ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਅੱਜ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਕਾਮੇਡੀ ਸ਼ੋਅ ਤੇ ਕੰਮ ਕਰਨ ਵਾਲੀ ਪਟੀਸ਼ਨ ਤੇ ਸੁਣਵਾਈ ਹੋਈ| ਸੁਣਵਾਈ ਦੌਰਾਨ ਪੰਜਾਬ ਸਰਕਾਰ ਵੱਲੋਂ ਐਡਵੋਕੇਟ ਜਨਰਲ ਅਤੁੱਲ ਨੰਦਾ ਪੇਸ਼ ਹੋਏ|
ਅਤੁਲ ਨੰਦਾ ਨੇ ਪੰਜਾਬ ਸਰਕਾਰ ਵੱਲੋਂ ਜ਼ੋਰਦਾਰ ਦਲੀਲ ਵਿਚ ਕਿਹਾ ਕਿ ਪਟੀਸ਼ਨ ਵਿਚ ਇਸ ਗੱਲ ਦਾ ਜ਼ਿਕਰ ਨਹੀਂ ਹੈ ਕਿ ਕਿਸ ਕਨਵੈਂਸ਼ਨ ਦੇ ਤਹਿਤ ਸਿੱਧੂ ਕਾਮੇਡੀ ਸ਼ੋਅ ਵਿਚ ਕੰਮ ਨਹੀਂ ਕਰ ਸਕਦੇ| ਉਨ੍ਹਾਂ ਨੇ ਕਿਹਾ ਕਿ ਉਹ ਰੂਲ 6 ਦੇ ਵਿਰੁੱਧ ਹੈ| ਸਰਕਾਰ ਨੇ ਇਹ ਵੀ ਸਪਸ਼ਟ ਕੀਤਾ ਕਿ ਸਿੱਧੂ ਪਬਲਿਕ ਆਫਿਸ ਦੇ ਅਧੀਨ ਹੈ ਨਾ ਕਿ ਪਬਲਿਕ ਡਿਵੈਲਪਮੈਂਟ| ਅਜਿਹੇ ਵਿਚ ਉਨ੍ਹਾਂ ਉਤੇ ਸਿਵਲ ਸਰਵੈਂਟ ਦੇ ਨਿਯਮ ਲਾਗੂ ਨਹੀਂ ਹੁੰਦੇ| ਮਾਮਲੇ ਵਿਚ ਅਗਲੀ ਸੁਣਵਾਈ ਹੁਣ 2 ਅਗਸਤ ਨੂੰ ਹੋਵੇਗੀ|
ਐਚ.ਸੀ ਅਰੋੜਾ ਨੇ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਸੰਵਿਧਾਨਿਕ ਅਹੁਦੇ ਤੇ ਰਹਿੰਦਿਆਂ ਨਵਜੋਤ ਸਿੰਘ ਸਿੱਧੂ ਨੁੰ ਕਾਮੇਡੀ ਸ਼ੋਅ ਵਿਚ ਕੰਮ ਨਹੀਂ ਕਰਨਾ ਚਾਹੀਦਾ| ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੇ ਸ਼ੋਅ ਨਾਲ ਜਨਤਾ ਦੇ ਕੰਮ ਪ੍ਰਭਾਵਿਤ ਹੁੰਦੇ ਹਨ|