ਮਥੁਰਾ— ਯੂ.ਪੀ. ਦੇ ਮਥੁਰਾ ‘ਚ ਸੋਮਵਾਰ ਦੀ ਰਾਤ ਸਰੇ ਬਾਜ਼ਾਰ ਹੋਈ ਲੁੱਟ ਅਤੇ ਹੱਤਿਆ ਦੀ ਘਟਨਾ ਬਾਅਦ ਪ੍ਰਦੇਸ਼ ਭਰ ਦੇ ਸਰਾਫਾ ਵਪਾਰੀਆਂ ‘ਚ ਗੁੱਸਾ ਭਰਿਆ ਹੈ। ਇਸ ਗੱਲ ਦੇ ਵਿਰੋਧ ‘ਚ ਸਾਰੇ ਸਰਾਫਾ ਵਪਾਰੀਆਂ ਨੇ ਪ੍ਰਦੇਸ਼ ਭਰ ‘ਚ ਹੜਤਾਲ ਦਾ ਐਲਾਨ ਕੀਤਾ ਹੈ। ਸਰਾਫਾ ਵਪਾਰੀਆਂ ਦੀ ਮੰਗ ਹੈ ਕਿ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਨੂੰ ਸਾਰੇ ਜਿਊਲਰਜ਼ ਦੀ ਸੁਰੱਖਿਆ ਯਕੀਨੀ ਕਰਨੀ ਚਾਹੀਦੀ। ਇਸ ਦੇ ਇਲਾਵਾ ਯੋਗੀ ਆਦਿਤਿਆ ਨਾਥ ਸ਼ੁੱਕਰਵਾਰ ਨੂੰ ਹੀ ਵਿਧਾਨ ਸਭਾ ‘ਚ ਕਾਨੂੰਨ ਵਿਵਸਥਾ ‘ਤੇ ਜਵਾਬ ਦੇ ਸਕਦੇ ਹਨ।
ਜਾਣਕਾਰੀ ਮੁਤਾਬਕ ਵਾਰਦਾਤ ਮਥੁਰਾ ਦੇ ਹੋਲੀਗੇਟ ਦੇ ਕੋਲ ਸਥਿਤ ਕੋਇਲਾ ਵਾਲੀ ਗਲੀ ਹੈ। ਸੋਮਵਾਰ ਨੂੰ ਰਾਤ ਕਰੀਬ 8 ਵਜੇ ਸਿਵਿਲ ਲਾਈਂਸ ਦੇ ਰਹਿਣ ਵਾਲੇ ਮਯੰਕ ਅਗਰਵਾਲ ਗਹਿਣਿਆਂ ਵਾਲੀ ਦੁਕਾਨ ‘ਤੇ ਸੀ। ਨਾਲ ਹੀ ਉਨ੍ਹਾਂ ਦਾ ਵੱਡਾ ਭਰਾ ਵਿਕਾਸ ਅਗਰਵਾਲ, ਮੇਰਠ ਦਾ ਇਕ ਕਾਰੀਗਰ ਅਸ਼ੋਕ ਅਤੇ ਦਿੱਲੀ ਦੇ ਜਿਊਲਰ ਮੇਘ ਅਗਰਵਾਲ ਵੀ ਮੌਜੂਦ ਸੀ।
ਦੱਸਿਆ ਜਾਂਦਾ ਹੈ ਕਿ 4 ਬਾਈਕ ‘ਤੇ ਕਰੀਬ 8 ਨਕਾਬਪੋਸ਼ ਬਦਮਾਸ਼ ਆਏ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੇਟ ਦੇ ਕੋਲ ਬੈਠੇ ਮੇਘ ਅਗਰਵਾਲ (34) ਦੇ ਚਿਹਰੇ ‘ਤੇ ਗੋਲੀ ਲੱਗੀ, ਜਿਸ ਕਾਰਨ ਉਹ ਉੱਥੇ ਹੀ ਡਿੱਗ ਗਏ, ਜਦਕਿ ਮਯੰਕ ਅਗਰਵਾਲ ਦੇ ਮੋਢੇ ਅਤੇ ਪੇਟ ‘ਚ ਗੋਲੀ ਲੱਗੀ। ਵਿਕਾਸ ਦੇ ਹੱਥ ਅਤੇ ਸਿਰ ‘ਚ ਗੋਲੀ ਲੱਗੀ ਅਤੇ ਅਸ਼ੋਕ ਦੇ ਪੇਟ ‘ਚ ਗੋਲੀ ਲੱਗੀ। ਮੇਘ ਦੀ ਦੁਕਾਨ ‘ਤੇ ਹੀ ਮੌਤ ਹੋ ਗਈ ਸੀ, ਜਦਕਿ ਵਿਕਾਸ ਨੇ ਹਸਪਤਾਲ ‘ਚ ਦਮ ਤੋੜ ਦਿੱਤਾ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਬਦਮਾਸ਼ ਕਰੀਬ 4 ਕਰੋੜ ਦੇ ਗਹਿਣੇ ਲੁੱਟ ਕੇ ਲੈ ਗਏ ਸੀ।