ਨਵੀਂ ਦਿੱਲੀ— ਦੇਸ਼ ਭਰ ‘ਚ ਈ.ਵੀ.ਐੱਮ. ‘ਚ ਗੜਬੜੀ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ। ਇਸ ਦੌਰਾਨ ਚੋਣ ਕਮਿਸ਼ਨ ਨੇ ਕਿਹਾ ਕਿ ਸ਼ਨੀਵਾਰ ਨੂੰ ਉਹ ਈ.ਵੀ.ਐੱਮ. ਚੈਲੇਂਜ ਲਈ ਤਰੀਕਾਂ ਦਾ ਐਲਾਨ ਕਰੇਗਾ। ਪੈਨਲ ਇਹ ਵੀ ਦਿਖਾਏਗਾ ਕਿ ਈ.ਵੀ.ਐੱਮ. ਅਤੇ ਵੀ.ਵੀ.ਪੀ.ਏ.ਟੀ. (ਵੋਟਰ-ਵੈਰੀਫਾਈਏਬਰ ਪੇਪਰ ਆਡਿਟ ਟਰੇਲ) ਮਸ਼ੀਨਾਂ ਕਿਵੇਂ ਕਰਦੀਆਂ ਹਨ। ਅਜਿਹਾ ਕਰ ਕੇ ਕਮਿਸ਼ਨ ਇਹ ਦੱਸੇਗਾ ਕਿ ਈ.ਵੀ.ਐੱਮ. ‘ਚ ਗੜਬੜੀ ਸੰਭਵ ਨਹੀਂ ਹੈ। ਹਾਲ ‘ਚ ਹੋਏ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਰਗੇ ਵਿਰੋਧੀ ਦਲਾਂ ਨੇ ਈ.ਵੀ.ਐੱਮ. ‘ਚ ਛੇੜਛਾੜ ਦਾ ਦੋਸ਼ ਲਾਇਆ ਸੀ।
‘ਆਪ’ ਨੇ ਦਿੱਲੀ ਵਿਧਾਨ ਸਭਾ ‘ਚ ਇਕ ਡੈਮੋ ਦੇ ਕੇ ਦੱਸਿਆ ਸੀ ਕਿ ਕਿਵੇਂ ਇਕ ਸਪੈਸ਼ਲ ਕੋਡ ਰਾਹੀਂ ਈ.ਵੀ.ਐੱਮ. ਨਾਲ ਛੇੜਛਾੜ ਕੀਤੀ ਜਾ ਸਕਦੀ ਹੈ। ਚੋਣ ਕਮਿਸ਼ਨ ਨੇ ਇਨ੍ਹਾਂ ਦੋਸ਼ਾਂ ਨੂੰ ਗਲਤ ਦੱਸਦੇ ਹੋਏ ਸਾਰੇ ਸਿਆਸੀ ਦਲਾਂ ਨੂੰ ਖੁੱਲ੍ਹੀ ਚੁਣੌਤੀ ਦੇਣ ਦਾ ਫੈਸਲਾ ਕੀਤਾ ਹੈ। ਅਜਿਹਾ ਕਰਨ ਦੇ ਪਿੱਛੇ ਕਮਿਸ਼ਨ ਦਾ ਮਕਸਦ ਇਹ ਦੱਸਣਾ ਹੈ ਕਿ ਈ.ਵੀ.ਐੱਮ. ਨਾਲ ਛੇੜਛਾੜ ਸੰਭਵ ਨਹੀਂ। ਚੋਣ ਕਮਿਸ਼ਨ ਨੇ ਇਹ ਵੀ ਕਿਹਾ ਹੈ ਕਿ ਆਉਣ ਵਾਲੀਆਂ ਚੋਣਾਂ ‘ਚ ਈ.ਵੀ.ਐੱਮ. ਦੀ ਜਗ੍ਹਾ ਵੀ.ਵੀ.ਪੀ.ਏ.ਟੀ. ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ ਤਾਂ ਵੋਟਰ ਇਕ ਪੇਪਰ ਸਲਿਪ ਰਾਹੀਂ ਇਹ ਯਕੀਨੀ ਕਰ ਸਕੇ ਕਿ ਉਨ੍ਹਾਂ ਦਾ ਵੋਟ ਉਸੇ ਨੂੰ ਗਿਆ ਹੈ, ਜਿਸ ਨੂੰ ਉਨ੍ਹਾਂ ਨੇ ਪਾਇਆ ਹੈ। ਚੋਣ ਕਮਿਸ਼ਨ ਨੇ ਇਹ ਐਲਾਨ ਸਾਰੀਆਂ ਪਾਰਟੀਆਂ ਨਾਲ ਦਿਨ ਭਰ ਦੀ ਬੈਠਕ ਤੋਂ ਬਾਅਦ ਲਿਆ। ਇਸ ਬੈਠਕ ‘ਚ ਕਈ ਪਾਰਟੀਆਂ ਨੇ ਵਾਪਸ ਪੇਪਰ ਬੈਲਟ ‘ਤੇ ਆਉਣ ਦਾ ਸੁਝਾਅ ਵੀ ਦਿੱਤਾ।