ਲਾਹੌਰ — ਪਾਕਿਸਤਾਨ ਵਿਚ 25 ਜੁਲਾਈ ਨੂੰ ਆਮ ਚੋਣਾਂ ਹੋਣੀਆਂ ਹਨ। ਇਨ੍ਹਾਂ ਚੋਣਾਂ ਵਿਚ ਅੱਤਵਾਦੀ ਸੰਗਠਨ ਲਸ਼ਕਰ-ਏ-ਤੈਅਬਾ ਦਾ ਬਾਨੀ ਹਾਫਿਜ਼ ਸਈਦ ਵੀ ਹਿੱਸਾ ਲੈ ਰਿਹਾ ਹੈ। ਅੱਜ-ਕਲ੍ਹ ਹਾਫਿਜ਼ ਸਈਦ ਚੋਣ ਪ੍ਰਚਾਰ ਮੁਹਿੰਮ ਵਿਚ ਜੁਟਿਆ ਹੋਇਆ ਹੈ। ਇਸ ਦੌਰਾਨ ਉਹ ਖੁੱਲ੍ਹੇਆਮ ਕਸ਼ਮੀਰ ਵਿਚ ਹਿੰਸਾ ਫੈਲਾਉਣ ਲਈ ਆਪਣੇ ਸਮਰਥਕਾਂ ਨੂੰ ਭੜਕਾ ਰਿਹਾ ਹੈ।
ਲਾਹੌਰ ਦੇ ਗੱਦਾਫੀ ਸਟੇਡੀਅਮ ਵਿਚ ਆਪਣੇ ਸਮਰਥਕਾਂ ਨੂੰ ਸੰਬੋਧਿਤ ਕਰਦਿਆਂ ਹਾਫਿਜ਼ ਨੇ ਕਿਹਾ,”ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਅੱਲਾਹ ਦੀ ਮਰਜ਼ੀ ਨਾਲ ਕਸ਼ਮੀਰ ਇਕ ਆਜ਼ਾਦ ਸੂਬਾ ਹੋਵੇਗਾ। ਕਸ਼ਮੀਰ ਵਿਚ ਬਹੁਤ ਜ਼ਿਆਦਾ ਕਤਲੇਆਮ ਹੋ ਰਿਹਾ ਹੈ ਅਤੇ ਅੱਲਾਹ ਇਸ ਨੂੰ ਦੇਖ ਰਿਹਾ ਹੈ। ਉਹ ਆਪਣਾ ਫੈਸਲਾ ਸੁਣਾਏਗਾ ਕਿਉਂਕਿ ਸਾਰੇ ਫੈਸਲੇ ਜੰਨਤ ਵਿਚ ਹੁੰਦੇ ਹਨ, ਵਾਸ਼ਿੰਗਟਨ ਵਿਚ ਨਹੀਂ। ਜੰਨਤ ਵਿਚ ਹੋਣ ਵਾਲੇ ਫੈਸਲੇ ਨਾਲ ਕਸ਼ਮੀਰ ਆਜ਼ਾਦ ਹੋ ਜਾਵੇਗਾ।” ਜ਼ਿਕਰਯੋਗ ਹੈ ਕਿ ਕਸ਼ਮੀਰ ਘਾਟੀ ਵਿਚ ਜ਼ਿਆਦਾਤਰ ਹਮਲਿਆਂ ਪਿੱਛੇ ਲਸ਼ਕਰ-ਏ-ਤੈਅਬਾ ਦਾ ਹੱਥ ਹੈ। ਇੰਨਾ ਹੀ ਨਹੀਂ ਇਹ ਸੰਗਠਨ ਸਥਾਨਕ ਨੌਜਵਾਨਾਂ ਨੂੰ ਸੁਰੱਖਿਆ ਬਲਾਂ ‘ਤੇ ਪੱਥਰਬਾਜ਼ੀ ਲਈ ਭੜਕਾਉਂਦਾ ਹੈ। ਹਾਫਿਜ਼ ਨੇ ਕਿਹਾ,”ਮੈਨੂੰ ਯਾਦ ਹੈ ਕਿ ਜਿਨ੍ਹਾਂ ਨੇ ਆਪਣੀ ਜਾਨ ਗਵਾਈ ਅਤੇ ਜਿਨ੍ਹਾਂ ਨੇ ਭਾਰਤੀ ਫੌਜ ਦੀ ਬੁਲੇਟ ਵਿਰੁੱਧ ਪੱਥਰ ਵਰਤੇ। ਅੱਲਾਹ ਦੇਖ ਰਿਹਾ ਹੈ। ਇੱਥੋਂ ਤੱਕ ਕਿ ਜਦੋਂ ਉਹ ਮਰ ਜਾਂਦੇ ਹਨ ਤਾਂ ਵੀ ਪਾਕਿਸਤਾਨ ਅਤੇ ਕਸ਼ਮੀਰ ਦੀ ਏਕਤਾ ਦੀ ਗੱਲ ਕਰਦੇ ਹਨ। ਇਹ ਕਸ਼ਮੀਰ ਦਾ ਨਵਾਂ ਯੁੱਗ ਹੈ ਅਤੇ ਇਸ ਨੂੰ ਭਾਰਤੀ ਪ੍ਰਧਾਨ ਮੰਤਰੀ ਮੋਦੀ ਵੀ ਰੋਕ ਨਹੀਂ ਪਾਉਣਗੇ। ਕਿਉਂਕਿ ਹਰ ਫੈਸਲਾ ਜੰਨਤ ਵਿਚ ਹੁੰਦਾ ਹੈ।”
ਹਾਫਿਜ਼ ਨੇ ਅੱਗੇ ਕਿਹਾ,”ਅਸੀਂ ਪਾਕਿਸਤਾਨ ਨੂੰ ਅੱਲਾਹ ਦਾ ਇਕ ਸੁਤੰਤਰ ਰਾਜ ਬਨਾਉਣਾ ਚਾਹੁੰਦੇ ਹਾਂ ਅਤੇ ਆਪਣੇ ਸਾਰੇ ਮੁਸਲਮਾਨ ਭਰਾਵਾਂ ਦੀ ਰੱਖਿਆ ਕਰਨਾ ਚਾਹੁੰਦੇ ਹਾਂ। ਅਸੀਂ ਇਸ ਲਈ ਤਿਆਰੀ ਵੀ ਕਰ ਰਹੇ ਹਾਂ। ਪਾਕਿਸਤਾਨ ਦੁਨੀਆ ਦਾ ਇਕੋ ਇਕ ਪਰਮਾਣੂ ਭਰਪੂਰ ਦੇਸ਼ ਹੈ ਅਤੇ ਮੁਸਲਮਾਨ ਪੂਰੀ ਦੁਨੀਆ ਦੀ ਅਗਵਾਈ ਕਰਨ ਵਿਚ ਸਮਰੱਥ ਹਨ।” ਹਾਫਿਜ਼ ਨੇ ਅੱਗੇ ਕਿਹਾ,”ਪਾਕਿਸਤਾਨ ਵਿਚ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ। ਸੰਪਰਦਾਇਕਤਾ ਦਾ ਵੀ ਖਾਤਮਾ ਹੋਣਾ ਚਾਹੀਦਾ ਹੈ। ਸਾਨੂੰ ਯਕੀਨੀ ਕਰਨਾ ਚਾਹੀਦਾ ਹੈ ਕਿ ਸਾਡੇ ਪੈਗਬੰਰ ਨੇ ਜੋ ਮਿਸ਼ਨ ਦਿੱਤਾ ਹੈ ਉਸ ਨੂੰ ਅਸੀਂ ਦ੍ਰਿੜਤਾ ਨਾਲ ਪੂਰਾ ਕਰਾਂਗੇ।”
ਹਾਫਿਜ਼ ਫਿਲਹਾਲ ਹਰ ਉਸ ਕੋਸ਼ਿਸ਼ ਵਿਚ ਜੁਟਿਆ ਹੈ ਜਿਸ ਨਾਲ ਜਮਾਤ-ਉਦ-ਦਾਅਵਾ ਨੂੰ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿਚ ਜਗ੍ਹਾ ਮਿਲੇ। ਹਾਫਿਜ਼ ਦਾ ਬੇਟਾ ਅਤੇ ਜਵਾਈ ਵੀ ਚੋਣਾਂ ਵਿਚ ਖੜ੍ਹੇ ਹਨ।