ਕਾਠਮੰਡੂ — ਤਿੱਬਤ ਸਥਿਤ ਕੈਲਾਸ਼ ਮਾਨਸਰੋਵਰ ਦੀ ਯਾਤਰਾ ਤੋਂ ਵਾਪਸ ਆਉਂਦੇ ਸਮੇਂ 1,430 ਭਾਰਤੀ ਤੀਰਥਯਾਤਰੀਆਂ ਨੂੰ ਹੈਲੀਕਾਪਟਰ ਰਾਹੀਂ ਸੁਰੱਖਿਅਤ ਕੱਢ ਲਿਆ ਗਿਆ। ਭਾਰਤੀ ਦੂਤਾਵਾਸ ਨੇ ਜਾਣਕਾਰੀ ਦਿੱਤੀ। ਨੇਪਾਲ ਦੇ ਪਹਾੜੀ ਖੇਤਰ ਤੋਂ 160 ਲੋਕਾਂ ਦੇ ਆਖਰੀ ਸਮੂਹ ਨੂੰ ਸੁਰੱਖਿਅਤ ਕੱਢੇ ਜਾਣ ਨਾਲ ਹੀ ਫਸੇ ਹੋਏ ਸਾਰੇ ਯਾਤਰੀ ਹੁਣ ਸੁਰੱਖਿਅਤ ਕੱਢ ਲਏ ਗਏ ਹਨ। ਹਿਲਸਾ ਅਤੇ ਸਿਮੀਕੋਟ ਜ਼ਿਲਿਆਂ ਤੋਂ ਬਚਾਏ ਗਏ ਲੋਕਾਂ ਨੂੰ ਨੇਪਾਲਗੰਜ ਅਤੇ ਸੁਰਖੇਤ ‘ਚ ਲੈ ਜਾਇਆ ਗਿਆ ਹੈ। ਇਹ ਦੋਵੇਂ ਨਗਰ ਭਾਰਤੀ ਸੀਮਾ ਦੇ ਨੇੜੇ ਹਨ ਅਤੇ ਦੋਵਾਂ ਸਥਾਨਾਂ ‘ਤੇ ਵਧੀਆ ਵਿਵਸਥਾ ਦੇਖਭਾਲ ਅਤੇ ਸੁਵਿਧਾਵਾਂ ਦਿੱਤੀਆਂ ਗਈਆਂ ਹਨ।
ਭਾਰਤੀ ਮਿਸ਼ਨ ਨੇ ਟਵੀਟ ਕੀਤਾ ਕਿ ਸਿਮੀਕੋਟ ਅਤੇ ਹਿਲਸਾ ਤੋਂ ਅੱਜ 160 ਤੀਰਥਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢੇ ਜਾਣ ਨਾਲ ਹੀ ਬਚਾਇਆ ਗਿਆ ਹੈ। ਦੂਤਾਵਾਸ ਦੀ ਟੀਮ ਲਗਾਤਾਰ ਸਥਿਤੀ ਦੀ ਨਿਗਰਾਨੀ ਲਈ ਮੌਜੂਦ ਹੈ। ਭਾਰਤੀ ਦੂਤਾਵਾਸ ਨੇ ਕਿਹਾ ਕਿ ਅੱਜ ਤੱਕ ਸਿਮੀਕੋਟ/ ਹਿਲਸਾ ਤੋਂ 1,430 ਤੀਰਥਯਾਤਰੀਆਂ ਨੂੰ ਹੈਲੀਕਾਪਟਰ ਤੋਂ ਨੇਪਾਲਗੰਜ/ਸੁਰਖੇਤ ਲੈ ਜਾਇਆ ਗਿਆ। ਤੀਰਥਯਾਤਰੀ ਪਿਛਲੇ 5-6 ਦਿਨ ਤੋਂ ਪੱਛਮੀ ਨੇਪਾਲ ‘ਚ ਫਸੇ ਹੋਏ ਸਨ।
ਇਸ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਦੂਤਾਵਾਸ ਨੇ ਸੂਚਨਾ ਮਿਲਦੇ ਹੀ ਫਸੇ ਲੋਕਾਂ ਨੂੰ ਕੱਢੇ ਜਾਣ ਦੀ ਮੁਹਿੰਮ ਸ਼ੁਰੂ ਕੀਤੀ ਅਤੇ ਜ਼ਰੂਰੀ ਦਵਾਈਆਂ ਅਤੇ ਹੋਰ ਜ਼ਰੂਰੀ ਸਮੱਗਰੀ ਉਪਲੱਬਧ ਕਰਵਾਈ। ਦੂਤਾਵਾਸ ਦੇ ਅਧਿਕਾਰੀ ਰੋਸ਼ਨ ਲੇਪਚਾ ਨੇ ਕਿਹਾ ਕਿ ਸਾਰੇ ਫਸੇ ਲੋਕਾਂ ਨੂੰ ਹਿਲਸਾ ਅਤੇ ਸਿਮੀਕੋਟ ਤੋਂ ਹੈਲੀਕਾਪਟਰ ਰਾਹੀਂ ਕੱਢ ਲਿਆ ਹੈ ਅਤੇ ਉਨ੍ਹਾਂ ਨੂੰ ਸੁਰਖੇਤ ਅਤੇ ਨੇਪਾਲਗੰਜ ਲੈ ਜਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਬਚਾਅ ਮੁਹਿੰਮ ਅਤੇ ਪੀੜਤਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਸੰਪਰਕ ਸਥਾਪਿਤ ਕਰਨ ਲਈ ਮੌਕੇ ‘ਤੇ ਦੂਤਾਵਾਸ ਦੇ ਦੋ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਦੂਤਾਵਾਸ ਨੇ ਰਾਹਤ ਕਰਮਚਾਰੀਆਂ ਲਈ ਸਥਾਨਕ ਟੂਰ ਆਪਰੇਟਰਾਂ ਅਤੇ ਸੁਰੱਖਿਆ ਕਰਮਚਾਰੀਆਂ ਨਾਲ ਤਾਲਮੇਲ ਕੀਤਾ। ਚੀਨ ਦੇ ਅਧੀਨ ਤਿੱਬਤ ਖੇਤਰ ‘ਚ ਕੈਲਾਸ਼ ਮਾਨਸਰੋਵਰ ਹਿੰਦੂਆਂ, ਬੋਧੀਆਂ ਅਤੇ ਜੈਨਾਂ ਲਈ ਪਵਿੱਤਰ ਤੀਰਥ ਸਥਾਨ ਹਨ ਅਤੇ ਹਰ ਸਾਲ ਹਜ਼ਾਰਾਂ ਭਾਰਤੀ ਅਸਥਿਰ ਮੌਸਮ ਹਾਲਾਤਾਂ ‘ਚ ਇਸ ਯਾਤਰਾ ‘ਤੇ ਜਾਂਦੇ ਹਨ।