ਮੀਡੀਆ ਦੀ ਭੂਮਿਕਾ ਤੇ ਸਿਹਤ ਸਬੰਧੀ ਚੇਤੰਨਤਾ ਦੀ ਬਦੌਲਤ ਪੜ੍ਹੇ-ਲਿਖੇ ਤਬਕੇ ਦੇ ਨਾਲ ਨਾਲ ਘੱਟ-ਸਿੱਖਿਅਤ ਲੋਕਾਂ ਨੂੰ ਵੀ ਪਤਾ ਲੱਗ ਗਿਆ ਹੈ ਕਿ ਖ਼ੂਨ ਦੀਆਂ ਨਾੜੀਆਂ ਅੰਦਰ ਚਰਬੀ ਦਾ ਜੰਮਣਾ ਇੱਕ ਗੰਭੀਰ ਸਮੱਸਿਆ ਹੈ। ਸ਼ਬਦ ‘ਐਥਰੋ ਸਕਲੀਰੋਸਿਸ’ ਵਿੱਚ ਐਥਰੋ ਤੋਂ ਭਾਵ ਹੈ ਦਲੀਆ ਜਾਂ ਗਰੂਅਲ ਤੇ ‘ਸਕਲੀਰੋਸਿਸ’ ਦਾ ਮਤਲਬ ਹੈ ਸਖ਼ਤ ਤੰਤੂ। ਇਸ ਲਈ ਖ਼ੂਨ ਨਾੜੀਆਂ ਦੇ ਅੰਦਰਲੇ ਪਾਸੇ ਉੱਪਰੋਂ ਸਖ਼ਤ ਪਰ ਹੇਠੋਂ ਦਲੀਏ ਵਰਗੀ ਨਰਮ ਹੋ ਜਾਣ ਦੀ ਅਸਾਧਾਰਨ ਤਬਦੀਲੀ ਨੂੰ ਐਥਰੋਸਕਲੀਰਸਿਸ ਕਿਹਾ ਜਾਂਦਾ ਹੈ। ਕੋਲੈਸਟੋਰੋਲ ਦਾ ਇਹ ਜਮਾਓ ਸਾਧਾਰਨ ਤੇ ਖੁੱਲ੍ਹੀਆਂ ਨਾੜੀਆਂ ਦੇ ਬੋਰ ਨੂੰ ਤੰਗ ਕਰ ਦਿੰਦਾ ਹੈ। ਇਹ ਦਿਲ, ਦਿਮਾਗ ਅਤੇ ਹੋਰ ਅੰਗਾਂ ਵਿੱਚ ਗੰਭੀਰ ਰੋਗ ਜਾਂ ਮੌਤ ਦਾ ਕਾਰਨ ਬਣਦਾ ਹੈ। ਇਸ ਰੋਗ ਨੂੰ ‘ਐਥਰੋ ਸਕਲੀਰੋਟਿਕ ਵਾਸਕੂਲਰ ਡਿਸਈਜ਼’ ਵੀ ਕਿਹਾ ਜਾਂਦਾ ਹੈ।
ਕਾਰਨ: ਭੋਜਨ ਵਿੱਚ ਦੋ ਤਰ੍ਹਾਂ ਦੇ ਥਿੰਦੇ ਹੁੰਦੇ ਹਨ- ਲੋ ਡੈਨਸਿਟੀ ਲਾਈਪੋਪ੍ਰੋਟੀਨ (ਐਲ.ਡੀ.ਐਲ.) ਅਤੇ ਹਾਈ ਡੈਨਸਿਟੀ ਲਾਈਪੋਪ੍ਰੋਟੀਨ (ਐਚ.ਡੀ.ਐਲ.)। ਐਲ.ਡੀ.ਐਲ. ਇੱਕ ਖ਼ਤਰਨਾਕ ਕਿਸਮ ਦੀ ਚਰਬੀ ਹੈ ਜੋ ਔਕਸੀਡੈਂਟ ਪਦਾਰਥਾਂ ਦੀ ਸਹਾਇਤਾ ਨਾਲ ਖ਼ੂਨ ਦੀਆਂ ਨਾੜੀਆਂ ਵਿੱਚ ਜਮ੍ਹਾਂ ਹੋਣ ਲਗਦੀ ਹੈ। ਪੂਰਾ ਰੋਗ ਵਿਕਸਿਤ ਹੋਣ ਵਿੱਚ ਲੰਮਾ ਸਮਾਂ ਲਗਦਾ ਹੈ ਪਰ ਵਿਅਕਤੀ ਨੂੰ ਉਦੋਂ ਹੀ ਪਤਾ ਲਗਦਾ ਹੈ ਜਦੋਂ ਪਾਣੀ ਸਿਰ ਤੋਂ ਲੰਘ ਚੁੱਕਾ ਹੁੰਦਾ ਹੈ। ਭੋਜਨ ਦੀਆਂ ਖ਼ਤਰਨਾਕ ਚਰਬੀਆਂ (ਸੈਚੂਰੇਟਿਡ ਫ਼ੈਟਸ) ਦੇ ਸੋਮੇ ਹਨ- ਰੈੱਡ ਮੀਟ (ਬੱਕਰਾ, ਭੇਡੂ, ਗਊ ਤੇ ਸੂਰ ਆਦਿ) ਦੇਸੀ ਘਿਓ ਅਤੇ ਮੱਖਣ। ਹਾਈ ਡੈਨਸਿਟੀ ਲਾਈਪੋਪ੍ਰੋਟੀਨ (ਐਚ.ਡੀ.ਐਲ.) ਸਰੀਰ ਲਈ ਚੰਗਾ ਹੈ। ਸਰੀਰ ਲਈ ਚੰਗੀ ਚਰਬੀ ਜਾਂ ਤੇਲ ਹਨ- ਸੂਰਜਮੁਖੀ, ਮੂੰਗਫ਼ਲੀ, ਵੜੇਵਿਆਂ (ਕਾਟਨਸੀਡ), ਸੋਇਆ ਦੇ ਤੇਲ, ਪਾਮ ਆਇਲ,  ਕੌਰਨ ਆਇਲ (ਮੱਕੀ ਤੋਂ ਬਣਿਆ ਤੇਲ) ਅਤੇ ਇਹ ਮੱਛੀ ਵਿੱਚ ਵੀ ਵਧੇਰੇ ਮਿਲਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਘਿਓ ਖਾਣਾ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ। ਜੋ ਲੋਕ ਸਖ਼ਤ ਕੰਮ ਕਰਦੇ ਹਨ, ਬੱਚੇ (ਜਿਨ੍ਹਾਂ ਦੇ ਸਰੀਰ ਅਜੇ ਵਿਕਸਿਤ ਹੋ ਰਹੇ ਹਨ) ਅਤੇ ਖਿਡਾਰੀਆਂ ਆਦਿ ਵਾਸਤੇ ਮੱਖਣ ਤੇ ਦੇਸੀ ਘਿਓ ਚੰਗਾ ਹੁੰਦਾ ਹੈ।
ਜਿਵੇਂ ਪਾਣੀ ਦੇ ਪਾਈਪ ‘ਚ ਡਿਪਾਜ਼ਿਟ ਜੰਮ ਜਾਵੇ ਤਾਂ ਟੂਟੀ ‘ਚੋਂ ਪਾਣੀ ਘੱਟ ਨਿਕਲਦਾ ਇਸੇ ਤਰ੍ਹਾਂ ਹੀ ਨਾੜੀਆਂ ਅੰਦਰ ਚਰਬੀ ਜੰਮ੍ਹਣ ਨਾਲ ਸਬੰਧਿਤ ਅੰਗਾਂ ਨੂੰ ਖ਼ੂਨ ਦੀ ਸਪਲਾਈ ਘਟ ਜਾਂਦੀ ਹੈ ਤੇ ਹੌਲੀ ਹੌਲੀ ਨਾੜੀ ਪੂਰੀ ਤਰ੍ਹਾਂ ਬੰਦ ਹੋ ਜਾਂਦੀ ਹੈ। ਦਿਲ ਅਤੇ ਦਿਮਾਗ ਜੋ ਅਤਿ ਅਹਿਮ ਅੰਗ ਹਨ, ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ। ਇਸ ਤੋਂ ਇਲਾਵਾ ਦੂਜੇ ਕਈ ਅੰਗਾਂ ‘ਤੇ ਵੀ ਭੈੜਾ ਅਸਰ ਪੈਂਦਾ ਹੈ। ਐਥਰੋ ਸਕਲੀਰੋਸਿਸ ਦਾ ਕੋਈ ਇੱਕ ਕਾਰਨ ਨਹੀਂ। ਮੋਟਾਪਾ, ਸ਼ੂਗਰ-ਰੋਗ, ਹਾਈ ਬਲੱਡ ਪ੍ਰੈਸ਼ਰ, ਤੰਬਾਕੂਨੋਸ਼ੀ, ਘੱਟ ਵਰਜ਼ਿਸ਼ ਜਾਂ ਬੈਠੇ ਰਹਿਣ ਵਾਲੇ ਤੇ ਘੱਟ ਕਾਰਜਸ਼ੀਲ ਰਹਿਣ ਵਾਲੇ ਕਾਰੋਬਾਰ ਜਾਂ ਆਦਤਾਂ ਤੇ ਪਰਿਵਾਰਕ ਪਿੱਠ-ਭੂਮੀ ਆਦਿ ਇਸ ਦੇ ਉਤਪੰਨ ਹੋਣ ਵਿੱਚ ਯੋਗਦਾਨ ਪਾਉਂਦੇ ਹਨ।
ਐਥਰੋ ਸਕਲੀਰੋਸਿਸ ਨਾਲ ਸਬੰਧਿਤ ਬਿਮਾਰੀਆਂ: ਇਹ ਸਰੀਰ ਦੇ ਕਿਸੇ ਵੀ ਅੰਗ ਦੀਆਂ ਖ਼ੂਨ ਨਾੜੀਆਂ ਵਿੱਚ ਹੋ ਸਕਦੀ ਹੈ ਜਿਵੇਂ   ਦਿਲ ਤੇ ਦਿਮਾਗ ਦੀਆਂ ਨਾੜੀਆਂ, ਪੇਟ ਅੰਦਰ ਵੱਡੀਆਂ ਨਾੜੀਆਂ, ਗੁਰਦਿਆਂ, ਲੱਤਾਂ ਅਤੇ ਬਾਹਵਾਂ ਦੀਆਂ ਖ਼ੂਨ ਨਾੜੀਆਂ ਆਦਿ। ਜਿਹੜੀ ਨਾੜੀ ਅਸਰ-ਅਧੀਨ ਹੋਵੇ ਉਸ ਦੇ ਅਨੁਸਾਰ ਹੀ ਰੋਗ ਦੇ ਲੱਛਣ ਹੁੰਦੇ ਹਨ। ਉਦਾਹਰਨ ਵਜੋਂ ਜੇ ਦਿਲ ਦੀਆਂ ਨਾੜੀਆਂ (ਕੋਰੋਨਾਰੀਆਰਟਰੀਜ਼) ਵਿੱਚ ਚਰਬੀ ਜੰਮ ਜਾਵੇ ਤਾਂ ਕੋਰੋਨਾਰੀ ਆਰਟਰੀ ਡਿਸਈਜ਼ ਜਾਂ ਦਿਲ ਦਾ ਦੌਰਾ, ਦਿਮਾਗ ਦੀਆਂ ਨਾੜੀਆਂ ‘ਚ ਹੋਵੇ ਤਾਂ ਸਟਰੋਕ ਆਦਿ।
ਕੋਰੋਨਾਰੀ ਆਰਟਰੀ ਡਿਸਈਜ਼: ਇਸ ਨੂੰ ‘ਕੋਰੋਨਾਰੀ ਹਾਰਟ ਡਿਸਈਜ਼’ ਵੀ ਕਿਹਾ ਜਾਂਦਾ ਹੈ ਜੋ ਪੂਰੀ ਦੁਨੀਆਂ ਵਿੱਚ ਮਨੁੱਖਾਂ ਦਾ ਅਹਿਮ ਕਾਤਲ-ਰੋਗ ਹੈ। ਇਹ ਰੋਗ ਮੈਨੋਪਾਜ਼ ਤੋਂ ਪਹਿਲਾਂ ਔਰਤਾਂ ਵਿੱਚ ਘੱਟ ਹੁੰਦਾ ਹੈ ਪਰ ਉਸ ਤੋਂ ਬਾਅਦ ਪੁਰਸ਼ ਤੇ ਔਰਤਾਂ ਦੋਵਾਂ ਵਿੱਚ ਬਰਾਬਰ ਹੁੰਦਾ ਹੈ। ਦਿਲ ਭਾਵੇਂ ਖ਼ੁਦ ਆਪਣੇ ਪੰਪਿੰਗ ਐਕਸ਼ਨ ਨਾਲ ਸਾਰੇ ਸਰੀਰ ਨੂੰ ਖ਼ੂਨ ਭੇਜਦਾ ਹੈ ਪਰ ਇਸ ਦੇ ਪੱਠਿਆਂ ਨੂੰ ਸਪਲਾਈ ਕਰਨ ਵਾਲੀਆਂ ਖ਼ੂਨ-ਨਾੜੀਆਂ (ਕੋਰੋਨਰੀ ਆਰਟਰੀਜ਼) ਵਿੱਚ ਜਦੋਂ ਚਰਬੀ ਜੰਮ ਜਾਂਦੀ ਹੈ ਤਾਂ ਬੋਰ ਭੀੜਾ ਹੋ ਜਾਣ ਕਰਕੇ ਦਿਲ ਨੂੰ ਲੋੜੀਂਦੀ ਮਾਤਰਾ ਵਿੱਚ ਖ਼ੂਨ ਨਹੀਂ ਪੁੱਜਦਾ। ਇਸ ਨਾਲ ਪੰਪ ਕਰਨ ਵਾਲੇ ਇਹ ਪੱਠੇ (ਮਾਇਓਕਾਰਡੀਅਮ) ਕੰਮ ਨਹੀਂ ਕਰ ਸਕਦੇ। ਜਦੋਂ ਇਸ ਤੰਗ ਬੋਰ ਵਾਲੀ ਥਾਂ ‘ਤੇ ਖ਼ੂਨ ਜੰਮ ਜਾਵੇ ਤਾਂ ਅਚਾਨਕ ਰੁਕਾਵਟ ਆਉਣ ਨਾਲ ਦਿਲ ਦਾ ਦੌਰਾ ਅਤੇ ਮੌਤ ਹੋ ਜਾਂਦੀ ਹੈ। ਜੇ ਵਕਤ ਸਿਰ ਸਮੱਸਿਆ ਦਾ ਪਤਾ ਲੱਗ ਜਾਵੇ ਤਾਂ ਵਿਅਕਤੀ ਉਂਜ ਤਾਂ ਬਚ ਜਾਂਦਾ ਹੈ ਪਰ ਦਿਲ ਦਾ ਰੋਗੀ ਬਣ ਜਾਂਦਾ ਹੈ।
ਦਿਮਾਗ ਦਾ ਸਟਰੋਕ: ਦਿਲ ਵਾਂਗ ਦਿਮਾਗ ਨੂੰ ਖ਼ੂਨ ਪਹੁੰਚਾਉਣ ਵਾਲੀਆਂ ਖ਼ੂਨ-ਨਾੜੀਆਂ (ਕੈਰੋਟਿਡ ਆਰਟਰੀਜ਼) ਜੋ ਧੌਣ ਵਿੱਚੋਂ ਦੀ ਹੁੰਦੀਆਂ ਹੋਈਆਂ ਦਿਮਾਗ ਤਕ ਪੁੱਜਦੀਆਂ ਹਨ, ਵਿੱਚ ਵੀ ਚਰਬੀ ਜੰਮਣ ਨਾਲ ਸਪਲਾਈ ਘਟ ਜਾਂਦੀ ਹੈ ਤੇ ਦਿਮਾਗ ਦਾ ਸਟਰੋਕ ਹੋ ਜਾਂਦਾ ਹੈ।
ਪੈਰੀਫ਼ਰਲ ਆਰਟਰੀ ਡਿਸਈਜ਼: ਲੱਤਾਂ-ਬਾਹਵਾਂ ਦੀਆਂ ਨਾੜੀਆਂ ਵੀ ਚਰਬੀ ਜੰਮਣ ਵਾਲੇ ਇਸ ਰੋਗ ਐਥਰੋਸਕਲੀਰੋਸਿਸ ਦੇ ਅਸਰ-ਅਧੀਨ ਆਉਂਦੀਆਂ ਹਨ। ਇਸ ਲਈ ਇਨ੍ਹਾਂ ਅੰਗਾਂ ਦੀ ਸਪਲਾਈ ਵਿੱਚ ਵਿਘਨ ਪੈਣ (ਘਟਣ) ਕਰਕੇ ਹੱਥ ਜਾਂ ਪੈਰ ਠੰਢੇ ਰਹਿੰਦੇ ਹਨ ਤੇ ਕੀੜੀਆਂ ਤੁਰਦੀਆਂ ਵਾਂਗ ਮਹਿਸੂਸ ਹੁੰਦਾ ਹੈ। ਕਈ ਵਾਰ ਇਨ੍ਹਾਂ ਥਾਵਾਂ ‘ਤੇ ਇਨਫ਼ੈਕਸ਼ਨ ਹੋ ਜਾਂਦੀ ਹੈ, ਜੋ ਖ਼ਤਰਨਾਕ ਸਾਬਤ ਹੋ ਸਕਦੀ ਹੈ।
ਗੁਰਦਾ ਰੋਗ: ਗੁਰਦੇ ਨੂੰ ਖ਼ੂਨ ਸਪਲਾਈ ਕਰਨ ਵਾਲੀਆਂ ਨਾੜੀਆਂ (ਰੀਨਲ ਆਰਟਰੀਜ਼) ਜੇ ਚਰਬੀ ਜੰਮਣ ਨਾਲ ਤੰਗ ਹੋ ਜਾਣ ਤਾਂ ਲੋੜੀਂਦੀ ਨਾਲੋਂ ਘਟ ਸਪਲਾਈ ਜਾਣ ਕਰਕੇ ਗੁਰਦੇ ਦੀ ਕਾਰਜਸ਼ੀਲਤਾ ‘ਤੇ ਬੁਰਾ ਅਸਰ ਪੈਂਦਾ ਹੈ। ਗੁਰਦੇ ਦਾ ਕੰਮ ਹੈ ਖ਼ੂਨ ਨੂੰ ਛਾਣ ਕੇ ਉਸ ‘ਚੋਂ ਜ਼ਹਿਰੀਲੇ ਤੱਤ ਤੇ ਫ਼ਾਲਤੂ ਪਾਣੀ ਵੱਖ ਕਰਕੇ ਪਿਸ਼ਾਬ ਦੇ ਰੂਪ ਵਿੱਚ ਬਾਹਰ ਕੱਢਣਾ। ਇਸ ਲਈ ਜਦੋਂ ਇਸ ਅੰਗ ਦੀ  ਕਾਰਜਸ਼ੀਲਤਾ ‘ਤੇ ਬੁਰਾ ਅਸਰ ਪੈਂਦਾ ਹੈ ਤਾਂ ਸਰੀਰ ‘ਚੋਂ ਪਾਣੀ ਤੇ ਅਣਚਾਹੇ ਤੱਤ ਬਾਹਰ ਨਹੀਂ ਨਿਕਲਦੇ ਤੇ ਗੁਰਦਾ ਰੋਗ ਦੇ ਲੱਛਣ  (ਸੋਜਾਂ ਆਦਿ) ਸਾਹਮਣੇ ਆਉਂਦੇ ਹਨ। ਮਸ਼ੀਨੀ ਦੌਰ ਤੋਂ ਪਹਿਲਾਂ ਲੋਕ ਪੈਦਲ ਹੀ ਜਾਂਦੇ ਸਨ ਤੇ ਔਰਤਾਂ ਚੱਕੀ ਪੀਹਦੀਂਆਂ ਭਾਵ ਕਿ ਸਾਰੇ ਕੰਮ ਪੂਰੇ  ਜ਼ੋਰ ਨਾਲ ਕੀਤੇ ਜਾਂਦੇ ਸਨ। ਉਦੋਂ ਦੇਸੀ ਘਿਓ ਹੀ ਸ਼ੌਕ ਆਮ ਹੀ ਖਾਧਾ ਜਾਂਦਾ ਸੀ ਤੇ ਇਸ ਨੂੰ ਤਾਕਤ ਦੇਣ ਵਾਲਾ ਸਭ ਤੋਂ ਵਧੀਆ ਸੋਮਾ ਕਿਹਾ ਜਾਂਦਾ ਸੀ।
ਉਮਰ ਦੇ ਹਿਸਾਬ ਨਾਲ ਥਿੰਦੇ ਵਾਲੇ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਸੈਚੂਰੇਟਿਡ ਫ਼ੈਟਸ ਭਾਵ ਕਿ ਦੇਸੀ ਘਿਓ ਤੇ ਮਟਨ ਆਦਿ ਸਰੀਰ ਨੂੰ ਤਾਕਤ ਦੇਣ ਦੀ ਬਜਾਏ ਚਰਬੀ ਜਮ੍ਹਾਂ ਕਰਕੇ ਐਥਰੋਸਕਲੀਰਸਿਸ ਪੈਦਾ ਕਰਨ ਵਿੱਚ ਸਹਾਈ ਹੁੰਦੇ ਹਨ। ਜੰਮੀ ਹੋਈ ਚਰਬੀ ਵਾਲੀ ਜਗ੍ਹਾ (ਐਥਰੋਸਕਲੀਰੋਸਿਸ) ‘ਤੇ ਉਤਪੰਨ ਹੋਣ ਵਾਲੀਆਂ ਉਲਝਣਾਂ ਉਂਜ ਤਾਂ ਐਥਰੋਸਕਲੀਰੋਸਿਸ ਆਪ ਇੱਕ ਬੜੀ ਵੱਡੀ ਉਲਝਣ ਹੈ ਫ਼ਿਰ ਵੀ ਇਸ ਅਸਾਧਾਰਨ ਥਾਂ ‘ਤੇ ਹੋਰ ਵੀ ਖ਼ਤਰਾ ਪੈਦਾ ਕਰਨ ਵਾਲੀਆਂ ਉਲਝਣਾਂ ਪੈਦਾ ਹੋ ਸਕਦੀਆਂ/ਜਾਂਦੀਆਂ ਹਨ:
ਨਾੜੀਆਂ ਦਾ ਉੱਪਰੋਂ ਛਿੱਲਿਆ ਜਾਣਾ (ਅਲਸਰੇਸ਼ਨ): ਤੰਗ ਹੋਏ ਬੋਰ ਵਾਲੀ ਜਗ੍ਹਾ ਖ਼ੂਨ ਦੇ ਤੇਜ਼ ਵਹਾ ਨਾਲ ਨਾੜੀ ਛਿੱਲੀ ਜਾਂਦੀ ਹੈ ਜਿਸ ਉੱਤੇ ਵਹਿੰਦੇ ਖ਼ੂਨ ਦੇ ਕੁਝ ਤੱਤ ਜੰਮ ਜਾਣ ਨਾਲ ਥਰੋਂਬਸ ਬਣ ਜਾਂਦਾ ਹੈ। ਇਹ ਖ਼ੂਨ ਦੀ ਰੁਕਾਵਟ ਨੂੰ ਹੋਰ ਵੀ ਵਧਾ ਦਿੰਦਾ ਹੈ।
ਕੈਲਸ਼ੀਅਮ ਦਾ ਜਮ੍ਹਾਂ ਹੋਣਾ: ਪੁਰਾਣੇ ਐਥਰੋਸਕਲੀਰੋਸਿਸ ਵਿੱਚ ਕੈਲਸ਼ੀਅਮ ਜਮ੍ਹਾਂ ਹੋ ਜਾਂਦਾ ਹੈ ਜਿਸ ਨਾਲ ਨਰਮ ਤੇ ਲਚਕੀਲੀ ਖ਼ੂਨ-ਨਾੜੀ ਲੋਹੇ ਦੇ ਪਾਈਪ ਵਰਗੀ ਸਖ਼ਤ ਹੋ ਜਾਂਦੀ ਹੈ। ਇਸ ਨੂੰ ਉਂਗਲ ਨਾਲ ਛੋਹ ਕੇ ਵੀ ਸਖ਼ਤ ਮਹਿਸੂਸ ਕੀਤਾ ਜਾ ਸਕਦਾ ਹੈ।
ਨਾੜੀ ਦਾ ਫ਼ਟ ਜਾਣਾ: ਇਸ ਸਮੱਸਿਆ ਕਾਰਨ ਨਾੜੀ ਕਮਜ਼ੋਰ ਹੋ ਜਾਂਦੀ ਹੈ, ਇਸ ਲਈ ਜੇ ਬਲੱਡ ਪ੍ਰੈਸ਼ਰ ਵੱਧ ਹੋਵੇ ਤਾਂ ਇਹ ਫ਼ਟ ਸਕਦੀ ਹੈ। ਇਹ ਦਿਲ ਦੀ (ਕੋਰੋਨਾਰੀ ਆਰਟਰੀ ਦੀ ਸ਼ਾਖਾ) ਵੀ ਹੋ ਸਕਦੀ ਹੈ ਤੇ ਦਿਮਾਗ ਦੀ (ਕੈਰੋਟਿਡ ਆਰਟਰੀ ਦੀ ਸ਼ਾਖਾ) ਵੀ। ਨਾੜੀ ਫ਼ਟਣ ਵਾਲੀ ਸਥਿਤੀ ਗੰਭੀਰ ਜਾਂ ਘਾਤਕ ਹੁੰਦੀ ਹੈ।
ਕਈ ਹਾਲਾਤ ਅਜਿਹੇ ਹੁੰਦੇ ਹਨ ਜਦੋਂ ਵਿਅਕਤੀ ਨੂੰ ਐਥਰੋਸਕਲੀਰੋਸਿਸ ਹੁੰਦਾ ਹੈ ਪਰ ਉਸ ਨੂੰ ਪਤਾ ਹੀ ਨਹੀਂ ਹੁੰਦਾ ਕਿਉਂਕਿ ਕਈ ਵਾਰ ਕੋਈ ਵੀ ਲੱਛਣ ਸਾਹਮਣੇ ਨਹੀਂ ਆਉਂਦਾ। ਉਦੋਂ ਹੀ ਪਤਾ ਲਗਦਾ ਹੈ ਜਦੋਂ ਦਿਲ ਦਾ ਦੌਰਾ ਜਾਂ ਬਰੇਨ ਸਟਰੋਕ ਹੋ ਜਾਂਦਾ ਹੈ। ਇਸ ਸਮੱਸਿਆ ਤੋਂ ਬਚਾਅ ਵਾਸਤੇ ਵੀ ਅਸੀਂ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਕਰਨ ਦਾ ਉਪਰਾਲਾ ਕਰ ਸਕਦੇ ਹਾਂ:
× ਉਮਰ ਦੇ ਹਿਸਾਬ ਨਾਲ ਘੱਟ ਥਿੰਦੇ ਜਾਂ ਚਰਬੀ ਵਾਲੇ ਭੋਜਨ ਖਾਓ।
× ਕਾਰਜਸ਼ੀਲ ਰਹੋ ਤੇ ਨਿਯਮਿਤ ਵਰਜ਼ਿਸ਼ ਕਰੋ।
× ਵਾਧੂ ਖਾਣਾ, ਵਧੇਰੇ ਕੌਫ਼ੀ, ਆਈਸ ਕਰੀਮਜ਼, ਮਿਠਿਆਈ, ਮੱਖਣ, ਦੇਸੀ ਘਿਓ ਤੇ ਰੈੱਡ ਮੀਟ ਆਦਿ ਘਟਾ ਦਿਓ ਜਾਂ ਬੰਦ ਕਰ ਦਿਓ।
× ਸ਼ਰਾਬ ਬੰਦ ਕਰ ਦਿਓ ਜਾਂ ਬਹੁਤ ਘਟਾ ਦਿਓ ਅਤੇ ਤੰਬਾਕੂਨੋਸ਼ੀ ਬਿਲਕੁਲ ਬੰਦ ਕਰੋ।
× ਜੇ ਤੁਸੀਂ ਸ਼ੂਗਰ-ਰੋਗੀ ਹੋ ਤਾਂ ਪਰਹੇਜ਼ ਤੇ ਦਵਾਈਆਂ ਆਦਿ ਨਾਲ ਇਸ ਨੂੰ ਕੰਟਰੋਲ ਵਿੱਚ ਰੱਖੋ।
× ਇਸੇ ਤਰ੍ਹਾਂ ਬਲੱਡ ਪ੍ਰੈਸ਼ਰ ਵਾਲੇ ਵਿਅਕਤੀ ਵੀ ਪਰਹੇਜ਼ (ਘੱਟ ਲੂਣ ਤੇ ਘੱਟ ਥਿੰਦਾ) ਤੇ ਦਵਾਈ ਨਾਲ ਇਸ ਨੂੰ ਕੰਟਰੋਲ ਵਿੱਚ ਰੱਖੋ।
ਡਾ. ਮਨਜੀਤ ਸਿੰਘ ਬੱਲ
83508-00237