ਜਿਉਂ ਹੀ ਸ਼ੀਹਣਾ ਮਰਾਸੀ ਸਾਇਕਲ ਦੇ ਦੋਵੇਂ ਪਾਸੀਂ ਖਾਰੀਆਂ ਬੰਨ੍ਹ ਕੇ ਪਿਛਲੀ ਵੱਡੀ ਕਾਠੀ ਉੱਪਰ ਲੱਕੜ ਦੀ ਪੇਟੀ ਬੰਨ੍ਹ ਕੇ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਨਾਲ ਭਰ ਕੇ ਆਲੂ ਲਓ, ਗੰਢੇ ਲਓ, ਕੱਦੂ ਲਓ, ਭਿੰਡੀ ਲਓ, ਤੋਰੀਆਂ ਲਓ ਦਾ ਹੋਕਾ ਦਿੰਦਾ ਹੋਇਆ ਸੱਥ ਕੋਲ ਦੀ ਲੰਘਿਆ ਤਾਂ ਬਾਬੇ ਅਰਜਨ ਸਿਉਂ ਨੇ ਸੀਤੇ ਮਰਾਸੀ ਨੂੰ ਹੈਰਾਨੀ ਨਾਲ ਪੁੱਛਿਆ, ”ਕਿਉਂ ਬਈ ਸੀਤਾ ਸਿਆਂ! ਆਹ ਤੇਰਾ ਤਾਊ ਹਰਦੁਆਰ ਜਾ ਕੇ ਫੁੱਲ ਪਾਉਣ ਦਾ ਕੰਮ ਛੱਡ ਕੇ ਹੁਣ ਸਬਜ਼ੀਆਂ ਵੇਚਣ ਲੱਗ ਪਿਆ ਕੁ ਕਿਸੇ ਦੀ ਥਾਂ ‘ਤੇ ਵੇਚਦੈ। ਇਹਨੇ ਤਾਂ ਸਾਰੀ ਉਮਰ ਨ੍ਹੀ ਸ਼ੈਂਕਲ ਚਲਾਇਆ, ਹੁਣ ਪਿੰਡ ‘ਚ ਇਉਂ ਰੋਹੜੀ ਫ਼ਿਰਦੈ ਜਿਮੇਂ ਮਿੱਠੂ ਕੁਆੜੀਆਂ ਕੁਆੜ ‘ਕੱਠਾ ਕਰਦਾ ਫ਼ਿਰਦਾ ਹੁੰਦੈ?”
ਨਾਥਾ ਅਮਲੀ ਬਾਬੇ ਅਰਜਨ ਸਿਉਂ ਦਾ ਸਵਾਲ ਸੁਣ ਕੇ ਬਾਬੇ ਨੂੰ ਟਿੱਚਰ ‘ਚ ਕਹਿੰਦਾ, ”ਇਹਨੂੰ ਮਰਾਸੀ ਨੂੰ ਕੀ ਪੁੱਛਦੈਂ ਬਾਬਾ, ਇਹ ਕਦੋਂ ਦੱਸਦੈ ਆਵਦਿਆਂ ਦੇ ਲੱਛਣ। ਮੈਨੂੰ ਪੁੱਛ ਤੂੰ ਮੈਂ ਦੱਸਦਾਂ ਤੈਨੂੰ। ਸਿਆਣਿਆਂ ਦੀ ਕਹਾਵਤ ਐ, ਅਕੇ ਮਾੜੀ ਸੋਚ ਤੇ ਪੈਰ ਨੂੰ ਆਈ ਮੋਚ ਬੰਦੇ ਨੂੰ ਤੁਰਨ ਨ੍ਹੀ ਦਿੰਦੀ। ਉਹੀ ਗੱਲ ਸ਼ੀਹਣੇ ਮਰਾਸੀ ਦੀ ਐ। ਪਹਿਲੀ ਗੱਲ ਤਾਂ ਬਾਬਾ ਇਹ ਐ ਬਈ ਇਹ ਸ਼ੀਹਣਾ ਕੋਈ ਸਤੀਲਦਾਰ ਦੀ ਨੌਕਰੀ ‘ਤੇ ਤਾਂ ਲੱਗਿਆ ਸੀ ਬਈ ਜੇ ਇੱਕ ਅਸਫ਼ਰ ਨਹੀਂ ਆਇਆ ਤਾਂ ਦੂਜੇ ਨੂੰ ਭੇਜ ‘ਤਾ ਸਰਕਾਰ ਨੇ ਉਹਦੀ ‘ਥਾਂ ‘ਤੇ। ਸਬਜੀਓ ਈ ਵੇਚਣੀ ਐ, ਭਾਮੇਂ ਤੂੰ ਵੇਚਣ ਲੱਗ ਜਾ। ਇਹਦਾ ਕਿਹੜਾ ਕੋਈ ਸਲੰਸ ਲੈਣਾ ਪੈਂਦਾ ਬਈ ਫੇ:ਰ ਸਬਜੀ ਵੇਚ ਸਕਦੈ। ਨਾਲੇ ਦੂਜੀ ਗੱਲ ਐ ਜਿਹੜਾ ਤੂੰ ਕਹਿਨੈ ਬਈ ਇਹਨੇ ਤਾਂ ਸਾਰੀ ਉਮਰ ਨ੍ਹੀ ਸੈਂਕਲ ਚਲਾਇਆ ਹੁਣ ਪਿੰਡ ‘ਚ ਮਿੱਠੂ ਕੁਆੜੀਏ ਆਂਗੂੰ ਰੋਹੜੀ ਫ਼ਿਰਦੈ। ਸ਼ੈਂਕਲ ‘ਤੇ ਤਾਂ ਹੁਣ ਮਨ੍ਹੀ ਚੜ੍ਹਦਾ ਇਹੇ। ਰੋਹੜੀਓ ਈ ਫ਼ਿਰਦੈ ਹੁਣ ਕਿਹੜਾ ਇਹ ਉਤਲੀ ਕਾਠੀ ‘ਤੇ ਬਹਿ ਗਿਆ।”
ਮਾਹਲਾ ਨੰਬਰਦਾਰ ਬਾਬੇ ਅਰਜਨ ਸਿਉਂ ਨੂੰ ਹੱਸ ਕੇ ਕਹਿੰਦਾ, ”ਮੈਨੂੰ ਤਾਂ ਲੱਗਦਾ ਅਰਜਨ ਸਿਆਂ ਹੁਣ ਇਹਦੀ ਉਮਰ ਹੋ ਗੀ ਵੱਡੀ, ਹੁਣ ਬਹੁਤੀ ਦੂਰ ਦਾ ਸਫ਼ਰ ਹੁੰਦਾ ਨ੍ਹੀ ਹੋਣਾ ਇਹਤੋਂ ਤਾਂ ਕਰ ਕੇ ਪਹਿਲਾਂ ਆਲਾ ਕੰਮ ਛੱਡ ‘ਤਾ ਹੋਣੈ, ਹੁਣ ਸਬਜੀ ਵੇਚਣ ਦਾ ਤੋਰ ਲਿਆ। ਨਾਲੇ ਰੋਟੀ ਤਾਂ ਖਾਣੀਉਂ ਈ ਐ। ਨੌ ਬਰ ਨੌ ਸਰੀਰ ਐ, ਤਾਹੀਂ ਤੁਰਿਆ ਫ਼ਿਰਦਾ। ਕਹਿੰਦਾ ਹੋਣਾ ਹੁਣ ਪਿੰਡ ਰਹਿ ਕੇ ਈ ਰੋਟੀ ਜੋਗਾ ਮਾੜਾ ਮੋਟਾ ਕੰਮ ਕਰ ਲਿਆਂ ਕਰਾਂਗੇ।”
ਨਾਥਾ ਅਮਲੀ ਫ਼ੇਰ ਬੋਲਿਆ ਟਿੱਚਰ ‘ਚ, ”ਫ਼ੇਰ ਤਾਂ ਨੰਬਰਦਾਰਾ ਆਪਣੇ ਪਿੰਡ ਆਲੇ ਬਿੱਕਰ ਗਲੋਲੇ ਕੇ ਛਕੜੇ ਜੇ ਟਰੱਕ ਆਲੀ ਗੱਲ ਐ।”
ਬਾਬੇ ਅਰਜਨ ਸਿਉਂ ਨੇ ਪੁੱਛਿਆ, ”ਬਿੱਕਰ ਗਲੋਲੇ ਕੇ ਟਰੱਕ ਆਲੀ ਕਿਮੇਂ ਅਮਲੀਆ?”
ਅਮਲੀ ਕਹਿੰਦਾ, ”ਬਿੱਕਰ ਗਲੋਲੇ ਕਿਆਂ ਕੋਲੇ ਜਿਹੜਾ ਰਿਜੜ ਜਾ ਟਰੱਕ ਐ, ਬਾਬੇ ਆਦਮ ਵੇਲੇ ਦਾ। ਲਿਆਂਦਾ ਸੀ ਉਨ੍ਹਾਂ ਦੇ ਨਮਾਂ ਨੁੱਕ। ਉਦੋਂ ਪਹਿਲਾਂ ਤਾਂ ਗੁਹਾਟੀ ਤੋਂ ਉਰ੍ਹੇ ਦੀ ਗੱਲ ਈ ਨ੍ਹੀ ਸੀ ਕਰਦੇ, ਹੁਣ ਜਦੋਂ ਥਾਂ ਥਾਂ ਜੰਗਾਲ ਨਾਲ ਗਲ ਕੇ ਮੋਰੀਆਂ ਹੋ ਗੀਆਂ ਤੇ ਬਾਡੀ ਜੀ ਇਉਂ ਹਿੱਲਣ ਲੱਗ ਪੀ ਜਿਮੇਂ ਨੱਥੂ ਬੁੜ੍ਹੇ ਨੂੰ ਹਿੱਲਣ ਜੀ ਦੀ ਬਮਾਰੀ ਲੱਗੀ ਵੀ ਐ, ਹੁਣ ਨੇੜੇ ਨੇੜੇ ਰਹਿ ਕੇ ਕਣਕ ਝੋਨੇ ਦਾ ਗੱਲਾ ਜਾ ਲਾ ਛੜਦਾ, ਆਥਣ ਨੂੰ ਵੱਗਾਂ ਵੇਲੇ ਨੂੰ ਘਰੇ। ਉਹੀ ਗੱਲ ਮੈਨੂੰ ਸ਼ੀਹਣੇ ਮਰਾਸੀ ਦੀ ਲੱਗਦੀ ਐ। ਜਦੋਂ ਤਾਂ ਸ਼ੀਹਣੇ ਦੇ ਨੈਣ ਪ੍ਰਾਣ ਬਿਜਲੀ ਦੇ ਢਾਈ ਸੌ ਆਲੇ ਲਾਟੂ ਆਂਗੂੰ ਜਗਦੇ ਸੀ, ਉਦੋਂ ਤਾਂ ਸ਼ੀਹਣੇ ਨੂੰ ਹਰਦੁਆਰ ਨਿਆਣੀਆਂ ਈ ਲੱਗਦਾ ਸੀ, ਹੁਣ ਜਦੋਂ ਸੱਠ ਵਿਆਂ ਨੂੰ ਟੱਪ ਗਿਆ, ਹੁਣ ਮਰਾਸੀ ਇਉਂ ਤੁਰਨ ਲੱਗ ਪਿਆ ਜਿਮੇਂ ਬਚਨਾ ਜੇਲ੍ਹਰ ਅਧਰੰਗ ਹੋਏ ਪਿੱਛੋਂ ਕੁਸ ਰਾਜੀ ਹੋ ਕੇ ਡਹਿਕ ਜੀ ਮਾਰ ਕੇ ਤੁਰਨ ਲੱਗ ਪਿਆ।”
ਬਾਬੇ ਅਰਜਨ ਸਿਉਂ ਨੇ ਸੀਤੇ ਮਰਾਸੀ ਨੂੰ ਫ਼ੇਰ ਪੁੱਛਿਆ, ”ਸੀਤਾ ਸਿਆਂ ਤੈਨੂੰ ਤਾਂ ਯਾਰ ਪਤਾ ਈ ਹੋਣੈ ਤੇਰੇ ਤਾਂ ਸਕਾ ਤਾਇਐ ਫ਼ਿਰ ਵੀ। ਬਈ ਹਰਦੁਆਰ ਜਾ ਕੇ ਫੁੱਲ ਪਾਉਣ ਆਲਾ ਕੰਮ ਸੱਚੀਉਂ ਈ ਛੱਡ ਗਿਆ ਕੁ ਕੋਈ ਹੋਰ ਗੱਲ ਐ?”
ਸੀਤਾ ਮਰਾਸੀ ਕਹਿੰਦਾ, ”ਸਾਡੇ ਨਾਲ ਤਾਂ ਬਾਬਾ ਬੋਲਦੇ ਨ੍ਹੀ। ਅਸੀਂ ਤਾਂ ਕਦੇ ਵਿਆਹ ਸ਼ਾਦੀ ਮਨ੍ਹੀ ਗਏ ਉਨ੍ਹਾਂ ਦੇ।”
ਸੀਤੇ ਮਰਾਸੀ ਤੋਂ ਪੁੱਛ ਦੱਸ ਹੁੰਦੀ ਸੁਣ ਕੇ ਨਾਥਾ ਅਮਲੀ ਬਾਬੇ ਨੂੰ ਉੱਖੜੀ ਕੁਹਾੜੀ ਆਂਗੂੰ ਭੱਜ ਕੇ ਪੈ ਗਿਆ, ”ਤੈਨੂੰ ਦੱਸੀ ਤਾਂ ਜਾਨਾਂ ਬਾਬਾ। ਬਈ ਮਰਾਸੀ ਕਦੇ ਦੂਜੇ ਮਰਾਸੀ ਦੀ ਗੱਲ ਨਾ ਕਰੂ। ਜੋਗੀ ਚੰਡੋਲ ‘ਤੇ ਨ੍ਹੀ ਚੜ੍ਹਦਾ, ਮਰਾਸੀ, ਮਰਾਸੀ ਦੀ ਗੱਲ ਨ੍ਹੀ ਕਰਦਾ। ਇਹਨੇ ਨ੍ਹੀ ਦੱਸਣਾ ਕੁਸ।”
ਬੁੱਘਰ ਦਖਾਣ ਕਹਿੰਦਾ, ”ਜੰਗੇ ਰਾਹੀ ਕਿਆ ਨੇ ਹਟਾਇਆ ਹਰਦੁਆਰ ਜਾਣੋ। ਉਨ੍ਹਾਂ ਨੇ ਪਾਏ ਐ ਸ਼ੀਹਣੇ ਮਰਾਸੀ ਦੀ ਬੇੜੀ ‘ਚ ਵੱਟੇ।”
ਬੁੱਘਰ ਦਖਾਣ ਦੀ ਗੱਲ ਸੁਣ ਕੇ ਨਾਥਾ ਅਮਲੀ ਬੁੱਘਰ ਦੀ ਹਾਮੀ ਭਰਦਾ ਬਾਬੇ ਅਰਜਨ ਸਿਉਂ ਨੂੰ ਕਹਿੰਦਾ, ”ਹਾਂ! ਇਹਨੂੰ ਪਤਾ ਸਾਰੀ ਗੱਲ ਦਾ ਬਾਬਾ ਬੁੱਘਰ ਸਿਉਂ ਨੂੰ।”
ਰਤਨ ਸਿਉਂ ਸੂਬੇਦਾਰ ਅਮਲੀ ਨੂੰ ਕਹਿੰਦਾ, ”ਤੂੰ ਦੱਸ ਅਮਲੀਆ ਕਿਮੇਂ ਐਂ ਗੱਲ। ਇਨ੍ਹਾਂ ਨੇ ਨ੍ਹੀ ਦੱਸਣੀ ਕਿਸੇ ਨੇ। ਨਾਲੇ ਤੇਰੇ ਮੂੰਹੋਂ ਤਾਂ ਸਿੱਧਮਾਂ ਆਲੇ ਕਵੀਸ਼ਰ ਸਤਿੰਦਰਪਾਲ ਆਂਗੂੰ ਗੱਲ ਫੱਬਦੀ ਵੀ ਬੜੀ ਐ।”
ਨਾਥਾ ਅਮਲੀ ਕਹਿੰਦਾ, ”ਲੈ ਫ਼ਿਰ ਸੁਣ ਲਾ ਫ਼ੌਜੀਆ। ਤੈਨੂੰ ਵੀ ਤਾਂ ਪਤਾ ਈ ਐ ਬਈ ਸ਼ੀਹਣੇ ਮਰਾਸੀ ਨੂੰ ਚਾਲੀ ਪੰਤਾਲੀ ਸਾਲ ਹੋ ਗੇ ਹਰਦੁਆਰ ਜਾ ਕੇ ਲੋਕਾਂ ਦੇ ਫੁੱਲ ਪਾਉਂਦੇ ਨੂੰ। ਹੁਣ ਜੰਗੇ ਰਾਹੀ ਕਿਆਂ ਤੋਂ ਸਾਰਾ ਕੰਮ ਵਿਗੜਿਆ। ਵੀਹ ਦਿਨ ਹੋ ਗੇ ਘੋਚੀ ਫ਼ਾਂਸੇ ਕੇ ਬੁੜ੍ਹੇ ਦੇ ਭੋਗ ਪਏ ਨੂੰ, ਹਜੇ ਫੁੱਲ ਨ੍ਹੀ ਪਾਉਣ ਗਿਆ ਕੋਈ। ਸ਼ੀਹਣਾ ਕੰਮ ਛੱਡ ਗਿਆ, ਹੋਰ ਕੋਈ ਜਾਂਦਾ ਨ੍ਹੀ, ਕਹਿੰਦੇ ਬਾਹਲ਼ੀ ਦੂਰ ਐ। ਸਾਰੇ ਪਿੰਡ ਦੇ ਫੌਤ ਹੋਇਆਂ ਦੇ ਫੁੱਲ ਸ਼ੀਹਣਾ ਈ ਪਾਉਣ ਜਾਂਦਾ ਸੀ ਹਰਦੁਆਰ।”
ਅਮਲੀ ਦੀ ਗੱਲ ਵਿੱਚੋਂ ਟੋਕ ਕੇ ਬੱਗੜ ਚੌਂਕੀਦਾਰ ਅਮਲੀ ਨੂੰ ਕਹਿੰਦਾ, ”ਅਮਲੀਆ! ਫੁੱਲ ਤਾਂ ਫੌ:ਤ ਹੋਇਆਂ ਦੇ ਈ ਪੈਂਦੇ ਹੁੰਦੇ ਐ ਕਿਤੇ ਜਿਉਂਦਿਆਂ ਦੇ ਤਾਂ ਨ੍ਹੀ ਪੈਂਦੇ।”
ਚੌਕੀਂਦਾਰ ਦੀ ਟਿੱਚਰ ਸੁਣ ਕੇ ਨਾਥਾ ਅਮਲੀ ਚੌਂਕੀਦਾਰ ‘ਤੇ ਲੋਹਾ ਲਾਖਾ ਹੋ ਗਿਆ, ”ਜੇ ਤਾਂ ਚੌਂਕੀਦਾਰਾ ਗੱਲ ਸੁਣਨੀ ਤਾਂ ਚੁੱਪ ਕਰ ਕੇ ਬੈਠਾ ਰਹਿ ਨਹੀਂ ਘਰ ਨੂੰ ਤੁਰਦਾ ਲੱਗ। ਵੱਡਾ ਆਇਆ ਇਹੇ ਲਦੇਣ। ਜਾਂ ਫ਼ਿਰ ਤੂੰ ਸਣਾ ਲਾ ਮੈਂ ਚੁੱਪ ਕਰ ਜਾਨਾਂ।”
ਅਮਲੀ ਨੂੰ ਹਰਖਿਆ ਵੇਖ ਕੇ ਬਾਬੇ ਅਰਜਨ ਸਿਉਂ ਨੇ ਚੌਂਕੀਦਾਰ ਨੂੰ ਘੂਰ ਨੇ ਚੁੱਪ ਕਰਾ ‘ਤੇ ਤੇ ਅਮਲੀ ਨੂੰ ਫ਼ੇਰ ਦਿੱਤੀ ਥਾਪੀ, ”ਇਹਨੂੰ ਕੀ ਆਖਣਾ ਨਾਥਾ ਸਿਆਂ, ਤੂੰ ਦੱਸ ਆਵਦੇ ਮੂੰਹੋਂ।”
ਅਮਲੀ ਫ਼ੇਰ ਹੋ ਗਿਆ ਗੱਲ ਸੁਣਾਉਣ ਨੂੰ ਪੰਜ ਪੌਣ ‘ਤੇ। ਸੂਤ ਹੋ ਕੇ ਬੈਠਦਾ ਬਾਬੇ ਅਰਜਨ ਸਿਉਂ ਦੇ ਗੋਡੇ ‘ਤੇ ਹੱਥ ਮਾਰ ਕੇ ਕਹਿੰਦਾ, ”ਸ਼ੀਹਣੇ ਆਲੀ ਗੱਲ ਬਾਬਾ ਇਉਂ ਐ ਬਈ ਹਰਦੁਆਰ ਐ ਆਪਣੇ ਪਿੰਡੋਂ ਪੂਰਾ ਸੌ ਕੋਹ। ਸ਼ੀਹਣਾ ਫੁੱਲ ਪਾਉਣ ਜਾਂਦਾ ਹੁੰਦਾ ਸੀ ਪੈਦਲ ਤੁਰ ਕੇ। ਸ਼ੀਹਣਾ ਕੀ ਕਰਦਾ ਸੀ! ਹਰਦੁਆਰਾ ਨੂੰ ਫੁੱਲ ਪਾਉਣ ਜਾਂਦਾ ਅਗਲਿਆਂ ਦੇ ਘਰੋਂ ਦੋ ਝੋਲਿਆਂ ‘ਚ ਦੋ ਸੌ ਰੋਟੀਆਂ ਬੰਨ੍ਹਾ ਲੈਂਦਾ ਸੀ। ਸੌ ਰੋਟੀਆਂ ਆਲਾ ਇੱਕ ਝੋਲਾ ਖੱਬੇ ਮੋਢੇ ‘ਚ ਪਾ ਲੈਂਦਾ ਸੀ ਤੇ ਦੂਜੀਆਂ ਸੌ ਆਲਾ ਸੱਜੇ ਮੋਢੇ ‘ਚ। ਜਦੋਂ ਫੁੱਲ ਪਾਉਣ ਘਰੋਂ ਤੁਰਦਾ ਸੀ ਤਾਂ ਇੱਕ ਕੋਹ ‘ਚ ਇੱਕ ਰੋਟੀ ਖਾ ਲੈਂਦਾ ਸੀ। ਹਰਦੁਆਰ ਤਕ ਸੌ ਕੋਹ ਵਾਟ ‘ਚ ਇੱਕ ਝੋਲੇ ਆਲੀਆਂ ਸੌ ਰੋਟੀਆਂ ਖਾ ਲੈਂਦਾ ਸੀ। ਜਦੋਂ ਓਧਰੋਂ ਮੁੜਦਾ ਸੀ, ਉਦੋਂ ਦੂਜੇ ਝੋਲੇ ਆਲੀਆਂ ਰੋਟੀਆਂ ਖਾਣੀਆਂ ਸ਼ੁਰੂ ਕਰ ਦਿੰਦਾ ਸੀ। ਪਿੰਡ ਤਕ ਤੁਰਿਆ ਆਉਂਦਾ ਉਹ ਵੀ ਸੌ ਦੀਆਂ ਸੌ ਰੋਟੀਆਂ ਖਾ ਲੈਂਦਾ ਸੀ। ਜਦੋਂ ਵੀ ਉਹਨੇ ਕਿਸੇ ਦੇ ਫੁੱਲ ਪਾਉਣ ਜਾਣਾ ਤਾਂ ਇਉਂ ਈ ਕਰਨਾ। ਹੁਣ ਜਿੱਦੇਂ ਇਹ ਗੱਲ ਬਿਗੜੀ ਐ, ਬਿਗੜੀ ਐ ਜੰਗੇ ਰਾਹੀ ਕੇ ਘਰੋਂ। ਇੱਕ ਤਾਂ ਜੰਗੇ ਰਾਹੀ ਕੇ ਆਪ ਬਾਹਲ਼ੇ ਕੰਜੂਸ ਐ। ਦੂਜੀ ਉਨ੍ਹਾਂ ਦੀ ਬੁੜ੍ਹੀ ਤਾਂ ਜੁਆਕਾਂ ਨੂੰ ਖਾਣ ਪੀਣ ਨੂੰ ਨ੍ਹੀ ਰੱਜਮਾਂ ਦਿੰਦੀ। ਆਖੂ ਐਮੇਂ ਨ੍ਹੀ ਬਹੁਤਾ ਖਾਈਦਾ ਹੁੰਦੈ। ਮਰਾਸੀ ਨੂੰ ਕਿੱਥੋਂ ਮਾਹਲ ਪੂੜੇ ਬੰਨ੍ਹ ਦਿੰਦੀ ਉਹ ਤਾਂ ਆਵਦੇ ਜੰਮੇ ਜਾਇਆਂ ਨੂੰ ਨ੍ਹੀ ਪੂਰਾ ਦਿੰਦੀ। ਜੰਗੇ ਰਾਹੀ ਕਾ ਮਰ ਗਿਆ ਵੱਡਾ ਬੁੜ੍ਹਾ। ਜੰਗੇ ਦੀ ਮਾਂ ਸਰਫ਼ਾ ਕਰਦੀ ਕੰਜੂਸਣੀ ਨੇ ਸੋਚਿਆ ਬਈ ਦੌ ਸੌ ਰੋਟੀ ਕਿਹੜਾ ਇਹਨੇ ਗਿਣਨੀਐਂ। ਰੋਟੀਆਂ ਘੱਟ ਬੰਨ੍ਹ ਦਿੰਨੀ ਆਂ। ਬੁੜ੍ਹੀ ਨੇ ਦੋਹਾਂ ਝੋਲ਼ਿਆਂ ‘ਚ ਨੱਬੇ ਨੱਬੇ ਰੋਟੀਆਂ ਬੰਨ੍ਹ ‘ਤੀਆਂ। ਸ਼ੀਹਣਾ ਪਾ ਕੇ ਮੋਢਿਆਂ ‘ਚ ਦੋਮੇਂ ਝੋਲੇ ਤੇ ਚੱਕ ਬੁੜ੍ਹੇ ਦੇ ਫੁੱਲ ਚੱਲ ਪਿਆ ਹਰਦੁਆਰ ਨੂੰ। ਨਾਲ ਦੀ ਨਾਲ ਈ ਰੋਟੀਆਂ ਖਾਣੀਆਂ ਸ਼ੁਰੂ ਕਰ ‘ਤੀਆ। ਨੱਬੇ ਕੋਹ ਤਕ ਜਾਂਦੇ ਦੀ ਰੋਟੀਆਂ ਮੁੱਕ ਗੀਆਂ। ਰੋਟੀਆਂ ਤਾਂ ਬਾਬਾ ਮੁੱਕਣੀਆਂ ਸੀ ਜਦੋਂ ਬੁੜ੍ਹੀ ਨੇ ਬੰਨ੍ਹੀਆਂ ਈ ਨੱਬੇ ਸੀ। ਸੀਹਣਾ ਤਾਂ ਭਾਈ ਫੁੱਲ ਪਾਉਣ ਗਿਆ ਨੱਬੇ ਕੋਹ ਤੋਂ ਮੁੜਿਆਇਆ। ਮੁੜਣ ਲੱਗੇ ਨੇ ਦੂਜੇ ਝੋਲੇ ਆਲੀਆਂ ਸ਼ੁਰੂ ਕਰ ‘ਤੀਆਂ। ਕੰਜਰ ਦੀ ਮੰਗ ਖਾਣੀ ਜਾਤ ਨੂੰ ਇਉਂ ਮਨ੍ਹਾਂ ਆਇਆ ਬਈ ਦਸ ਕੋਹ ਤਾਂ ਸਾਰਾ ਹਰਦੁਆਰ ਰਹਿ ਗਿਆ ਸੀ ਬਈ ਦੂਜੇ ਝੋਲ਼ੇ ਆਲੀਆਂ ਸ਼ਰੂ ਕਰ ਲਾਂ ਤੇ ਫੁੱਲ ਤਾਂ ਪਾ ਕੇ ਮੁੜਾਂ। ਪਤੰਦਰ ਨੱਬੇ ਕੋਹ ਤੋਂ ਫੁੱਲ ਮੋੜ ਲਿਆਇਆ। ਪਿੰਡ ਤਕ ਆਉਂਦੇ ਨੇ ਦੂਜੀਆਂ ਰੋਟੀਆਂ ਵੀ ਛੱਕ ਲੀਆਂ। ਉਹ ਵੀ ਪੂਰੀਆਂ ਨੱਬੇ ਈ ਨਿਕਲੀਆਂ। ਜਦੋਂ ਜੰਗੇ ਕੇ ਘਰੇ ਆ ਗਿਆ ਤਾਂ ਜੰਗੇ ਕੀ ਬੁੜ੍ਹੀ ਭੱਜੀ ਫ਼ਿਰੇ ਬਈ ਮੀਰ ਫੁੱਲ ਪਾ ਆਇਆ। ਮਰਾਸੀ ਨੇ ਤਾਂ ਆਉਂਦੇ ਨੇ ਬੁੜ੍ਹੀ ਆਲਾ ਵਾਜਾ ਖੜਕਾ ‘ਤਾ। ਗੁੱਸੇ ਨਾਲ ਭਰਿਆ ਪੀਤਾ ਸ਼ੀਹਣਾ ਬੁੜ੍ਹੀ ਨੂੰ ਕਹਿੰਦਾ ‘ਤੂੰ ਮੈਨੂੰ ਬੁੱਧੂ ਈ ਸਮਝਿਆ ਬਈ ਇਹਨੇ ਕਿਹੜਾ ਰੋਟੀਆਂ ਗਿਣਨੀਆਂ। ਆਹ ਚੱਕ ਆਵਦੇ ਬੁੜ੍ਹੇ ਜੈਮਲ ਸਿਉਂ ਦੇ ਫੁੱਲ। ਤੂੰ ਤਾਂ ਰੋਟੀਆਂ ਬੰਨ੍ਹੀਆਂ ਸੀ ਨੱਬੇ, ਨੱਬੇ ਕੋਹ ‘ਤੇ ਜਾ ਕੇ ਝੋਲਾ ਤਾਂ ਖ਼ਾਲੀ ਹੋ ਕੇ ਦੇਣ ਲੱਗ ਪਿਆ ਬਾਂਗਾਂ, ਮੈਂ ਨੱਬੇ ਕੋਹ ਤੋਂ ਮੁੜਿਆਇਆ। ਹੁਣ ਨ੍ਹੀ ਮੈਂ ਜਾਣਾ ਭਾਮੇਂ ਦਸ ਰੋਟੀਆਂ ਵੱਧ ਈ ਬੰਨ੍ਹ ਦੇ। ਆਵਦਾ ਜੀਹਨੂੰ ਮਰਜੀ ਭੇਜ। ਇਉਂ ਬਾਬਾ ਸ਼ੀਹਣੇ ਮਰਾਸੀ ਨੇ ਕੀਤੀ। ਓਦਣ ਤੋਂ ਸ਼ਹਿਣੇ ਨੇ ਹਰਦੁਆਰ ਜਾਣ ਦਾ ਕੰਮ ਈਂ ਛੱਡ ‘ਤਾ। ਤਾਹੀਂ ਤਾਂ ਹੁਣ ਸਬਜੀ ਵੇਚਣ ਲੱਗ ਗਿਆ।”
ਰਤਨ ਸਿਉਂ ਸੂਬੇਦਾਰ ਕਹਿੰਦਾ, ”ਜੇ ਪਹਿਲੇ ਝੋਲੇ ਆਲੀਆਂ ਰੋਟੀਆਂ ਮੁੱਕ ਗੀਆਂ ਸੀ ਤਾਂ ਦੂਜੀਆਂ ਸ਼ੁਰੂ ਕਰ ਲੈਂਦਾ, ਫੁੱਲ ਤਾਂ ਅਮਲੀਆ ਕੇਰਾਂ ਪਾ ਕੇ ਆਉਂਦਾ, ਉਹ ਤਾਂ ਜਰੂਰੀ ਸੀ।”
ਅਮਲੀ ਕਹਿੰਦਾ, ”ਫ਼ੌਜੀਆ-ਫ਼ੌਜੀਆ! ਜੇ ਮਰਾਸੀਆਂ ਦੇ ਜਵਾਬ ਦਾ ਤੇ ਬਾਣੀਆਂ ਦੇ ਹਿਸਾਬ ਦਾ ਪਤਾ ਲੱਗ ਜੇ ਫ਼ੇਰ ਤਾਂ ਪਾਈ ਖੜ੍ਹੇ ਐ ਤਰੱਕੀ ਇਹੇ।”
ਗੱਲਾਂ ਕਰੀ ਜਾਂਦਿਆਂ ਤੋਂ ਏਨੇ ਚਿਰ ਨੂੰ ਸ਼ੀਹਣਾ ਮਰਾਸੀ ਸਬਜੀ ਦਾ ਹੋਕਾ ਦਿੰਦਾ ਸੱਥ ਵੱਲ ਨੂੰ ਫ਼ੇਰ ਮੁੜਿਆਇਆ। ਜਿਉਂ ਹੀ ਸ਼ੀਹਣਾ ਸੱਥ ਕੋਲ ਦੀ ਲੰਘਣ ਲੱਗਿਆ ਤਾਂ ਨਾਥੇ ਅਮਲੀ ਨੇ ਸ਼ੀਹਣੇ ਨੂੰ ਪੁੱਛਿਆ, ”ਫੁੱਲ ਪਾਉਣ ਦਾ ਕੰਮ ਛੱਡ ‘ਤਾ ਤਾਇਆ?”
ਸ਼ੀਹਣਾ ਮਰਾਸੀ ਅਮਲੀ ਨੂੰ ਟੁੱਟ ਕੇ ਪੈ ਗਿਆ, ”ਤੂੰ ਪਵਾਉਣੇ ਐਂ ਆਵਦੇ। ਮੁਖਤੀ ਪਾ ਆਊਂ ਜਿਉਂਦੇ ਦੇ। ਦੱਸ ਫ਼ਿਰ। ਤੁਰੀਏ ਕੱਲ੍ਹ ਨੂੰ।”
ਅਮਲੀ ਕਹਿੰਦਾ, ”ਪਹਿਲਾਂ ਜੰਗੇ ਰਾਹੀ ਕੇ ਬੁੜ੍ਹੇ ਦੇ ਤਾਂ ਪਾਇਆ ਜਿਹੜੇ ਅੱਧ ਵਚਾਲੇ ਘਰੇ ਈ ਰੱਖੀ ਬੈਠੈਂ।”
ਬਾਬੇ ਅਰਜਨ ਸਿਉਂ ਨੇ ਸ਼ੀਹਣੇ ਨੂੰ ਤਾਂ ਸੱਥ ਕੋਲੋਂ ਤੋਰਿਆ ਤੇ ਨਾਥੇ ਅਮਲੀ ਨੂੰ ਬਾਬਾ ਘੂਰਦਾ ਬੋਲਿਆ, ”ਚੁੱਪ ਨ੍ਹੀ ਕਰਦਾ ਓਏ ਬਿੰਗੜਾ ਜਿਆ। ਫ਼ੇਰ ਲੜਦੇ ਫ਼ਿਰੋਂਗੇ ਨਾਲੇ ਪਿੰਡ ‘ਚ ਸੱਥ ਦਾ ਜਲੂਸ ਕਢਾਉਂਗੇ। ਚੱਲੋ ਉੱਠੋ ਘਰਾਂ ਨੂੰ ਤੁਰੋ।”
ਬਾਬੇ ਦਾ ਦੱਬਕਾ ਸੁਣ ਕੇ ਸੱਥ ਵਾਲੇ ਸਾਰੇ ਹੀ ਜੰਗੇ ਰਾਹੀ ਤੇ ਸ਼ੀਹਣੇ ਮਰਾਸੀ ਦੀਆਂ ਗੱਲਾਂ ਕਰਦੇ-ਕਰਦੇ ਆਪੋ ਆਪਣੇ ਘਰਾਂ ਨੂੰ ਤੁਰ ਗਏ।