ਨਵੀਂ ਦਿੱਲੀ — ਸਿੱਖ ਭਾਈਚਾਰੇ ਖਾਸ ਕਰ ਕੇ ਪ੍ਰਵਾਸੀ ਭਾਰਤੀਆਂ ‘ਚ ਵਧਦੀ ਮੰਗ ਨੂੰ ਦੇਖਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਵਿੱਤਰ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਪ੍ਰਕਾਸ਼ਨ ਲਈ 8 ਕਰੋੜ ਰੁਪਏ ਦੀ ਲਾਗਤ ਨਾਲ ਨਵੀਂ ਆਧੁਨਿਕ ਪ੍ਰਿੰਟਿੰਗ ਪ੍ਰੈੱਸ ਲਗਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ‘ਭਾਸ਼ਾ’ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ‘ਚ ਅਤਿ-ਆਧੁਨਿਕ ਮਲਟੀਕਲਰ ਅਲਟਰਾ ਮਾਡਰਨ ਪ੍ਰਿੰਟਿੰਗ ਪ੍ਰੈੱਸ ਲਗਾਈ ਜਾਵੇਗੀ, ਜੋ ਸਿੱਖ ਧਾਰਮਿਕ ਰਵਾਇਤਾਂ ਦੀ ਪਾਲਣਾ ਕਰਦਿਆਂ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ਨਾ ਕਰੇਗੀ। ਯਾਦ ਰਹੇ ਕਿ ਇਸ ਧਾਰਮਿਕ ਗ੍ਰੰਥ ਦੇ ਪ੍ਰਮਾਣਿਕ ਪ੍ਰਕਾਸ਼ਨ ਲਈ ਵਿਸ਼ਵ ‘ਚ ਸਿਰਫ 2 ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ, ਸ੍ਰੀ ਅੰਮ੍ਰਿਤਸਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਕਾਨੂੰਨੀ ਤੌਰ ‘ਤੇ ਅਧਿਕਾਰਤ ਹਨ।
ਸ਼੍ਰੀ ਜੀ. ਕੇ. ਨੇ ਦੱਸਿਆ ਕਿ ਨਵੀਂ ਪ੍ਰਿੰਟਿੰਗ ਪ੍ਰੈੱਸ ‘ਚ ਰੋਜ਼ਾਨਾ ਲਗਭਗ 15000 ਰੰਗੀਨ ਅੰਗ (ਸਫੇ) ਪ੍ਰਕਾਸ਼ਿਤ ਕਰਨ ਦੀ ਸਮਰੱਥਾ ਹੋਵੇਗੀ। ਨਵੀਂ ਮਸ਼ੀਨ 20 ਸਾਲ ਪੁਰਾਣੀ 2 ਰੰਗਾਂ ਵਾਲੀ ਪ੍ਰਿੰਟਿੰਗ ਪ੍ਰੈੱਸ ਦੀ ਥਾਂ ਲਵੇਗੀ। ਉਨ੍ਹਾਂ ਦੱਸਿਆ ਕਿ ਨਵੀਂ ਮਸ਼ੀਨ ਦੀ ਸਥਾਪਨਾ ਕਾਰ ਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ ਕਰਨਗੇ ਅਤੇ ਪ੍ਰਿੰਟਿੰਗ ਪ੍ਰੈੱਸ ਲਈ ਇਕ ਨਵਾਂ ਕੰਪਲੈਕਸ ‘ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ’ ਦੇ ਨਾਂ ਨਾਲ ਸਥਾਪਿਤ ਕੀਤਾ ਜਾਵੇਗਾ। ਇਸ ਨਵੀਂ ਮਸ਼ੀਨ ਦੇ ਲੱਗਣ ਨਾਲ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਪ੍ਰਕਾਸ਼ਨ ਦੀ ਲਾਗਤ ‘ਚ ਕਮੀ ਆਵੇਗੀ, ਸਮੇਂ ਦੀ ਬੱਚਤ ਹੋਵੇਗੀ ਅਤੇ ਗੁਣਵੱਤਾ ‘ਚ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਸੰਗਤਾਂ ਨੂੰ ਅਸਲ ਕੀਮਤ ਤੋਂ ਬਹੁਤ ਘੱਟ ਦਰਾਂ ‘ਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ
ਸਰੂਪ ਭੇਟ ਕੀਤੇ ਜਾਣਗੇ।