ਜਲੰਧਰ — ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸੂਬੇ ‘ਚ ਪ੍ਰੋਫੈਸ਼ਨਲ ਟੈਕਸ ਆਦਿ ਲਗਾਉਣ ਦੇ ਐਲਾਨ ‘ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਭਾਜਪਾ ਨੇਤਾ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਹੁਣ ਕੋਈ ਨਵਾਂ ਟੈਕਸ ਲਗਾਉਣ ਦੀ ਨਾ ਸੋਚੇ। ਉਨ੍ਹਾਂ ਨੇ ਕਿਹਾ ਕਿ ਪੈਟਰੋਲ ਅਤੇ ਸ਼ਰਾਬ ਨੂੰ ਛੱਡ ਕੇ ਸਾਰੀਆਂ ਵਸਤੂਆਂ, ਭਾਵੇਂ ਉਨ੍ਹਾਂ ‘ਤੇ ਟੈਕਸ ਲੱਗਦਾ ਹੈ ਜਾਂ ਨਹੀਂ, ਜੀ. ਐੱਸ. ਟੀ. ਦੇ ਦਾਇਰੇ ‘ਚ ਆ ਚੁੱਕੀ ਹੈ। ਜੀ. ਐੱਸ. ਟੀ. ‘ਚ ਵਿਵਸਥਾ ਹੈ ਕਿ ਸੂਬਾ ਸਰਕਾਰਾਂ ਸਿਰਫ ਪੈਟਰੋਲ ਅਤੇ ਸ਼ਰਾਬ ‘ਤੇ ਲਗਾ ਸਕਦੀ ਹੈ, ਹੋਰ ਕਿਸੇ ਵਸਤੂ ‘ਤੇ ਵਾਧੂ ਟੈਕਸ ਲਗਾਉਣਾ ਜੀ. ਐੱਸ. ਟੀ. ਦੀ ਨਾ ਸਿਰਫ ਉਲੰਘਣਾ ਹੋਵੇਗੀ ਸਗੋਂ ਇਕ ਰਾਸ਼ਟਰ ਇਕ ਟੈਕਸ ਅਤੇ ਇਕ ਬਾਜ਼ਾਰ ਦੇ ਸਿਧਾਂਤ ਦੇ ਵੀ ਉਲਟ ਹੋਵੇਗਾ। ਇਸ ਲਈ ਨਿਯਮ ਮੁਤਾਬਕ ਪੰਜਾਬ ਸਰਕਾਰ ਪ੍ਰੋਫੈਸ਼ਲ ਟੈਕਸ, ਇੰਟਰਟੇਨਮੈਂਟ ਟੈਕਸ ਅਤੇ ਹੋਰ ਟੈਕਸ ਨਹੀਂ ਲਗਾ ਸਕਦੀ ਅਤੇ ਵਿੱਤੀ ਮੰਤਰੀ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹੀ ਕੋਈ ਕੋਸ਼ਿਸ਼ ਨਾ ਕਰਨ।