ਜਫ਼ਾਤੀ ਰਿਕਸ਼ੇ ਵਾਲੇ ਨੂੰ ਰੋਕ ਕੇ ਆਪਣੀ ਲੜਕੀ ਨੂੰ ਬੈਠਣ ਲਈ ਕਿਹਾ ਤਾਂ ਉਹ ਕਹਿੰਦੀ, ”ਡੈਡੀ, ਪਹਿਲਾਂ ਪੈਸਿਆਂ ਦੀ ਗੱਲ ਤਾਂ ਮੁਕਾ ਲਉ।” ਮੈਂ ਪੈਸੇ ਪੁੱਛਣ ਤੋਂ ਪਹਿਲਾਂ ਸੁਭਾਵਿਕ ਹੀ ਉਹਦਾ ਨਾਂ ਪੁੱਛ ਲਿਆ।
”ਮੇਰਾ ਨਾਂ ਮੰਗਲ ਸਿੰਘ ਐ ਜੀ।” ਉਹਨੇ ਪੈਡਲ ਨੂੰ ਪੈਰ ਨਾਲ ਘੁਮਾਉਂਦਿਆਂ ਜੁਆਬ ਦਿੱਤਾ ਤੇ ਨਾਲ ਹੀ ਹੱਸ ਪਿਆ।
”ਬੈਠੋ ਬੇਟਾ, ਇਹਦਾ ਨਾਂ ਮੰਗਲ ਸਿੰਘ ਐ, ਪੈਸੇ ਵੱਧ ਨਹੀਂ ਲੈਂਦਾ ਇਹ।”
ਮੇਰੀ ਲੜਕੀ ਹੈਰਾਨ ਜਿਹੀ ਹੁੰਦੀ ਰਿਕਸ਼ੇ ‘ਤੇ ਚੜ੍ਹ ਗਈ। ਮੈਂ ਵੇਖਿਆ, ਮੰਗਲ ਸਿੰਘ ਨੇ ਵੀ ਸ਼ਸ਼ੋਪੰਜ ਜਿਹੀ ‘ਚ ਪਏ ਨੇ ਰਿਕਸ਼ਾ ਰੇੜ੍ਹ ਲਿਆ। ਮੇਰੀਆਂ ਅੱਖਾਂ ਮੂਹਰੇ 1970-1972 ਵਾਲਾ ਮੰਗਲ ਸਿੰਘ ਘੁੰਮ ਗਿਆ।
ਉਦੋਂ ਮੈਂ ਜਿਸ ਇੰਸਟੀਚਿਊਟ ‘ਚ ਇਲੈਕਟ੍ਰੀਕਲ ਦਾ ਡਿਪਲੋਮਾ ਕਰ ਰਿਹਾ ਸੀ, ਉੱਥੇ ਹੀ ਮੰਗਲ ਸਿੰਘ ਵੀ ਫ਼ਿਟਰ ਦੀ ਟਰੇਨਿੰਗ ਲੈ ਰਿਹਾ ਸੀ। ਮੈਂ ਕਾਲਜ ਦੇ ਸਾਹਮਣੇ ਚਾਹ ਵਾਲੀ ਦੁਕਾਨ ‘ਤੇ ਬੈਠਾ ਚਾਹ ਪੀ ਰਿਹਾ ਸੀ। ਉੱਠ ਕੇ ਤੁਰਨ ਲੱਗਿਆ। ਜਦੋਂ ਮੈਂ ਇੱਕ ਕੱਪ ਚਾਹ ਦੇ ਚਾਰ ਆਨੇ ਕੱਢ ਕੇ ਦੇਣ ਲੱਗਾ ਤਾਂ ਹੱਥ ਖਾਲੀ ਮੁੜ ਆਇਆ। ਚੁਆਨੀ ਪਤਾ ਨਹੀਂ ਕਿੱਥੇ ਡਿੱਗ ਪਈ ਸੀ। ਹੋਰ ਪੈਸੇ ਮੇਰੇ ਕੋਲ ਨਹੀਂ ਸਨ। ਚਾਰ ਆਨੇ ਵੀ ਘਰੋਂ ਕਈ ਦਿਨਾਂ ਪਿੱਛੋਂ ਖ਼ਰਚਣ ਲਈ ਮਿਲਦੇ ਸਨ। ਮੰਗਲ ਸਿੰਘ ਵੀ ਉੱਥੇ ਬੈਠਾ ਸੀ। ਉਹਨੇ ਮੇਰੀ ਪ੍ਰੇਸ਼ਾਨੀ ਵੇਖ ਕੇ ਝੱਟ ਆਪਣੇ ਕੋਲੋਂ ਚਾਰ ਆਨੇ ਕੱਢ ਕੇ ਬਿਹਾਰੀ ਲਾਲ ਨੂੰ ਫ਼ੜਾ ਦਿੱਤੇ। ਇਹ ਸਾਡੀ ਦੋਸਤੀ ਦਾ ਮੁੱਢ ਸੀ ਜੋ ਦਿਨੋਂ-ਦਿਨ ਗੂੜ੍ਹੀ ਹੁੰਦੀ ਗਈ।
ਦੋ ਸਾਲਾਂ ਦੀ ਟਰੇਨਿੰਗ ਤੋਂ ਬਾਅਦ ਨੌਕਰੀ ਨਾ ਮਿਲਣ ਕਰਕੇ ਮੰਗਲ ਸਿੰਘ ਨੇ ਰਿਕਸ਼ਾ ਫ਼ੜ ਲਿਆ ਸੀ। ਮੈਨੂੰ ਮਲੋਟ ਵਿੱਚ ਦਿੱਲੀ ਕਲਾਥ ਮਿੱਲ ਦੀ ਲੈਬਾਰਟਰੀ ‘ਚ ਤਕਨੀਸ਼ੀਅਨ ਦੀ ਨੌਕਰੀ ਮਿਲ ਗਈ ਸੀ। ਬਾਅਦ ਵਿੱਚ ਚੱਕ ਸ਼ੇਰੇਵਾਲ ਦੇ ਵਾਟਰ ਵਰਕਸ ਵਿੱਚ ਪੰਪ ਅਪਰੇਟਰ ਅਤੇ ਫ਼ਿਰ ਬਿਜਲੀ ਬੋਰਡ ਅੰਮ੍ਰਿਤਸਰ ਸਰਕਲ ਦੇ ਰਮਦਾਸ ਸਬ-ਆਫ਼ਿਸ ਵਿੱਚ ਪੱਕੀ ਨੌਕਰੀ ਲੱਗ ਗਈ।
ਮੰਗਲ ਸਿੰਘ ਨੂੰ ਵਾਟਰ ਵਰਕਸ ਵਿੱਚ ਫ਼ਿਟਰ ਦੀ ਨੌਕਰੀ ਮਿਲ ਗਈ ਸੀ, ਪਰ ਉਹਨੇ ਰਿਕਸ਼ਾ ਨਹੀਂ ਸੀ ਛੱਡਿਆ। ਡਿਊਟੀ ਜਾਣ ਤੋਂ ਪਹਿਲਾਂ ਸਵੇਰੇ-ਸਵੇਰੇ ਮੂੰਹ ਹਨੇਰੇ ਰੇਲਵੇ ਸਟੇਸ਼ਨ ਅਤੇ ਬੱਸ ਅੱਡੇ ਦੇ ਇੱਕ-ਦੋ ਗੇੜੇ ਲਾ ਲੈਂਦਾ ਸੀ। ਸ਼ਾਮ ਨੂੰ ਹਨੇਰਾ ਹੋਏ ਤਕ ਸਵਾਰੀਆਂ ਢੋਂਹਦਾ ਰਹਿੰਦਾ। ਬਜ਼ੁਰਗ ਮਾਂ-ਬਾਪ ਬਿਮਾਰ ਰਹਿੰਦੇ ਸਨ। ਦਿਨ-ਰਾਤ ਦੀ ਹੱਡ-ਭੰਨ੍ਹਵੀਂ ਮਿਹਨਤ ਕਰਨ ਕਰਕੇ ਮੰਗਲ ਸਿੰਘ ਆਪ ਵੀ ਬਿਮਾਰ ਰਹਿਣ ਲੱਗ ਪਿਆ ਸੀ। ਉਹ ਦਿਨੋਂ-ਦਿਨ ਕਮਜ਼ੋਰ ਹੁੰਦਾ ਜਾ ਰਿਹਾ ਸੀ।
ਮੈਂ ਰਮਦਾਸ ਤੋਂ ਆਪਣੇ ਪਿੰਡ, ਮਹੀਨੇ ਪਿੱਛੋਂ ਤਨਖ਼ਾਹ ਲੈ ਕੇ ਹੀ ਆਉਂਦਾ ਹੁੰਦਾ ਸੀ। ਅੰਮ੍ਰਿਤਸਰ ਤੋਂ ਫ਼ਰੀਦਕੋਟ ਵਾਲੀ ਬੱਸ ‘ਤੇ ਚੜ੍ਹਿਆ ਤਾਂ ਮੇਰੇ ਨਾਲ ਵਾਲੀ ਸੀਟ ‘ਤੇ ਦੋ ਕੁੜੀਆਂ ਵੀ ਆ ਕੇ ਬੈਠ ਗਈਆਂ। ਚਿਹਰੇ ਉਨ੍ਹਾਂ ਦੇ ਜਾਣੇ-ਪਛਾਣੇ ਲੱਗਦੇ ਸਨ। ਉਹ ਵੀ ਮੈਨੂੰ ਪਛਾਣਨ ਦੀ ਕੋਸ਼ਿਸ਼ ਵਿੱਚ ਇੱਕ-ਦੂਜੀ ਨਾਲ ਘੁਸਰ-ਮੁਸਰ ਕਰ ਰਹੀਆਂ ਸਨ। ਫ਼ਿਰ ਉਨ੍ਹਾਂ ‘ਚੋਂ ਇੱਕ ਨੇ ਪੁੱਛ ਹੀ ਲਿਆ:
”ਤੁਸੀਂ ਸੰਤੋਖ ਵੀਰ ਜੀ ਓ ਨਾ?”
”ਹਾਂ ਪਰ ਤੁਸੀਂ?”
”ਅਸੀਂ ਮੱਲਣ ਤੋਂ। ਤੁਸੀਂ ਪਾਲੋ, ਭੋਲੀ ਹੋਰਾਂ ਦੇ ਮਾਮਾ ਜੀ ਦੇ ਲੜਕੇ ਹੀ ਓ ਨਾ, ਪਿੰਡ ਭਾਣੇ ਤੋਂ? ਅਸੀਂ ਪਾਲੋ ਹੋਰਾਂ ਦੇ ਚਾਚੇ ਦੀਆਂ ਕੁੜੀਆਂ।”
ਉਨ੍ਹਾਂ ਦੱਸਿਆ, ”ਅਸੀਂ ਫ਼ਤਹਿਗੜ੍ਹ ਚੂੜੀਆਂ ਕੋਰਸ ਕਰਨ ਲਈ ਆਈਆਂ ਹੋਈਆਂ ਹਾਂ। ਅੱਜ ਅਸੀਂ ਪਿੰਡੋਂ ਜ਼ਰੂਰੀ ਕਾਗਜ਼ ਤੇ ਸਰਟੀਫ਼ਿਕੇਟ ਲੈ ਕੇ ਵਾਪਸ ਵੀ ਮੁੜਨਾ ਹੈ, ਪਰ ਲੱਗਦਾ ਨਹੀਂ ਮੁੜਿਆ ਜਾਵੇ।”
ਅਸੀਂ ਫ਼ਰੀਦਕੋਟ ਬੱਸ ਅੱਡੇ ਆ ਕੇ ਉਤਰੇ ਤਾਂ ਸੂਰਜ ਲਹਿੰਦੇ ਵੱਲ ਛਾਲ ਮਾਰ ਗਿਆ ਸੀ। ਹਨੇਰਾ ਘਿਰਦਾ ਆਉਂਦਾ ਸੀ। ਮੁੱਦਕੀ ਕੋਲ ਬੱਸ ਖ਼ਰਾਬ ਹੋ ਕੇ ਕਿੰਨਾ ਚਿਰ ਖੜ੍ਹੀ ਰਹੀ ਸੀ। ਕੁੜੀਆਂ ਦੇ ਤਾਂ ਉੱਥੇ ਹੀ ਕਾਲਜੇ ਨੂੰ ਹੌਲ ਪੈਣ ਲੱਗ ਪਏ ਸਨ।
”ਹਾਏ ਨੀਂ, ਕਿਵੇਂ ਪਹੁੰਚਾਂਗੇ। ਬੱਸ ਪਤਾ ਨਹੀਂ ਮਿਲੇ ਕਿ ਨਾ ਮਿਲੇ।” ਉਹੀ ਗੱਲ। ਕੋਈ ਵੀ ਬੱਸ ਕਿਸੇ ਪਾਸੇ ਨਹੀਂ ਸੀ ਜਾ ਰਹੀ। ਕੁੜੀਆਂ ਦੇ ਚਿਹਰੇ ਉਤਰ ਗਏ ਸਨ। ਉਹ ਪ੍ਰੇਸ਼ਾਨ ਹੋ ਕੇ ਏਧਰ-ਉਧਰ ਝਾਕਣ ਲੱਗੀਆਂ। ਮੈਂ ਉਨ੍ਹਾਂ ਨੂੰ ਆਪਣੇ ਪਿੰਡ ਜਾਣ ਦੀ ਸਲਾਹ ਦਿੱਤੀ। ਸਾਡੇ ਪਿੰਡ ਤਕ ਤਾਂ ਰਿਕਸ਼ੇ ਦੇਰ ਤਕ ਆਉਂਦੇ-ਜਾਂਦੇ ਰਹਿੰਦੇ ਸਨ, ਪਰ ਉਨ੍ਹਾਂ ਦਾ ਘੱਟੋ-ਘੱਟ ਆਪਣੇ ਨਾਨਕੇ ਪਿੰਡ ਢਿੱਲਵਾਂ ਤਕ ਜਾਣਾ ਜ਼ਰੂਰੀ ਸੀ। ਪਿੰਡ ਢਿੱਲਵਾਂ, ਕੋਟਕਪੂਰਾ ਤੋਂ ਸੱਤ-ਅੱਠ ਕਿਲੋਮੀਟਰ ਸੀ ਤੇ ਕੋਟਕਪੂਰਾ, ਫ਼ਰੀਦਕੋਟ ਤੋਂ ਬਾਰ੍ਹਾਂ ਕਿਲੋਮੀਟਰ। ਕੋਈ ਸਬੱਬ ਨਹੀਂ ਸੀ ਬਣ ਰਿਹਾ ਜਾਣ ਦਾ।
ਅਚਾਨਕ ਬਲਬੀਰ ਬਸਤੀ ਵਾਲੇ ਪਾਸਿਓਂ ਮੰਗਲ ਸਿੰਘ ਰਿਕਸ਼ਾ ਖਿੱਚਦਾ ਆਉਂਦਾ ਦਿੱਸਿਆ ਤਾਂ ਮੈਨੂੰ ਕੁਝ ਹੌਸਲਾ ਹੋ ਗਿਆ। ਸ਼ਾਇਦ ਇਹੀ ਕੋਈ ਹੱਲ ਕੱਢ ਦੇਵੇ। ਅਸੀਂ ਉਹਨੂੰ ਸਾਰੀ ਵਿਥਿਆ ਦੱਸੀ ਤਾਂ ਉਹ ਹੱਸ ਪਿਆ, ‘ਤੇਰਾ ਇਹ ਮਿੱਤਰ ਕਿਹੜੇ ਕੰਮ ਆਊ ਫ਼ਿਰ ਸੰਤੋਖ ਸਿੰਹਾਂ। ਜੇ ਇਹ ਤੇਰੀ ਭੂਆ ਦੀਆਂ ਕੁੜੀਆਂ ਨੇ ਤੇ ਮੇਰੀਆਂ ਵੀ ਤਾਂ ਭੈਣਾਂ ਹੋਈਆਂ। ਚੱਲੋ ਬੈਠੋ ਕੁੜੀਓ, ਆਪਣੇ ਵੀਰ ਦੀ ਗੱਡੀ ‘ਤੇ। ਆਪਣੀ ਚੁੰਨੀਆਂ ਨੂੰ ਸਿਰ ਉੱਤੇ ਸਾਫ਼ੇ ਵਾਂਗ ਬੰਨ੍ਹ ਲਓ ਭੈਣੋ।”
”ਮੈਂ ਵੀ ਨਾਲ ਚੱਲਾਂ ਯਾਰ।” ਮੈਂ ਝਕਦੇ-ਝਕਦੇ ਨੇ ਆਪਣਾ ਅੰਦਰਲਾ ਡਰ ਪ੍ਰਗਟ ਕੀਤਾ।
”ਤੂੰ ਭੋਰਾ ਫ਼ਿਕਰ ਨਾ ਕਰ। ਮੈਂ ਬਹਿੰਦੇ ਨੇ ਹੀ ਰਿਕਸ਼ੇ ਨੂੰ ਰੇਲ ਬਣਾ ਦੇਣਾ। ਅਸੀਂ ਤਾਂ ਪਹੁੰਚੇ ਲੈ। ਰੋਟੀ ਵੀ ਮੈਂ ਉੱਥੋਂ ਭੈਣਾਂ ਦੇ ਨਾਨਕੇ ਪਿੰਡੋਂ ਹੀ ਖਾ ਕੇ ਮੁੜਾਂਗਾ।” ਕਹਿੰਦਿਆਂ ਮੰਗਲ ਸਿੰਘ ਨੇ ਪੂਰੇ ਵਿਸ਼ਵਾਸ ਅਤੇ ਹੌਸਲੇ ਨਾਲ ਰਿਕਸ਼ਾ ਰੇੜ੍ਹ ਲਿਆ।
ਮੈਂ ਵੇਖਿਆ, ਕੁੜੀਆਂ ਦੇ ਚਿਹਰਿਆਂ ਉੱਤੇ ਵੀ ਵਿਸ਼ਵਾਸ ਅਤੇ ਬੇਫ਼ਿਕਰੀ ਦੀ ਪਤਲੀ ਜਿਹੀ ਲਹਿਰ ਦੌੜ ਗਈ ਸੀ। ਵੇਲੇ-ਕੁਵੇਲੇ ਖੇਤਾਂ ‘ਚ ਗੇੜਾ ਮਾਰਨ ਵਾਲੀਆਂ ਪਿੰਡ ਦੀਆਂ ਨਿੱਡਰ ਕੁੜੀਆਂ ਉਂਜ ਵੀ ਬੁਲੰਦ ਹੌਸਲੇ ਵਾਲੀਆਂ ਹੁੰਦੀਆਂ ਹਨ। ਅਗਲੇ ਮਹੀਨੇ ਜਦ ਮੈਂ ਪਿੰਡ ਆਇਆ ਤਾਂ ਫ਼ਰੀਦਕੋਟ ਬੱਸ ਅੱਡੇ ‘ਤੇ ਮੰਗਲ ਸਿੰਘ ਨੂੰ ਲੱਭਦਾ ਰਿਹਾ। ਬੜਾ ਲੱਭਿਆ, ਪਰ ਉਹ ਨਾ ਮਿਲਿਆ। ਇੱਕ ਰਿਕਸ਼ੇ ਵਾਲੇ ਤੋਂ ਉਹਦੇ ਬਾਰੇ ਪੁੱਛਿਆ। ਇਕਦਮ ਤਾਂ ਉਹਦੇ ਤੋਂ ਕੁਝ ਬੋਲਿਆ ਨਾ ਗਿਆ। ਫ਼ਿਰ ਭਰ ਆਏ ਗੱਚ ਨਾਲ ਬੋਲਿਆ, ”ਯਾਰਾਂ ਦਾ ਯਾਰ ਸੀ ਮੰਗਲ ਸਿੰਘ। ਉਹਨੂੰ ਟੀ.ਬੀ. ਹੋ ਗਈ ਸੀ। ਡਾਕਟਰਾਂ ਨੇ ਆਰਾਮ ਕਰਨ ਲਈ ਕਿਹਾ ਸੀ, ਪਰ ਉਹ ਬੜਾ ਚੀੜ੍ਹਾ ਸੀ। ਰਿਕਸ਼ਾ ਨਹੀਂ ਛੱਡਿਆ ਉਹਨੇ। ਸਰਕਾਰੀ ਨੌਕਰੀ ਵੀ ਕਰਨੀ ਰਿਕਸ਼ਾ ਵੀ ਚਲਾਉਣਾ, ਹੱਦੋਂ ਵੱਧ ਮਿਹਨਤ। ਆਖ਼ਰ ਬਿਮਾਰੀ ਨੇ ਢਾਹ ਲਿਆ। ਮਹੀਨਾ ਕੁ ਪਹਿਲਾਂ ਦੀ ਗੱਲ ਐ। ਇੱਥੋਂ ਆਪਣੇ ਕਿਸੇ ਦੋਸਤ ਦੀਆਂ ਰਿਸ਼ਤੇਦਾਰ ਕੁੜੀਆਂ ਨੂੰ ਹਨੇਰੇ ਪਏ ਤੋਂ ਢਿੱਲਵੀਂ ਛੱਡਣ ਤੁਰ ਗਿਆ। ਬੱਸ ਕੋਈ ਜਾਂਦੀ ਨਹੀਂ ਸੀ। ਯਾਰੀ ਪੁਗਾਉਣ ਖਾਤਰ ਸਿਰੜ ਕਰ ਗਿਆ। ਇੱਥੋਂ ਅਠਾਰਾਂ ਵੀਹ ਕਿਲੋਮੀਟਰ ਦਾ ਰਸਤਾ। ਰਾਤ ਪੈਂਦੀ ਵੇਖ ਕੇ ਕਾਹਲੀ-ਕਾਹਲੀ ਰਿਕਸ਼ਾ ਭਜਾਈ ਗਿਆ। ਕੁੜੀਆਂ ਨੂੰ ਤਾਂ ਛੱਡ ਆਇਆ ਸਹੀ-ਸਲਾਮਤ, ਪਰ ਆਉਂਦੇ ਨੇ ਹੀ ਮੰਜਾ ਮੱਲ ਲਿਆ। ਉਸ ਦਿਨ ਉਹਨੂੰ ਬੁਖ਼ਾਰ ਵੀ ਚੜ੍ਹਿਆ ਹੋਇਆ ਸੀ। ਬੱਸ ਬਾਈ ਜੀ ਫ਼ਿਰ ਨ੍ਹੀਂ ਉੱਠਿਆ ਮੰਗਲ ਸਿੰਘ ਮੰਜੇ ਤੋਂ।”
ਇਹ ਸੁਣ ਕੇ ਮੇਰੀਆਂ ਅੱਖਾਂ ‘ਚੋਂ ਹੰਝੂਆਂ ਦਾ ਸੈਲਾਬ ਵਹਿ ਤੁਰਿਆ ਸੀ, ”ਓ ਮੰਗਲ ਸਿੰਹਾ- ਮੇਰੇ ਮਿੱਤਰ, ਐਡੀ ਵੱਡੀ ਕੁਰਬਾਨੀ!”
ਸੰਤੋਖ ਸਿੰਘ ਭਾਣਾ