ਪਹਿਲਾਂ ਤਾਂ ਮਹਿੰਦਰ ਸਿਉਂ ਅਜਿਹਾ ਨਹੀਂ ਸੀ। ਉਹਦਾ ਸੁਭਾਅ ਵੀ ਐਨਾ ਅੜਬ ਕਦੇ ਨਹੀਂ ਸੀ ਹੋਇਆ। ਬੋਲ ਉੱਚਾ ਜ਼ਰੂਰ ਸੀ ਮਹਿੰਦਰ ਸਿਉਂ ਦਾ। ਕਦੇ-ਕਦੇ ਤਾਂ ਉਹਦੀ ਉੱਚੀ ਆਵਾਜ਼ ਸੁਣ ਕੇ ਕਿੱਲ੍ਹਿਆਂ ‘ਤੇ ਬੱਧੇ ਬਲ੍ਹਦ, ਗਾਵਾਂ ਵੀ ਡਰ ਕੇ ਕੰਨ ਖੜ੍ਹੇ ਕਰ ਲੈਂਦੇ। ਪਰ ਉਹ ਅੰਦਰੋਂ ਸੰਵੇਦਨਸ਼ੀਲ ਬਹੁਤ ਸੀ। ਮਾੜੀ-ਮੋਟੀ ਗੱਲ ‘ਤੇ ਹੀ ਪਿਘਲ ਜਾਂਦਾ ਸੀ। ਆਪਣੇ ਪਰਿਵਾਰ ਦਾ ਹੀ ਨਹੀਂ, ਸਾਰੇ ਆਂਢ- ਗੁਆਂਢ ਦਾ ਫ਼ਿਕਰ ਵੀ ਰਹਿੰਦਾ ਸੀ ਓਸਨੂੰ। ਸਭ ਦੀ ਜ਼ਰੂਰਤ ਦਾ ਖ਼ਿਆਲ ਰੱਖਦਾ ਸੀ। ਖੇਤੋਂ ਸਬਜ਼ੀ ਤੋੜ ਕੇ ਪਰਨੇ ਵਿੱਚ ਬੰਨ੍ਹ ਲੈਂਦਾ ਸੀ। ਗਾਜਰਾਂ, ਮੂਲੀਆਂ, ਗੋਂਗਲੂ, ਕੱਦੂ, ਭਿੰਡੀਆਂ, ਤੋਰੀਆਂ, ਕਰੇਲੇ, ਖੀਰੇ, ਤਰਾਂ, ਮੂੰਗਰੇ, ਸੂੰਗਰੇ ਤੇ ਪਤਾ ਨਹੀਂ ਹੋਰ ਕਿੰਨੀਆਂ ਹੀ ਸਬਜ਼ੀਆਂ ਉਸ ਨੇ ਆਪਣੇ ਖੇਤ ‘ਚ ਉਗਾਈਆਂ ਹੁੰਦੀਆਂ। ਖੇਤੋਂ ਆਉਂਦਿਆਂ ਆਂਢੀਆਂ-ਗੁਆਂਢੀਆਂ ਨੂੰ ਵੀ ‘ਵਾਜ਼ਾਂ ਮਾਰ-ਮਾਰ ਕੇ ਸਬਜ਼ੀਆਂ ਵੰਡ ਆਉਂਦਾ। ਭਾਂਬੜ ਮਹਿਰੇ ਨੂੰ ਉਹਦੀ ਕੋਠੜੀ ‘ਚ ਆਪ ਜਾ ਕੇ ਕੋਈ ਸਬਜ਼ੀ ਫ਼ੜਾ ਆਉਂਦਾ ਤੇ ਖੇਤੋਂ ਉਹਦੀ ਚਿਲਮ ਲਈ ਸੁੱਖਾ ਵੀ ਤੋੜ ਲਿਆਉਂਦਾ। ਇਉਂ ਹੀ ਤਾਈ ਰੱਖੀ ਨੂੰ ਵੀ ਸਬਜ਼ੀ-ਭਾਜੀ ਦੇ ਆਉਂਦਾ। ਕਿੰਨੀਆਂ ਹੀ ਅਸੀਸਾਂ, ਆਸਥਾਵਾਂ, ਦੁਆਵਾਂ ਉਹਦੇ ਲਈ ਹਰ ਰੋਜ਼ ਰਾਖਵੀਆਂ ਹੁੰਦੀਆਂ। ਪਰ ਇਹ ਅਸੀਸਾਂ ਜਾਂ ਦੁਆਵਾਂ ਉਹਦੇ ਕਿਸੇ ਕੰਮ ਨਹੀਂ ਸੀ ਆਈਆਂ। ਹਾਂ, ਬਦ-ਦੁਆਵਾਂ ਜੇ ਕਦੇ ਉਹਨੂੰ ਕਿਤੋਂ ਮਿਲੀਆਂ ਸਨ, ਤਾਂ ਉਹ ਜ਼ਰੂਰ ਆਪਣਾ ਅਸਰ ਕਰ ਗਈਆਂ ਸਨ। ਜ਼ਿੰਦਗੀ ‘ਚ ਵਾਪਰੀਆਂ ਕਈ ਘਟਨਾਵਾਂ ਕਾਰਨ ਉਹ ਅੜਬ ਸੁਭਾਅ ਦਾ ਹੋ ਗਿਆ ਸੀ। ਮਹਿੰਦਰ ਸਿਉਂ ਦੀ ਆਪਣੀ ਜਾਤ-ਬਰਾਦਰੀ ਦੇ ਪਿੰਡ ‘ਚ ਮਸਾਂ ਅੱਠ-ਦਸ ਘਰ ਹੀ ਸਨ। ਪਰ ਉਨ੍ਹਾਂ ਸਭ ਘਰਾਂ ਨਾਲੋਂ ਮਹਿੰਦਰ ਦਾ ਘਰ-ਬਾਰ ਕਿਤੇ ਚੰਗਾ ਸੀ। ਦਸ ਕਿੱਲੇ ਪੈਲ਼ੀ ਸੀ। ਇੱਕ ਬਾਗ਼ ਸੀ ਕਿੰਨੂਆਂ ਦਾ। ਮੱਝਾਂ, ਗਾਵਾਂ ਦੇ ਦੁੱਧ ਤੋਂ ਹੀ ਚੰਗੀ ਆਮਦਨ ਹੋ ਜਾਂਦੀ ਸੀ। ਫ਼ੇਰ ਉਹਦਾ ਵੱਡਾ ਮੁੰਡਾ ਜਗਸੀਰ ਵੀ ਸਰਕਾਰੀ ਨੌਕਰ ਹੋ ਗਿਆ। ਛੋਟਾ ਮੁੰਡਾ ਜਗਤਾਰ ਤਾਰੀ ਅਜੇ ਵਿਹਲਾ ਸੀ। ਉਹਨੇ ਵੀ ਓਵਰਸੀਅਰ ਦਾ ਕੋਰਸ ਕੀਤਾ ਹੋਇਆ ਸੀ। ਮੁੰਡਿਆਂ ਤੋਂ ਛੋਟੀ ਇੱਕ ਕੁੜੀ ਸੀ ਸਤਵੀਰ। ਸਾਰੇ ਉਹਨੂੰ ਪਿਆਰ ਨਾਲ ਸੱਤੀ-ਸੱਤੀ ਹੀ ਕਹਿੰਦੇ। ਸੱਤੀ ਅਜੇ ਕਾਲਜ ਵਿੱਚ ਪੜ੍ਹਦੀ ਸੀ। ਮਹਿੰਦਰ ਸਿਉਂ ਦਾ ਪਿਉ ਆਪਣੀ ਹਯਾਤੀ ਦੇ ਆਖ਼ਰੀ ਦਿਨਾਂ ‘ਚ ਮੰਜਾ ਮੱਲ ਬੈਠਾ। ਉਹਦਾ ਦਿਮਾਗ਼ ਵੀ ਟਿਕਾਣੇ ਨਾ ਰਿਹਾ। ਮਹਿੰਦਰ ਹੀ ਆਪਣੇ ਪਿਉ ਦੀ ਦੇਖਭਾਲ ਕਰਦਾ, ਉਹਨੂੰ ਨਵ੍ਹਾਉਂਦਾ, ਰੋਟੀ ਖਵਾਉਂਦਾ, ਉਹਦਾ ਮੰਜਾ ਅੰਦਰ-ਬਾਹਰ ਕਰਦਾ, ਕਿਰਿਆ ਕਰਵਾਉਂਦਾ, ਦਵਾਈ-ਬੂਟੀ ਦਿੰਦਾ। ਕਈ ਵਾਰ ਉਹਦਾ ਪਿਉ ਉੱਚੀ-ਉੱਚੀ ਕਿਸੇ ਨਾ ਕਿਸੇ ਨੂੰ ਗਾਲ੍ਹਾਂ ਕੱਢਣ ਲੱਗ ਜਾਂਦਾ। ਮਹਿੰਦਰ ਨੂੰ ਵੀ ਨਾ ਬਖਸ਼ਦਾ। ਬਹਿਜੇ ਤੇਰਾ ਬੇੜਾ! ਹੈਅ ਬਹਿਜੇ ਤੇਰਾ ਬੇੜਾ!!” ਹੀ ਕਹਿੰਦਾ ਰਹਿੰਦਾ ਤੇ ਇਹੀ ਤਿੰਨੇ ਸ਼ਬਦ ਮਹਿੰਦਰ ਦੇ ਦਿਮਾਗ ‘ਚ ਘੁੰਮਦੇ ਰਹਿੰਦੇ। ਪਿਉ ਦੇ ਗੁਜ਼ਰ ਜਾਣ ‘ਤੇ ਉਹਨੂੰ ਦੁੱਖ ਤਾਂ ਹੋਇਆ ਪਰ ਇੱਕ ਰਾਹਤ ਜਿਹੀ ਵੀ ਮਿਲੀ ਕਿ ਚਲੋ ਬਾਪੂ ਦਾ ਨਰਕ ਤਾਂ ਛੁੱਟਿਆ। ਪਰ ਬਾਪੂ ਦੇ ਕਹੇ ਬੋਲਾਂ ਦਾ ਹੀ ਸ਼ਾਇਦ ਅਸਰ ਸੀ ਕਿ ਉਹ ਚਿੜਚਿੜਾ ਜਿਹਾ ਹੋ ਗਿਆ। ਗੱਲ-ਗੱਲ ‘ਤੇ ਖਿਝ ਜਾਂਦਾ। ਫ਼ੇਰ ਇੱਕ ਅਜਿਹੀ ਘਟਨਾ ਵਾਪਰੀ ਜਿਸਨੇ ਮਹਿੰਦਰ ਨੂੰ ਕਈ ਮਹੀਨੇ ਘਰੋਂ ਬਾਹਰ ਨਿਕਲਣ ਜੋਗਾ ਨਹੀਂ ਛੱਡਿਆ। ਸੱਤੀ ਯੂ.ਪੀ. ਦੇ ਕਿਸੇ ਮੁੰਡੇ ਨਾਲ ਭੱਜ ਗਈ। ਬਾਅਦ ‘ਚ ਉਹਦੇ ਨਾਲ ਪੜ੍ਹਦੀ ਕਿਸੇ ਕੁੜੀ ਤੋਂ ਪਤਾ ਲੱਗਿਆ ਕਿ ਕਾਲਜ-ਟੂਰ ਦੇ ਬਹਾਨੇ ਪਹਿਲਾਂ ਵੀ ਇੱਕ-ਦੋ ਵਾਰ ਸੱਤੀ ਉਸ ਮੁੰਡੇ ਨਾਲ ਕਈ ਦਿਨ ਬਾਹਰ ਲਾ ਕੇ ਆਈ ਸੀ। ਤੇ ਅਜਿਹੀਆਂ ਗੱਲਾਂ ਪਿੰਡ ‘ਚ ਫ਼ੈਲਣ ਨੂੰ ਕਦੇ ਦੇਰ ਨਹੀਂ ਲੱਗਦੀ। ਮਾਂ-ਪਿਓ ਤੇ ਭਰਾਵਾਂ ਦਾ ਮਰਨ ਹੋ ਜਾਂਦੈ। ਮਹਿੰਦਰ ਵੀ ਇੱਕ ਦਿਨ ਪੱਖੇ ਨਾਲ ਲਟਕ ਕੇ ਫ਼ਾਹਾ ਲੈਣ ਲੱਗਾ ਸੀ ਪਰ ਤਾਰੀ ਨੇ ਵੇਖ ਲਿਆ ਤੇ ਬਚਾਅ ਹੋ ਗਿਆ। ਨਹੀਂ ਤੇ ਸਾਰਾ ਘਰ ਉੱਜੜ ਜਾਣਾ ਸੀ। ਬਦਨਾਮੀ ਤੇ ਲੋਕਾਂ ਦੀਆਂ ਟੇਢੀਆਂ ਨਜ਼ਰਾਂ ਤੋਂ ਬਚਣ ਲਈ ਮਹਿੰਦਰ ਕਈ ਮਹੀਨੇ ਘਰੋਂ ਨਹੀਂ ਸੀ ਨਿਕਲਿਆ। ਤਾਰੀ ਦੀ ਮਾਂ ਹਰ ਵੇਲੇ ਉਹਦੇ ‘ਤੇ ਨਿਗ੍ਹਾ ਰੱਖਦੀ ਕਿ ਕਿਤੇ ਉਹ ਕੁਝ ਕਰ ਹੀ ਨਾ ਬੈਠੇ। ਛੇ-ਸੱਤ ਮਹੀਨਿਆਂ ਬਾਅਦ ਮਹਿੰਦਰ ਖੇਤ- ਬੰਨੇ ਜਾਣ ਲੱਗਿਆ ਸੀ। ਪਰ ਇਸ ਘਟਨਾ ਪਿੱਛੋਂ ਉਹ ਕਦੇ ਵੀ ਸੱਥ ਵਿੱਚ ਜਾ ਕੇ ਨਹੀਂ ਸੀ ਬੈਠ ਸਕਿਆ। ਬਲ੍ਹਦਾਂ, ਮੱਝਾਂ ਨੂੰ ਸੋਟੀ ਨਾਲ ਕੁੱਟ ਸੁੱਟਦਾ। ਪਸ਼ੂਆਂ ਦੇ ਪਿੰਡਿਆਂ ‘ਤੇ ਲਾਸਾਂ ਪੈ ਜਾਂਦੀਆਂ। ਮਹਿੰਦਰ ਬੋਲਦਾ, ਗਾਲ੍ਹਾਂ ਕੱਢਦਾ ਤੀਜੇ ਘਰੇ ਸੁਣਦਾ। ਮੁੰਡਿਆਂ ਤੇ ਘਰਵਾਲੀ ਨੂੰ ਵੀ ਭੱਜ ਕੇ ਪੈ ਜਾਂਦਾ। ਸਾਰੇ ਉਹਦੀ ਅੜਬਾਈ ਦੇਖ ਕੇ ਚੁੱਪ ਕਰ ਜਾਂਦੇ। ਘਰੇ ਕੋਈ ਉੱਚਾ ਸਾਹ ਨਾ ਕੱਢਦਾ। ਜੇ ਕੁਝ ਪੁੱਛਣਾ-ਦੱਸਣਾ ਹੁੰਦਾ ਤਾਂ ਤਾਰੀ ਦੀ ਮਾਂ ਹੀ ਅੱਗੇ ਹੁੰਦੀ। ਜਗਸੀਰ ਨੂੰ ਸਰਕਾਰੀ ਮੁਲਾਜ਼ਮ ਹੋਣ ਕਰਕੇ ਵੀ ਕਿਤੋਂ ਸਾਕ ਨਹੀਂ ਸੀ ਹੋ ਰਿਹਾ। ਜਿੱਥੇ ਕਿਤੇ ਗੱਲ ਤੁਰਦੀ ਤਾਂ ਪਤਾ ਨਹੀਂ ਕੌਣ ਦੋਖੀ ਜਾ ਕੇ ਭਾਨੀ ਮਾਰ ਆਉਂਦਾ। ਗੱਲ ਫ਼ਿਰ ਵਿੱਚੇ ਹੀ ਰਹਿ ਜਾਂਦੀ। ਕੁੜੀ ਦਾ ਉੱਧਲ ਜਾਣਾ ਉਨ੍ਹਾਂ ਸਾਰਿਆਂ ਨੂੰ ਧੁਖਦੀ ਧੂਣੀ ਵਿੱਚ ਸੁੱਟ ਗਿਆ ਸੀ ਜਿਸ ਵਿੱਚ ਨਾ ਉਹ ਮੱਚ ਸਕਦੇ ਸਨ ਤੇ ਨਾ ਸੇਕ ਤੋਂ ਖਹਿੜਾ ਛੁੱਟਦਾ ਸੀ। ਚਾਰ-ਪੰਜ ਵਰ੍ਹੇ ਇਸ ਤਰ੍ਹਾਂ ਹੀ ਨੱਪ-ਘੁੱਟ ਕੇ ਬੀਤ ਗਏ। ਸੱਤੀ ਦੇ ਮੁੜ ਆਉਣ ਦੀ ਆਸ ਹੁਣ ਕਿਸੇ ਨੂੰ ਨਹੀਂ ਸੀ। ਜੇ ਉਹ ਮੁੜ ਵੀ ਆਉਂਦੀ ਤਾਂ ਕਿਸੇ ਨੇ ਉਹਨੂੰ ਘਰ ਨਹੀਂ ਸੀ ਵੜਨ ਦੇਣਾ। ਮਹਿੰਦਰ ਤਾਂ ਸੋਚਦਾ ਸੀ ਕਿ ਜੇ ਸੱਤੀ ਉਹਨੂੰ ਕਿਤੇ ਮਿਲ ਗਈ ਜਾਂ ਪਿੰਡ ਪਰਤ ਆਈ ਤਾਂ ਉਹ ਉਸ ਦੇ ਟੋਟੇ ਕਰਕੇ ਛੱਪੜੀ ਵਾਲੇ ਖੂਹ ‘ਚ ਸੁੱਟ ਕੇ ਆਊ। ਤੇ ਇਹ ਸੋਚਦਿਆਂ ਹੀ ਉਹ ਆਪੇ ਤੋਂ ਬਾਹਰ ਹੋ ਜਾਂਦਾ। ਫ਼ੇਰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੰਦਾ। ਇਸੇ ਕਰਕੇ ਹੁਣ ਸੱਤੀ ਦਾ ਨਾਂ ਵੀ ਘਰ ਵਿੱਚ ਕੋਈ ਨਹੀਂ ਸੀ ਲੈਂਦਾ। ਪਰ ਸੱਤੀ ਦੀ ਮਾਂ ਕਦੇ-ਕਦੇ ਅੰਦਰ ਵੜ ਕੇ ਚਾਰ ਕੁ ਅੱਥਰੂ ਕੇਰ ਆਉਂਦੀ। ਪਰ ਬਾਹਰ ਆਵਾਜ਼ ਨਾ ਆਉਣ ਦਿੰਦੀ। ਅੰਦਰ ਹੀ ਹੌਕੇ ਦੱਬ ਲੈੱਦੀ। ਇਸ ਸਾਰੇ ਵਕਤ ਦੌਰਾਨ ਮਹਿੰਦਰ ਸਿਉਂ ਦਾ ਕਈ ਵਾਰ ਮਰਨ ਨੂੰ ਜੀਅ ਕੀਤਾ ਸੀ ਪਰ ਕਦੇ ਕੋਈ ਬਚਾਅ ਲੈਂਦਾ ਤੇ ਕਦੇ ਕੋਈ। ਤਾਰੀ ਨੇ ਘਰੇ ਪਈਆਂ ਸਪਰ੍ਹੇਅ ਦੀਆਂ ਬੋਤਲਾਂ ਵੀ ਕਿਤੇ ਆਸੇ-ਪਾਸੇ ਕਰ ਕੇ ਰੱਖ ਦਿੱਤੀਆਂ ਸਨ। ਆਪਣੇ ਨਾਲੋਂ ਸਭ ਤੋਂ ਵੱਧ ਫ਼ਿਕਰ ਸਾਰਿਆਂ ਨੂੰ ਮਹਿੰਦਰ ਸਿਉਂ ਦਾ ਸੀ। ਖੇਤ-ਬੰਨ੍ਹੇ ਵੀ ਉਹਦਾ ਧਿਆਨ ਰੱਖਿਆ ਜਾਂਦਾ। ਪਰ ਕਦੇ-ਕਦੇ ਤਾਂ ਨਿਗਰਾਨੀ ਪੱਖੋਂ ਕਮੀ ਰਹਿ ਹੀ ਜਾਂਦੀ ਹੈ। ਉਸ ਰਾਤ ਵੀ ਇਸ ਤਰ੍ਹਾਂ ਹੀ ਹੋਇਆ ਸੀ। ਸਾਉਣ-ਭਾਦੋਂ ਦੀ ਹੁੰਮਸ ਭਰੀ ਇੱਕ ਰਾਤ ਨੂੰ ਕੋਠੇ ‘ਤੇ ਪਿਆਂ ਮਹਿੰਦਰ ਸਿਉਂ ਨੂੰ ਤਰੇਲੀਆਂ ਆ ਰਹੀਆਂ ਸਨ। ਅੰਦਰ ਵੀ ਭਾਂਬੜ ਉੱਠ ਰਹੇ ਸਨ। ਤ੍ਰੇਹ ਨਾਲ ਸੰਘ ਸੁੱਕਿਆ ਪਿਆ ਸੀ। ਪਰ ਉਹਨੇ ਸਿਰਹਾਣੇ ਪਿਆ ਪਾਣੀ ਵੀ ਚੁੱਕ ਕੇ ਨਹੀਂ ਸੀ ਪੀਤਾ। ਤਾਰੀ ਨਾਲ ਦੇ ਮੰਜੇ ‘ਤੇ ਸੁੱਤਾ ਪਿਆ ਸੀ। ਜਗਸੀਰ ਤੇ ਉਸ ਦੀ ਮਾਂ ਥੱਲੇ ਵਿਹੜੇ ਵਿੱਚ ਸੁੱਤੇ ਪਏ ਸਨ। ਮਹਿੰਦਰ ਕਾਫ਼ੀ ਸਮਾਂ ਤਾਰਿਆਂ ਵੱਲ ਵੇਖਦਾ ਰਿਹਾ। ਪੁੰਨਿਆਂ ਨੇੜੇ ਹੀ ਕਿਤੇ ਆਉਣ ਵਾਲੀ ਸੀ। ਚੰਨ ਵੀ ਲਿਸ਼ਕੋਰਾਂ ਮਾਰ ਰਿਹਾ ਸੀ। ਅੱਚਵੀ ਜਿਹੀ ਲੱਗੀ ‘ਚ ਮਹਿੰਦਰ ਸਿਉਂ ਉੱਠਿਆ। ਕੋਠੇ ਦੇ ਪਿਛਲੇ ਪਾਸਿਉਂ ਹੌਲ਼ੀ ਕੁ ਦੇਣੇ ਤੂੜੀ ਦੇ ਢੇਰ ਉੱਤੋਂ ਦੀ ਗਲੀ ‘ਚ ਉੱਤ੍ਹਰ ਗਿਆ। ਚੱਪਲਾਂ ਵੀ ਮੰਜੇ ਕੋਲ ਹੀ ਪਈਆਂ ਰਹਿ ਗਈਆਂ। ਉਂਝ ਵੀ ਪੈਰੋਂ ਨੰਗਾ ਤਾਂ ਓਸਨੂੰ ਸੱਤੀ ਨੇ ਘਰੋਂ ਭੱਜ ਕੇ ਹੀ ਕਰ ਦਿੱਤਾ ਸੀ। ਆਸੇ-ਪਾਸੇ ਦੇਖਿਆ ਤਾਂ ਕੋਈ ਨਹੀਂ ਸੀ। ਸ਼ਾਇਦ ਇਹ ਰਾਤ ਦਾ ਪਿਛਲਾ ਕੁ ਪਹਿਰ ਸੀ। ਪਿੱਛੇ ਮੁੜ ਕੇ ਘਰ ਵੱਲ ਦੇਖਿਆ ਤਾਂ ਕਿਤੇ ਕੋਈ ਹਿੱਲ-ਜੁੱਲ ਨਹੀਂ ਸੀ। ਤੁਰਦਾ-ਤੁਰਦਾ ਉਹ ਪਿੰਡ ਦੀ ਸੱਥ ਵਿੱਚ ਤਖ਼ਤਪੋਸ਼ ‘ਤੇ ਆ ਬੈਠਾ। ਪਤਾ ਨਹੀਂ ਅੱਜ ਕਿੰਨੇ ਵਰ੍ਹਿਆਂ ਬਾਅਦ ਉਹ ਸੱਥ ਵੱਲ ਆਇਆ ਸੀ। ਪਰ ਉਸਨੂੰ ਉੱਥੇ ਵੀ ਜਰਾਂਦ ਨਹੀਂ ਆਈ। ਉੱਥੋਂ ਉੱਠ ਉਹ ਛੱਪੜੀ ਵੱਲ ਨਿਕਲ ਤੁਰਿਆ। ਛੱਪੜੀ ਕੋਲ ਬਣੇ ਖੂਹ ਵਾਲੇ ਥੜ੍ਹੇ ‘ਤੇ ਆ ਬੈਠਾ। ਇਸ ਖੂਹ ਵਿੱਚੋਂ ਕਦੇ ਸਾਰਾ ਪਿੰਡ ਪਾਣੀ ਭਰਦਾ ਹੁੰਦਾ ਸੀ। ਜਾਂ ਮਹਿਰਿਆਂ ਦੇ ਘਰਾਂ ‘ਚੋਂ ਕੋਈ ਬੋਕੇ ਨਾਲ ਖੂਹ ‘ਚੋਂ ਪਾਣੀ ਕੱਢ ਬਲ੍ਹਦ-ਰੇੜੀ ਨਾਲ ਘਰਾਂ ‘ਚ ਜਾ ਕੇ ਪਾਣੀ ਪਾ ਆਉਂਦਾ ਪਰ ਹੁਣ ਇੱਥੇ ਕੋਈ ਪਾਣੀ ਨਹੀਂ ਸੀ ਭਰਦਾ। ਖੂਹ ਦੇ ਚਾਰੇ ਪਾਸੇ ਉੱਚੇ ਥੜ੍ਹੇ ਬਣੇ ਹੋਏ ਸਨ। ਮਹਿੰਦਰ ਖੂਹ ਦੇ ਹੋਰ ਕੋਲ ਜਾ ਕੇ ਮਣ ‘ਤੇ ਬੈਠ ਗਿਆ। ਕਾਫ਼ੀ ਚਿਰ ਉਸੇ ਤਰ੍ਹਾਂ ਹੀ ਪੈਰਾਂ ਭਾਰ ਬੈਠਾ ਰਿਹਾ। ਆਖ਼ਿਰ ਉਸ ਨੇ ਐਨੇ ਚਿਰ ਤੋਂ ਮਨ ‘ਚ ਧਾਰੀ ਹੋਈ ਕਰਨ ਦੀ ਠਾਣ ਹੀ ਲਈ। ਉੱਠ ਕੇ ਹੁਣ ਆਸੇ-ਪਾਸੇ ਵੇਖਣ ਦੀ ਵੀ ਲੋੜ ਨਹੀਂ ਸਮਝੀ। ਖੂਹ ਵਿੱਚ ਛਾਲ ਮਾਰਨ ਲਈ ਉਹ ਤਿਆਰ ਹੋਣ ਹੀ ਲੱਗਾ ਸੀ ਕਿ ਪਿੱਛੋਂ ਆ ਕੇ ਕਿਸੇ ਨੇ ਉਸ ਦੀ ਬਾਂਹ ਫ਼ੜ੍ਹ ਲਈ। ਹੈਂ! ਐਸ ਵੇਲੇ ਕੌਣ ਆ ਗਿਆ? ਕਿਤੇ ਤਾਰੀ ਜਾਂ ਜਗਸੀਰ …….?? ਆਖ਼ਿਰ ਮੈਨੂੰ ਮਰਨ …….???” ਮਹਿੰਦਰ ਏਨਾ ਸੋਚ ਹੀ ਰਿਹਾ ਸੀ ਕਿ ਪਿੱਛੋਂ ਆਵਾਜ਼ ਆਈ, ‘ਪਾਪਾ! ਮਰਨਾ ਥੋਨੂੰ ਨਹੀਂ, ਮੈਨੂੰ ਚਾਹੀਦਾ।” ਤ੍ਰਭਕ ਕੇ ਉਸ ਨੇ ਪਿੱਛੇ ਮੁੜ ਕੇ ਵੇਖਿਆ ਤਾਂ …….ਇਹ ਕੀ ……. ਸੱਤੀ? ਹਾਂ ਪਾਪਾ! ਮੈਂ ਤੁਹਾਡੀ ਤੇ ਸਾਰੇ ਟੱਬਰ ਦੀ ਗੁਨਾਹਗਾਰ ਹਾਂ! ਮੇਰੇ ਗੁਨਾਹਾਂ ਦੀ ਸਜ਼ਾ ਤੁਸੀਂ ਕਿਉਂ ਭੁਗਤੋਂ। ਮੈਨੂੰ …….ਮੈਨੂੰ ਮੇਰੇ ਪਾਪਾਂ ਦੀ ਸਜ਼ਾ ਪਹਿਲਾਂ ਹੀ ਮਿਲ ਚੁੱਕੀ ਆ …….।” ਮਹਿੰਦਰ ਨੇ ਸੱਤੀ ਵੱਲ ਕੰਬਦਿਆਂ ਹੋਇਆਂ, ਕਚੀਚੀਆਂ ਲੈਂਦਿਆਂ ਹੋਇਆਂ ਉੱਪਰੋਂ ਥੱਲੇ ਤਕ ਵੇਖਿਆ ਤਾਂ ਫ਼ਟੇ-ਪੁਰਾਣੇ ਕੱਪੜੇ, ਪੈਰ ਨੰਗੇ ਤੇ ਖਿੱਲਰੇ ਹੋਏ ਵਾਲਾਂ ਵਾਲੀ ਸੱਤੀ ਅੱਧ-ਪਾਗਲਾਂ ਵਾਲੀ ਹਾਲਤ ‘ਚ ਬੋਲੀ ਜਾ ਰਹੀ ਸੀ। ਚਿਹਰੇ ‘ਤੇ ਮਣ-ਮਣ ਮੈਲ ਜੰਮੀ ਹੋਈ ਸੀ। ਆਪਣੀ ਲਾਡਾਂ ਨਾਲ ਪਾਲੀ ਹੋਈ ਧੀ ਦੀ ਅਜਿਹੀ ਹਾਲਤ ਵੇਖ, ਪਤਾ ਨਹੀਂ ਕਿਹੜੇ ਵੇਲੇ, ਮਹਿੰਦਰ ਸਿਉਂ ਦਾ ਸਾਰਾ ਗੁੱਸਾ ਤੇ ਮਰਨ ਦਾ ਖ਼ਿਆਲ ਕਿਧਰੇ ਖੰਭ ਲਾ ਕੇ ਉੱਡ ਗਏ। ਉਸਨੇ ਧਾਹ ਮਾਰ ਕੇ ਸੱਤੀ ਨੂੰ ਗਲ਼ ਨਾਲ਼ ਲਾ ਲਿਆ। ਸੱਤੀ ਦੇ ਟੋਟੇ ਕਰ ਕੇ ਏਸੇ ਹੀ ਖੂਹ ‘ਚ ਸੁੱਟਣ ਦੀ ਸੋਚਣ ਵਾਲਾ ਅੜਬ ਸੁਭਾਅ ਦਾ ਮਹਿੰਦਰ ਸਿਉਂ ਪਲਾਂ ‘ਚ ਹੀ ਪਾਣੀ ਵਾਂਗੂੰ ਧੀ ਦੇ ਮੋਹ ਵਿੱਚ ਵਹਿ ਗਿਆ। ਦੋਹਾਂ ਪਿਓ-ਧੀ ਨੇ ਏਨੀ ਜ਼ੋਰ ਦੀ ਧਾਹਾਂ ਮਾਰੀਆਂ ਕਿ ਛੱਪੜ ‘ਚ ਬੋਲਦੇ ਡੱਡੂਆਂ ਦੀ ਗੜੈਂ-ਗੜੈਂ ਤੇ ਟਿੱਡੀਆਂ ਦੀ ਤਿੱਖੀ ਆਵਾਜ਼ ਵੀ ਇਕਦਮ ਚੁੱਪ ਹੋ ਗਈ। ਤੇ ਫ਼ੇਰ ਉਹ ਦੋਵੇਂ ਨੰਗੇ ਪੈਰੀਂ ਆਪਣੇ ਘਰ ਵੱਲ ਨੂੰ ਹੋ ਤੁਰੇ। ਗੁਰੂਦੁਆਰੇ ਦੇ ਭਾਈ ਨੇ ਸਪੀਕਰ ‘ਚ ਅੰਮ੍ਰਿਤ ਵੇਲੇ ਦਾ ਪਾਠ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ।
ਲੇਖਕ: ਕੁਲਵਿੰਦਰ ਵਿਰਕ