ਮੁੰਬਈ: ਇੰਡੀਅਨ ਪ੍ਰੀਮੀਅਰ ਲੀਗ ਦੇ ਕੁਆਲੀਫ਼ਾਇਰ ਮੈਚ ਵਿੱਚ ਇਥੇ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਨੇ ਮੁੰਬਈ ਇੰਡੀਅਨਜ਼ ਨੂੰ 20 ਦੌੜਾਂ ਨਾਲ ਦਰੜ ਦਿੱਤਾ ਅਤੇ ਫ਼ਾਈਨਲ ਵਿੱਚ ਪੁੱਜਣ ਵਾਲੀ ਪਹਿਲੀ ਟੀਮ ਬਣ ਗਈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਪੁਣੇ ਨੇ 20 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ਉਤੇ ਕੁੱਲ 162 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਮੁੰਬਈ ਦੀ ਟੀਮ ਮਿਥੇ ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ਉਤੇ 142 ਦੌੜਾਂ ਹੀ ਬਣਾ ਸਕੀ। ਮੁੰਬਈ ਵੱਲੋਂ ਸਭ ਤੋਂ ਵੱਧ ਦੌੜਾਂ ਦਾ ਯੋਗਦਾਨ ਪਾਰਥਿਵ ਪਟੇਲ ਨੇ ਪਾਇਆ। ਉਸ ਨੇ 40 ਗੇਂਦਾਂ ਦਾ ਸਾਹਮਣਾ ਕਰਦਿਆਂ 52 ਦੌੜਾਂ ਬਟੋਰੀਆਂ। ਜਸਪਾਲ ਬੁਮਰਾ ਨੇ 16, ਕਰੁਨਾਲ ਪਾਂਡਿਆ ਨੇ 15, ਹਾਰਦਿਕ ਪਾਂਡਿਆ ਨੇ 14 ਅਤੇ ਮਿਸ਼ੇਲ ਮੈਕਕਲੈਂਗਨ ਨੇ 12 ਦੌੜਾਂ ਜੋੜੀਆਂ। ਹੋਰ ਕੋਈ ਵੀ ਬੱਲੇਬਾਜ਼ ਦੋ ਦਾ ਅੰਕੜਾ ਪਾਰ ਨਾ ਕਰ ਸਕਿਆ। ਪੁਣੇ ਦੇ ਗੇਂਦਬਾਜ਼ਾਂ ਵਿੱਚੋਂ ਵਾਸ਼ਿੰਗਟਨ ਸੰਡਰ ਤੇ ਸਰਦੂਲ ਠਾਕੁਰ ਨੇ 3-3 ਅਤੇ ਜੈਦੇਵ ਤੇ ਲੌਕੀ ਫ਼ਰਗੂਸਨ ਨੇ 1-1 ਵਿਕਟ ਲਈ।
ਇਸ ਤੋਂ ਪਹਿਲਾਂ ਅਜਿੰਕਿਆ ਰਹਾਣੇ ਅਤੇ  ਮਨੋਜ ਤਿਵਾੜੀ ਦੇ ਨੀਮ ਸੈਂਕੜਿਆਂ ਤੋਂ ਇਲਾਵਾ ਮਹਿੰਦਰ ਸਿੰਘ ਧੋਨੀ ਦੀ ਤੂਫ਼ਾਨੀ ਪਾਰੀ ਨਾਲ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਨੇ ਚਾਰ ਵਿਕਟਾਂ ਦੇ ਨੁਕਸਾਨ ‘ਤੇ 162 ਦੌੜਾਂ ਬਣਾਈਆਂ। ਤਿਵਾੜੀ ਨੇ 48 ਗੇਂਦਾਂ ਵਿੱਚ ਦੋ ਛੱਕਿਆਂ ਅਤੇ ਚਾਰ ਚੌਕਿਆਂ ਦੀ ਮਦਦ ਨਾਲ 58 ਦੌੜਾਂ ਦੀ ਪਾਰੀ ਖੇਡੀ। ਰਹਾਣੇ (56) ਨਾਲ ਦੂਜੀ ਵਿਕਟ ਲਈ 80 ਅਤੇ ਮਹਿੰਦਰ ਸਿੰਘ ਧੋਨੀ(40) ਨਾਲ ਤੀਜੀ ਵਿਕਟ ਲਈ 73 ਦੌੜਾਂ ਦੀ ਭਾਈਵਾਲੀ ਕੀਤੀ। ਧੋਨੀ ਦੀ ਤੂਫ਼ਾ?ਨੀ ਪਾਰੀ ਨਾਲ ਪੁਣੇ ਦੀ ਟੀਮ ਅੰਤਿਮ ਦੋ ਓਵਰਾਂ ਵਿੱਚ 41 ਦੌੜਾਂ ਜੋੜਨ ਵਿੱਚ ਸਫ਼ਲ ਰਹੀ। ਮੁੰਬਈ ਵੱਲੋਂ ਲਸਿਥ ਮਲਿੰਗਾ ਨੇ ਤਿੰਨ ਓਵਰਾਂ ਵਿੱਚ 14 ਦੌੜਾਂ ਦੇ ਕੇ ਇੱਕ ਵਿਕਟ ਲਈ। ਕਰਨ ਸ਼ਰਮਾ ਨੇ 30 ਜਦੋਂ ਕਿ ਮਿਸ਼ੇਲ ਮੈਕਲੇਘਨ ਨੇ 46 ਦੌੜਾਂ ਦੇ ਕੇ ਇੱਕ ਇੱਕ ਵਿਕਟ ਹਾਸਲ ਕੀਤਾ। ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪੁਣੇ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਜਿਸ ਤੋਂ ਬਾਅਦ ਉਸ ਦੇ ਗੇਂਦਬਾਜ਼ਾਂ ਨੇ ਕਪਤਾਨ ਦੇ ਫ਼ੈਸਲੇ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਮਿਸ਼ੇਲ ਨੇ ਚੰਗੀ ਲੈਅ ਵਿੱਚ ਚਲ ਰਹੇ ਰਾਹੁਲ ਤ੍ਰਿਪਾਠੀ ਨੂੰ ਸਿਫ਼ਰ ‘ਤੇ ਪਹਿਲੇ ਓਵਰ ਦੀ ਆਖਰੀ ਗੇਂਦ ‘ਤੇ ਆਊਟ ਕੀਤਾ। ਮਲਿੰਗਾ ਨੇ ਅਗਲੇ ਓਵਰ ਵਿੱਚ ਪੁਣੇ ਦੇ ਕਪਤਾਨ ਸਟੀਵ ਸਮਿਥ(01) ਨੂੰ ਹਾਰਦਿਕ ਪੰਡਿਆ ਹੱਥੋਂ ਕੈਚ ਕਰਾ ਕੇ ਟੀਮ ਦਾ ਸਕੋਰ ਦੋ ਵਿਕਟਾਂ ‘ਤੇ ਨੌਂ ਦੌੜਾਂ ਕਰ ਦਿੱਤਾ। ਸਲਾਮੀ ਬੱਲੇਬਾਜ਼ ਰਹਾਣੇ ਅਤੇ ਤਿਵਾੜੀ ਨੇ ਇਸ ਤੋਂ ਬਾਅਦ ਪਾਰੀ ਨੂੰ ਸੰਭਾਲਿਆ। ਟੀਮ ਪਾਵਰਪਲੇ ਵਿੱਚ ਦੋ ਵਿਕਟਾਂ ‘ਤੇ 33 ਦੌੜਾਂ ਹੀ ਬਣਾ ਸੀ। ਰਹਾਣੇ ਨੇ ਪਾਰੀ ਦੌਰਾਨ ਆਈਪੀਐਲ ਵਿੱਚ 3000 ਦੌੜਾਂ ਪੂਰੀਆਂ ਕੀਤੀਆਂ। ਉਹ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਅੱਠਵਾਂ ਭਾਰਤੀ ਅਤੇ ਕੁੱਲ 11 ਵਾਂ ਬੱਲੇਬਾਜ਼ ਹੈ।