ਨਵੀਂ ਦਿੱਲੀਂ 26 ਜੁਲਾਈ ਤੋਂ ਸ਼੍ਰੀਲੰਕਾ ਖਿਲਾਫ਼ ਸ਼ੁਰੂ ਹੋ ਰਹੇ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਲਈ ਬੀ. ਸੀ. ਸੀ. ਆਈ. ਨੇ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਲੰਬੇ ਸਮੇਂ ਤੋਂ ਟੈਸਟ ਟੀਮ ਤੋਂ ਬਾਹਰ ਚੱਲ ਰਹੇ ਓਪਨਰ ਬੱਲੇਬਾਜ਼ ਰੋਹਿਤ ਸ਼ਰਮਾ ਦੀ ਟੀਮ ‘ਚ ਵਾਪਸੀ ਹੋਈ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਦੇ ਉਭਰਦੇ ਹੋਏ ਆਲਰਾਊਂਡਰ ਨੂੰ ਵੀ ਟੀਮ ‘ਚ ਜਗ੍ਹਾ ਮਿਲੀ ਹੈ। ਸ਼੍ਰੀਲੰਕਾਈ ਦੌਰੇ ‘ਤੇ ਭਾਰਤੀ ਟੀਮ ਚਾਰ ਓਪਨਰ ਬੱਲੇਬਾਜ਼ ਦੇ ਨਾਲ ਜਾਵੇਗੀ ਜਿਸ ‘ਚ ਰੋਹਿਤ ਸ਼ਰਮਾ, ਲੋਕੇਸ਼ ਰਾਹੁਲ, ਮੁਪਲੀ ਵਿਜੇ, ਅਤੇ ਅਭਿਨਵ ਮੁਕੁੰਦ ਦਾ ਨਾਂ ਸ਼ਾਮਲ ਹੈ। ਰਾਹੁਲ ਸੱਟ ਤੋਂ ਬਾਅਦ ਟੀਮ ‘ਚ ਵਾਪਸੀ ਕਰ ਰਿਹਾ ਹੈ। ਮੱਧ ਕ੍ਰਮ ‘ਚ ਕਪਤਾਨ ਵਿਰਾਟ ਕੋਹਲੀ, ਅਜਿੰਕਯ ਰਹਾਨੇ, ਚੇਤੇਸ਼ਵਰ ਪੁਜਾਰਾ ਅਤੇ ਰਿਧੀਮਾਨ ਸਾਹਾ ਟੀਮ ਨੂੰ ਮਜਬੂਤੀ ਪ੍ਰਦਾਨ ਕਰਨਗੇ।
ਸਪਿਨਰ ਗੇਂਦਬਾਜ਼ਾਂ ‘ਚ ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ ਅਤੇ ਚਾਇਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦਾ ਨਾਂ ਸ਼ਾਮਲ ਹੈ ਜਦੋਂ ਕਿ ਤੇਜ਼ ਗੇਂਦਬਾਜ਼ਾਂ ‘ਚ ਭੁਵਨੇਸ਼ਵਰ ਕੁਮਾਰ, ਉਮੇਸ਼ ਯਾਦਵ, ਮੁਹੰਮਦ ਸ਼ਮੀ ਅਤੇ ਇਸ਼ਾਂਤ ਸ਼ਰਮਾ ਦਾ ਨਾਂ ਸ਼ਾਮਲ ਹੈ।
ਇਸ ਤੋਂ ਇਲਾਵਾ ਮੁਰਲੀ ਵਿਜੇ, ਕੇ. ਐਲ. ਰਾਹੁਲ, ਚੇਤੇਸ਼ਵਰ ਪੁਜਾਰਾ, ਅਜਿੰਕਯਾ ਰਹਾਨੇ (ਵਾਈਸ ਕਪਤਾਨ), ਰੋਹਿਤ ਸ਼ਰਮਾ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਰਿਧੀਮਾਨ ਸਾਹਾ (ਵਿਕਟ ਕੀਪਰ), ਇਸ਼ਾਂਤ ਸ਼ਰਮਾ, ਉਮੇਸ਼ ਯਾਦਵ, ਹਾਰਦਿਕ  ਪੰਡਯਾ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀ, ਕੁਲਦੀਪ ਯਾਦਵ, ਅਭਿਨਵ ਮੁਕੰਦ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।
ਸਿਕਸਰ ਕਿੰਗ ਯੁਵਰਾਜ ਸਿੰਘ ਤੋਂ 23 ਸਾਲ ਪਹਿਲਾਂ ਹੀ ਇਹ ਕਾਰਨਾਮਾ ਕਰ ਚੁੱਕੇ ਹਨ ਰਵੀ ਸ਼ਾਸਤਰੀ
ਨਵੀਂ ਦਿੱਲੀਂ ਕ੍ਰਿਕਟ ਦੀ ਦੁਨੀਆ ਵਿੱਚ ਉਂਝ ਤਾਂ ਕਈ ਸਿਕਸਰ ਕਿੰਗ ਆਏ। ਭਾਰਤ ਵੱਲੋਂ ਇਹ ਖਿਤਾਬ ਯੁਵਰਾਜ ਸਿੰਘ ਨੂੰ ਮਿਲਿਆ। ਯੁਵੀ ਨੇ 2007 ਵਿੱਚ ਟੀ-20 ਮੈਚ ਦੌਰਾਨ ਇੱਕ ਓਵਰ ਵਿੱਚ 6 ਛੱਕੇ ਜੜ ਕੇ ਸੁਰਖੀਆਂ ਵਿੱਚ ਸਨ। ਪਰ ਤੁਹਾਨੂੰ ਦੱਸ ਦਈਏ ਕਿ ਇੱਕ ਓਵਰ ਵਿੱਚ ਛੇ ਛੱਕੇ ਮਾਰਨ ਵਾਲੇ ਖਿਡਾਰੀਆਂ ਵਿੱਚ ਭਾਰਤ ਵੱਲੋਂ ਯੁਵਰਾਜ ਸਿੰਘ ਇੱਕੱਲੇ ਨਹੀਂ ਹਨ। ਯੁਵਰਾਜ ਸਿੰਘ ਤੋਂ ਪਹਿਲਾਂ ਇਹ ਕਾਰਨਾਮਾ ਭਾਰਤੀ ਟੀਮ ਦੇ ਨਵੇਂ ਹੈੱਡ ਕੋਚ ਰਵੀ ਸ਼ਾਸਤਰੀ ਵੀ ਕਰ ਚੁੱਕੇ ਹਨ। ਦਰਅਸਲ, ਵੈਸਟਇੰਡੀਜ਼ ਦੇ ਖਿਡਾਰੀ ਗੈਰੀ ਸੋਬਰਸ ਦੇ ਬਾਅਦ ਰਵੀ ਸ਼ਾਸਤਰੀ ਹੀ ਦੂਜੇ ਖਿਡਾਰੀ ਸਨ, ਜਿਨ੍ਹਾਂ ਨੇ ਇੱਕ ਓਵਰ ਵਿੱਚ ਛੇ ਛੱਕੇ ਮਾਰਨ ਦਾ ਕਾਰਨਾਮਾ ਕੀਤਾ ਸੀ।
ਗੈਰੀ ਸੋਬਰਸ ਦੇ ਇਸ ਰਿਕਾਰਡ ਦਾ ਮੁਕਾਬਲਾ ਕਰਨ ਵਿੱਚ ਕਿਸੇ ਖਿਡਾਰੀ ਨੂੰ 16 ਸਾਲ ਲੱਗ ਗਏ ਸਨ ਅਤੇ ਇਹ ਖਿਡਾਰੀ ਸਨ ਭਾਰਤ ਦੇ ਰਵੀ ਸ਼ਾਸਤਰੀ। ਰਣਜੀ ਟਰਾਫ਼ੀ ਦੇ ਇੱਕ ਮੈਚ ਦੌਰਾਨ ਰਵੀ ਸ਼ਾਸਤਰੀ ਨੇ ਇੱਕ ਓਵਰ ਵਿੱਚ ਛੇ ਛੱਕੇ ਮਾਰੇ ਸਨ। 1984 ਵਿੱਚ ਹੋਏ ਇਸ ਮੈਚ ਵਿੱਚ ਰਵੀ ਸ਼ਾਸਤਰੀ ਨੇ ਤਿਲਕ ਰਾਜ ਦੇ ਇੱਕ ਓਵਰ ਵਿੱਚ ਛੇ ਛੱਕੇ ਮਾਰੇ ਸਨ। ਉਸੀ ਮੈਚ ਵਿੱਚ ਰਵੀ ਸ਼ਾਸਤਰੀ ਨੇ ਪਹਿਲੀ ਦੇ ਸ਼੍ਰੇਣੀ ਮੈਚ ਵਿੱਚ ਸਭ ਤੋਂ ਤੇਜ਼ ਦੋਹਰਾ ਸੈਂਕੜਾ ਬਣਾਉਣ ਦਾ ਵੀ ਰਿਕਾਰਡ ਬਣਾਇਆ ਸੀ। ਰਵੀ ਸ਼ਾਸਤਰੀ ਦੇ ਬਾਅਦ ਇਹ ਕਾਰਨਾਮਾ 2007 ਵਿੱਚ ਹਰਸ਼ੇਲ ਗਿਬਸ ਅਤੇ ਯੁਵਰਾਜ ਸਿੰਘ ਨੇ ਵੀ ਕਰਕੇ ਵਿਖਾਇਆ ਸੀ। ਦੱਖਣ ਅਫ਼ਰੀਕਾ ਦੇ ਸਲਾਮੀ ਬੱਲੇਬਾਜ ਹਰਸ਼ੇਲ ਗਿਬਸ ਪਹਿਲੇ ਅਜਿਹੇ ਖਿਡਾਰੀ ਬਣੇ ਜਿਨ੍ਹਾਂ ਨੇ ਕੌਮਾਂਤਰੀ ਕ੍ਰਿਕਟ ਵਿੱਚ ਇੱਕ ਓਵਰ ਵਿੱਚ ਛੇ ਛੱਕੇ ਮਾਰਨ ਦਾ ਰਿਕਾਰਡ ਬਣਾਇਆ। ਸਾਲ 2007 ਦੇ ਵਿਸ਼ਵ ਕੱਪ (ਵਨਡੇ) ਦੌਰਾਨ ਗਿਬਸ ਨੇ ਨੀਦਰਲੈਂਡ ਖਿਲਾਫ਼ ਜਬਰਦਸਤ ਪਾਰੀ ਖੇਡੀ ਸੀ। ਗਿਬਸ ਨੇ ਨੀਦਰਲੈਂਡ ਦੇ ਡੈਨ ਵੈਨ ਬੰਜ ਦੇ ਇੱਕ ਓਵਰ ਵਿੱਚ ਛੇ ਛੱਕੇ ਮਾਰਕੇ ਨਵਾਂ ਰਿਕਾਰਡ ਬਣਾਇਆ।
ਗਿਬਸ ਦੇ ਬਾਅਦ ਉਸੇ ਸਾਲ ਯਾਨੀ 2007 ਵਿੱਚ ਵਰਲਡ ਟੀ-20 ਦਾ ਪਹਿਲੀ ਵਾਰ ਪ੍ਰਬੰਧ ਹੋਇਆ ਸੀ। ਇੰਗਲੈਂਡ ਖਿਲਾਫ਼ ਟੀ-20 ਕੌਮਾਂਤਰੀ ਮੈਚ ਵਿੱਚ ਯੁਵਰਾਜ ਨੇ ਵਧੀਆ ਬੱਲੇਬਾਜੀ ਕਰਦੇ ਹੋਏ ਇਹ ਕਾਰਨਾਮਾ ਕਰਕੇ ਵਿਖਾਇਆ। ਉਨ੍ਹਾਂ ਨੇ ਸਟੁਅਰਟ ਬਰਾਡ ਦੇ ਇੱਕ ਓਵਰ ਵਿੱਚ ਛੇ ਛੱਕੇ ਮਾਰੇ। ਕੌਮਾਂਤਰੀ ਕ੍ਰਿਕਟ ਵਿੱਚ ਇੱਕ ਓਵਰ ਵਿੱਚ ਛੇ ਛੱਕੇ ਮਾਰਨ ਵਾਲੇ ਉਹ ਦੂਜੇ ਖਿਡਾਰੀ ਬਣੇ।