‘ਹੂੰ ਤਾਂ ਇਹ ਗੱਲ ਏ। ਪਹਿਲੀ ਗੱਲ ਤਾਂ ਕੰਨ ਲਾ ਕੇ ਸੁਣ। ਮੰਜ਼ਿਲ ਵੱਲ ਵਧਦਿਆਂ, ਰਾਹਾਂ ‘ਚ ਬੈਠੇ ਕੁੱਤਿਆਂ ਦਾ ਭੌਂਕਣਾ ਉਸ ਨਸਲ ਦਾ ਸੁਭਾਵਿਕ ਵਰਤਾਰਾ ਹੈ। ਬਜਾਏ ਕੁੱਤਿਆਂ ਵੱਲ ਧਿਆਨ ਦੇਣ ਦੇ ਆਪਣਾ ਪੈਂਡਾ ਨਾਪਦੇ ਜਾਓ, ਭੌਂਕ-ਭੂੰਕ ਕੇ ਕੁੱਤੇ ਆਪੇ ਕੋਈ ਨੁੱਕਰ- ਕੌਲਾ ਮੱਲ ਕੇ ਬਹਿ ਜਾਂਦੇ ਆ। ਇੰਝ ਹੀ ਲੋਕਾਂ ਦੀ ਗੱਲ ਵੀ ਜ਼ਿਆਦਾ ਦਿਲ ‘ਤੇ ਨਹੀਂ ਲਾਈਦੀ, ਪਰ੩! ਕੁੱਝ ਗੱਲਾਂ ਹਮੇਸ਼ਾ ਵਾਸਤੇ ਆਪਣੇ ਦਿਮਾਗ਼ ਪੱਲੇ ਪੀਢੀ ਗੰਢ ਕਰ ਕੇ ਬੰਨ੍ਹ ਲੈ। ਮੈਂ ਕੱਲ੍ਹ ਨੂੰ ਰਹਾਂ, ਨਾ ਰਹਾਂ। ਤੇਰੇ ਸਾਹਮਣੇ ਤੇਰੀ ਪੂਰੀ ਜ਼ਿੰਦਗੀ ਪਈ ਏ। ਕਿਸੇ ਨੂੰ ਸਹੀ ਜਾਂ ਗ਼ਲਤ ਠਹਿਰਾਉਣ ਲਈ ਨਹੀਂ, ਤੈਨੂੰ ਸਮਝਾਉਣ ਲਈ ਦੱਸਦੀ ਹਾਂ, ਤੇ ਕੱਲ੍ਹ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅੱਗੇ ਦੱਸਣਾ ਕਦੇ ਨਾ ਭੁੱਲੀਂ।’ ਅਨੀਤਾ ਨੂੰ ਬੁੱਕਲ ‘ਚ ਲੈਂਦਿਆਂ ਨਾਨੀ ਨੇ ਕਹਿਣਾ ਸ਼ੁਰੂ ਕੀਤਾ। ‘ਪਹਿਲੀ ਗੱਲ ਕਿਸੇ ਵੀ ਆਦਮੀ ਨੂੰ ਕਦੇ ਜਵਾਨ ਜਾਂ ਬੁੱਢਾ ਨਾ ਸਮਝੀਂ, ਤੇ ਔਰਤ ਨੂੰ ਕਦੀ ਬੱਚੀ ਜਾਂ ਬੁੱਢੀ ਸਮਝਣ ਦੀ ਭੁੱਲ ਨਾ ਕਰੀਂ।’ ‘ਕੀ ਮਤਲਬ੩! ਮੈਂ ਸਮਝੀ ਨਹੀਂ। ਮੈਨੂੰ ਗੁੰਝਲਾਂ ‘ਚ ਨਹੀਂ ਸਿੱਧੇ ਸ਼ਬਦਾਂ ‘ਚ ਦੱਸੋ।’ ਗੱਲ ਨੂੰ ਵਿੱਚਾਲੇ ਟੋਕਦਿਆਂ ਅਨੀਤਾ ਸਿੱਧੀ ਹੋ ਕੇ ਬੈਠ ਗਈ। ‘ਪੁੱਤਰ ਜੇ ਆਦਮੀ ਨੂੰ ਬੁੱਢਾ ਸਮਝੇਂਗੀ ਤਾਂ ਉਸ ਨਾਲ ਹਮਦਰਦੀ ਕਰ ਕੇ ਸੰਤਾਪ ਹੰਢਾਏਂਗੀ ਕਿਉਂਕਿ ਆਦਮੀ ਮਰਦੇ ਦਮ ਤਕ ਕਦੇ ਬੁੱਢੇ ਨਹੀਂ ਹੁੰਦੇ, ਤੇ ਜੇ ਜਵਾਨ ਸਮਝੇਂਗੀ ਤਾਂ ਤੈਨੂੰ ਪਤਾ ਹੀ ਨਹੀਂ ਲੱਗਣਾ ਕਦੋਂ ਓਹਦੀ ਖਿੱਚ ਦਾ ਸ਼ਿਕਾਰ ਹੋ ਕੇ ਆਪਾ ਓਹਦੀ ਝੋਲੀ ‘ਚ ਪਾ ਦੇਵੇਂਗੀ। ਆਦਮੀ ਸਿਰਫ਼ ਆਦਮੀ ਹੀ ਹੁੰਦੇ ਨੇ। ਇੰਝ ਹੀ ਔਰਤ ਨੂੰ ਵੀ ਕਦੇ ਬੱਚੀ ਜਾਂ ਨਿਆਣੀ ਤੇ ਨਾ ਹੀ ਕਦੀ ਬੁੱਢੀ ਸਮਝੀਂ ਕਿਉਂਕਿ ਜੰਮਣ ਤੋਂ ਲੈ ਕੇ ਮਰਨ ਤਕ ਉਹ ਔਰਤ ਹੀ ਰਹਿੰਦੀ ਹੈ।
ਤੂੰ ਆਪ ਸੋਚ, ਜੇ ਇਸ ਆਦਮ ਜਾਤ ਸਮਾਜ ਦੀਆਂ ਨਜ਼ਰਾਂ ‘ਚ ਔਰਤ ਦੀ ਉਮਰ ਦਾ ਲਿਹਾਜ਼ ਹੁੰਦਾ ਤਾਂ ਦੁੱਧਮੂੰਹੀਆਂ ਬੱਚੀਆਂ ਜਾਂ ਜ਼ਿੰਦਗੀ ਦੇ ਆਖ਼ਰੀ ਪੜਾਅ ‘ਤੇ ਪਹੁੰਚੀਆਂ ਬਿਰਧਾਂ ਦਰਿੰਦਿਆਂ ਦੀ ਹਵਸ ਦਾ ਸ਼ਿਕਾਰ ਕਿਵੇਂ ਤੇ ਕਿਉਂ ਹੋ ਜਾਂਦੀਆਂ ਨੇ? ਔਰਤ ਤੇ ਆਦਮੀ ਦਾ ਜੋ ਰਿਸ਼ਤਾ ਪਵਿੱਤਰ ਰਿਸ਼ਤਿਆਂ ਦੀ ਗੰਢ ‘ਚ ਬੱਝਿਆ ਹੋਇਐ, ਦੁਨੀਆਂ ਤਾਂ ਓਹਦੇ ‘ਤੇ ਵੀ ਉਂਗਲ ਚੁੱਕਣ ਤੋਂ ਬਾਜ ਨਹੀਂ ਆਉਾਂਦੀ,ਪਰ ਇਸ ਸਮਾਜ ਤੋਂ ਭੱਜ ਕੇ ਜਾਵਾਂਗੇ ਵੀ ਤਾਂ ਕਿੱਥੇ! ਜਨਮ ਤੋਂ ਲੈ ਕੇ ਮਰਨ ਤਕ ਅਸੀਂ ਵਿੱਚਰਨਾ ਤਾਂ ਇਸੇ ਸਮਾਜ ‘ਚ ਹੀ ਏ ਨਾ। ਇਸ ਲਈ ਭਾਵੇਂ ਤੁਹਾਨੂੰ ਕਿਸੇ ‘ਚ ਪਿਤਾ ਨਜ਼ਰੀਂ ਆਵੇ ਜਾਂ ਭਰਾ,੩ ਦਫ਼ਤਰਾਂ ‘ਚ ਜਜ਼ਬਾਤਾਂ ਤੋਂ ਕੰਮ ਨਹੀਂ ਲਈਦਾ। ਨਿਰਧਾਰਿਤ ਮਰਿਆਦਾ ਦਾ ਫ਼ਾਸਲਾ ਰੱਖਣਾ ਬੇਹੱਦ ਜ਼ਰੂਰੀ ਹੈ। ਪੁੱਤਰ, ਬਦ ਨਾਲੋਂ ਬਦਨਾਮ ਬੁਰਾ ਹੁੰਦੈ। ਅਸੀਂ ਦੁਨੀਆ ਦੀ ਜ਼ੁਬਾਨ ਨਹੀਂ ਫ਼ੜ ਸਕਦੇ ਪਰ ਨਿਰਧਾਰਿਤ ਫ਼ਾਸਲਾ ਬਰਕਰਾਰ ਰੱਖ ਕੇ ਬਦਨਾਮੀ ਤੋਂ ਬਚ ਜ਼ਰੂਰ ਸਕਦੇ ਹਾਂ। ਮੈਨੂੰ ਯਕੀਨ ਹੈ ਕਿ ਮੇਰੀ ਧੀ ਖਰੀ ਸੋਨੇ ਦੀ ਡਲੀ ਏ੩ਪਰ ਦੋਮੂੰਹੀਂ ਦੁਨੀਆ ਦੀ ਜ਼ੁਬਾਨ ਨੂੰ ਤੂੰ-ਮੈਂ ਤਾਂ ਕੀ ਕੋਈ ਵੀ ਲਗਾਮ ਨਹੀਂ ਸਕਦਾ। ਦਿਲ ਕੀਹਨੇ ਵੇਖਿਐ, ਲੋਕੀਂ ਜੋ ਅੱਖੀਂ ਵੇਖਦੇ ਨੇ ਉਸੇ ਨੂੰ ਹੀ ਹਵਾ ਦੇ ਦਿੰਦੇ ਨੇ ਤੇ ਜੇ ਇਕ ਵਾਰ ਬਦਨਾਮੀ ਦਾ ਦਾਗ਼ ਲੱਗ ਜਾਵੇ ਤਾਂ ਫ਼ਿਰ ਕਿੰਨੀ ਵੀ ਕੋਸ਼ਿਸ਼ ਕਰ ਲਵੋ ਸਾਫ਼-ਪਾਕਿ ਦਾਮਨ ਤੋਂ ਕੋਈ ਡਿਟਰਜੈਂਟ ਵਰਤ ਲਓ ਦਾਗ਼ ਨਹੀਂ ਧੋਤੇ ਜਾ ਸਕਦੇ। ਸਮਾਜ ਦੇ ਬਦਲਦੇ ਵਰਤਾਰੇ ਤੇ ਤਰੱਕੀ ਦੀਆਂ ਰਾਹਾਂ ‘ਤੇ ਅੱਗੇ ਵੱਧਦਿਆਂ ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਔਰਤ ਤੇ ਆਦਮੀ ਦਾ ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਜ਼ਰੂਰੀ ਹੈ, ਪਰ ਇਸ ਦੇ ਨਾਲ-ਨਾਲ ਮਾਨ-ਸਨਮਾਨ ਦੀ ਸੁਰੱਖਿਆ ਲਈ ਹਰ ਰਿਸ਼ਤਾ, ਹਰ ਸਬੰਧ ਨਿਰਧਾਰਿਤ ਫ਼ਾਸਲਾ ਮੰਗਦਾ ਹੈ। ਉਹ ਫ਼ਾਸਲਾ ਤੈਅ ਕਰਨਾ ਤੇ ਉਸ ਦਾ ਪਾਲਣ ਕਰ ਕੇ ਮੰਜ਼ਿਲ ਵੱਲ ਵੱਧਣਾ ਦੋਵੇਂ ਸਾਡੇ ਆਪਣੇ ਹੱਥ ਵਿੱਚ ਹਨ। ਪੁੱਤਰ ਜੀ, ਗੱਡੀ ਚਲਾਉਾਂਦੇਸਮੇਂ ਹਾਦਸਿਆਂ ਤੋਂ ਬਚਾਅ ਲਈ ਗੱਡੀਆਂ ‘ਚ ਨਿਰਧਾਰਿਤ ਫ਼ਾਸਲਾ ਰੱਖਣਾ ਜ਼ਰੂਰੀ ਹੈ, ਪੌਦਿਆਂ ਦੇ ਸੰਪੂਰਨ ਵਿਕਾਸ ਲਈ ਪੌਦੇ ਲਗਾਉਾਂਦੇਸਮੇਂ ਨਿਰਧਾਰਿਤ ਫ਼ਾਸਲਾ ਜ਼ਰੂਰੀ ਹੈ, ਇੱਥੋਂ ਤਕ ਕਿ ਖੇਤ ‘ਚ ਬੀਜ ਬੀਜਦਿਆਂ ਪੌਦਾ ਪੂਰਾ ਬੁੱਚੜ ਮਾਰ ਕੇ ਭਰਪੂਰ ਫ਼ਸਲ ਦਾ ਝਾੜ ਦੇ ਸਕੇ ਤੇ ਪ੍ਰਜਣਨ ਪ੍ਰਕਿਰਿਆ ‘ਚ ਜੱਚਾ-ਬੱਚਾ ਦੀ ਸਿਹਤਯਾਬੀ ਲਈ ਇਕ ਤੋਂ ਦੂਸਰੇ ਬੱਚੇ ਦੇ ਜਨਮ ਲਈ ਨਿਰਧਾਰਿਤ ਫ਼ਾਸਲੇ ਨੂੰ ਤਰਜੀਹ ਦਿੱਤੀ ਜਾਂਦੀ ਹੈ, ਇਸੇ ਤਰ੍ਹਾਂ ਸਫ਼ਲ ਜੀਵਨ ਜੀਉਂਣ ਲਈ ਹਰ ਕਦਮ ‘ਤੇ ਨਜ਼ਦੀਕੀ ਤੇ ਫ਼ਾਸਲੇ ਦਾ ਵੀ ਧਿਆਨ ਰੱਖਣਾ ਹੀ ਨਹੀਂ ਬਲਕਿ ਫ਼ਾਸਲੇ ਦੇ ਨਿਯਮਾਂ ਨੂੰ ਅਪਨਾਉਣਾ ਵੀ ਬੇਹੱਦ ਜ਼ਰੂਰੀ ਹੈ। ਨਿਰਧਾਰਿਤ ਫ਼ਾਸਲਾ ਨਾ ਕੇਵਲ ਜੀਵਨ ਦੇ ਹਾਦਸਿਆਂ ਤੋਂ ਬਚਾਅ ਲਈ ਜ਼ਰੂਰੀ ਹੈ ਬਲਕਿ ਨੈਤਿਕਤਾ ਦਾ ਆਧਾਰ ਵੀ ਹੈ, ਜੋ ਜੀਵਨ ‘ਚ ਹਾਸੇ ਖੁਸ਼ੀਆਂ ਤੇ ਮਹਿਕਾਂ ਬਹਾਰਾਂ ਦੇ ਖੇੜੇ ਭਰ ਦਿੰਦਾ ਹੈ। ਸਫ਼ਰ ਕਰਦਿਆਂ ਸਵਾਰੀ ਆਪਣੇ ਸਮਾਨ ਦੀ ਆਪ ਜਿੰਮੇਵਾਰ ਹੁੰਦੀ ਏ, ਸੜਕ ਪਾਰ ਕਰਦਿਆਂ ਤੇਜ਼ ਰਫ਼ਤਾਰ ਆਉਾਂਦੇਟਰੱਕ ਦੇ ਰੁਕਣ ਦਾ ਇੰਤਜ਼ਾਰ ਕਰੋਗੇ ਤਾਂ ਟੱਕਰ ਦੀ ਸੌ ਫ਼ੀਸਦੀ ਸੰਭਾਵਨਾ ਬਣੀ ਰਹੇਗੀ, ਪਰ ਬਚਾਅ ਲਈ ਸੱਜੇ-ਖੱਬੇ ਵੇਖ ਕੇ ਸੜਕ ਪਾਰ ਕਰਨ ‘ਚ ਹੀ ਆਪਣੀ ਸੁਰੱਖਿਆ ਨਿਸ਼ਚਿਤ ਹੁੰਦੀ ਹੈ, ਆਈ ਸਮਝ ਕਿ ਮੇਰੇ ਭਾਸ਼ਣ ਨੇ ਸਿਰ ਪੀੜ ਚੜ੍ਹਾ’ਤੀ?” ਆਖਦਿਆਂ ਰਮਾ ਦੇਵੀ ਹੱਸਣ ਲੱਗੀ। ”ਮੇਰੀ ਸਕੂਟੀ ਦੀ ਬ੍ਰੇਕ ਖ਼ਰਾਬ ਹੋ ਗਈ ਸੀ, ਨਾਨੀ ਮੰਮਾ। ਤੁਸੀਂ ਰੋਟੀ ਬਣਾਉ। ਮੈਂ ਵਰਕਸ਼ਾਪ ਤੋਂ ਹੋ ਕੇ ਹੁਣੇ ਆਈ ਬਸ।” ਆਖ ਕੇ ਅਨੀਤਾ ਨੇ ਹਫ਼ਤੇ ਭਰ ਤੋਂ ਅਣਗੌਲੀ ਪਈ ਸਕੂਟੀ ਨੂੰ ਕੱਪੜਾ ਮਾਰਿਆ, ਅਲਮਾਰੀ ਦੀ ਨੁੱਕਰ ‘ਚ ਸਾਂਭ ਕੇ ਰੱਖਿਆ ਹੈਲਮਟ ਕੱਢਿਆ ਤੇ ਹੱਸ ਕੇ ਨਾਨੀ ਨੂੰ ਜੱਫ਼ੀ ਪਾ ਲਈ।
ਲੇਖਕ: ਦੀਪਤੀ ਬਬੂਟਾ