ਸ਼ਰਧਾ ਕਪੂਰ ਅੱਜਕੱਲ੍ਹ ਆਪਣੀ ਆਉਣ ਵਾਲੀ ਫ਼ਿਲਮ ‘ਹਾਫ਼ ਗਰਲਫ਼੍ਰੈਂਡ’ ਦੇ ਪ੍ਰਮੋਸ਼ਨ ਵਿੱਚ ਮਸਰੂਫ਼ ਹੈ। ਹਾਲ ਹੀ ਵਿੱਚ ਉਸ ਦੀ ਇਸ ਫ਼ਿਲਮ ਦਾ ਇੱਕ ਗੀਤ ਰਿਲੀਜ਼ ਕੀਤਾ ਗਿਆ ਹੈ। ਇਸ ਵਿੱਚ ਸ਼ਰਧਾ ਕਪੂਰ ਅਰਜੁਨ ਨਾਲ ਮੀਂਹ ਵਿੱਚ ਭਿੱਜਦੀ ਨਜ਼ਰ ਆ ਰਹੀ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ। ਲਗਭਗ ਹਰ ਫ਼ਿਲਮ ਵਿੱਚ ਉਸ ਦਾ ਬਰਸਾਤ ਨਾਲ ਰਿਸ਼ਤਾ ਬਣਾ ਹੀ ਜਾਂਦਾ ਹੈ। ਸ਼ਾਇਦ ਤੁਸੀਂ ਗ਼ੌਰ ਕੀਤਾ ਹੋਵੇ, ਸ਼ਰਧਾ ਦੀਆਂ ਫ਼ਿਲਮਾਂ ਵਿੱਚ ਇੱਕ ਨਾ ਇੱਕ ਗੀਤ ਵਿੱਚ ਬਰਸਾਤ ਪੈ ਹੀ ਰਹੀ ਹੁੰਦੀ ਹੈ। ਫ਼ਿਲਮ ‘ਆਸ਼ਕੀ 2’ ਦਾ ਗੀਤ ‘ਤੁਮ ਹੀ ਹੋ…’ ਗੀਤ ਵਿੱਚ ਉਹ ਆਦਿੱਤਿਆ ਰਾਏ ਕਪੂਰ ਨਾਲ ਸਾਉਣ ਦੀਆਂ ਫ਼ੁਹਾਰਾਂ ‘ਚ ਨੱਚਦੀ ਨਜ਼ਰ ਆਈ ਸੀ। ਇਸ ਤੋਂ ਬਾਅਦ ਟਾਈਗਰ ਸ਼ਰਾਫ਼ ਨਾਲ ਉਸ ਦੀ ਆਈ ਫ਼ਿਲਮ ‘ਬਾਗ਼ੀ’ ਵਿੱਚ ਵੀ ਬਰਸਾਤ ਦੀਆਂ ਕਣੀਆਂ ਨੇ ਉਸ ਦੀ ਪ੍ਰੇਮ ਕਹਾਣੀ ਨੂੰ ਸਰਾਬੋਰ ਕੀਤਾ। ਫ਼ਿਲਮ ‘ਏਕ ਵਿਲੇਨ’ ਦੇ ‘ਗਲੀਆਂ’ ਗੀਤ ਵਿੱਚ ਸ਼ਰਧਾ ‘ਤੇ ਭਾਵੇਂ ਅਸਮਾਨੀ ਮੀਂਹ ਨਹੀਂ ਵਰ੍ਹਿਆ ਪਰ ਸਿੱਧਾਰਥ ਕਪੂਰ ਨੇ ਮਸ਼ੀਨ ਨਾਲ ਬਰਫ਼ ਦੀ ਬਰਸਾਤ ਤਾਂ ਕਰਵਾ ਹੀ ਦਿੱਤੀ ਸੀ। ਹੁਣ ਉਹ ਅਰਜੁਨ ਕਪੂਰ ਨਾਲ ‘ਹਾਫ਼ ਗਰਲਫ਼੍ਰੈਂਡ’ ਵਿੱਚ ਨਜ਼ਰ ਆਵੇਗੀ। ਇਸ ਗੀਤ ਤਾਂ ਨਾਂ ਹੀ ‘ਬਾਰਿਸ਼’ ਹੈ। ਇਸ ਬਾਰੇ ਜਦੋਂ ਸ਼ਰਧਾ ਕਪੂਰ ਨੂੰ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ‘ਹਾਂ ਮੈਂ ਵੀ ਹੈਰਾਨ ਹਾਂ ਕਿ ਮੇਰੇ ਗੀਤ ਬਾਰਿਸ਼ ਵਿੱਚ ਜ਼ਿਆਦਾ ਫ਼ਿਲਮਾਏ ਗਏ ਹਨ ਪਰ ਮੈਂ ਇਸ ਨੂੰ ਇੱਕ ਸੰਜੋਗ ਹੀ ਮੰਨਦੀ ਹਾਂ। ਉਂਜ ਰੀਅਲ ਲਾਈਫ਼ ਵਿੱਚ ਵੀ ਮੈਨੂੰ ਬਰਸਾਤ ਬਹੁਤ ਚੰਗੀ ਗਲਦੀ ਹੈ। ਮੈਂ ਬਾਰਿਸ਼ ਨੂੰ ਬਹੁਤ ਇੰਜੁਆਏ ਕਰਦੀ ਹਾਂ।’