ਤਿੰਨ ਹਫਤਿਆਂ ਵਿਚ ਸਿੱਖਾਂ ‘ਤੇ ਹਮਲੇ ਦੀ ਇਹ ਤੀਜੀ ਘਟਨਾ
ਨਿਊਯਾਰਕ : ਅਮਰੀਕਾ ਦੇ ਨਿਊਜਰਸੀ ਵਿਚ ਇਕ ਸਿੱਖ ਵਿਅਕਤੀ ਤਰਲੋਕ ਸਿੰਘ ਦਾ ਉਸ ਦੇ ਹੀ ਸਟੋਰ ਵਿਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਲੰਘੇ ਤਿੰਨ ਹਫਤਿਆਂ ਵਿਚ ਘੱਟ ਗਿਣਤੀ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਏ ਜਾਣ ਦੀ ਇਹ ਤੀਸਰੀ ਵਾਰਦਾਤ ਹੈ। ਨਾਰਥ ਪਾਰਕ ਸਟ੍ਰੀਟ ‘ਤੇ ਸਥਿਤ ਪਾਰਕ ਡੇਲੀ ਐਂਡ ਗਰੌਸਰੀ ਸਟੋਰ ਦੇ ਬਾਥਰੂਮ ਵਿਚ ਤਰਲੋਕ ਸਿੰਘ ਦੀ ਲਾਸ਼ ਮਿਲੀ ਹੈ।
ਇਸ ਘਟਨਾ ਬਾਰੇ ਉਸ ਸਮੇਂ ਪਤਾ ਲੱਗਾ ਜਦ ਇਕ ਵਿਅਕਤੀ ਕੁੱਝ ਖਰੀਦਣ ਲਈ ਸਟੋਰ ਵਿਚ ਗਿਆ। ਉਸ ਨੇ ਕਈ ਵਾਰ ਅਵਾਜ਼ਾਂ ਮਾਰੀਆਂ ਪਰ ਸਟੋਰ ਖੁੱਲ੍ਹਾ ਹੋਣ ਦੇ ਬਾਵਜੂਦ ਕੋਈ ਜਵਾਬ ਨਾ ਮਿਲਿਆ। ਫਿਰ ਉਹ ਵਿਅਕਤੀ ਬਾਥਰੂਮ ਵੱਲ ਗਿਆ, ਜਿੱਥੇ ਕਾਫ਼ੀ ਖੂਨ ਡੁੱਲ੍ਹਿਆ ਹੋਇਆ ਸੀ ਅਤੇ ਬਜ਼ੁਰਗ ਤਰਲੋਚਨ ਸਿੰਘ ਦੀ ਉੱਥੇ ਲਾਸ਼ ਪਈ ਹੋਈ ਸੀ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਵੀ ਤਿੰਨ ਹਫਤਿਆਂ ‘ਚ ਦੋ ਵਾਰਦਾਤਾਂ ਹੋਈਆਂ ਸਨ। ਲੰਘੀ 6 ਅਗਸਤ ਨੂੰ 71 ਸਾਲਾ ਸਾਹਿਬ ਸਿੰਘ ‘ਤੇ ਹਮਲਾ ਹੋਇਆ ਸੀ ਅਤੇ ਇਸ ਤੋਂ ਪਹਿਲਾਂ ਸੁਰਜੀਤ ਸਿੰਘ ਮੱਲ੍ਹੀ ਨਾਂ ਦੇ ਵਿਅਕਤੀ ਨੂੰ ਨਸਲੀ ਹਿੰਸਾ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੀਆਂ ਘਟਨਾਵਾਂ ਨੂੰ ਦੇਖਦਿਆਂ ਸਿੱਖ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ।