ਗੂਹੜੇ ਸਿਆਲ ਦੀ ਠੰਢ ‘ਚ ਜਿਉਂ ਹੀ ਸੂਰਜ ਨੇ ਧੁੰਦ ਵਿਚਦੀ ਮੂੰਹ ਕੱਢਿਆ ਤਾਂ ਪਿੰਡ ਦੇ ਲੋਕ ਸੁਬ੍ਹਾ ਵਾਲੀ ਰੋਟੀ ਖਾਣ ਸਾਰ ਸੱਥ ਵੱਲ ਨੂੰ ਇਉਂ ਚੱਲ ਪਏ ਜਿਵੇਂ ਸਕੂਲ ‘ਚੋਂ ਛੁੱਟੀ ਹੋਣ ਵੇਲੇ ਪੜ੍ਹਨ ਵਾਲੇ ਬੱਚੇ ਆਪੋ ਆਪਣੇ ਘਰਾਂ ਨੂੰ ਭੱਜ ਲੈਂਦੇ ਨੇ। ਸੱਥ ‘ਚ ਆਉਂਦਿਆਂ ਹੀ ਬਾਬੇ ਜਗਤ ਸਿਉਂ ਨੇ ਸੱਥ ‘ਚ ਪਹਿਲਾਂ ਹੀ ਆਏ ਬੈਠੇ ਨਾਥੇ ਅਮਲੀ ਨੂੰ ਪੁੱਛਿਆ, ”ਕਿਉਂ ਬਈ ਨਾਥਾ ਸਿਆਂ! ਅੱਜ ਕਿਮੇਂ ਸਾਰਿਆਂ ਤੋਂ ਪਹਿਲਾਂ ਈ ਆ ਮੋਰਚਾ ਲਾਇਆ ਜਿਮੇਂ ਭੂੰਡ ਆਸ਼ਕ ਫ਼ੜਨ ਵੇਲੇ ਪੁਲਸ ਬੱਸਾਂ ਆਲੇ ਅੱਡੇ ‘ਚ ਚਿੱਟੇ ਲੀੜਿਆਂ ‘ਚ ਬੈਠੀ ਹੁੰਦੀ ਐ। ਅੱਗੇ ਤਾਂ ਪਤੰਦਰਾ ਦਪਹਿਰ ਆਲੀ ਚਾਹ ਤੋਂ ਪਹਿਲਾਂ ਕਦੇ ਘਰੋਂ ਈ ਨ੍ਹੀ ਸੀ ਨਿੱਕਲਿਆ। ਸੁੱਖ ਤਾਂ ਹੈ?”
ਡੱਬੀਆਂ ਵਾਲੇ ਖੇਸ ਦੀ ਬੁੱਕਲ ਮਾਰੀ ਬਾਬੇ ਦੇ ਨਾਲ ਖੜ੍ਹਾ ਸੀਤਾ ਮਰਾਸੀ ਟਿੱਚਰ ‘ਚ ਕਹਿੰਦਾ, ”ਜੱਜ ਦੀ ਹੱਟੀ ਤੋਂ ਸੌਦਾ ਲੈਣ ਆਇਐ, ਹੱਟੀ ਹਜੇ ਖੁੱਲ੍ਹੀ ਨ੍ਹੀ। ਇਹ ਐਥੇ ਆ ਕੇ ਬਹਿ ਗਿਆ।”
ਬਾਬਾ ਜਗਤ ਸਿਉਂ ਵੀ ਅਮਲੀ ਨੂੰ ਟਿੱਚਰ ‘ਚ ਬੋਲਿਆ, ”ਜੱਜ ਦੀ ਤਾਂ ਕਚਹਿਰੀ ਹੁੰਦੀ ਐ ਸੀਤਾ ਸਿਆਂ ਕੁ ਹੱਟੀ ‘ਚ ਬੈਠਦਾ ਜੱਜ?”
ਸੀਤਾ ਮਰਾਸੀ ਕਹਿੰਦਾ, ”ਉਹ ਜੱਜ ਨ੍ਹੀ ਬਾਬਾ, ਆਹ ਆਪਣੇ ਪਿੰਡ ਆਲਾ ਜੱਜ। ਹੁਸਨੇ ਰਾਗੀ ਦਾ ਮੁੰਡਾ। ਰਾਗੀ ਨੇ ਮੁੰਡੇ ਨੂੰ ਸੌਦੇ ਪੱਤੇ ਦੀ ਹੱਟ ਪਾ ‘ਤੀ। ਹੋਰ ਤਾਂ ਕੰਮ ਕੋਈ ਮਿਲਦਾ ਨ੍ਹੀ ਸੀ। ਹਾਰ ਕੇ ਪਿੰਡ ਚੀ ਕਰਿਆਣੇ ਦੀ ਹੱਟ ਪਾ ਕੇ ਬਹਾ ‘ਤਾ। ਉਹਦੀ ਗੱਲ ਕਰਦੇ ਆਂ।”
ਮਾਹਲਾ ਨੰਬਰਦਾਰ ਕਹਿੰਦਾ, ”ਕੀ ਗੱਲ ਜੱਜ ਕਿਤੇ ਗਿਆ ਵਿਆ ਕੁ ਹੱਟ ਈ ਕਵੇਲੇ ਖੋਹਲਦੈ? ਜੇ ਜੱਜ ਨੇ ਹੱਟ ਨਹੀਂ ਖੋਹਲੀ ਤਾਂ ਸੌਦਾ ਔਹ ਬਿਸ਼ਨੇ ਕੇ ਘਰੇ ਕ੍ਰਿਸ਼ਨ ਦੀ ਹੱਟ ਤੋਂ ਲੈ ਆਉਂਦਾ ਜੇ ਕੁਸ ਲੈਣਾ ਸੀ ਤਾਂ।”
ਇੱਕ ਤਾਂ ਉੱਤੋਂ ਨਸ਼ੇ ਦੀ ਤੋਟ ਤੇ ਦੂਜਾ ਆਉਂਦੇ ਨੂੰ ਜੱਜ ਦੀ ਬੰਦ ਹੱਟ ਨੇ ਅਮਲੀ ਖਿਝਾਕੇ ਹਰਖੀ ਬਾਂਦਰੀ ਵਰਗਾ ਬਣਾ ‘ਤਾ। ਮਾਹਲੇ ਨੰਬਰਦਾਰ ਦੀ ਗੱਲ ਸੁਣ ਕੇ ਨੰਬਰਦਾਰ ਨੂੰ ਖਿਝ ਕੇ ਕਹਿੰਦਾ, ”ਕ੍ਰਿਸ਼ਨ ਦੀ ਹੱਟ ਬਾਹਲੀ ਵੱਡੀ ਐ ਨੰਬਰਦਾਰਾ। ਜਿਹੜਾ ਸੌਦਾ ਮੈਂ ਲੈਣਾ, ਕ੍ਰਿਸ਼ਨ ਦੇ ਕਿੱਥੇ ਐ ਓਹੋ।”
ਸੰਤੋਖੀ ਬੁੜ੍ਹਾ ਕਹਿੰਦਾ, ”ਤੂੰ ਕੀ ਬਿੱਲ ਬਤੌਰੀ ਖਰੀਦਣੈ। ਪਤਾ ਤਾਂ ਲੱਗੇ ਤੈਂ ਲੈਣਾ ਕੀ ਐ?”
ਬਾਬਾ ਜਗਤ ਸਿਉਂ ਅਮਲੀ ਨੂੰ ਕਹਿੰਦਾ, ”ਵੱਡੀ ਹੱਟ ਦੀ ਗੱਲ ਨ੍ਹੀ ਨਾਥਾ ਸਿਆਂ, ਗੱਲ ਤਾਂ ਇਉਂ ਐ ਬਈ ਜੇ ਜੱਜ ਦੀ ਹੱਟ ਬੰਦ ਸੀ ਤਾਂ ਟੈਮ ਸਿਰ ਕ੍ਰਿਸ਼ਨ ਦੀ ਹੱਟ ਤੋਂ ਲੈ ਜਾਂਦਾ ਸੌਦਾ। ਗੱਲ ਤਾਂ ਇਉਂ ਕਰਦੇ ਆਂ। ਸਾਨੂੰ ਤਾਂ ਕੀਅ੍ਹਾ ਭਾਮੇਂ ਏਦੂੰ ਵੀ ਸਦੇਹਾਂ ਆ ਕੇ ਬਹਿ ਜਿਆ ਕਰ ਸੱਥ ‘ਚ।”
ਬੁੱਘਰ ਦਖਾਣ ਕਹਿੰਦਾ, ”ਆਪਣੇ ਪਿੰਡ ‘ਚ ਮੇਰੀ ਨਿਗ੍ਹਾ ‘ਚ ਵੀਹ ਹੱਟਾਂ ਹੋਣਗੀਆਂ। ਸਾਰੀਆਂ ਹੱਟਾਂ ਤੋਂ ਕ੍ਰਿਸ਼ਨ ਦੀ ਹੱਟ ਵੱਡੀ ਐ। ਕ੍ਰਿਸ਼ਨ ਦੀ ਹੱਟ ਤਾਂ ਮੰਡੀ ਆਲੇ ਮਿਲਖੀ ਦੀ ਹੱਟੀ ਦਾ ਮਕਾਬਲਾ ਕਰਦੀ ਐ। ਕੀ ਨ੍ਹੀ ਕ੍ਰਿਸ਼ਨ ਦੀ  ਹੱਟ ‘ਚ। ਸਭ ਕੁਸ ਐ। ਬਿੱਲ ਬਤੌਰੀ ਲੈ ਲੇ ਭਾਮੇਂ ਹਿੜਚੜੂ ਲੈ ਲੇ। ਅਮਲੀ ਜਾਂਦਾ ਤਾਂ ਸਹੀ ਕੇਰਾਂ ਉਹਦੀ ਹੱਟ ‘ਤੇ। ਇਹ ਤਾਂ ਏਥੇ ਇਉਂ ਆ ਕੇ ਬਹਿ ਗਿਆ ਜਿਮੇਂ ਖਤਰਾਮਾਂ ਆਲਾ ਸ਼ੀਹਣਾ ਝਿਓਰ ਸਣ ਕੁੱਟੀ ਜਾਂਦਾ ਸਣ ਚਕਾਅ ਕੇ ਰੁੱਸੇ ਬਾਂਦਰ ਆਂਗੂੰ ਸੜਕ ਦੇ ਕਨਾਰੇ ‘ਤੇ ਹੋ ਕੇ ਬਹਿ ਗਿਆ ਸੀ। ਇੱਕ ਕਮਲਾ ਜਾ ਲਿਬੜੇ ਜੇ ਲੀੜਿਆਂ ਆਲਾ ਝਿਓਰ ਦੇ ਹੱਥਾਂ ‘ਚੋਂ ਖੋਹ ਕੇ ਲੈ ਗਿਆ ਸਣ। ਮੁੜ ਕੇ ਝਿਓਰ ਸੜਕ ਤੋਂ ਪਾਸੇ ਹੋ ਕੇ ਇਉਂ ਬਹਿ ਗਿਆ ਜਿਮੇਂ ਆੜ੍ਹਤੀਏ ਤੋਂ ਪੈਂਸਿਆਂ ਨੂੰ ਜਵਾਬ ਸੁਣ ਕੇ ਕਰਜੇ ਦਾ ਭੰਨਿਆਂ ਜੱਟ ਹੱਟ ਦੇ ਮੂਹਰੇ ਪਏ ਲੱਕੜ ਦੇ ਫ਼ੱਟੇ ‘ਤੇ ਬਹਿ ਗਿਆ ਹੋਵੇ ਬਈ ਪੈਂਸੇ ਦਾ ਆੜ੍ਹਤੀਏ ਨੇ ਦਿੱਤੇ ਨ੍ਹੀ, ਹੁਣ ਐਥੇ ਬਹਿ ਕੇ ਬਜਾਰ ਦੀ ਰੌਣਕ ਤਾਂ ਵੇਖ ਲੀਏ?”
ਸੀਤਾ ਮਰਾਸੀ ਕਹਿੰਦਾ, ”ਪਤਾ ਈ ਐ ਸਭ ਨੂੰ ਬਈ ਕ੍ਰਿਸ਼ਨ ਦੀ ਕਿੱਡੀ ਕੁ ਹੱਟ ਐ। ਸਭ ਨੂੰ ਪਤਾ। ਕੀਹਨੂੰ ਨ੍ਹੀ ਪਤਾ। ਸੋਡੀ ਤਾਂ ਕਾਤਕ ਤੋਂ ਫ਼ਲਾਫ਼ਾ ਬਣਾਉਣ ਆਲੀ ਗੱਲ। ਕੁੰਢੇ ਬੜਿੰਗ ਦੇ ਬੂਹੇ ‘ਚ ਜਗਨ ਬਾਣੀਏ ਕੇ ਜੁਆਕਾਂ ਤੋਂ ਕਿਤੇ ਪਤੌੜਾਂ ਆਲੀ ਚਟਨੀ ਨਾਲ ਲਿਬਿੜਿਆ ਕਾਤਕ ਡਿੱਗ ਪਿਆ। ਕੁੰਡੇ ਦੇ ਘਰ ਆਲੀ ਘੁੱਲੇ ਸਰਪੈਂਚ ਨੂੰ ਤਲਾਹ ਲਾ ਆਈ ਬਈ ਸਾਡੇ ਬੂਹੇ ‘ਚ ਜਗਨੇ ਕਰਾੜ ਕੇ ਜੁਆਕਾਂ ਨੇ ਪਤੌੜਾਂ ਆਲੀ ਚਟਨੀ ਨਾਲ ਲਿਬੜੇ ਫ਼ਲਾਫ਼ੇ ਈ ਫ਼ਲਾਫ਼ੇ ਕਰ ‘ਤੇ। ਜਦੋਂ ਸਰਪੈਂਚ ਨੇ ਆ ਕੇ ਵੇਖਿਆ ਤਾਂ ਭੋਰਾ ਕੁ ਕਾਤਕ ਸੀ ਉਹੋ। ਸਰਪੈਂਚ ਕਹਿੰਦਾ ‘ਐਮੇਂ ਨਾ ਤਾਈ ਫ਼ੰਘਾਂ ਤੋਂ ਡਾਰ ਬਣਾਇਆ ਕਰੋ। ਉਹੀ ਗੱਲ ਸੋਡੀ ਐ ਕ੍ਰਿਸ਼ਨ ਦੀ ਹੱਟ ਦੀ। ਗੁਥਲਖਾਨੇ ਕੁ ਜਿੱਡੀ ਭੋਰਾ ਕੁ ਹੱਟੀ ਨੂੰ ਲੁੱਧੇ ਆਣੇ ਆਲੇ ਚੌੜੇ ਬਜਾਰ ਆਲਾ ਡੀਪੂ ਬਣਾ ਛੱਡਿਆ।”
ਨਾਥਾ ਅਮਲੀ ਮਰਾਸੀ ਦੀ ਗੱਲ ਸੁਣ ਕੇ ਕਹਿੰਦਾ, ”ਤੇਰੀ ਤਾਂ ਮਰਾਸੀਆ ਬੱਲ੍ਹਿਆਂ ਦੇ ਮੱਲ ਆਲੀ ਗੱਲ ਐ ਓਏ। ਉਹ ਵੀ ਆਹਾ ਈ ਗੱਲ ਵਾਰ ਵਾਰ ਕਰੀ ਗਿਆ ਸੀ ਜਦੋਂ ਢਿੱਡਣ ਜੇ ਠਾਣੇਦਾਰ ਨੇ ਕੁੱਟ ਕੁੱਟ ਕੇ ਧੂਆਂ ਕੱਢ ‘ਤਾ ਸੀ ਮੱਲ ਦਾ। ਕੁੱਟ ਖਾਈ ਜਾਂਦਾ ਮੱਲ ਇਉਂ ਰੋਵੇ ਜਿਮੇਂ ਪੰਜ ਪਾਣੀ ਆਲੇ -ਪੰਜ ਦੇ ਪੱਖੇ ‘ਤੇ ਚੱਲੀ ਜਾਂਦਾ ਅੱਠ ਦਾ ਇੰਜਨ ਤੇਲ ਮੁੱਕੇ ਤੋਂ ਹਵਾ ਲੈਂਦਾ ਫ਼ਿਸੜ ਫ਼ਿਸੜ ਜੀ ਕਰਦਾ ਹੁੰਦਾ। ਉਹ ਵੀ ਤੇਰੇ ਆਂਗੂੰ ਇਉਂ ਈਂ ਕਹੀ ਗਿਆ ਸੀ ਮਹੀਨਾ। ਸਭ ਨੂੰ ਪਤਾ ਈ ਐ। ਸਭ ਨੂੰ ਪਤਾ ਬਈ ਕੀਹਨੇ ਮਾਰਿਆ ਜੋਰਾ। ਜਿੱਦੇ ਠਾਣੇਦਾਰ ਨੇ ਡੰਗਰਾਂ ਆਲੇ ਵਾੜੇ ‘ਚ ਪਏ ਨੂੰ ਚੱਕ ਕੇ ਕੁੱਟ ਕੁਟ ਮੱਲ ਦਾ ਪੁਲਸ ਨੇ ਖੁਰਚਣਾ ਬਣਾ ‘ਤਾ ਫ਼ੇਰ ਪਤਾ ਲੱਗਿਆ ਮੱਲ ਨੂੰ ਪੜਵਈ ਦਾ। ਕਹਿੰਦੇ ‘ਪਹਿਲਾਂ ਤੂੰ ਦੱਸ ਓਏ ਵਿੰਗੜਾ ਜਿਆ ਕੀਹਨੂੰ-ਕੀਹਨੂੰ ਪਤਾ ਜੋਰੇ ਦੇ ਖ਼ੂਨ ਕੀਤੇ ਦਾ। ਪੁਲਸ ਨੇ ਮੱਲ ਐਨਾ ਕੁੱਟ ‘ਤਾ ਹੁਣ ਜੋਰੇ ਦਾ ਨਾਂਅ ਸੁਣੇ ਤੋਂ ਵੀ ਤ੍ਰਿੱਭਕਦਾ। ਇੱਕ ਦਿਨ ਐਥੇ ਕਿਤੇ ਸੱਥ ‘ਚ ਬੈਠਾ ਬੂਟਾ ਮਾਹਟਰ ਖਬਾਰ ਪੜ੍ਹੀ ਜਾਵੇ। ਓੱਧਰੋਂ ਕਿਤੇ ਮੱਲ ਆ ਗਿਆ। ਮੱਲ ਮਾਹਟਰ ਨੂੰ ਕਹਿੰਦਾ ‘ਬੰਦਾ ਮਾਰੇ ਦੀ ਖਬਰ ਨਾ ਸਣਾਈਂ ਮਾਹਟਰ ਹੋਰ ਦੱਸ ਕੀ ਲਿਖਿਆ ਖਬਾਰ ‘ਚ?”
ਬਾਬੇ ਜਗਤ ਸਿਉਂ ਨੇ ਅਮਲੀ ਨੂੰ ਪੁੱਛਿਆ, ”ਗੱਲ ਕੀ ਹੋ ਗੀ ਮੱਲ ਦੀ ਨਾਥਾ ਸਿਆਂ?”
ਅਮਲੀ ਕਹਿੰਦਾ, ”ਗੱਲ ਕੀ ਹੋਣੀ ਸੀ। ਕਈ ਸਾਲ ਹੋ ਗੇ ਆਪਣੇ ਓੱਧਰਲੇ ਗੁਆੜ ਆਲੇ ਜੋਰੇ ਦਾ ਹੋ ਗਿਆ ਖ਼ੂਨ। ਤਿੰਨ ਚਾਰ ਮਹੀਨੇ ਪਤਾ ਨਾ ਲੱਗਿਆ ਬਈ ਜੋਰਾ ਮਾਰਿਆ ਕੀਹਨੇ ਐ। ਇਹ ਬੱਲਿਆਂ ਦੇ ਮੱਲ ਨੂੰ ਐਮੇਂ ਫ਼ੋਕੀਓ ਈ ਫ਼ੜ੍ਹ ਮਾਰਨ ਦੀ ਆਦਤ ਐ। ਜੇ ਪਿੰਡ ‘ਚ ਕਿਤੇ ਲੜਾਈ ਹੋਣੀ, ਮੱਲ ਨੇ ਆਖਣਾ ‘ਮੈਂ ਓੱਥੇ ਸੀ ਜਦੋਂ ਫ਼ਲਾਣੇ-ਫਲਾਣੇ ਲੜੇ ਐ’। ਜੇ ਕੋਈ ਗਾਲੋ ਗਾਲੀ ਹੋਇਆ ਹੁੰਦਾ ਪਿੰਡ ‘ਚ, ਤਾਂਹ ਵੀ ਮੱਲ ਨੇ ਆਖਣਾ ਮੈਂ ਓੱਥੇ ਸੀ। ਜਦੋਂ ਜੋਰੇ ਦਾ ਖ਼ੂਨ ਹੋਇਆ, ਮਹੀਨਾ ਕੁ ਤਾਂ ਮੱਲ ਬੋਲਿਆ ਨਾ ਚੁੱਪ ਰਿਹਾ। ਮਹੀਨੇ ਕੁ ਮਗਰੋਂ ਪਿੰਡ ‘ਚ ਇਉਂ ਰੌਲਾ ਪਾਉਂਦਾ ਫ਼ਿਰੇ ਜਿਮੇਂ ਡੱਗੀ ਆਲਾ ਲੀੜਾ ਕੱਪੜਾ ਵੇਚਦਾ ਫ਼ਿਰਦਾ ਹੁੰਦਾ ਪਿੰਡ ਦੀਆਂ ਬੀਹਾਂ ‘ਚ। ਜਿੱਥੇ ਚਾਰ ਬੰਦੇ ਖੜ੍ਹੇ ਹੋਇਆ ਕਰਨ, ਕਿਹਾ ਕਰੇ ‘ਪਤਾ ਈ ਐ, ਸਭ ਨੂੰ ਪਤਾ ਈ ਐ ਕੀਹਨੇ ਮਾਰਿਆ ਜੋਰਾ। ਸਭ ਨੂੰ ਪਤਾ। ਊਂ ਭਾਮੇ ਕੋਈ ਬੋਲੇ ਜਾਂ ਨਾ ਬੋਲੇ। ਸਭ ਨੂੰ ਪਤਾ। ਕਿਸੇ ਨੇ ਪਿੰਡ ‘ਚੋਂ ਪੁਲਸ ਕੋਲੇ ਟੌਟਪੁਣਾ ਕਰਤਾ ਬਈ ਬੱਲ੍ਹਿਆਂ ਦਾ ਜਿਹੜਾ ਮੱਲ ਐ, ਉਹ ਆਹ ਗੱਲ ਕਹਿੰਦਾ ਫ਼ਿਰਦੈ ਪਿੰਡ ‘ਚ।”
ਮਾਹਲਾ ਨੰਬਰਦਾਰ ਅਮਲੀ ਦੀ ਗੱਲ ਵਿੱਚੋਂ ਟੋਕ ਕੇ ਬੋਲਿਆ, ”ਟੌਟਪੁਣਾ ਕਰਨ ਆਲਾ ਤਾਂ ਅਮਲੀਆ ਜੋਰਾ ਮਰ ਗਿਆ ਸੀ ਜੀਹਦੇ ਬਾਰੇ ਗੱਲ ਚੱਲਦੀ ਐ ਹੁਣ। ਹੋਰ ਵੀ ਕੋਈ ਇਹ ਵਪਾਰ ਕਰਦੈ ਬਈ?”
ਅਮਲੀ ਕਹਿੰਦਾ, ”ਹੋਰ ਵੀ ਬਥੇਰੇ ਐ ਜੋਰੇ ਟੌਟ ਐ ਏਥੇ। ਆਹ ਤੇਰੇ ਗੁਆਂਢੀ ਸੱਜਣ ਕੇ ਬਿੱਲੇ ਨੇ ਟੌਟਪੁਣੇ ਚੀ ਲੱਤ ਭੰਨਾਈ ਐ। ਘੀਰੂ ਚੌਧਰੀ ਕੇ ਕਿਤੇ ਘਰੇ ਸ਼ਰਾਬ ਦੀ ਭੱਠੀ ਚੜ੍ਹਾਈ ਬੈਠੇ ਸੀ। ਬਿੱਲੇ ਨੇ ਠਾਣੇ ਜਾ ਦੱਸਿਆ। ਠਾਣੇਦਾਰ ਘੀਰੂ ਦੇ ਵੱਡੇ ਮੁੰਡੇ ਦੇ ਸਾਂਢੂ ਦਾ ਭਰਾ ਦੱਸਦੇ ਐ। ਬਿੱਲੇ ਨੂੰ ਠਾਣੇਦਾਰ ਆਲੀ ਸਕੀਰੀ ਦਾ ਪਤਾ ਨ੍ਹੀ ਸੀ। ਠਾਣੇਦਾਰ ਨੇ ਘੀਰੂ ਕਿਆਂ ਨੂੰ ਦੱਸ ‘ਤਾ ਬਈ ਫ਼ਲਾਣਾ ਬੰਦਾ ਆਹ ਕੁਸ ਕਹਿ ਕੇ ਗਿਆ। ਘੀਰੂ ਕਿਆਂ ਨੇ ਬਿੱਲਾ ਖੇਤ ਗਿਆ ਇਉਂ ਢਾਹ ਲਿਆ ਜਿਮੇਂ ਮਲ੍ਹੱਪਾਂ ਆਲੀ ਦੁਆਈ ਦੇਣ ਵੇਲੇ ਕੱਟਾ ਢਾਈਦਾ ਹੁੰਦੈ। ਉਨ੍ਹਾਂ ਨੇ ਮਾਰ ਮਾਰ ਹੁੱਜਾਂ ਬਿੱਲੇ ਦਾ ਬਾਘੜ ਬਿੱਲਾ ਬਣਾ ‘ਤਾ। ਨਾਲੇ ਗਿੱਟੇ ਕੋਲੋਂ ਲੱਤ ਭੰਨ ‘ਤੀ।”
ਅਮਲੀ ਦੀ ਗੱਲ ਟੋਕ ਕੇ ਜੱਗਾ ਫ਼ੌਜੀ ਅਮਲੀ ਨੂੰ ਕਹਿੰਦਾ, ”ਅਮਲੀਆ ਬਾਂਦਰ ਥੋੜ੍ਹਾ ਜਾ ਲੰਡਾ ਰੱਖ ਓਏ। ਲੱਤ ਕਿੱਥੇ ਟੁੱਟੀ ਸੀ ਬਿੱਲੇ ਦੀ। ਉਹ ਤਾਂ ਜਦੋਂ ਘੀਰੂ ਕੇ ਮੁੰਡਿਆਂ ਤੋਂ ਛੁੱਟ ਕੇ ਭੱਜਿਆ, ਉਦੋਂ ਕਿਤੇ ਭੱਜੇ ਜਾਂਦੇ ਦਾ ਪੈਰ ਉੱਚੇ ਨੀਮੇਂ ‘ਚ ਟਿੱਕ ਗਿਆ ਪੈਰ ਨੂੰ ਆ ਗੀ ਮੋਚ। ਲੋਕਾਂ ਨੇ ਤੇਰੇ ਆਂਗੂੰ ਗੱਲ ਛੱਤਣੀ ਚੜ੍ਹਾਅ ‘ਤੀ ਅਕੇ ਘੀਰੂ ਕਿਆਂ ਨੇ ਸੱਜਣ ਕੇ ਬਿੱਲੇ ਦੀ ਲੱਤ ਭੰਨ ‘ਤੀ।”
ਸੀਤਾ ਮਰਾਸੀ ਅਮਲੀ ਨੂੰ ਟਿੱਚਰ ‘ਚ ਕਹਿੰਦਾ, ”ਏਦੂੰ ਤਾਂ ਅਮਲੀਆ ਇਉਂ ਕਹਿ ਦਿੰਦਾ ਬਈ ਬਿੱਲੇ ਦੀ ਪੂਛ ਪੱਟ ‘ਤੀ। ਫੇਰ ਤਾਂ ਭਾਮੇਂ ਮੰਨ ਮੁੰਨ ਜਾਂਦੇ। ਲੱਤ ਆਲੀ ਗੱਲ ਤਾਂ ਯਾਰ ਬਣੀ ਨ੍ਹੀ। ਇਹ ਤਾਂ ਗਪੌੜ ਸਿਉਂ ਈਂ ਛੱਡ ‘ਤਾ ਤੈਂ।”
ਅਮਲੀ ਸੀਤੇ ਮਰਾਸੀ ਨੂੰ ਹਰਖ ਕੇ ਬੋਲਿਆ, ”ਨਹੀਂ ਬਣੀ ਤਾਂ ਨਾ ਬਣੇ ਯਾਰ। ਤੈਂ ਦੱਸ ਕੀ ਵੜੇਮੇਂ ਲੈਣੇ ਐ। ਸੋਨੂੰ ਮਰਾਸੀਆਂ ਨੂੰ ਚੱਲਦੀ ਗੱਲ ‘ਚ ਢੂੱਚ ਡਾਹੁਣ ਦੀ ਆਦਤ ਨ੍ਹੀ ਜਾਂਦੀ। ਲੱਤ ਬਿੱਲੇ ਦੀ ਟੁੱਟੀ, ਸ਼ਰਾਬ ਆਲੀ ਭੱਠੀ ਘੀਰੂ ਕੇ ਲਾਈ ਬੈਠੇ ਸੀ, ਤੂੰ ਗੱਲ ਸੁਣ ਕੇ ਐਮੇਂ ਈ ਤੋੜ ‘ਤੇ ਟੰਗੇ ਗੁਲਗਲੇ ਆਂਗੂੰ ਨਾਸਾਂ ਫ਼ਲਾਈ ਜਾਨੈਂ।”
ਬਾਬਾ ਜਗਤ ਸਿਉਂ ਕਹਿੰਦਾ, ”ਐਮੇ ਨਾ ਯਾਰ ਕਿਸੇ ਦੀ ਗੱਲ ਪਿੱਛੇ ਲੜ ਪਿਓ ਕਿਤੇ। ਜਾਹ ਓਏ ਅਮਲੀਆ ਔਹ ਵੇਖ ਜੱਜ ਹੱਟੀ ਖੋਲ੍ਹੀ ਜਾਂਦਾ। ਜਾਹ ਜਾ ਕੇ ਲੈ ਜਾ ਜਿਹੜਾ ਸੌਦਾ ਲਜਾਣੈ।”
ਜੱਜ ਦੀ ਹੱਟ ਖੁੱਲ੍ਹ ਗਈ ਵੇਖ ਕੇ ਜਦੋਂ ਅਮਲੀ ਹੱਟ ਵੱਲ ਨੂੰ ਤੁਰਿਆ ਤਾਂ ਪ੍ਰੀਤਮ ਰਾਗੀ ਅਮਲੀ ਨੂੰ ਕਹਿੰਦਾ, ”ਘਰੇ ਸੌਦਾ ਫ਼ੜਾ ਕੇ ਛੇਤੀ ਆ ਜੀਂ ਅਮਲੀਆ। ਫ਼ੇਰ ਪਿੰਡ ਦੀ ਕੋਈ ਹੋਰ ਹੀਰ ਛੇੜਾਂਗੇ।”
ਅਮਲੀ ਪ੍ਰੀਤਮ ਰਾਗੀ ਨੂੰ ਕਹਿੰਦਾ, ”ਮੈਨੂੰ ਆ ਲੈਣ ਦੇ ਸੱਥ ‘ਚ ਮੁੜ ਕੇ। ਫ਼ੇਰ ਸੋਡੇ ਬੁੜ੍ਹੇ ਦੀ ਸਣਾਓ ਜਦੋਂ ਜੈਤੋ ਦੀ ਪਸੂਆਂ ਆਲੀ ਮੰਡੀ ‘ਤੇ ਹਾਥੀ ਵੇਚਣ ਆਇਆਂ ਨੂੰ ਹਾਥੀ ਵੇਖ ਕੇ ਪੁੱਛਿਆ ਸੀ ‘ਇਹ ਦੋ ਪੂਛਾਂ ਆਲਾ ਕਿਹੜਾ ਜਾਨਵਰ ਐ ਬਈ। ਮੂੰਹ ਮਾਂਹ ਤਾਂ ਇਹਦਾ ਦੀਂਹਦਾ ਨ੍ਹੀ ਕਿੱਥੇ ਐ’।”
ਅਮਲੀ ਦੀ ਗੱਲ ਸੁਣ ਕੇ ਰਾਗੀ ਵੀ ਅਮਲੀ ਦੇ ਮਗਰੇ ਹੀ ਸੱਥ ‘ਚੋਂ ਉੱਠ ਕੇ ਘਰ ਨੂੰ ਤੁਰ ਗਿਆ ਬਈ ਕਿਤੇ ਅਮਲੀ ਸੱਥ ‘ਚ ਆ ਕੇ ਮੇਰੇ ਆਲਾ ਮੱਕੂ ਨਾ ਬੰਨ੍ਹ ਦੇ। ਅਮਲੀ ਤੇ ਰਾਗੀ ਨੂੰ ਸੱਥ ‘ਚੋਂ ਤੁਰਿਆਂ ਨੂੰ ਵੇਖ ਕੇ ਬਾਬਾ ਜਗਤ ਸਿਉਂ ਕਹਿੰਦਾ, ”ਚੱਲੋ ਬਈ ਆਪਾਂ ਵੀ ਚੱਲੀਏ। ਸੱਥ ਦੀ ਰੌਣਕ ਨਾਥਾ ਸਿਉਂ ਤਾਂ ਹੁਣ ਕੱਲ੍ਹ ਨੂੰ ਆਊ ਸੱਥ ‘ਚ। ਅੱਜ ਨ੍ਹੀ ਆਉਂਦਾ।”
ਬਾਬੇ ਜਗਤ ਸਿਉਂ ਦਾ ਕਿਹਾ ਸੁਣ ਕੇ ਸੱਥ ਵਾਲੇ ਸਾਰੇ ਜਣੇ ਹੀ ਸੱਥ ‘ਚੋਂ ਉੱਠ ਕੇ ਆਪੋ ਆਪਣੇ ਘਰਾਂ ਨੂੰ ਤੁਰ ਗਏ।