ਜਲੰਧਰ— ਕਸ਼ਮੀਰ ਵਿਚ ਅਮਰਨਾਥ ਯਾਤਰੀਆਂ ‘ਤੇ ਹੋਏ ਅੱਤਵਾਦੀਆਂ ਦੇ ਕਾਇਰਾਨਾ ਹਮਲੇ ਦੇ ਮਾਮਲੇ ਵਿਚ ਅਕਾਲੀ ਦਲ ਦੀ ਚੁੱਪ ‘ਤੇ ਕਾਂਗਰਸ ਨੇ ਸਵਾਲ ਚੁੱਕੇ ਹਨ। ਕਾਂਗਰਸ ਦੀ ਬੁਲਾਰਣ ਨਿਮੀਸ਼ਾ ਮਹਿਤਾ ਨੇ ਕਿਹਾ ਹੈ ਕਿ ਚੋਣਾਂ ਦੇ ਸਮੇਂ ਅਕਾਲੀ ਦਲ ਸੈਕੁਲਰ ਹੋਣ ਦਾ ਡਰਾਮਾ ਕਰਦਾ ਹੈ ਪਰ ਜਦੋਂ ਵੀ ਹਿੰਦੂ ਸ਼ਰਧਾਲੂਆਂ ‘ਤੇ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਅਕਾਲੀ ਦਲ ਦੀ ਜ਼ੁਬਾਨ ਬੰਦ ਹੋ ਜਾਂਦੀ ਹੈ। ਸਾਲ 2013 ਦੌਰਾਨ ਆਈ ਹਿਮਾਲਿਆ ਸੁਨਾਮੀ ਦੌਰਾਨ ਵੀ ਪੰਜਾਬ ਸਰਕਾਰ ਨੇ ਉੱਤਰਾਖੰਡ ਵਿਚ ਪੰਜਾਬ ਦੇ ਸ਼ਰਧਾਲੂਆਂ ਦੀ ਖੈਰ-ਖਬਰ ਲੈਣ ਲਈ ਕੋਈ ਬੱਸ ਨਹੀਂ ਭੇਜੀ ਸੀ ਅਤੇ ਹੁਣ ਵੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਕੇਂਦਰ ਵਿਚ ਮੰਤਰੀ ਉਨ੍ਹਾਂ ਦੀ ਪਤਨੀ ਹਰਸਿਮਰਤ ਬਾਦਲ ਨੇ ਹਿੰਦੂ ਸ਼ਰਧਾਲੂਆਂ ਦੀ ਮੌਤ ‘ਤੇ ਇਕ ਸ਼ਬਦ ਨਹੀਂ ਬੋਲਿਆ। ਨਿਮੀਸ਼ਾ ਨੇ ਇਸ ਮਾਮਲੇ ‘ਤੇ ਜੰਮੂ-ਕਸ਼ਮੀਰ ਦੀ ਬੀ. ਜੇ. ਪੀ.-ਪੀ. ਡੀ. ਪੀ. ਸਰਕਾਰ ਨੂੰ ਵੀ ਕਟਹਿਰੇ ਵਿਚ ਖੜ੍ਹਾ ਕੀਤਾ ਅਤੇ ਕਿਹਾ ਕਿ ਜੇਕਰ ਸਰਕਾਰ ਨੇ ਕਾਇਦੇ ਨਾਲ ਸੁਰੱਖਿਆ ਪ੍ਰਬੰਧ ਕੀਤੇ ਹੁੰਦੇ ਤਾਂ ਸ਼ਰਧਾਲੂਆਂ ਦੀ ਜਾਨ ਬਚਾਈ ਜਾ ਸਕਦੀ ਸੀ।
ਐੱਚ. ਐੱਸ. ਫੂਲਕਾ ਵਲੋਂ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਦਿੱਤੇ ਗਏ ਅਸਤੀਫੇ ‘ਤੇ ਬੋਲਦਿਆਂ ਨਿਮੀਸ਼ਾ ਨੇ ਕਿਹਾ ਕਿ ਫੂਲਕਾ 84 ਦੇ ਦੰਗਾ ਪੀੜਤਾਂ ਦੇ ਕੇਸ ਲੜਨ ਨੂੰ ਸਿਰਫ ਆਧਾਰ ਹੀ ਬਣਾ ਰਹੇ ਹਨ, ਜਦਕਿ ਅਸਲੀਅਤ ਇਹ ਹੈ ਕਿ ਉਹ ਵਕਾਲਤ ਤੋਂ ਮੋਟੀ ਕਮਾਈ ਕਰ ਰਹੇ ਹਨ ਅਤੇ ਪੰਜਾਬ ਵਿਚ ਵਿਰੋਧੀ ਧਿਰ ਦੇ ਨੇਤਾ ਰਹਿੰਦੇ ਹੋਏ ਇਹ ਕਮਾਈ ਹੱਥੋਂ ਨਿਕਲੀ ਜਾ ਰਹੀ ਸੀ। ਐੱਚ. ਐੱਸ. ਫੂਲਕਾ ਕਹਿਣ ਨੂੰ ਹੀ ਆਮ ਆਦਮੀ ਹਨ। ਮੈਂ ਖੁਦ ਉਨ੍ਹਾਂ ਨੂੰ ਦਿੱਲੀ ਵਿਚ ਕਈ ਵਾਰ 7 ਸਟਾਰ ਹੋਟਲ ਵਿਚ ਦੇਖਿਆ ਹੈ। ਇਹ ਦਿੱਲੀ ਵਿਚ ਐਸ਼ੋ-ਆਰਾਮ ਦੀ ਜ਼ਿੰਦਗੀ ਜਿਊਂਦੇ ਹਨ ਅਤੇ ਪੰਜਾਬ ਵਿਚ ਆ ਕੇ ਸਾਈਕਲ ਚਲਾਉਣ ਦਾ ਡਰਾਮਾ ਕਰਦੇ ਹਨ।
ਨਿਗਮ ਚੋਣਾਂ ਵਿਚ ਦੇਰੀ ‘ਤੇ ਨਿਮੀਸ਼ਾ ਨੇ ਕਿਹਾ ਕਿ ਕਾਂਗਰਸ ਕਿਸੇ ਵੀ ਸਮੇਂ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਵਿਰੋਧੀ ਧਿਰ ਇਨ੍ਹਾਂ ਚੋਣਾਂ ਵਿਚ ਵੀ ਮੂਧੇ-ਮੂੰਹ ਡਿੱਗੇਗੀ ਕਿਉਂਕਿ ਪਿਛਲੇ 10 ਸਾਲਾਂ ਵਿਚ ਲੋਕ ਵਿਰੋਧੀ ਧਿਰ ਦੀ ਅਸਲੀਅਤ ਜਾਣ ਚੁੱਕੀ ਹੈ ਅਤੇ ਅਕਾਲੀ ਦਲ ਤੇ ਭਾਜਪਾ ਨੂੰ ਨਿਗਮ ਚੋਣਾਂ ਵਿਚ ਵਿਧਾਨ ਸਭਾ ਚੋਣਾਂ ਤੋਂ ਵੀ ਵੱਡੀ ਹਾਰ ਦੇਖਣੀ ਪਵੇਗੀ।
ਐੱਸ. ਵਾਈ. ਐੱਲ. ਦੇ ਮਾਮਲੇ ‘ਤੇ ਬੋਲਦਿਆਂ ਨਿਮੀਸ਼ਾ ਨੇ ਕਿਹਾ ਕਿ ਇਸ ਮਾਮਲੇ ‘ਚ ਮੁੱਖ ਮੰਤਰੀ ਦਫਤਰ ਪ੍ਰਧਾਨ ਮੰਤਰੀ ਨਾਲ  ਗੱਲਬਾਤ ਕਰਕੇ ਮਸਲੇ ਦਾ ਹੱਲ ਕਰਨ ਵਿਚ ਲੱਗਾ ਹੈ। ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦੇ ਹੋਏ ਵਿਧਾਨ ਸਭਾ ਵਿਚ ਇਸ ਮਾਮਲੇ ‘ਤੇ ਦੋ-ਟੁੱਕ ਸਟੈਂਡ ਲਿਆ ਸੀ ਅਤੇ ਹੁਣ ਵੀ ਪੰਜਾਬ ਦਾ ਪਾਣੀ ਕਿਸੇ ਹੋਰ ਸੂਬੇ ਨੂੰ ਨਹੀਂ ਜਾਣ ਦਿੱਤਾ ਜਾਵੇਗਾ।