੀ ਬਾਈ ਦੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਅੰਗਰੇਜ਼ਾਂ ਨਾਲ ਲੋਹਾ ਲੈਣ ਤਕ ਦੀ ਕਹਾਣੀ ਦਿਖਾਈ ਗਈ ਹੈ। ਫ਼ਿਲਮ ਦੇ ਨਿਰਦੇਸ਼ਕ ਕ੍ਰਿਸ਼ ਨੇ ਇਹ ਫ਼ਿਲਮ ਵਿਚਾਲੇ ਹੀ ਛੱਡ ਦਿੱਤੀ ਸੀ, ਅਤੇ ਡਾਇਰੈਕਸ਼ਨ ਦਾ ਕੰਮ ਕੰਗਨਾ ਨੇ ਆਪਣੇ ਹੱਥਾਂ ‘ਚ ਲੈ ਲਿਆ। ਬਤੌਰ ਡਾਇਰੈਕਟਰ ਕੰਗਨਾ ਦੀ ਇਹ ਪਹਿਲੀ ਫ਼ਿਲਮ ਹੈ।
ਮਣੀਕਰਣਿਕਾ ਨਾਲ ਨਿਰਦੇਸ਼ਨ ਦੇ ਖੇਤਰ ‘ਚ ਕਦਮ ਰੱਖਣ ਬਾਰੇ ਕੰਗਨਾ ਨੇ ਕਿਹਾ, ”ਮੈਨੂੰ ਲੱਗ ਰਿਹਾ ਸੀ ਕਿ ਮੇਰਾ ਇੱਕ ਹਿੱਸਾ ਬਿਲਕੁਲ ਨਕਾਰਾ ਹੋ ਰਿਹਾ ਹੈ ਕਿਉਂਕਿ ਨਿਰਦੇਸ਼ਕ ਦੇ ਤੌਰ ‘ਤੇ ਆਪਣੇ ਅੰਦਰਲੀਆਂ ਖ਼ੂਬੀਆਂ ਦਾ ਪ੍ਰਗਟਾਵਾ ਮੈਂ ਨਹੀਂ ਸੀ ਕਰ ਪਾ ਰਹੀ।” ਕੰਗਨਾ ਨੇ ਕਿਹਾ, ”ਜਦ ਮੈਂ ਨਿਰਦੇਸ਼ਨ ਦਾ ਕੰਮ ਆਪਣੇ ਹੱਥਾਂ ‘ਚ ਲਿਆ ਤਾਂ ਮੇਰੇ ਮਨ ਉੱਪਰ ਕਿਸੇ ਤਰ੍ਹਾਂ ਦਾ ਕੋਈ ਤਨਾਅ ਨਹੀਂ ਸੀ। ਨਿਰਦੇਸ਼ਨ ਮੇਰਾ ਪਹਿਲਾ ਪਿਆਰ ਹੈ।”
ਕੰਗਨਾ ਨੇ ਇਸ ਫ਼ਿਲਮ ਦੇ ਕਈ ਸੀਨ ਸ਼ੂਟ ਕੀਤੇ ਹਨ, ਅਤੇ ਇਸ ਕੰਮ ਲਈ ਕੰਗਨਾ ਨੇ 14 ਕਰੋੜ ਰੁਪਏ ਲਏ। ਦੱਸਣਯੋਗ ਹੈ ਕਿ ਆਪਸੀ ਵਿਵਾਦਾਂ ਕਾਰਨ ਫ਼ਿਲਮ ਦਾ ਨਿਰਦੇਸ਼ਕ ਕ੍ਰਿਸ਼ ਇਸ ਫ਼ਿਲਮ ਨੂੰ ਛੱਡ ਕੇ ਚਲਾ ਗਿਆ ਸੀ ਅਤੇ ਫ਼ਿਲਮ ਉੱਪਰ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਸਨ। ਮਣੀਕਰਣਿਕਾ: ਦਾ ਕੁਈਨ ਔਫ਼ ਝਾਂਸੀ ਨੂੰ ਜੀ ਸਟੂਡੀਓਜ਼ ਅਤੇ ਕਮਲ ਜੈਨ ਨੇ ਪ੍ਰੋਡਿਊਸ ਕੀਤਾ ਹੈ। ਫ਼ਿਲਮ ਵਿੱਚ ਕੰਗਨਾ ਤੋਂ ਇਲਾਵਾ ਅੰਕਿਤਾ ਲੋਖੰਡੇ, ਜਿਸੂ ਸੇਨ ਗੁਪਤਾ, ਜ਼ੀਸ਼ਾਨ ਆਯੂਬ ਅਤੇ ਤਾਹਿਰ ਸ਼ੱਬੀਰ ਅਹਿਮ ਭੂਮਿਕਾਵਾਂ ਨਿਭਾ ਰਹੇ ਹਨ।