ਨਵੀਂ ਦਿੱਲੀਂਰਵੀ ਸ਼ਾਸਤਰੀ ਨੇ ਭਾਰਤੀ ਪੁਰਸ਼ ਕ੍ਰਿਕਟ ਟੀਮ ਦੇ ਕੋਚ ਅਹੁਦੇ ਲਈ ਅੱਜ ਰਸਮੀ ਤੌਰ ‘ਤੇ ਅਰਜ਼ੀ ਦਿੱਤੀ, ਜਿਸ ਤੋਂ ਬਾਅਦ ਉਹ ਇਸ ਵੱਕਾਰੀ ਅਹੁਦੇ ਦੀ ਦੌੜ ‘ਚ ਸਭ ਤੋਂ ਅੱਗੇ ਨਿਕਲ ਗਿਆ।ਬੀ. ਸੀ. ਸੀ. ਆਈ. ਦੇ ਸੀਨੀਅਰ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਸ਼ਾਸਤਰੀ ਨੇ 9 ਜੁਲਾਈ ਦੀ ਸਮਾਂ-ਹੱਦ ਤੋਂ ਪਹਿਲਾਂ ਆਪਣੀ ਅਰਜ਼ੀ ਦੇ ਦਿੱਤੀ ਹੈ। ਸੌਰਭ ਗਾਂਗੁਲੀ, ਸਚਿਨ ਤੇਂਦੁਲਕਰ ਤੇ ਵੀ. ਵੀ. ਐੱਸ. ਲਕਸ਼ਮਣ ਦੀ ਕ੍ਰਿਕਟ ਸਲਾਹਕਾਰ ਕਮੇਟੀ ਸਮਾਂ-ਹੱਦ ਖਤਮ ਹੋਣ ਦੇ ਅਗਲੇ ਦਿਨ ਇੰਟਰਵਿਊ ਲਵੇਗੀ।ਵੈਸਟਇੰਡੀਜ਼ ਦੇ ਸਾਬਕਾ ਸਲਾਮੀ ਬੱਲੇਬਾਜ਼ ਫ਼ਿਲ ਸਿਮਨਸ ਨੇ ਵੀ ਇਸ ਅਹੁਦੇ ਲਈ ਅਰਜ਼ੀ ਦਿੱਤੀ ਹੈ। ਉਹ ਵੈਸਟਇੰਡੀਜ਼ ਨੂੰ ਕੋਚਿੰਗ ਦੇ ਚੁੱਕਾ ਹੈ, ਜਦਕਿ ਆਇਰਲੈਂਡ ਤੇ ਅਫ਼ਗਾਨਿਸਤਾਨ (ਸਲਾਹਕਾਰ) ਨਾਲ ਵੀ ਜੁੜੇ ਰਹੇ। ਅਧਿਕਾਰੀ ਨੇ ਦੱਸਿਆ ਕਿ ਹਾਂ ਰਵੀ ਨੇ ਅਰਜ਼ੀ ਦਿੱਤੀ ਹੈ ਤੇ ਫ਼ਿਲ ਸਿਮਨਸ ਨੇ ਵੀ। ਇਸ ਤੋਂ ਪਹਿਲਾਂ ਵਰਿੰਦਰ ਸਹਿਵਾਗ, ਟਾਮ ਮੂਡੀ, ਵੈਂਕਟੇਸ਼ ਪ੍ਰਸਾਦ, ਰਿਚਰਡ ਪਾਈਬਸ, ਡੋਡਾ ਗਣੇਸ਼ ਤੇ ਲਾਲਚੰਦ ਰਾਜਪੂਤ ਇਸ ਅਹੁਦੇ ਲਈ ਬੇਨਤੀ ਕਰ ਚੁੱਕੇ ਹਨ। ਅਗਸਤ  2014 ਤੋਂ ਜੂਨ 2016 ਤਕ ਭਾਰਤੀ ਟੀਮ ਦੇ ਡਾਇਰੈਕਟਰ ਰਹੇ ਸ਼ਾਸਤਰੀ ਦੇ ਕਪਤਾਨ ਵਿਰਾਟ ਕੋਹਲੀ ਸਮੇਤ ਹੋਰਨਾਂ ਖਿਡਾਰੀਆਂ ਨਾਲ ਚੰਗੇ ਸੰਬੰਧ ਹਨ।
ਵਕਤ ਦੇ ਯੌਰਕਰਾਂ ਅੱਗੇ ਲੜਖੜਾਈ ਬਮਰਾਹ ਦੇ ਦਾਦੇ ਦੀ ਪਾਰੀ
ਕਿੱਛਾ (ਉੱਤਰਾਖੰਡ) : ਇਹ ਯਕੀਨ ਕਰਨਾ ਮੁਸ਼ਕਿਲ ਹੈ ਕਿ ਭਾਰਤੀ ਕ੍ਰਿਕਟ ਟੀਮ ਦੇ ਗੇਂਦਬਾਜ਼ ਕਰੋੜਪਤੀ ਜਸਪ੍ਰੀਤ ਬਮਰਾਹ ਦਾ ਦਾਦਾ ਇੱਥੇ ਇੱਕ ਛੋਟੇ ਜਿਹੇ ਕਸਬੇ ‘ਚ ਕਿਰਾਏ ਦੇ ਟੁੱਟੇ ਜਿਹੇ ਮਕਾਨ ‘ਚ ਗ਼ਰੀਬੀ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ। ਕਿਸੇ ਸਮੇਂ ਅਹਿਮਦਾਬਾਦ ਦੇ ਵੱਡੇ ਕਰੋੜਪਤੀਆਂ ‘ਚ ਸ਼ੁਮਾਰ ਸੰਤੋਖ ਸਿੰਘ ਬਮਰਾਹ ਅੱਜ ਬੁਢਾਪੇ ‘ਚ ਆਪਣੇ ਪੋਲੀਓ ਪੀੜਤ ਛੋਟੇ ਪੁੱਤਰ ਜਸਵਿੰਦਰ ਸਿੰਘ ਬਮਰਾਹ ਨਾਲ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਇਸ ਛੋਟੇ ਜਿਹੇ ਕਸਬੇ ‘ਚ ਕਿਰਾਏ ਦੇ ਕਮਰੇ ‘ਚ ਰਹਿ ਰਿਹਾ ਹੈ ਅਤੇ ਟੈਂਪੂ ਚਲਾ ਕੇ ਆਪਣਾ ਤੇ ਆਪਣੇ ਪੁੱਤਰ ਦਾ ਗੁਜ਼ਾਰਾ ਕਰ ਰਿਹਾ ਹੈ।
ਕਿਸੇ ਸਮੇਂ ਗੁਜਰਾਤ ਦੇ ਅਹਿਮਦਾਬਾਦ ਦੀ ਬਟਵਾ ਇੰਡਸਟਰੀਅਲ ਸਟੇਟ ‘ਚ ਸੰਤੋਖ ਸਿੰਘ ਦਾ ਨਾਂ ਸੀ ਅਤੇ ਮਹਿੰਗੀਆਂ ਕਾਰਾਂ ਤੇ ਹਵਾਈ ਜਹਾਜ਼ਾਂ ‘ਚ ਸਫ਼ਰ ਕਰਦੇ ਸੀ। ਅਹਿਮਦਾਬਾਦ ‘ਚ ਉਸ ਦੀਆਂ ਤਿੰਨ ਫ਼ੈਕਟਰੀਆਂ ਜੇਕੇ ਇੰਡਸਟਰੀਜ਼, ਜੇਕੇ ਮਸ਼ੀਨਰੀ ਇੱਕੋਮੈਂਟ ਪ੍ਰਾਈਵੇਟ ਲਿਮਟਡ ਅਤੇ ਜੇਕੇ ਇੱਕੋਮੈਂਟ ਸੀ। ਇਸ ਤੋਂ ਇਲਾਵਾ ਉਸ ਦੀਆਂ ਦੋ ਸਿਸਟਰ ਕਨਸਰਨ ਗੁਰੂ ਨਾਨਕ ਇੰਜੀਨੀਅਰਿੰਗ ਵਰਕਸ ਅਤੇ ਅਜੀਤ ਫ਼ੈਬਰੀਕੇਟਰ ਵੀ ਸੀ। ਸਾਰਾ ਕਾਰੋਬਾਰ ਕ੍ਰਿਕਟਰ ਜਸਪ੍ਰੀਤ ਦਾ ਪਿਤਾ ਜਸਵੀਰ ਸਿੰਘ ਸਾਂਭਦਾ ਸੀ। ਸਾਲ 2001 ‘ਚ ਪੁੱਤਰ ਦੀ ਬਿਮਾਰੀ ਤੇ ਮੌਤ ਨਾਲ ਸੰਤੋਖ ਸਿੰਘ ਟੁੱਟ ਗਿਆ ਅਤੇ ਫ਼ੈਕਟਰੀਆਂ ਵੀ ਵਿੱਤੀ ਸੰਕਟ ‘ਚ ਘਿਰ ਗਈਆਂ। ਬੈਂਕਾਂ ਦਾ ਕਰਜ਼ਾ ਨਿਬੇੜਨ ਲਈ ਫ਼ੈਕਟਰੀਆਂ ਵੇਚਣੀਆਂ ਪਈਆਂ ਅਤੇ ਕਰੋੜਪਤੀ ਸੰਤੋਖ ਸਿੰਘ ਸੜਕਾਂ ‘ਤੇ ਆ ਗਿਆ।
ਜ਼ਿੰਦਗੀ ਦੀ ਆਖਰੀ ਪੜਾਅ ‘ਤੇ ਪੁੱਜੇ 84 ਸਾਲਾ ਸੰਤੋਖ ਸਿੰਘ ਨੂੰ ਆਪਣੀ ਜ਼ਿੰਦਗੀ ਤੋਂ ਕੋਈ ਸ਼ਿਕਾਇਤ ਨਹੀਂ ਹੈ ਤੇ ਉਹ ਇਸ ਨੂੰ ਕੁਦਰਤ ਦਾ ਭਾਣਾ ਮੰਨਦਾ ਹੈ। ਅੱਜ ਉਸ ਦਾ ਪੋਤਾ ਦੇਸ਼ ਦਾ ਵੱਡਾ ਕ੍ਰਿਕਟਰ ਬਣ ਗਿਆ ਹੈ ਅਤੇ ਜਦੋਂ ਉਹ ਜਸਪ੍ਰੀਤ ਨੂੰ ਟੀਮ ‘ਤੇ ਗੇਂਦਬਾਜ਼ੀ ਕਰਦਿਆਂ ਦੇਖਦਾ ਹੈ ਤਾਂ ਉਸ ‘ਚ ਜੋਸ਼ ਭਰ ਜਾਂਦਾ ਹੈ। ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਕਦੀ ਗੋਦੀ ‘ਚ ਖੇਡਦਾ ਉਸ ਦਾ ਪੋਤਾ ਅੱਜ ਦੇਸ਼ ਲਈ ਖੇਡ ਰਿਹਾ ਹੈ ਅਤੇ ਉਹ ਕ੍ਰਿਕਟ ਦਾ ਚਮਕਦਾ ਸਿਤਾਰਾ ਬਣ ਗਿਆ ਹੈ।
ਸੰਤੋਖ ਸਿੰਘ ਨੇ ਜਸਪ੍ਰੀਤ ਦੇ ਬਚਪਨ ਦੀ ਫ਼ੋਟੋ ਸੰਭਾਲ ਕੇ ਰੱਖੀ ਹੋਈ ਹੈ ਅਤੇ ਉਸ ਉਸ ਨੂੰ ਮਿਲਣਾ ਚਾਹੁੰਦੇ ਹਨ। ਸੰਤੋਖ ਸਿੰਘ ਨੇ ਕਿਹਾ ਕਿ ਜ਼ਿੰਦਗੀ ਦੇ ਆਖੜੀ ਪੜਾਅ ‘ਤੇ ਉਹ ਆਪਣੇ ਪੋਤੇ ਨੂੰ ਗਲ ਲਾ ਕੇ ਪਿਆਰ ਕਰਨਾ ਚਾਹੁੰਦੇ ਹਨ। ਜੇਕਰ ਇਹ ਸੱਚ ਹੋ ਗਿਆ ਤਾਂ ਇਹ ਉਸ ਦੀ ਜ਼ਿੰਦਗੀ ਦਾ ਸਭ ਤੋਂ ਬਿਹਤਰੀਨ ਪਲ ਹੋਵੇਗਾ।ਇਸੇ ਵਿੱਚਾਲੇ ਕ੍ਰਿਕਟਰ ਜਸਪ੍ਰੀਤ ਦੇ ਦਾਦਾ ਦੀ ਮਾਲੀ ਹਾਲਤ ਦੀ ਜਾਣਕਾਰੀ ਮਿਲਣ ਮਗਰੋਂ ਉੱਪ ਜ਼ਿਲ੍ਹਾ ਅਧਿਕਾਰੀ ਨਰੇਸ਼ ਦੁਰਗਾਪਾਲ ਨੇ ਉਨ੍ਹਾਂ ਨੂੰ ਆਪਣੇ ਦਫ਼ਤਰ ਬੁਲਾਇਆ ਤੇ ਵਿੱਤੀ ਮਦਦ ਦਾ ਭਰੋਸਾ ਦਿੱਤਾ। ਦੁਰਗਾਪਾਲ ਨੇ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਕਰਾਈ ਜਾ ਰਹੀ ਹੈ ਤੇ ਇਸ ਮਗਰੋਂ ਉਨ੍ਹਾਂ ਨੂੰ ਮਦਦ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਤੋਂ ਵੀ ਮਦਦ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।