ਪੰਜਾਬ ਦੇ ਕਾਲਜਾਂ-ਯੂਨੀਵਰਸਿਟੀਆਂ ‘ਚ ਛੇਤੀ ਹੋਵੇਗਾ ਸੀ.ਵਾਈ.ਐਸ.ਐਸ ਦਾ ਗਠਨ – ਮੀਤ ਹੇਅਰ
ਚੰਡੀਗੜ੍ਹ- ਆਮ ਆਦਮੀ ਪਾਰਟੀ (ਆਪ) ਪੰਜਾਬ ਜਿੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਵਿਦਿਆਰਥੀ ਚੋਣਾਂ ਲੜੇਗੀ, ਉੱਤੇ ਛੇਤੀ ਹੀ ਪੰਜਾਬ ਦੇ ਕਾਲਜਾਂ ਯੂਨੀਵਰਸਿਟੀਆਂ ਅਤੇ ਹੋਰ ਵਿੱਦਿਅਕ ਸੰਸਥਾਨਾਂ ‘ਚ ਆਮ ਆਦਮੀ ਪਾਰਟੀ ਦੇ ਸਟੂਡੈਂਟ ਵਿੰਗ (ਸੀਵਾਈਐਸਐਸ) ਦਾ ਗਠਨ ਕਰੇਗੀ।
‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਪਾਰਟੀ ਦੇ ਨੌਜਵਾਨ ਵਿਧਾਇਕ ਅਤੇ ‘ਆਪ’ ਸਟੂਡੈਂਟ ਵਿੰਗ ਦੇ ਇੰਚਾਰਜ ਗੁਰਮੀਤ ਸਿੰਘ ਮੀਤ ਹੇਅਰ ਨੇ ਇਹ ਜਾਣਕਾਰੀ ਦਿੱਤੀ। ਮੀਤ ਹੇਅਰ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਅਤੇ ਚੰਡੀਗੜ੍ਹ ਦੇ ਸਾਰੇ ਕਾਲਜਾਂ ਤੇ ਸਿੱਖਿਆ ਸੰਸਥਾਨਾਂ ਸਮੇਤ ਪੂਰੇ ਪੰਜਾਬ ‘ਚ ‘ਆਪ’ ਸਟੂਡੈਂਟ ਵਿੰਗ ਦਾ ਗਠਨ ਕਰਨ ਲਈ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਅਤੇ ਪਾਰਟੀ ਦੇ ਹੋਰ ਪ੍ਰਮੁੱਖ ਅਹੁਦੇਦਾਰਾਂ ਨਾਲ ਵਿਸ਼ੇਸ਼ ਬੈਠਕ ਕੀਤੀ ਗਈ। ਬੈਠਕ ‘ਚ ‘ਆਪ’ ਦੇ ਵਿਦਿਆਰਥੀ ਆਗੂ ਅੰਮ੍ਰਿਤ ਸਿੱਧੂ, ਨਵਜੋਤ ਕੌਰ ਲੰਬੀ ਅਤੇ ਪਰਮਿੰਦਰ ਸਿੰਘ ਗੋਲਡੀ ਨੇ ਖ਼ਾਸ ਤੌਰ ‘ਤੇ ਹਿੱਸਾ ਲਿਆ।
ਮੀਤ ਹੇਅਰ ਨੇ ਦੱਸਿਆ ਕਿ ਪੰਜਾਬ ਸਮੇਤ ਪੂਰੇ ਦੇਸ਼ ਦੇ ਯੂਥ (ਨੌਜਵਾਨ) ਆਮ ਆਦਮੀ ਪਾਰਟੀ ਦੀ ਵੱਡੀ ਤਾਕਤ ਹੈ, ਜਿਸ ‘ਚ ਕਾਲਜਾਂ ਤੇ ਯੂਨੀਵਰਸਿਟੀਆਂ ‘ਚ ਪੜ੍ਹ ਰਹੇ ਵਿਦਿਆਰਥੀਆਂ ਦੀ ਵੱਡੀ ਗਿਣਤੀ ਹੈ। ਮੀਤ ਹੇਅਰ ਨੇ ਕਿਹਾ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਸਾਡੇ ਵਰਗੇ ਗੈਰ-ਰਾਜਨੀਤਕ ਅਤੇ ਆਮ ਘਰਾਂ ਦੇ ਲੜਕਿਆਂ ਨੂੰ ਜਿਤਾ ਕੇ ਵਿਧਾਨ ਸਭਾ ਤੱਕ ਪਹੁੰਚਾ ਦਿੱਤਾ ਹੈ, ਉਸੇ ਤਰ੍ਹਾਂ ਆਮ ਆਦਮੀ ਪਾਰਟੀ ਆਮ ਘਰਾਂ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੂੰ ਅਗਾਂਹਵਧੂ ਸੋਚ ਵਾਲੇ ਵਿਦਿਆਰਥੀ ਆਗੂਆਂ ਵਜੋਂ ਸਥਾਪਤ ਕਰ ਕੇ ਰਾਜਨੀਤੀ ‘ਚ ਚੱਲ ਰਹੇ ਭਾਈ-ਭਤੀਜਾਵਾਦ ‘ਤੇ ਆਧਾਰਿਤ ਪਰਿਵਾਰਵਾਦੀ ਰੁਝਾਨ ਨੂੰ ਠੱਲ੍ਹ ਪਾਵੇਗੀ।