ਨਵੀਂ ਦਿੱਲੀ— ਲੋਕਸਭਾ ‘ਚ ਬੇਭਰੋਸਗੀ ਮਤੇ ‘ਤੇ ਚਰਚਾ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਮੁਸਕਰਾਉਣ ਵਾਲੇ ਇਕ ਬਿਆਨ ‘ਤੇ ਵਿਵਾਦ ਹੋ ਗਿਆ। ਰਾਹੁਲ ਦੇ ਸੰਬੋਧਨ ਦੌਰਾਨ ਨੋਕ-ਝੋਕ ਸ਼ੁਰੂ ਹੋ ਗਈ ਤਾਂ ਸਪੀਕਰ ਨੂੰ ਕਾਰਵਾਈ ਥੋੜ੍ਹੀ ਦੇਰ ਲਈ ਮੁਅੱਤਲ ਕਰਨੀ ਪਈ, ਫਿਰ ਕਾਂਗਰਸ ਪ੍ਰਧਾਨ ਨੇ ਬੋਲਣਾ ਸ਼ੁਰੂ ਕੀਤਾ। ਉਨ੍ਹਾਂ ਨੇ ਕਿਹਾ ਕਿ ਹੁਣੇ ਮੈਨੂੰ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਵਧਾਈ ਦਿੱਤੀ ਕਿ ਬਹੁਤ ਚੰਗਾ ਬੋਲੇ ਪਰ ਮੈਂ ਉਸ ਸਮੇਂ ਹੈਰਾਨ ਰਹਿ ਗਿਆ ਜਦੋਂ ਤੁਹਾਡੇ ਹੀ ਮੈਂਬਰਾਂ ਨੇ ਹੱਥ ਮਿਲਾ ਕੇ ਕਿਹਾ ਕਿ ਬਹੁਤ ਚੰਗਾ ਬੋਲੇ ਤੁਸੀਂ।
ਰਾਹੁਲ ਗਾਂਧੀ ਹੱਥ ਦਾ ਇਸ਼ਾਰਾ ਕਰਦੇ ਹੋਏ ਬੋਲੇ ਕਿ ਇਹ ਅਕਾਲੀ ਦਲ ਦੀ ਨੇਤਾ ਮੁਸਕਰਾ ਕੇ ਮੈਨੂੰ ਦੇਖ ਰਹੀ ਸੀ। ਇਸ ‘ਤੇ ਸਦਨ ‘ਚ ਹੰਗਾਮਾ ਸ਼ੁਰੂ ਹੋ ਗਿਆ ਅਤੇ ਸਾਰੇ ਹੱਸਣ ਲੱਗ ਪਏ। ਹਰਸਿਮਰਤ ਕੌਰ ਬਾਦਲ ਨੇ ਰਾਹੁਲ ਦੇ ਇਸ ਬਿਆਨ ਦਾ ਵਿਰੋਧ ਕੀਤਾ ਤਾਂ ਸਪੀਕਰ ਸੁਮਿਤਰਾ ਮਹਾਜਨ ਨੇ ਉਨ੍ਹਾਂ ਨੂੰ ਸ਼ਾਂਤ ਕਰਵਾਇਆ। ਸੰਸਦ ਦੇ ਬਾਹਰ ਹਰਸਿਮਰਤ ਕੌਰ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਭਾਸ਼ਣ ਦੌਰਾਨ ਉਨ੍ਹਾਂ ਨੂੰ ਲੈ ਕੇ ਇਤਰਾਜ਼ਯੋਗ ਗੱਲ ਕੀਤੀ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਸੰਸਦ ਹੈ, ‘ਮੁੰਨਾ ਭਾਈ ਕਾ ਪੱਪੀ-ਝੱਪੀ ਏਰੀਆ ਨਹੀਂ’ ਹੈ। ਹਰਸਿਮਰਤ ਕੌਰ ਨੇ ਅੱਗੇ ਕਿਹਾ ਕਿ ਅੰਦਰ ਸਭ ਡਰਾਮਾ ਸੀ, ਜਦੋਂ ਮੈਂ ਉਨ੍ਹਾਂ ਦਾ ਡਰਾਮਾ ਦੇਖਿਆ ਤਾਂ ਸਦਨ ਤੋਂ ਬਾਅਦ ਉਨ੍ਹਾਂ ਵੱਲ ਦੇਖ ਕੇ ਮੈਂ ਮੁਸਕਰਾ ਪੁੱਛਿਆ ਕਿ ਸਾਨੂੰ ਅਤੇ ਪੰਜਾਬੀਆਂ ਨੂੰ ਨਸ਼ਾ ਕਰਨ ਵਾਲੇ, ਨਸ਼ੇੜੀ ਬੋਲਦੇ ਹਨ, ਅੱਜ ਕਿਹੜਾ ਨਸ਼ਾ ਕਰਕੇ ਆਏ ਹੋ। ਮੈਂ ਇਹ ਹੱਸ ਕੇ ਪੁੱਛਿਆ ਪਰ ਉਨ੍ਹਾਂ ਨੂੰ ਸਮਝ ਤਾਂ ਆਈ ਨਾ, ਸਿਰਫ ਮੁਸਕਰਾਹਟ ਦਿਸੀ। ਮੈਂ ਇਕ ਵਾਰ ਫਿਰ ਪੁੱਛਿਆ ਕਿ ਰਾਹੁਲ ਜੀ ਅੱਜ ਕਿਹੜਾ ਕਰਕੇ ਆਏ ਹੋ? ਮੈਨੂੰ ਕੀ ਪਤਾ ਕਿ ਇਹ ਸਕ੍ਰਿਪਟ ਲਿਖੀ ਹੋਈ ਸੀ, ਬਾਲੀਵੁੱਡ ਤੋਂ ਲਿਖਵਾਈ ਸੀ, ਉਹ ਸਿੱਧੇ ਜਾ ਕੇ ਪ੍ਰਧਾਨਮੰਤਰੀ ‘ਤੇ ਟੁੱਟ ਪਏ।