ਨਵੀਂ ਦਿੱਲੀਂ ਯੁਵਰਾਜ ਸਿੰਘ ਦੀ ਪਛਾਣ ਵਨਡੇ ਕ੍ਰਿਕਟ ਦੇ ਬੇਹੱਦ ਖਤਰਨਾਕ ਖਿਡਾਰੀ ਦੇ ਰੂਪ ‘ਚ ਹੋਇਆ ਕਰਦੀ ਸੀ। ਗੁਡਲੈਂਥ ਸਪਾਟ ਦੀ ਗੇਂਦ ‘ਤੇ ਵੀ ਕਲਾਈ ਦੇ ਸਹਾਰੇ ਫ਼ਲਿਕ ਖੇਡ ਕੇ ਬਾਊਂਡਰੀ ਲਗਾਉਣ ਦਾ ਹੁਨਰ ਯੁਵਰਾਜ ਦੇ ਹੱਥਾਂ ‘ਚ ਸੀ। ਕਦੀ-ਕਦੀ ਆਪ ਸਟੰਪਸ ਦੇ ਬਾਹਰ ਦੀ ਗੇਂਦ ‘ਤੇ ਵੀ ਕਲਾਈ ਚਲਾ ਕੇ ਰਨ ਬਣਾਉਣ ਦੀ ਯੁਵਰਾਜ ਦੀ ਅਦਾ ਦਰਸ਼ਕਾਂ ਨੂੰ ਰੋਮਾਂਚਿਤ ਕਰ ਦਿੰਦੀ ਸੀ। ਹਮਲਾਵਰਤਾ ਅਤੇ ਕਲਾਤਮਕਤਾ ਦਾ ਬਿਹਤਰ ਸੰਤੁਲਨ ਯੁਵਰਾਜ ਸਿੰਘ ਦੀ ਬੱਲੇਬਾਜ਼ੀ ‘ਚ ਦੇਖਣ ਨੂੰ ਮਿਲਦਾ ਸੀ। ਓਵਰ ਪਿੱਚ ਗੇਂਦ ਨੂੰ ਜੜ੍ਹ ਤੋਂ ਉਠਾ ਕੇ ਸਟ੍ਰੇਟ ਬਾਊਂਡਰੀ ਦੇ ਉੱਪਰ ਤੋਂ ਸਿਕਸਰ ਦੇ ਲਈ ਭੇਜਣਾ ਯੁਵਰਾਜ ਦੀ ਸਮਰਥਾ ‘ਤੇ ਹੀ ਸੀ।
ਉਪਰ ਯੁਵਰਾਜ ਦੀ ਤਾਰੀਫ਼ ‘ਚ ਲਿਖੇ ਹਰ ਵਾਕ ‘ਚ ਸੀ ਦਾ ਪ੍ਰਯੋਗ ਦਾ ਮਤਲਬ ਇਹ ਨਹੀਂ ਹੈ ਕਿ ਯੁਵਰਾਜ ਨੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ, ਸਗੋਂ ਇਹ ਵਾਕ ਭੂਤਕਾਲ ‘ਚ ਇਸ ਲਈ ਲਿਖੇ ਗਏ ਹਨ ਕਿ ਅਜਿਹੀ ਕ੍ਰਿਕਟ ਯੁਵਰਾਜ ਪਹਿਲਾਂ ਖੇਡਦੇ ਸਨ। ਲੰਬੇ ਸਮੇਂ ਤੋਂ ਉਨ੍ਹਾਂ ਦਾ ਬੱਲਾ ਖ਼ਾਮੋਸ਼ ਹੈ ਅਤੇ ਕਦੀ ਦੌੜਾਂ ਬਣੀਆਂ ਵੀ ਹਨ ਪਰ ਉਹ ਪਾਰੀ ਯੁਵਰਾਜ ਅੰਦਾਜ਼ ਦੀ ਨਹੀ ਹੁੰਦੀ ਹੈ। ਕੀ ਯੁਵਰਾਜ ‘ਚ ਦੌੜਾਂ ਦੀ ਭੁੱਖ ਖਤਮ ਹੋ ਗਈ? ਕੀ ਇਹ ਮੰਨ ਲਿਆ ਜਾਵੇ ਕਿ 36 ਸਾਲਾਂ ਦੀ ਉਮਰ ‘ਚ ਆ ਕੇ ਯੁਵਰਾਜ ਨੂੰ ਕ੍ਰਿਕਟ ਤੋਂ ਸੰਨਿਆਸ ਲੈ ਲੈਣਾ ਚਾਹੀਦਾ ਹੈ।
ਚੈਂਪੀਅਨਸ ਟਰਾਫ਼ੀ ‘ਚ ਪਾਕਿਸਤਾਨ ਦੇ ਖਿਲਾਫ਼ ਮੈਚ ‘ਚ ਯੁਵਰਾਜ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਸੀ। ਇਹ ਦੌੜਾਂ ਤੇਜ਼ੀ ਨਾਲ ਬਣਾਈਆਂ ਗਈਆਂ ਸਨ ਅਤੇ ਲੱਗਾ ਕਿ ਯੁਵਰਾਜ ਪੂਰੀ ਲੈਅ ‘ਚ ਹਨ, ਪਰ ਇਸ ਤੋਂ ਬਾਅਦ ਯੁਵੀ ਦਾ ਬੱਲਾ ਫ਼ਿਰ ਖਾਮੋਸ਼ ਹੋ ਗਿਆ। ਉਹ 1 ਤੋਂ 20 ਦੌੜਾਂ ਦੇ ਵਿੱਚਾਲੇ ਕਈ ਵਾਰ ਆਊਟ ਹੋ ਚੁੱਕੇ ਹਨ। ਪਿਛਲੀਆਂ 20 ਪਾਰੀਆਂ ‘ਚ ਯੁਵਰਾਜ ਨੇ ਸਿਰਫ਼ ਇੱਕ ਸੈਂਕੜਾ ਅਤੇ 2 ਅਰਧ ਸੈਂਕੜੇ ਲਗਾਏ ਹਨ ਅਤੇ ਬਾਕੀ 17 ਪਾਰੀਆਂ ‘ਚ ਉਹ ਉਮੀਦ ਦੇ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ ਹਨ।
ਯੁਵਰਾਜ ਦਾ ਟੀਮ ‘ਚ ਕੱਦ ਘੱਟ ਰਿਹਾ ਹੈ ਅਤੇ ਇਸ ਦੇ ਜ਼ਿੰਮੇਵਾਰ ਉਹ ਖੁਦ ਹਨ, ਕਿਉਂਕਿ ਉਹ ਆਪਣੇ ਕੱਦ ਦੇ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਰਹੇ ਹਨ। ਯੁਵਰਾਜ ਦੀ ਲੈਅ ਦੇਖ ਕੇ ਲਗਦਾ ਨਹੀਂ ਕਿ ਉਹ ਲੰਬੇ ਸਮੇਂ ਤੱਕ ਟੀਮ ‘ਚ ਬਣੇ ਰਹਿਣਗੇ ਅਤੇ ਵਰਲਡ ਕੱਪ 2019 ਦੀ ਟੀਮ ‘ਚ ਦਿਖਾਈ ਦੇਣਗੇ। ਇਸ ‘ਚ ਕੋਈ ਦੋ ਰਾਏ ਨਹੀਂ ਕਿ ਯੁਵਰਾਜ ਇੱਕ ਬਹੁਤ ਵੱਡੇ ਅਤੇ ਹੁਨਰ ਨਾਲ ਭਰਪੂਰ ਖਿਡਾਰੀ ਹਨ। ਪਰ ਜਦੋਂ ਇਸ ਖਿਡਾਰੀ ਦਾ ਬੱਲਾ ਨਹੀਂ ਚਲਦਾ ਤਾਂ ਸ਼ਾਇਦ ਉਨ੍ਹਾਂ ਤੋਂ ਜ਼ਿਆਦਾ ਤਕਲੀਫ਼ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੁੰਦੀ ਹੈ। ਅਤੇ ਯੁਵਰਾਜ ਦੇ ਪ੍ਰਸ਼ੰਸਕ ਇਹ ਕਦੀ ਨਹੀਂ ਚਾਹੁਣਗੇ ਕਿ ਉਨ੍ਹਾਂ ਦੇ ਯੁਵਰਾਜ ਨੂੰ ਦੁਬਾਰਾ ਟੀਮ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ। ਇਸ ਤੋਂ ਪਹਿਲਾਂ ਕਿ ਕੁਝ ਸਖਤ ਫ਼ੈਸਲੇ ਕੀਤੇ ਜਾਣ ਯੁਵਰਾਜ ਨੂੰ ਆਪਣੇ ਪ੍ਰਸ਼ੰਸਕਾਂ ਦਾ ਖਿਆਲ ਰੱਖਦੇ ਹੋਏ ਖੁਦ ਹੀ ਬੱਲਾ ਟੰਗ ਦੇਣਾ ਚਾਹੀਦਾ ਹੈ।