ਹਾੜ੍ਹੀ ਦੀ ਫ਼ਸਲ ਦਾ ਸਾਂਭ ਸੰਭਾਈਆ ਕਰ ਕੇ ਪਿੰਡ ਦੇ ਟਾਂਵੇਂ ਟਾਂਵੇਂ ਲੋਕਾਂ ਨੇ ਸੱਥ ਵਿੱਚ ਆਉਣ ਦਾ ਰੁਝਾਨ ਸ਼ੁਰੂ ਹੋ ਗਿਆ। ਜਿਵੇਂ ਜਿਵੇਂ ਕੋਈ ਕੰਮ ਧੰਦੇ ਤੋਂ ਥੋੜ੍ਹੀ ਬਹੁਤੀ ਵੇਹਲ ਮਹਿਸੂਸ ਕਰਦਾ, ਤਿਵੇਂ ਤਿਵੇਂ ਹਰ ਕੋਈ ਥੋੜ੍ਹਾ ਬਹੁਤਾ ਸਮਾਂ ਸੱਥ ‘ਚ ਗੁਜਾਰ ਜਾਂਦਾ। ਬਾਬਾ ਪੂਰਨ ਸਿਉਂ, ਸੁਦਾਗਰ ਬੁੜ੍ਹਾ, ਨਾਥਾ ਅਮਲੀ, ਪ੍ਰਤਾਪਾ ਭਾਊ, ਸੀਤਾ ਮਰਾਸੀ, ਫ਼ਿਰਨੀ ਆਲਿਆਂ ਦਾ ਤੇਜੂ, ਛੜਾ ਵਣਜਾਰਾ, ਬੁੱਘਰ ਦਖਾਣ, ਮਾਹਲਾ ਨੰਬਰਦਾਰ, ਜੱਗਾ ਕਾਮਰੇਡ, ਪ੍ਰੀਤਾ ਨਹਿੰਗ, ਬੱਲ੍ਹਿਆਂ ਦਾ ਮੱਲ ਤੇ ਟਾਂਡੇ ਭੰਨਾਂ ਦਾ ਘੀਰੂ ਇਹ ਸਾਰੇ ਤਾਂ ਨਿੱਤ ਦੇ ਆਉਣ ਵਾਲੇ ਸਨ ਕਿਉਂਕਿ ਇਹ ਘਰ ਦੇ ਕੰਮਾਂ ਕਾਰਾਂ ਤੋਂ ਫ਼ਾਰਗ ਸਨ। ਮੀਂਹ ਜਾਵੇ ਹਨੇਰੀ ਜਾਵੇ ਸੱਥ ‘ਚ ਇਨ੍ਹਾਂ ਦੀ ਹਾਜ਼ਰੀ ਪੱਕੀ ਹੁੰਦੀ ਸੀ। ਇਨ੍ਹਾਂ ਤੋਂ ਬਿਨਾਂ ਹੋਰ ਲੋਕ ਵੀ ਵਿਹਲਾ ਸਮਾਂ ਬਿਤਾਉਣ ਲਈ ਸੱਥ ‘ਚ ਆ ਬਹਿੰਦੇ ਤੇ ਕਦੇ ਕਦੇ ਦੋ-ਦੋ ਤਿੰਨ-ਤਿੰਨ ਦਿਨ ਨਹੀਂ ਵੀ ਸੀ ਆਉਂਦੇ।
ਜਿਉਂ ਹੀ ਬਾਬਾ ਪੂਰਨ ਸਿਉਂ ਸੱਥ ‘ਚ ਆਇਆ ਤਾਂ ਸੱਥ ‘ਚ ਬੈਠੇ ਸੀਤੇ ਮਰਾਸੀ ਨੂੰ ਬਾਬੇ ਨੇ ਥੜ੍ਹੇ ‘ਤੇ ਬੈਠਦਿਆਂ ਹੀ ਪੁੱਛਿਆ, ”ਕਿਉਂ ਬਈ ਸੀਤਾ ਸਿਆਂ! ਅੱਜ ਤੇਰਾ ਜੋਟੀਦਾਰ ਨਾਥਾ ਸਿਉਂ ਪੱਛੜ ਗਿਆ ਲੱਗਦੈ। ਅੱਜ ਕੀ ਬਿੱਲੀ ਛਿੱਕਗੀ ਉਹਨੂੰ। ਅੱਗੇ ਤਾਂ ਐਸ ਵੇਲੇ ਨੂੰ ਗੱਲਾਂ ਦੇ ਗਲੇਲੇ ਵੱਟ-ਵੱਟ ਕੇ ਅੱਧੀ ਰੀਲ੍ਹ ਖ਼ਾਲੀ ਕਰ ਦਿੰਦਾ ਸੀ। ਅੱਜ ਪਤੰਦਰ ਨੇ ਮੂੰਹ ਈ ਨ੍ਹੀ ਕੀਤਾ ਸੱਥ ਵੱਲ ਜਿਮੇਂ ਕਿਤੇ ਲਾਮ੍ਹ ਲੂਹਮ ਨੂੰ ਉਠ ਗਿਆ ਹੁੰਦੈ।”
ਪ੍ਰੀਤਾ ਨਹਿੰਗ ਕਹਿੰਦਾ, ”ਲਾਮ੍ਹ ਨੂੰ ਨਾ ਕਿਤੇ ਸਾਊਦੀ ਅਰਬ ਉੱਠ ਗਿਆ। ਹੁਣ ਆ ਜਾਂਦਾ ਐਥੇ ਭਕਾਈ ਮਾਰਦਾ। ਹੁਣ ਨ੍ਹੀ ਕਿਤੇ ਜਾਣ ਜੋਗਾ।”
ਬਾਬੇ ਪੂਰਨ ਸਿਉਂ ਨੇ ਪੁੱਛਿਆ, ”ਕਿਉਂ ਹੁਣ ਕੀ ਜੁੱਤੀ ‘ਚੋਂ ਪਤਾਵੇ ਕੱਢ ‘ਤੇ ਬਈ ਲਾਮ੍ਹ ਨੂੰ ਜਾਣ ਵੇਲੇ ਜੁੱਤੀ ਮੋਕਲ਼ੀ ਹੋ ਗੀ।”
ਨਹਿੰਗ ਕਹਿੰਦਾ, ”ਕੇਰਾਂ ਨਾਥੇ ਦੇ ਪਿਉ ਸਰਦਾਰੇ ਬੁੜ੍ਹੇ ਨੇ ਨਾਥੇ ਨੂੰ ਤਰਨ ਤਾਰਨ ਆਲੀ ਉਹਦੀ ਭੂਆ ਬੁੱਧੋ ਕੋਲੇ ਭੇਜ ‘ਤਾ। ਜਾਣਾ ਤਾਂ ਤਰਨ ਤਾਰਨ ਸੀ, ਬੱਸ ਦਿੜ੍ਹਬੇ ਆਲੀ ਚੜ੍ਹ ਗਿਆ। ਸਾਰਿਆਂ ਤੋਂ ਮਗਰਲੀ ਸ਼ੀਂਟ ‘ਤੇ ਬੈਠਾ ਰਿਹਾ। ਨਾ ਟਿਕਟ ਕਟਾਈ। ਚਲੋ ਜੇ ਟਿੱਕਟ ਵੀ ਕਟਾ ਲੈਂਦਾ ਤਾਂ ਫ਼ੇਰ ਵੀ ਪਤਾ ਲੱਗ ਜਾਂਦਾ ਬਈ ਇਹ ਬੱਸ ਕਿੱਧਰ ਨੂੰ ਜਾਂਦੀ ਐ।”
ਸੀਤਾ ਮਰਾਸੀ ਪ੍ਰੀਤੇ ਨਹਿੰਗ ਦੀ ਗੱਲ ਵਿਚਾਲਿਉਂ ਟੋਕ ਕੇ ਟਿੱਚਰ ‘ਚ ਬੋਲਿਆ, ”ਟਿਕਟ ਕਾਹਦੀ ਲੈਂਦਾ ਪੱਲੇ ਤਾਂ ਉਹਦੇ ਇੱਕ ਟਕਾ ਮਨ੍ਹੀ ਸੀ। ਚਲੋ ਜੇ ਕੋਈ ਪੈਂਸਾ ਧੇਲਾ ਹੁੰਦਾ ਵੀ, ਫ਼ਿਰ ਵੀ ਕਿੱਥੇ ਪਾਉਂਦਾ। ਲਾਲ ਦਰਜੀ ਨੇ ਜਿਹੜਾ ਨਮਾਂ ਝੱਗਾ ਸੁੱਥੂ ਸਿਉਂ ਕੇ ਦਿੱਤਾ ਸੀ ਉਹਦੇ ਪਤੰਦਰ ਜੇਬ੍ਹ ਖੀਸਾ ਈ ਲਾਉਣਾ ਭੁੱਲ ਗਿਆ।”
ਮਾਹਲਾ ਨੰਬਰਦਾਰ ਕਹਿੰਦਾ, ”ਜਿੱਦੇਂ ਲਾਲ ਦਰਜੀ ਨੇ ਅਮਲੀ ਦਾ ਝੱਗਾ ਸੁੱਥੂ ਸਿਉਂਤਾ ਸੀ, ਓੱਦੇ ਦਰਜੀ ਦੀਆਂ ਐਣਕਾਂ ਗੁਆਚੀਆਂ ਵੀਆਂ ਸੀ। ਮੋਟੇ ਸ਼ੀਸ਼ਿਆਂ ਆਲੀਆਂ ਐਣਕਾਂ ਸੀ, ਪਤੰਦਰ ਨੂੰ ਐਣਕਾਂ ਤੋਂ ਬਿਨਾਂ ਦਿਸਿਆ ਈ ਨ੍ਹੀ ਬਈ ਜੇਬ੍ਹ ਖੀਸਾ ਲਾ ‘ਤਾ ਕੁ ਨਹੀਂ।”
ਬਾਬਾ ਪੂਰਨ ਸਿਉਂ ਚਲਦੀ ਗੱਲ ‘ਚ ਭਸੂੜੀ ਸੁਣ ਕੇ ਸਭ ਨੂੰ ਚੁੱਪ ਕਰਾਉਂਦਾ ਬੋਲਿਆ, ”ਓ ਚੁੱਪ ਕਰੋ ਯਾਰ, ਨਹਿੰਗ ਦੀ ਗੱਲ ਸੁਣਨ ਦਿਉ। ਚੰਗੀ ਭਲੀ ਗੱਲ ਚੱਲਦੀ ਸੀ ਹੋਰ ਈ ਪਾਸੇ ਨੂੰ ਬਹਿ ਤੁਰੇ। ਚੁੱਪ ਕਰੋ। ਹਾਂ ਬਈ ਨਹਿੰਗਾ! ਅੱਗੇ ਦੱਸ ਕਿਮੇਂ ਹੋਈ ਫ਼ਿਰ?”
ਪ੍ਰੀਤਾ ਨਹਿੰਗ ਫ਼ੇਰ ਚੱਲ ਪਿਆ ਛਪਾਰ ਦੇ ਮੇਲੇ ‘ਚ ਘੁੰਮਦੀ ਚੰਡੋਲ ਵਾਂਗੂੰ। ਬਾਬੇ ਪੂਰਨ ਸਿਉਂ ਦੇ ਗੋਡੇ ‘ਤੇ ਹੱਥ ਮਾਰ ਕੇ ਕਹਿੰਦਾ, ”ਜਦੋਂ ਅਮਲੀ ਬੱਸ ਚੜ੍ਹਣ ਲੱਗਿਆ ਤਾਂ ਦੀਸ਼ੇ ਦੀ ਰੇੜ੍ਹੀ ਤੋਂ ਕੇਲੇ ਦੀਆਂ ਛੱਲੀਆਂ ਲੈ ਲੀਆਂ।”
ਜਦੋਂ ਕੇਲੇ ਦੀਆਂ ਛੱਲੀਆਂ ਖਰੀਦਣ ਦੀ ਗੱਲ ਹੋਈ ਤਾਂ ਨੰਦ ਬਾਜੀਗਰ ਸੀਤੇ ਮਰਾਸੀ ਨੂੰ ਇੱਕਦਮ ਬੋਲਿਆ, ”ਤੂੰ ਤਾਂ ਮਰਾਸੀਆ ਕਹਿੰਦਾ ਸੀ ਓਏ ਅਮਲੀ ਟਿੱਕਟ ਕਾਹਦੀ ਲੈਂਦਾ ਪੱਲੇ ਤਾਂ ਉਹਦੇ ਟਕਾ ਮਨ੍ਹੀ ਸੀ। ਆਹ ਕੇਲੇ ਦੀਆਂ ਛੱਲੀਆਂ ਕਿਸੇ ਤੋਂ ਖੌਹ ਕੇ ਲੈ ਗਿਆ ਸੀ। ਮਾਰੀ ਜਾਂਦੈ ਗੱਲ੍ਹਾਂ।”
ਚੱਲਦੀ ਗੱਲ ‘ਚ ਫ਼ੇਰ ਰਾਮ ਘਚੋਲਾ ਸੁਣ ਕੇ ਬਾਬਾ ਨੰਦ ਬਾਜੀਗਰ ਨੂੰ ਭੱਜ ਕੇ ਪੈ ਗਿਆ, ”ਬਿੰਦ ਚੁੱਕ ਨ੍ਹੀ ਕਰਿਆ ਜਾਂਦਾ। ਗੱਲ ਸਿਰੇ ਲੱਗਣ ਦਿਉ ਯਾਰ, ਫ਼ੇਰ ਕਰ ਲਿਉ ਜਿਹੜੀ ਵਕੀਲੀ ਕਰਨੀ ਹੋਈ। ਗੱਲ ਤੁਰਨ ਨ੍ਹੀ ਦਿੰਦੇ, ਪਹਿਲਾਂ ਈ ਲੋਗੜ ਵਕੀਲ ਬਣ ਕੇ ਬਹਿ ਜਾਂਦੇ ਐਂ। ਹੁਣ ਨਾ ਬੋਲਿਉ ਵਿੱਚ। ਅੱਗੇ ਬੋਲ ਨਹਿੰਗਾ।”
ਨਹਿੰਗ ਕਹਿੰਦਾ, ”ਕੇਲੇ ਦੀਆਂ ਛੱਲੀਆਂ ਲੈ ਕੇ ਅਮਲੀ ਬੱਸ ‘ਚ ਚੜ੍ਹ ਕੇ ਸਭ ਤੋਂ ਮਗਰਲੀ ਸ਼ੀਂਟ ‘ਤੇ ਬਹਿ ਗਿਆ ਤੇ ਨਾਲ ਦੀ ਖਾਲੀ ਪਈ ਸ਼ੀਂਟ ‘ਤੇ ਕੇਲੇ ਦੀਆਂ ਛੱਲੀਆਂ ਆਲਾ ਫ਼ਲਾਫ਼ਾ ਰੱਖ ਲਿਆ। ਜਦੋਂ ਹੋਰ ਸਵਾਰੀ ਆਈ ਉਹ ਕੇਲੇ ਦੀਆਂ ਛੱਲੀਆਂ ‘ਤੇ ਬਹਿ ਗੀ। ਕੇਲੇ ਮਿੱਧ ਕੇ ਉਹਨੇ ਚਿੱਬੜ੍ਹਾਂ ਦੀ ਚਟਣੀ ਅਰਗੇ ਕਰ ‘ਤੇ। ਓਮੇਂ ਈਂ ਅਮਲੀ ਮਿੱਧੇ ਮਧਾਏ ਕੇਲੇ ਨਾਲ ਈ ਲੈ ਗਿਆ। ਜਦੋਂ ਜਾ ਕੇ ਦਿੜ੍ਹਬੇ ਉੱਤਰਿਆ ਫ਼ੇਰ ਪਤਾ ਲੱਗਿਆ ਬਈ ਮੈਂ ਤਾਂ ਤਰਨ ਤਾਰਨ ਜਾਣਾ ਸੀ, ਆ ਗਿਆ ਦਿੜ੍ਹਬੇ। ਦਿੜ੍ਹਬੇ ਅਮਲੀ ਦੀ ਭੈਣ ਵਿਆਹੀ ਵੀ ਐ। ਕਹਿੰਦਾ ਚਲੋ ਭੈਣ ਕੋਲੇ ਈ ਸਹੀ। ਭੈਣ ਦੇ ਘਰੇ ਜਾ ਕੇ ਕੇਲਿਆਂ ਦੀ ਚਟਣੀ ਆਲਾ ਫ਼ਲਾਫ਼ਾ ਭੈਣ ਨੂੰ ਜਾ ਫ਼ੜਾਇਆ। ਅਮਲੀ ਸੋਚੇ ਬਈ ਇਹ ਕੇਲੇ ਦੀਆਂ ਛੱਲੀਆਂ ਤਾਂ ਮਿੱਧੀਆਂ ਗਈਆਂ, ਹੁਣ ਜੁਆਕਾਂ ਨੂੰ ਕਿਹੜੇ ਸ੍ਹਾਬ ਨਾਲ ਵੰਡ ਕੇ ਦੇਊਗੀ ਭੈਣ। ਭੈਣ ਓਦੂੰ ਸਕੀਮਣ ਸੀ। ਉਹਨੇ ਸੋਚਿਆ ਬਈ ਮਿੱਧੇ ਹੋਏ ਕੇਲਿਆਂ ਬਾਰੇ ਸੱਸ ਨੂੰ ਕੀ ਦੱਸੂੰਗੀ ਬਈ ਮੇਰਾ ਭਰਾ ਕੀ ਲੈ ਕੇ ਆਇਆ। ਜੇ ਸੱਸ ਨੂੰ ਅਸਲੀ ਕਹਾਣੀ ਦਾ ਪਤਾ ਲੱਗ ਗਿਆ ਤਾਂ ਸੱਸ ਬੁੜ-ਬੁੜ ਕਰੂ ਬਈ ਭੋਰਾ ਵੀ ਚੱਜ ਨ੍ਹੀ ਕਾਸੇ ਦਾ ਇਹਦੇ ਪੇਕਿਆਂ ਨੂੰ। ਭੈਣ ਨੇ ਚਟਣੀ ਬਣੇ ਕੇਲੇ ਜੁਆਕਾਂ ਨੂੰ ਕੌਲੀ ‘ਚ ਪਾ ਕੇ ਫ਼ੜਾ ‘ਤੇ, ਨਾਲ ਦੇ ‘ਤਾ ਇੱਕ-ਇੱਕ ਚਮਚਾ। ਜੁਆਕਾਂ ਨੂੰ ਕਹਿੰਦੀ ‘ਲਓ ਵੇ ਮੇਮਣਿਓਂ ਠੇਂਗਣਿਓਂ, ਸੋਡਾ ਮਾਮਾ ਕੇਲਿਆਂ ਆਲੀ ਖੀਰ ਲੈ ਕੇ ਆਇਆ।’ ਜੁਆਕਾਂ ਨੇ ਮਿੱਧੇ ਵੇ ਕੇਲੇ ਚਮਚਿਆਂ ਨਾਲ ਦੋ ਮਿੰਟਾਂ ‘ਚ ਰਗੜ ਕੇ ਰੱਖ ‘ਤੇ। ਆਏਂ ਅਮਲੀ ਨਾਲ ਹੋਈ ਸੀ। ਓਦੂੰ ਮੁੜ ਕੇ ਅਮਲੀ ਦੇ ਪਿਓ ਸਰਦਾਰੇ ਨੇ ਅਮਲੀ ਦਾ ਨੰਬਰ ਈ ਕੱਟ ‘ਤਾ ਲਾਮ੍ਹ ਨੂੰ ਜਾਣ ਦਾ। ਕਹਿੰਦਾ ਇਹਦਾ ਕੀ ਪਤਾ ਸਕੀਰੀ ‘ਚ ਜਾਂਦਾ ਜਾਂਦਾ ਕਿਤੇ ਪਾਕਸਤਾਨ ਨੂੰ ਈਂ ਨਾ ਚੜ੍ਹ ਜੇ। ਤਾਹੀਂ ਹੁਣ ਜਾਂਦਾ ਨ੍ਹੀ ਕਿਤੇ।”
ਸੀਤਾ ਮਰਾਸੀ ਟਿੱਚਰ ‘ਚ ਬੋਲਿਆ, ”ਤਾਹੀਂ ਨ੍ਹੀ ਹੁਣ ਉਹਨੂੰ ਕੋਈ ਲਾਹਮ ਲੂਹਮ ਨੂੰ ਭੇਜਦੇ ਨ੍ਹੀ ਕਿਤੇ।”
ਰਤਨ ਸਿਉਂ ਸੂਬੇਦਾਰ ਕਹਿੰਦਾ, ”ਜਿੱਦੇਂ ਦਾ ਸੂਮਾਂ ਦੇ ਘੀਚਰ ਕੇ ਤਾਰ ਵਚੋਲੇ ਨਾਲ ਬਲੋਤਰੇ ਦੀ ਮੰਡੀ ‘ਤੇ ਬੋਤਾ ਗੁਆ ਕੇ ਆਏ ਐ, ਓਦਣ ਦਾ ਹਟਿਆ ਲਾਮ੍ਹ ਨੂੰ ਜਾਣੋ। ਤਾਰ ਮੰਡੀ ‘ਚ ਬੋਤਾ ਬੰਨ੍ਹ ਕੇ ਆਪ ਤਾਂ ਮੰਡੀ ‘ਚ ਗੇੜਾ ਦੇਣ ਉਠ ਗਿਆ, ਇਹਨੂੰ ਅਮਲੀ ਨੂੰ ਬੋਤੇ ਦੀ ਰਾਖੀ ਬਹਾ ਗਿਆ। ਤਾਰ ਤਾਂ ਘੈਂਟਾ ਡੂਢ ਘੈਂਟਾ ਨਾ ਮੁੜਿਆ। ਅਮਲੀ ਨੂੰ ਲੱਗਿਆਈ ਭੁੱਖ। ਉਹ ਪਤੌੜਾਂ ਆਲੀ ਭੱਠੀ ਤੋਂ ਪਤੌੜ ਲੈਣ ਉਠ ਗਿਆ। ਆਉਂਦੇ ਨੂੰ ਕੋਈ ਬੋਤਾ ਖੋਲ੍ਹ ਕੇ ਲੈ ਗਿਆ। ਪਿੰਡ ਆ ਕੇ ਅਮਲੀ ਦੇ ਪਿਓ ਸਰਦਾਰੇ ਨੂੰ ਬੋਤੇ ਦੇ ਨੌ ਵੀਹਾਂ ਰਪੀਏ ਭਰਨੇ ਪਏ। ਓਦਣ ਦਾ ਹਟਿਆ ਲਾਮ੍ਹ ਨੂੰ ਜਾਣੋ।”
ਗੱਲ ਸੁਣੀ ਜਾਂਦਾ ਪ੍ਰਤਾਪਾ ਭਾਊ ਕਹਿੰਦਾ, ”ਮੈਂ ਦੱਸਦਾਂ ਸੋਨੂੰ ਕਿਮੇਂ ਕਿਮੇਂ ਬੀਤੀ ਸੀ ਵਚਾਰੇ ਭਗਤ ਨਾਲ। ਜਿੱਦੇਂ ਅਮਲੀ ਦੇ ਪਿਓ ਨੂੰ ਸੂਮਾਂ ਦੇ ਬੋਤੇ ਦੇ ਰਪੀਏ ਭਰਨੇ ਪਏ, ਬੁੜ੍ਹੇ ਨੇ ਅਮਲੀ ਨੂੰ ਹਾਲ-ਹਾਲ ਕੀਤੀ। ਘਰ ‘ਚ ਲੜਾਈ ਆਲਾ ਮਹੌਲ ਵੇਖ ਕੇ ਅਮਲੀ ਦੀ ਮਾਂ ਨੇ ਅਮਲੀ ਨੂੰ ਦੋ ਤਿੰਨ ਦਿਨ ਟਾਲਣ ਲਈ ਭੂਆ ਬੁੱਧੋ ਵੱਲ ਤਰਨ ਤਾਰਨ ਨੂੰ ਬੱਸ ਚੜ੍ਹਾ ‘ਤਾ। ਪਤੰਦਰ ਤਰਨ ਤਾਰਨ ਨੂੰ ਜਾਂਦਾ ਜਾਂਦਾ ਦਿੜ੍ਹਬੇ ਅੱਪੜ ਗਿਆ। ਕਿੱਧਰ ਤਰਨ ਤਾਰਨ ਕਿੱਧਰ ਦਿੜਬਾ। ਇਹ ਦੋਨੇ ਮਾਰਾਂ ਅਮਲੀ ਨੂੰ ਦੋ ਤਿੰਨਾਂ ਦਿਨਾਂ ‘ਚ ‘ਕੱਠੀਆਂ ਈ ਪੈ ਗੀਆ ਸੀ। ਵੱਸ ਫ਼ਿਰ। ਓਦੂੰ ਮਗਰੋਂ ਅਮਲੀ ਸੱਥ ‘ਚ ਆਉਣ ਜੋਗਾ ਈ ਰਹਿ ਗਿਆ। ਆਹ ਗੱਲ ਹੋਈ ਸੀ ਆਪਣੀ ਸੱਥ ਦੀ ਸ਼ਾਨ ਨਾਲ। ਤੁਸੀਂ ਹੁਣ ਇਨ੍ਹਾਂ ਗੱਲਾਂ ਨੂੰ ਜਿਮੇਂ ਮਰਜੀ ਸਮਝ ਲੋ।”
ਰੇਸ਼ਮ ਕਾ ਗੀਸਾ ਬਾਬੇ ਪੂਰਨ ਸਿਉਂ ਨੂੰ ਕਹਿੰਦਾ, ”ਅੱਜ ਨ੍ਹੀ ਫ਼ਿਰ ਆਉਂਦਾ ਬਾਬਾ। ਅੱਜ ਤਾਂ ਸਾਰੇ ਦਿਨ ‘ਚ ਉਹਤੋਂ ਤੂੜੀਉ ਈ ‘ਕੱਠੀ ਹੋਊ।”
ਦੋ ਤਿੰਨਾਂ ਮਹੀਨਿਆਂ ਪਿੱਛੋਂ ਸੱਥ ‘ਚ ਆਏ ਮਾਘੀ ਕੇ ਭੋਲੇ ਨੇ ਬਾਬੇ ਪੂਰਨ ਸਿਉਂ ਨੂੰ ਪੁੱਛਿਆ, ”ਕਿਉਂ ਬਾਬਾ! ਤੈਨੂੰ ਤਾਂ ਪਤਾ ਹੋਣੈ ਤੇਰਾ ਤਾਂ ਗੁਆਂਢੀ ਐ, ਇਨ੍ਹਾਂ ਦੇ ਨਾਥੇ ਅਮਲੀ ਕੇ ਕੋਈ ਡੰਗਰ ਪਸੂ ਵੀ ਰੱਖਿਆ ਵਿਆ ਕੁ ਨਹੀਂ?”
ਸੀਤਾ ਮਰਾਸੀ ਭੋਲੇ ਨੂੰ ਟਿੱਚਰ ‘ਚ ਕਹਿੰਦਾ, ”ਕਿਉਂ ਤੂੰ ਹਰੇ ਵੱਢ ਕੇ ਸਿੱਟ ਕੇ ਆਉਣੇ ਐ ਨਾਥੇ ਕੇ ਘਰੇ?”
ਭੋਲਾ ਕਹਿੰਦਾ, ”ਹਰਿਆਂ ਦੀ ਗੱਲ ਨ੍ਹੀ ਮੀਰ, ਗੱਲ ਤਾਂ ਮੈਂ ਇਉਂ ਕਰਦਾਂ ਮੈਂ ਬਈ ਇਨ੍ਹਾਂ ਦੇ ਘਰੇ ਸਲੋਤਰੀ ਆਉਂਦੇ ਨੂੰ ਕਈ ਦਿਨ ਹੋ ਗੇ। ਮਖਿਆ ਕੀਅ੍ਹਾ ਬਈ ਕੋਈ ਡੰਗਰ ਵੱਛਾ ਢਿੱਲਾ ਨਾ ਹੋਵੇ।”
ਜੱਗਾ ਕਾਮਰੇਡ ਸਲੋਤਰੀ ਦਾ ਨਾਂ ਸੁਣ ਕੇ ਤਰੱਭਕ ਕੇ ਬੋਲਿਆ, ”ਸਲੋਤਰੀ ਕਿਹੜਾ ਓਏ ਭੋਲੇ?”
ਸੱਥ ਵੱਲ ਨੂੰ ਤੁਰੇ ਆਉਂਦੇ ਨਾਥੇ ਅਮਲੀ ਨੂੰ ਵੇਖ ਕੇ ਸੀਤਾ ਮਰਾਸੀ ਜੱਗੇ ਕਾਮਰੇਡ ਨੂੰ ਕਹਿੰਦਾ, ”ਹੋਅ ਆਉਂਦਾ ਕਾਮਰੇਟਾ ਵਰੀ ਦਾ ਤਿਉਰ। ਦੱਸ ਦਿੰਦਾ ਆ ਕੇ ਤੈਨੂੰ ਬਈ ਕੋਈ ਡੰਗਰ ਪਸੂ ਰੱਖਿਆ ਵਿਆ ਕੁ ਨਹੀਂ?”
ਨਾਥੇ ਅਮਲੀ ਦੇ ਸੱਥ ‘ਚ ਪਹੁੰਚਣ ਤੋਂ ਪਹਿਲਾਂ ਮਾਹਲੇ ਨੰਬਰਦਾਰ ਨੇ ਗੱਲ ਟਾਲਦੇ ਹੋਏ ਨੇ ਸੀਤੇ ਮਰਾਸੀ ਨੂੰ ਪੁੱਛਿਆ, ”ਉਹ ਗੱਲ ਦੱਸ ਮੀਰ ਜਿਹੜਾ ਇਹ ਬਲੋਤਰੇ ਦੀ ਮੰਡੀ ‘ਤੇ ਬੋਤਾ ਗੁਆਕੇ ਆਏ ਸੀ ਉਹ ਗੱਲ ਕਿਮੇਂ ਐ?”
ਸੀਤਾ ਮਰਾਸੀ ਕਹਿੰਦਾ, ”ਸੂਬੇਦਾਰ ਦੱਸ ਕੇ ਤਾਂ ਹਟਿਆ ਬਈ ਅਮਲੀ ਤੇ ਤਾਰ ਕਿਮੇਂ ਗੁਆਕੇ ਆਏ ਐ ਬੋਤਾ?”
ਨਾਜਰ ਬੁੜ੍ਹਾ ਰੇਸ਼ਮ ਕੇ ਗੀਸੇ ਦੀ ਬਾਂਹ ਫੜ੍ਹ ਕੇ ਗੀਸੇ ਨੂੰ ਕਹਿੰਦਾ, ”ਪਹਿਲਾਂ ਤੂੰ ਦੱਸ ਓਏ ਘਝੁਡੂਆ ਜਿਹੜੀ ਗੱਲ ਤੂੰ ਕਹੀ ਐ ਬਈ ਅੱਜ ਤਾਂ ਸਾਰਾ ਦਿਨ ਤੂੜੀਓ ਈ ‘ਕੱਠੀ ਕਰੂ। ਇਹ ਕੀ ਗੱਲ ਐ?”
ਬੁੱਘਰ ਦਖਾਣ ਕਹਿੰਦਾ, ”ਨਾਥੇ ਕੇ ਬਾਰਾਂ ਮੂਹਰੇ ਰਤਨੇ ਬਿੰਬਰ ਕੀ ਤੂੜੀ ਦੀ ਭਰੀ ਟਰੈਲੀ ਉਲਟ ਗੀ। ਪੰਡਾਂ-ਪੰਡਾਂ ਤਾਂ ਰਤਨੇ ਬਿੰਬਰ ਕੇ ਲੈ ਗੇ ਚੱਕ ਕੇ। ਬਾਕੀ ਜਿਹੜੀ ਤੂੜੀ ਖਿੰਡੀ ਵੀ ਐ, ਉਹ ਓੱਥੇ ਈ ਛੱਡ ਗੇ। ਬਿੰਬਰ ਅਮਲੀ ਨੂੰ ਕਹਿੰਦਾ, ”ਆਹ ਜਿਹੜੀ ਰਹਿ ਗੀ ਨਾਥਾ ਸਿਆਂ ਇਹ ਤੂੰ ‘ਕੱਠੀ ਕਰ ਲਾ। ਡੰਗਰ ਪਸੂ ਖਾ ਲੈਣਗੇ।”
ਸੀਤਾ ਮਰਾਸੀ ਕਹਿੰਦਾ, ”ਰਤਨੇ ਨੂੰ ਪੁੱਛਣਾ ਸੀ ਬਈ ਤੂੜੀ ਤਾਂ ਡੰਗਰ ਪਸੂ ਈ ਖਾਂਦੇ ਹੁੰਦੇ ਐ ਬੰਦੇ ਤਾਂ ਨ੍ਹੀ ਖਾਂਦੇ।”
ਏਨੇ ਚਿਰ ਨੂੰ ਨਾਥਾ ਅਮਲੀ ਵੀ ਸੱਥ ‘ਚ ਆ ਦੜਕਿਆ। ਬਾਬੇ ਪੂਰਨ ਸਿਉਂ ਨੇ ਅਮਲੀ ਨੂੰ ਟਿੱਚਰ ‘ਚ ਪੁੱਛਿਆ,”ਕਰ ਲੀ ਅਮਲੀਆ ਤੂੜੀ ‘ਕੱਠੀ ਕੁ ਰਹਿ ਗੀ?”
ਨਾਥਾ ਅਮਲੀ ਬਾਬੇ ਦੀ ਗੱਲ ਸੁਣ ਕੇ ਸੀਤੇ ਮਰਾਸੀ ਵੱਲ ਡਰਾਉਣੀਆਂ ਅੱਖਾਂ ਕੱਢ ਕੇ ਗੁੱਸੇ ‘ਚ ਬੋਲਿਆ,”ਆਹ ਮੰਗ ਖਾਣੀ ਜਾਤ ਨੇ ਕੁਸ ਕਿਹਾ ਹੋਣੈ ਸੱਥ ‘ਚ ਆ ਕੇ। ਇਹ ਆਇਆ ਸੀ ਓਧਰੋਂ। ਨਾਲੇ ਤੂੜੀ ‘ਕੱਠੀ ਕਰਨ ਨੂੰ ਮੈਂ ਕੋਈ ਸਿਗਲੀਗਰ ਆਂ। ਸੋਡੇ ਆਂਗੂੰ ਨ੍ਹੀ ਲੈ ਕੇ ਕੱਛ ‘ਚ ਢਾਈ ਫੁੱਟ ਦਾ ਡੰਡਾ ਜਾ, ਅਗਲਿਆਂ ਦੇ ਬਾਰ ‘ਚ ਜਾ ਖੜ੍ਹਨਾ। ਪਤੈ ਜਿੱਦੇਂ ਸੋਡੀ ਬੁੜ੍ਹੀ ਨੂੰ ਗਿਆਨੀ ਜੱਸਾ ਸਿਉਂ ਦੀਆਂ ਨੂੰਹਾਂ ਨੇ ਦਬੱਲਿਆ ਸੀ। ਘਰੇ ਆ ਕੇ ਕਿਮੇਂ ਬੁੜ੍ਹਕਦੀ ਸੀ ਜਿਮੇਂ ਗਿੱਠ ਮੁਠੀਆ ਸਰਕਸ ‘ਚ ਪੁੱਠੀਆਂ ਛਾਲਾਂ ਮਾਰਦਾ ਹੁੰਦੈ।”
ਨਾਥੇ ਅਮਲੀ ਤੇ ਸੀਤੇ ਮਰਾਸੀ ਨੂੰ ਚੁੰਝੋ ਚੁੰਝੀ ਹੁੰਦਿਆਂ ਵੇਖ ਕੇ ਬਾਬਾ ਪੂਰਨ ਸਿਉਂ ਦੋਹਾਂ ਨੂੰ ਘੂਰਦਾ ਹੋਇਆ ਕਹਿੰਦਾ, ”ਚੁੱਪ ਨ੍ਹੀ ਕਰਦੇ ਓਏ। ਖ਼ਬਰਦਾਰ ਜੇ ਕਿਸੇ ਨੇ ਸੱਥ ‘ਚ ਆ ਕੇ ਕਿਸੇ ਬੁੜ੍ਹੀ ਕੁੜੀ ਬਾਰੇ ਕੁਸ ਬੋਲਿਆ। ਚੱਲੋ ਉੱਠੋ ਘਰਾਂ ਨੂੰ ਤੁਰੋ।”
ਬਾਬੇ ਦਾ ਦੱਬਕਾ ਸੁਣਦੇ ਸਾਰ ਹੀ ਸੱਥ ਦੀ ਰੌਣਕ ਇਉਂ ਖਿੰਡ ਗਈ ਜਿਮੇਂ ਗਾਰੇ ‘ਚ ਲਿਬੜੇ ਸੂਰ ਨੂੰ ਵੇਖ ਕੇ ਕਤੂਰੇ ਘੋਰਨਾ ਛੱਡ ਕੇ ਭੱਜ ਜਾਂਦੇ ਐ। ਵੇਂਹਦਿਆਂ ਵੇਂਹਦਿਆਂ ਸੱਥ ਖਾਲੀ ਹੋ ਗਈ।