ਬਿਜਲੀ ਦਾ ਟਰਾਂਸਫ਼ਾਰਮਰ ਸੜ ਜਾਣ ਕਾਰਨ ਪਿੰਡ ‘ਚ ਦੋ ਦਿਨ ਤੋਂ ਬਿਜਲੀ ਗੁੱਲ ਹੋਣ ਕਰ ਕੇ ਪਿੰਡ ਦੇ ਲੋਕ ਗਰਮੀ ਤੋਂ ਕੁਝ ਰਾਹਤ ਪਾਉਣ ਲਈ ਸੱਥ ‘ਚ ਆ ਜੁੜਦੇ। ਨੱਕੋ ਨੱਕ ਭਰੀ ਸੱਥ ‘ਚ ਬਿਜਲੀ ਦੀਆਂ ਹੀ ਗੱਲਾਂ ਹੋ ਰਹੀਆਂ ਸਨ। ਜਿਉਂ ਹੀ ਦੁਪਹਿਰ ਦੇ ਦੋ ਵਜੇ ਵਾਲੀ ਮਿੰਨੀ ਬੱਸ ਸੱਥ ਦੇ ਨੇੜੇ ਆ ਕੇ ਰੁਕੀ ਤਾਂ ਦਸੌਂਧੇ ਬੁੜ੍ਹੇ ਦੀ ਵੱਡੀ ਨੂੰਹ ਅਮਰੀ ਬੱਸ ਵਿੱਚੋਂ ਉਤਰ ਕੇ ਜਦੋਂ ਸੱਥ ਕੋਲ ਦੀ ਤੇਜ਼ੀ ਨਾਲ ਲੰਘੀ ਤਾਂ ਸੱਥ ‘ਚ ਬੈਠਾ ਛੜਾ ਵਣਜਾਰਾ ਬਾਬੇ ਚੰਨਣ ਸਿਉਂ ਨੂੰ ਅਮਰੀ ਵੱਲ ਝਕਾਅ ਕੇ ਕਹਿੰਦਾ, ”ਕਿਉਂ ਬਾਬਾ! ਆਹ ਭੱਜਲ ਬੁੜ੍ਹੀ ਕਿਸੇ ਨਾ ਕਿਸੇ ਪਾਸੇ ਤੁਰੀਓ ਈ ਰਹਿੰਦੀ ਐ। ਜਿਉਂ ਚੱਕ ਦੀ ਐ ਝੋਲਾ, ਠੂਹ ਧਨੌਲੇ। ਦੋ ਤਿੰਨਾਂ ਦਿਨਾਂ ਪਿੱਛੋਂ ਘਰ ਮੁੜੂ ਤੇ ਇੱਕ ਅੱਧਾ ਦਿਨ ਘਰੇ ਰਹਿ ਕੇ ਝੋਲਾ ਲਊ ਕੱਛ ‘ਚ, ਠੂਹ ਮੋਗੇ। ਕਦੇ ਮੁਕਸਰ, ਕਦੇ ਖਨੌਰੀ, ਕਦੇ ਗਿੱਦੜਬਹੇ। ਇਹਨੂੰ ਨਿੱਤ ਸਫ਼ਰ ਕਰਦੀ ਨੂੰ ਵੇਖ ਕੇ ਤਾਂ ਬੱਸਾਂ ਆਲੇ ਵੀ ਸੋਚਦੇ ਹੋਣਗੇ ਬਈ ਆਹ ਮਾਈ ਦਾ ਤਾਂ ਵੱਡਾ ਈ ਕੋਈ ਕਾਰੋਬਾਰ ਹੈ। ਨਿੱਤ ਤੁਰੀਓ ਈ ਰਹਿੰਦੀ ਐ। ਪਤਾ ਨ੍ਹੀ ਕਿੱਧਰ ਜਾਂਦੀ ਐ ਕੀ ਕਰਦੀ ਐ ਸਮਝੋ ਬਾਹਰ ਐ ਯਰ।”
ਮੱਖਣ ਫ਼ੌਜੀ ਛੜੇ ਵਣਜਾਰੇ ਦੀ ਗੱਲ ਸੁਣ ਕੇ ਵਣਜਾਰੇ ਨੂੰ ਗੁੱਸੇ ‘ਚ ਬੋਲਿਆ, ”ਤੈਨੂੰ ਬੁੜ੍ਹੀਆਂ ਵਾਲੀ ਟੋਕਾ ਟਾਕੀ ਕਰਨੀ ਆਉਂਦੀ ਐ ਓਏ। ਕੰਜਰ ਦਿਓ, ਕਦੇ ਬਖਸ਼ ਵੀ ਦਿਆ ਕਰੋ ਕਿਸੇ ਨੂੰ। ਸੱਥ ‘ਚ ਆਉਣ ਸਾਰ ਜਿਉਂ ਧਰਦੇ ਐਂ ਕਿਸੇ ਨਾ ਕਿਸੇ ‘ਤੇ ਸੂਈ, ਫ਼ੇਰ ਸਾਹ ਮਨ੍ਹੀ ਲੈਂਦੇ। ਆਥਣੇ ਵੱਗਾਂ ਵੇਲੇ ਜਦੋਂ ਘਰ ਨੂੰ ਜਾਣ ਦਾ ਟੈਮ ਹੋ ਜਾਂਦੈ, ਓਦੋਂ ਹਟਦੇ ਓ ਚੁਗਲੀਆਂ ਕਰਨੋਂ।”
ਗੱਲਾਂ ਸੁਣ ਕੇ ਨਾਥੇ ਅਮਲੀ ਨੇ ਵੀ ਕੱਸੀ ਫ਼ਿਰ ਢੱਡ। ਬਾਬੇ ਚੰਨਣ ਸਿਉਂ ਦੇ ਗੋਡੇ ‘ਤੇ ਹੱਥ ਮਾਰ ਕੇ ਕਹਿੰਦਾ, ”ਸੁਣ ਲੀ ਬਾਬਾ ਛੜੇ ਵਣਜਾਰੇ ਦੀ ਗੱਲ। ਨਾਲੇ ਤਾਂ ਦੱਸੀ ਜਾਂਦਾ ਬਈ ਭੱਜਲ ਬੁੜ੍ਹੀ ਕਦੇ ਮੁਕਸਰ ਜਾਂਦੀ ਐ, ਕਦੇ ਧਨੌਲੇ, ਕਦੇ ਗਿੱਦੜਬਹੇ ਕਦੇ ਫ਼ਲਾਨੇ ਥਾਂ ਕਦੇ ਧਿਉਂਕੇ ਥਾਂ, ਨਾਲੇ ਦੂਜੇ ਪਾਸੇ ਪੁੱਠੀ ਵਕਾਲਤ ਕਰੀ ਜਾਂਦੈ। ਅਕੇ ਪਤਾ ਨ੍ਹੀ ਕਿੱਥੇ ਜਾਂਦੀ ਐ, ਸਮਝੋਂ ਬਾਹਰ ਐ ਗੱਲ। ਕੋਈ ਪੁੱਛਣ ਆਲਾ ਹੋਵੇ ਭਲਾ ਤੂੰ ਦੱਸ ਕੀ ਲੈਣੈ।”
ਨਾਥੇ ਅਮਲੀ ਨੂੰ ਹਰਖਿਆ ਵੇਖ ਕੇ ਛੜਾ ਵਣਜਾਰਾ ਸੱਥ ‘ਚੋਂ ਪੱਤੇ ਲੀਹ ਹੋਇਆ। ਸੱਥ ‘ਚੋਂ ਉੱਠ ਕੇ ਤੁਰੇ ਜਾਂਦੇ ਵਣਜਾਰੇ ਨੂੰ ਸੀਤਾ ਮਰਾਸੀ ਪਿੱਛੋਂ ਆਵਾਜ਼ ਮਾਰ ਕੇ ਕਹਿੰਦਾ, ”ਓਏ ਆ ਜਾ ਬਰੀ ਦਿਆ ਤਿਓਰਾ! ਹੋਰ ਬਹਿ ਜਾ ਸੱਥ ‘ਚ ਘੜੀ। ਤੂੰ ਤਾਂ ਯਾਰ ਗੱਲ ਈ ਬੜੀ ਵਧੀਆ ਤੋਰੀ ਸੀ।”
ਜਿਉਂ ਜਿਉਂ ਮਰਾਸੀ ਬੋਲੀ ਗਿਆ ਤਿਉਂ ਤਿਉਂ ਵਣਜਾਰਾ ਪੀਟਰ ਇੰਜਨ ਆਂਗੂੰ ਰੇਸ ਫ਼ੜੀ ਗਿਆ। ਵੇਂਹਦਿਆਂ ਵੇਂਹਦਿਆ ਵਣਜਾਰਾ ਚਿੰਤੇ ਬੁੜ੍ਹੇ ਕਿਆ ਵਾਲੀ ਬੀਹੀ ਲੰਘ ਗਿਆ। ਜਿਉਂ ਹੀ ਸੱਥ ਤੋਂ ਓਹਲੇ ਹੋਇਆ ਤਾਂ ਜੱਗਾ ਕਾਮਰੇਡ ਨਾਥੇ ਅਮਲੀ ਨੂੰ ਕਹਿੰਦਾ, ”ਕਿਉਂ ਬਈ ਨਾਥਾ ਸਿਆਂ! ਵਿਆਹ ਤਾਂ ਇਹ ਦੋ ਕਰਾਈ ਬੈਠਾ, ਕਹਿੰਦੇ ਇਹਨੂੰ ਸਾਰੇ ਈ ਛੜਾ ਵਣਜਾਰਾ ਨੇ। ਇਹ ਕੀ ਗੱਲ ਬਣੀ, ਬਈ?”
ਨਾਥਾ ਅਮਲੀ ਜੱਗੇ ਕਾਮਰੇਡ ਨੂੰ ਕਹਿੰਦਾ, ”ਕਿੱਥੇ ਰਹਿਨੈਂ ਕਾਮਰੇਟਾ ਯਾਰ ਤੂੰ। ਭਲਾ ਇਉਂ ਦੱਸ ਬਈ ਜੋਗੇ ਕੇ ਘੀਰੂ ਨੂੰ ਕੀ ਕਹਿੰਦੇ ਐ?”
ਕਾਮਰੇਡ ਕਹਿੰਦਾ, ”ਘੀਰੂ ਛੜਾ।”
ਅਮਲੀ ਨੇ ਫ਼ੇਰ ਪੁੱਛਿਆ, ”ਸੰਤੋਖੇ ਬੁੜ੍ਹੇ ਕੇ ਪਾਲੇ ਨੂੰ ਕੀ ਕਹਿੰਦੇ ਐ?”
ਕਾਮਰੇਡ ਕਹਿੰਦਾ, ”ਛੜਾ ਪਾਲਾ।”
ਅਮਲੀ ਕਹਿੰਦਾ, ”ਇਨ੍ਹਾਂ ਨੇ ਵੀ ਦੋ ਦੋ ਵਿਆਹ ਕਰਾਏ ਵੇ ਐ।”
ਬਾਬਾ ਚੰਨਣ ਸਿਉਂ ਅਮਲੀ ਨੂੰ ਕਹਿੰਦਾ, ”ਹੁਣ ਚੰਗੀ ਤਰਾਂ ਸਮਝਾ ਕੇ ਤੋਰੀ ਨਾਥਾ ਸਿਆਂ ਇਹਨੂੰ। ਕੱਲ੍ਹ ਨੂੰ ਕਿਤੇ ਫ਼ੇਰ ਨਾ ਪੁੱਛਣ ਬਹਿ ਜੇ।”
ਅਮਲੀ ਕਹਿੰਦਾ, ”ਨਾਰੇ ਬਹਿੜਕੇ ਆਂਗੂੰ ਬਾਬਾ ਮੁੰਜ ਦੀ ਰੱਸੀ ਨਾਲ ਨੱਥ ਮਾਰ ਕੇ ਘੱਲੂ, ਚਿੰਤਾ ਨਾ ਕਰ।”
ਮਾਹਲਾ ਨੰਬਰਦਾਰ ਸੱਥ ‘ਚ ਆਉਂਦਾ ਈ ਅਮਲੀ ਨੂੰ ਕਹਿੰਦਾ, ”ਕੀਹਦੇ ਨੱਥ ਮਾਰੀ ਜਾਨੈਂ ਨਾਥਾ ਸਿਆਂ?”
ਸੀਤਾ ਮਰਾਸੀ ਕਹਿੰਦਾ, ”ਕਾਮਰੇਟ ਤੇ ਅਮਲੀ ਦਾ ਪਿਆ ਵਿਆ ਮੈਚ ਅੱਜ।”
ਨਾਥਾ ਅਮਲੀ ਕਾਮਰੇਡ ਨੂੰ ਕਹਿੰਦਾ, ”ਕਾਮਰੇਟਾ! ਐਧਰ ਨੂੰ ਮੂੰਹ ਕਰ ਓਏ। ਆਪਣੇ ਪਿੰਡ ‘ਚ ਛੜਾ ਪਤਾ ਕੀਹਨੂੰ ਕਹਿੰਦੇ ਐ? ਦੋ ਬਹੂਆਂ ਆਲੇ ਨੂੰ ਛੜਾ ਕਹਿੰਦੇ ਐ। ਪਾਲੇ ਦੇ ਵੀ ਦੋ ਬਹੂਆਂ। ਘੀਰੂ ਦੇ ਵੀ ਦੋ ਬਹੂਆ ਨੇ। ਹਜੇ ਇੱਕ ਮਰਗੀ, ਨਹੀਂ ਤਾਂ ਖਣੀ ਪਿੰਡ ਆਲੇ ਛੜਿਆਂ ਦਾ ਸਰਪੈਂਚ ਈ ਨਾ ਕਿਤੇ ਕਹਿਣ ਲੱਗ ਜਾਂਦੇ। ਤੇ ਆਹ ਛੜਾ ਵਣਜਾਰਾ ਵੇਖ ਲਾ। ਇਹਦੇ ਵੀ ਦੋ ਬਹੂਆਂ।”
ਬਹੂਆਂ ਬਹੂਆਂ ਹੁੰਦੀ ਸੁਣ ਕੇ ਬਾਬਾ ਚੰਨਣ ਸਿਉਂ ਘੂਰ ਕੇ ਬੋਲਿਆ, ”ਚੁੱਪ ਨ੍ਹੀ ਕਰਦੇ ਓਏ। ਤੁਸੀਂ ਕੀ ਲੈਣਾ ਕਿਸੇ ਦੇ ਘਰ ਤੋਂ। ਸੋਨੂੰ ਕਿੰਨੇ ਵਾਰੀ ਕਿਹਾ ਬਈ ਸੱਥ ‘ਚ ਆ ਕੇ ਕਿਸੇ ਬੁੜ੍ਹੀ ਕੁੜੀ ਦੀ ਗੱਲ ਨ੍ਹੀ ਕਰਨੀ। ਚੁੱਪ ਕਰੋ। ਕੋਈ ਹੋਰ ਗੱਲ ਕਰ ਲੋ। ਆਹ ਜਿਹੜਾ ਬਰੇਤੀ ਆਲੇ ਖੱਡ ਦਾ ਰੌਲਾ ਪਈ ਜਾਂਦੈ, ਉਹਦੀ ਕੋਈ ਗੱਲ ਕਰ ਲੋ।”
ਨਾਥਾ ਅਮਲੀ ਬਾਬੇ ਦੇ ਮੂੰਹੋਂ ਬਰੇਤੀ ਵਾਲੇ ਖੱਡੇ ਦੀ ਗੱਲ ਸੁਣ ਕੇ ਕਹਿੰਦਾ, ”ਇਹ ਕੀ ਗੱਲ ਕਰਨੀ ਐ ਬਾਬਾ। ਆਪਣੇ ਨਾਲ ਤਾਂ ਪਹਿਲਾਂ ਤੋਂ ਈ ਠੱਗੀ ਠੋਰੀ ਹੁੰਦੀ ਆਈ ਐ। ਪਹਿਲਾਂ ਦੋ ਨਹਿਰਾਂ ਰਾਜਸਥਾਨ ਆਲੇ ਲੈ ਗੇ ਕੱਢ ਕੇ। ਅੱਧਾ ਪਾਣੀ ਰਾਜਸਥਾਨ ਦੇ ਟਿੱਬਿਆਂ ‘ਚ ਮੁਧੀ ਜਾਂਦੈ। ਓਦੂੰ ਬਾਅਦ, ਪਤੰਦਰਾਂ ਨੇ ਬਿਜਲੀ ਪਾਕਸਤਾਨ ਨੂੰ ਦੇਣੀ ਸ਼ਰੂ ਕਰ ‘ਤੀ। ਫ਼ੇਰ ਵੀ ਨਾ ਕੋਈ ਬੋਲਿਆ। ਆਹ ਹੁਣ ਬਰੇਤੀ ਦੇ ਖੱਡੇ ਨੇਪਾਲ ਨੂੰ ਲਈ ਜਾਂਦੇ ਐ। ਤੇ ਆਹ ਜਿਹੜੀ ਨਹਿਰ ਜੀ ਦੀ ਪੱਟ ਪਟਾਈ ਦਾ ਰੌਲਾ ਪਈ ਜਾਂਦੈ, ਉਹ ਹਰਿਆਣੇ ਆਲੇ ਲੈ ਜਾਣਗੇ। ਜਿਹੜਾ ਭਾਂਡਾ ਠਿੱਕਰ ਭੋਰਾ ਬਚਨੈ, ਉਹ ਖਣੀ ਬੰਗਲਾ ਦੇਸ਼ ਈ ਨਾ ਲੈ ਜੇ। ਆਪਣੇ ਹੱਥੀਂ ਤਾਂ ਬਾਬਾ ਛੁਣਛਣੇ ਈ ਰਹਿ ਜਾਣੇ ਐ ਛਣਕਾਉਣ ਨੂੰ।”
ਸੀਤਾ ਮਰਾਸੀ ਕਹਿੰਦਾ, ”ਸੌ ਰਪੀਏ ਪਿੱਛੇ ਇੱਕ ਚਪਾਹੀ ਨਾਲ ਕੀ ਕੁਸ ਹੋਇਆ ਸੀ। ਨਮੇਂ ਨਮੇਂ ਮੰਤਰੀ ਨੇ ਸੌ ਰਪੀਏ ਪਿੱਛੇ ਗਰੀਬ ਬੰਦੇ ਦੇ ਉਈ ਫ਼ੰਘ ਪੱਟ ‘ਤੇ। ਆਹ ਹੁਣ ਕਰੋੜਾਂ ਦੇ ਖੱਡਿਆਂ ਦਾ ਰੌਲਾ ਪੈ ਗਿਆ। ਹੁਣ ਮੰਤਰੀ ਜੀ ਨੇ ਮੂੰਹ ‘ਚ ਘੁੰਗਣੀਆਂ ਪਾ ਲੀਆਂ। ਪਤੰਦਰ ਮੋਨ ਈ ਧਾਰ ਕੇ ਬਹਿ ਗਿਆ ਜਿਮੇਂ ਵਿਆਹ ‘ਚ ਆਟੇ ਪਾਣੀ ਵੇਲੇ ਬੁੜ੍ਹੀਆਂ ਕੱਚੀ ਲੱਸੀ ‘ਚ ਹੱਥ ਪਾ ਕੇ ਚੁੱਪ ਗੜੁੱਪ ਹੋ ਕੇ ਬੈਠੀਆਂ ਹੁੰਦੀਐਂ।”
ਨਾਥਾ ਅਮਲੀ ਮਰਾਸੀ ਨੂੰ ਟਿੱਚਰ ‘ਚ ਕਹਿੰਦਾ, ”ਮਰਾਸੀਆ ਤੇਰੇ ਅਰਗੇ ਹੋਰ ਬਹੁਤ ਐ ਬੋਲਣ ਨੂੰ। ਇਨ੍ਹਾਂ ਮੰਤਰੀਆਂ ਨੇ ਕੀ ਲੈਣਾ ਬੋਲ ਕੇ। ਇਹ ਤਾਂ ਪਹਿਲਾਂ ਮਨ੍ਹੀ ਬੋਲਦੇ ਹੁੰਦੇ ਸੀ, ਹੁਣ ਤਾਂ ਕਾਹਦਾ ਬੋਲਣਾ ਜਦੋਂ ਜੇਬ੍ਹ ਗਰਮ ਹੋਗੀ।”
ਬਾਬਾ ਚੰਨਣ ਸਿਉਂ ਨਾਥੇ ਅਮਲੀ ਨੂੰ ਕਹਿੰਦਾ, ”ਅਮਲੀਆ! ਗੱਲ ਤਾਂ ਤੁਰੀ ਸੀ ਭੱਜਲ ਬੁੜ੍ਹੀ ਤੋਂ, ਜਾਂਦੀ ਐ ਕਿੱਧਰ ਨੂੰ। ਉਹ ਗੱਲ ਵਿੱਚੇ ਈ ਛੱਡ ‘ਤੀ ਯਾਰ।”
ਨਾਥਾ ਅਮਲੀ ਬਾਬੇ ਦੀ ਗੱਲ ਸੁਣ ਕੇ ਬਾਬੇ ਨੂੰ ਹਰਖ ਕੇ ਪੈ ਗਿਆ, ”ਤੇਰੀ ਤਾਂ ਉਹ ਗੱਲ ਬਾਬਾ। ਅਕੇ ‘ਆਪੇ ਮੱਥਾ ਟੇਕਦੀ ਆਂ, ਆਪੇ ਈ ਬੁੱਢ ਸਾਹਾਗਣ।’ ਹੁਣ ਤਾਂ ਬਾਬਾ ਤੂੰ ਕਹੀ ਜਾਂਦਾ ਸੀ ਬਈ ਸੱਥ ‘ਚ ਕਿਸੇ ਬੁੜ੍ਹੀ ਕੁੜੀ ਦਾ ਨਾਂ ਨ੍ਹੀ ਲੈਣਾ। ਹੁਣ ਆਪ ਈ ਭੱਜਲ ਬੁੜ੍ਹੀ ਦੀ ਗੱਲ ਛੇੜ ਕੇ ਬਹਿ ਗਿਐਂ।”
ਬਾਬੇ ਦੇ ਨਾਲ ਬੈਠਾ ਬੰਤਾ ਬੁੜ੍ਹਾ ਨਾਥੇ ਅਮਲੀ ਨੂੰ ਕਹਿੰਦਾ, ”ਅਮਲੀਆ, ਅਮਲੀਆ! ਸੱਥ ‘ਚ ਵੀਹ ਜਣੇ ਹੋਰ ਵੀ ਤਾਂ ਭੱਜਲ ਬੁੜ੍ਹੀ ਦਾ ਨਾਂ ਲਈ ਜਾਂਦੇ ਐ, ਜੇ ਚੰਨਣ ਸਿਉਂ ਨੇ ਲੈ ‘ਤਾ ਫ਼ੇਰ ਕਿਹੜਾ ਕਾਲੇ ਕੱਛਿਆਂ ਆਲਿਆਂ ਦਾ ਡਾਕਾ ਪੈ ਗਿਆ। ਚੱਲੋ ਛੱਡੋ ਇਹ ਗੱਲ। ਹੁਣ ਤੂੰ ਇਹ ਗੱਲ ਦੱਸ ਬਈ ਸਧਾਣੇ ਮਾਹਟਰ ਨੂੰ ਕੀ ਗੱਲ ਸੀ ਕੱਲ੍ਹ। ਕਹਿੰਦੇ ਉਹ ਸਕੂਲੋਂ ਆਉਂਦਾ ਈ ਰਾਹ ‘ਚ ਡਿੱਗ ਪਿਆ ਸੀ। ਹੁਣ ਕਿਮੇਂ ਐਂ ਠੀਕ ਐ ਕੁ ਹੱਥਪਤਾਲ ‘ਚੈ?”
ਸੀਤਾ ਮਰਾਸੀ ਕਹਿੰਦਾ, ”ਸ਼ਰਾਬ ਦਾ ਦੌਰਾ ਪੈ ਗਿਆ ਸੀ ਤਾਂ ਕਰ ਕੇ ਲੋਟਣੀ ਖਾਧੀ ਸੀ।”
ਮਾਹਲੇ ਨੰਬਰਦਾਰ ਨੇ ਹੈਰਾਨੀ ਨਾਲ ਪੁੱਛਿਆ, ”ਸ਼ਰਾਬ ਦਾ ਦੌਰਾ ਕਿਮੇਂ?”
ਨਾਥਾ ਅਮਲੀ ਕਹਿੰਦਾ, ”ਹੁਣ ਤੈਨੂੰ ਸ਼ਰਾਬ ਦਾ ਦੌਰਾ ਕਿਮੇਂ ਦੱਸੀਏ ਬਾਬਾ। ਤੂੰ ਕਿਹੜਾ ਨਿਆਣਾ। ਸ਼ਰਾਬ ਨ੍ਹੀ ਮਿਲੀ ਚਾਰ ਪੰਜ ਦਿਨਾਂ ਤੋਂ। ਤਾਂ ਕਰ ਕੇ ਦੌਰਾ ਪਿਆ ਸੀ।”
ਬਾਬੇ ਚੰਨਣ ਸਿਉਂ ਨੇ ਪੁੱਛਿਆ, ”ਕਿਉਂ ਕੀ ਗੱਲ ਠੇਕੇ ਠੂੱਕੇ ਬੰਦ ਸੀ ਕੁ ਕੋਈ ਹੋਰ ਗੱਲ ਐ?”
ਨਾਥਾ ਅਮਲੀ ਕਹਿੰਦਾ, ”ਭਜਨੋ ਕਲੇਸ਼ ਪਾ ਕੇ ਬਹਿ ਗੀ। ਕਹਿੰਦੀ ਜਾਂ ਤਾਂ ਸ਼ਰਾਬ ਛੱਡਦੇ ਜਾਂ ਫ਼ਿਰ ਮੈਨੂੰ ਛੱਡਦੇ। ਮਾਹਟਰ ਨੇ ਸੋਚਿਆ ਸ਼ਰਾਬ ਈ ਛੱਡ ਦਿੰਨੇ ਆਂ। ਹੁਣ ਪੰਜ ਛੀ ਦਿਨ ਹੋ ਗੇ ਸ਼ਰਾਬ ਪੀਤੀ ਨੂੰ। ਕੜੱਲਾਂ ਪੈਂਦੀਆਂ।”
ਬੁੱਘਰ ਦਖਾਣ ਕਹਿੰਦਾ, ”ਜੁਆਕਾਂ ਦਾ ਸਰਾਪ ਵੀ ਮਾਰ ਗਿਆ, ਤਾਹੀਂ ਦੌਰਾ ਪਿਆ।”
ਮਾਹਲੇ ਨੰਬਰਦਾਰ ਨੇ ਪੁੱਛਿਆ ਉਹ ਕਿਮੇਂ ਬਈ?”
ਬੁੱਘਰ ਕਹਿੰਦਾ, ”ਜੁਆਕਾਂ ਨੂੰ ਬਹੁਤਾ ਕੁੱਟਦਾ ਹੁੰਦਾ ਸੀ ਸਕੂਲ। ਉਨ੍ਹਾਂ ਦਾ ਸਰਾਪ ਲੱਗ ਗਿਆ ਹੋਣੈ।”
ਨਾਥਾ ਅਮਲੀ ਕਹਿੰਦਾ, ”ਕਹਿੰਦੇ ਜਦੋਂ ਮਾਹਟਰ ਡਿੱਗ ਪਿਆ ਤਾਂ ਉਨ੍ਹਾਂ ਮੁੰਡਿਆਂ ਨੇ ਈ ਚੱਕਿਆ ਸੀ ਜਿੰਨ੍ਹਾਂ ਨੂੰ ਸਭ ਤੋਂ ਵੱਧ ਕੁੱਟਦਾ ਹੁੰਦਾ ਸੀ। ਜਦੋਂ ਡਿੱਗੇ ਪਏ ਮਾਹਟਰ ਨੂੰ ਜੁਆਕਾਂ ਨੇ ਚੱਕਿਆ ਤਾਂ ਜੁਆਕਾਂ ਨੇ ਵੀ ਬੀਹੜੀ ਲਾਹ ਈ ਲਈ ਫਿਰ। ਚੱਕਣ ਵੇਲੇ ਨਾਲੇ ਤਾਂ ਜੁਆਕ ਗੁੱਝੇ ਘਸੁੰਨ ਮਾਰੀ ਜਾਣ, ਨਾਲੇ ਕਹੀ ਜਾਣ ਸਾਨੂੰ ਕੁੱਟਦਾ ਹੁੰਦਾ ਸੀ, ਹੁਣ ਵੇਖ ਕਿਮੇਂ ਲੰਮਾ ਪਿਆ ਜਿਮੇਂ ਮੰਡੀ ‘ਚ ਧਾਂਕ ਤੋਂ ਬੋਰੀਆਂ ਡਿੱਗੀਆਂ ਪਈਆਂ ਹੁੰਦੀਐਂ।”
ਗੱਲਾਂ ਕਰੀ ਜਾਂਦਿਆਂ ਤੋਂ ਏਨੇ ਚਿਰ ਨੂੰ ਖਾਰੀ ਵੇਚਣ ਵਾਲਾ ਸੱਥ ਕੋਲ ਆ ਕੇ ਹੋਕਾ ਦੇ ਕੇ ਬੋਲਿਆ, ”ਗੰਢੇ ਲਓ, ਆਲੂ ਲਓ, ਖਾਲੀ ਬੋਤਲਾਂ ਵੇਚ ਲੋ, ਭੁਜੀਆ ਬਦਾਣਾ ਲੈ ਲੋ ਭਾਈ।”
ਖਾਰੀ ਆਲੇ ਤੋਂ ਹੋਕਾ ਸੁਣ ਕੇ ਨਾਥਾ ਅਮਲੀ ਕਹਿੰਦਾ, ”ਭੁਜੀਆ ਬਦਾਣਾਂ ਤਾਂ ਮੱਲਾ ਸਧਾਣੇ ਮਾਹਟਰ ਕੇ ਘਰੇ ਦੇ ਕੇ ਆ। ਏਥੇ ਸੱਥ ‘ਚ ਤਾਂ ਨ੍ਹੀ ਕਿਸੇ ਨੂੰ ਲੋੜ।”
ਨਾਥੇ ਅਮਲੀ ਦੀ ਗੱਲ ਸੁਣ ਕੇ ਖਾਰੀ ਵਾਲਾ ਤਾਂ ਚੁੱਪ ਚਪੀਤਾ ਗਾਹਾਂ ਪਿੰਡ ਵਿੱਚ ਨੂੰ ਉੱਠ ਗਿਆ, ਫ਼ੇਰ ਬਾਬੇ ਚੰਨਣ ਸਿਓਂ ਨੇ ਅਮਲੀ ਦਾ ਬੰਨ੍ਹਿਆਂ ਗੇੜਾ। ਅਮਲੀ ਨੂੰ ਕਹਿੰਦਾ, ”ਅਮਲੀਆ! ਤੈਨੂੰ ਕੈ ਵਾਰੀ ਕਿਹਾ ਬਈ ਸੱਥ ‘ਚੋਂ ਕਿਸੇ ਬਾਹਰਲੇ ਬੰਦੇ ਦੀ ਨਹੀਂ ਕੋਈ ਗੱਲ ਕਰਨੀ। ਜੇ ਖਾਰੀ ਆਲਾ ਤੈਨੂੰ ਕੁਸ ਬੋਲ ਪੈਂਦਾ ਤਾਂ ਗੱਲ ਵਧ ਈ ਜਾਣੀ ਸੀ। ਚੱਲੋ ਉਠੋ ਘਰ ਨੂੰ ਚਲੋ।”
ਬਾਬੇ ਦਾ ਦਬਕਾੜਾ ਸੁਣ ਕੇ ਸਾਰੀ ਸੱਥ ਉੱਠ ਕੇ ਆਪੋ ਆਪਣੇ ਘਰਾਂ ਨੂੰ ਤੁਰ ਗਏ।