ਮੁੰਬਈ: ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਦੇ ਮੁਤਾਬਕ ਟੀ 20 ਲੀਗ ਦੀਆਂ ਜ਼ਿਆਦਾਤਰ ਟੀਮਾਂ ਘਰੇਲੂ ਮੈਦਾਨ ਨੂੰ ਆਪਣਾ ਗੜ੍ਹ ਮੰਨਦੀਆਂ ਹਨ। ਜੇਕਰ ਟੀਮ 7 ‘ਚੋਂ 5 ਮੈਚ ਵੀ ਜਿੱਤਦੀ ਹੈ ਤਾਂ ਉਸ ਦੇ ਨਾਕਆਊਟ ‘ਚ ਪਹੁੰਚਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੋ ਜਾਂਦੀ ਹੈ, ਹਾਲਾਂਕਿ ਕੁਝ ਸ਼ੱਕ ਹਮੇਸ਼ਾ ਹੀ ਰਹਿੰਦਾ ਹੈ। ਕੁਝ ਸਮੇਂ ਤੋਂ ਹੈਦਰਾਬਾਦ ਦੀ ਟੀਮ ਲਗਾਤਾਰ ਆਪਣੇ ਘਰੇਲੂ ਮੈਚ ਗੁਆ ਰਹੀ ਹੈ। ਹਾਲਤ ਅਜਿਹੀ ਸੀ ਕਿ ਉਸ ਦੇ ਪ੍ਰਸ਼ੰਸਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਆਪਣੀ ਟੀਮ ਨੂੰ ਮੈਚ ਜਿੱਤਦੇ ਦੇਖਣ ਲਈ ਉਨ੍ਹਾਂ ਨੂੰ ਦੂਜੇ ਮੈਦਾਨ ‘ਤੇ ਜਾਣਾ ਚਾਹੀਦਾ ਹੈ।
ਹੁਣ ਬੰਗਲੌਰ ਨੇ ਚਿੰਨਾਸਵਾਮੀ ਸਟੇਡੀਅਮ ਵਿੱਚ ਆਪਣੇ ਦੋਵੇਂ ਮੈਚ ਗੁਆ ਦਿੱਤੇ ਹਨ। ਪਹਿਲੇ ਮੈਚ ਵਿੱਚ ਮੁੰਬਈ ਨੂੰ ਸ਼ੁਰੂਆਤੀ ਝਟਕੇ ਦੇਣ ਦੇ ਬਾਵਜੂਦ ਉਹ ਮੈਚ ਨਹੀਂ ਜਿੱਤ ਸਕੇ, ਜਦਕਿ ਦੂਜੇ ਮੈਚ ਵਿੱਚ ਪੁਣੇ ਦੇ ਛੋਟੇ ਟੀਚੇ ਦਾ ਪਿੱਛਾ ਉਹ ਨਹੀਂ ਕਰ ਸਕੇ। ਹਾਲਾਂਕਿ ਇਸ ਸਵਰੂਪ ‘ਚ ਗੇਂਦਬਾਜ਼ੀ ਹਮੇਸ਼ਾ ਹੀ ਸਵਾਲਾਂ ਦੇ ਘੇਰੇ ਵਿੱਚ ਰਹਿੰਦੀ ਹੈ ਪਰ ਉਸ ਦੀ ਬੱਲੇਬਾਜ਼ੀ ਜ਼ਰੂਰ ਚਿੰਤਾ ਦੀ ਗੱਲ ਬਣ ਗਈ ਹੈ। ਸਿਰਫ਼ ਚਾਰ ਵਿਦੇਸ਼ੀ ਖਿਡਾਰੀਆਂ ਨੂੰ ਟੀਮ ਵਿੱਚ ਸ਼ਾਮਲ ਕਰਨ ਦੇ ਨਿਯਮ ਕਾਰਨ ਉਨ੍ਹਾਂ ਨੂੰ ਲੈੱਗ ਸਪਿਨਰ ਸੈਮੂਅਲਸ ਬਦਰੀ ਲਈ ਹਮਲਾਵਰ ਬੱਲੇਬਾਜ਼ ਕ੍ਰਿਸ ਗੇਲ ਨੂੰ ਬਾਹਰ ਰੱਖਣਾ ਪਿਆ। ਮੁੰਬਈ ਵਿਰੁੱਧ ਹੈਟ੍ਰਿਕ ਲੈ ਕੇ ਬਦਰੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਇਹ ਸਾਫ਼ ਹੈ ਕਿ ਜੇਕਰ ਕੋਹਲੀ ਤੇ ਡਿਵਿਲੀਅਰਸ ਨਹੀਂ ਚੱਲਦੇ ਤਾਂ ਬੰਗਲੌਰ ਦੀ ਬੱਲੇਬਾਜ਼ੀ ਸੰਘਰਸ਼ ਕਰਦੀ ਨਜ਼ਰ ਆਏਗੀ।