ਬੀਮਾਰੀ ਦੀ ਹਾਲਤ ਵਿੱਚ ਅਕਸਰ ਸਰੀਰ ਦੀਆਂ ਖੁਰਾਕ ਸਬੰਧੀ ਲੋੜਾਂ ਬਦਲ ਜਾਂਦੀਆਂ ਹਨ। ਇਸ ਲਈ ਮਰੀਜ਼ ਤੇ  ਰੋਗ ਦੀ ਅਵਸਥਾ ਅਨੁਸਾਰ ਭੋਜਨ ਵਿੱਚ ਤਬਦੀਲੀਆਂ ਕਰਨੀਆਂ ਜ਼ਰੂਰੀ ਹੁੰਦੀਆਂ ਹਨ। ਭੋਜਨ ਦੀ ਦਿਲ ਦੇ ਰੋਗਾਂ ‘ਚ ਵੱਡੀ ਅਹਿਮੀਅਤ ਹੁੰਦੀ ਹੈ। ਗਲਤ ਆਹਾਰ ਤੇ ਆਦਤਾਂ ਕਾਰਨ ਹੀ ਦਿਲ ਦੀਆਂ ਨਾੜਾਂ ਦੇ ਰੋਗ,ਜਿਵੇਂ ਦਿਲ ਦਾ ਦੌਰਾ ਆਦਿ ਪੈਦਾ ਹੁੰਦੇ ਹਨ। ਵੱਧ ਚਰਬੀ ਭਰਪੂਰ ਭੋਜਨ ਖੂਨ ‘ਚ ਕਲੈਸਟ੍ਰੋਲ ਦੀ ਮਾਤਰਾ ਵਧਾ ਦਿੰਦਾ ਹੈ ਜਿਸ ਨਾਲ ਦਿਲ ਦੇ ਰੋਗ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ। ਘਿਉ, ਮਾਸ,  ਚਰਬੀ, ਮੱਖਣ, ਨਾਰੀਅਲ ਦਾ ਤੇਲ ਨਹੀਂ ਖਾਣੇ ਚਾਹੀਦੇ। ਸ਼ਰਾਬ, ਸਿਗਰਟ, ਤੰਬਾਕੂ ਨੂੰ ਵੀ ਬੰਦ ਕਰ ਦੇਣਾ ਚਾਹੀਦਾ ਹੈ।  ਰੋਟੀ, ਚਾਵਲ ਆਦਿ ਖਾਣੇਅੱਛੇ ਰਹਿੰਦੇ ਹਨ। ਭੋਜਨ ‘ਚ ਰੇਸ਼ਿਆ (ਫ਼ਾਈਬਰ) ਦੀ ਮਾਤਰਾ ਵੀ ਹੋਣੀ ਚਾਹੀਦੀ ਹੈ। ਇਹ ਰੇਸ਼ੇ ਹਰੀਆਂ ਸਬਜੀਆਂ, ਫ਼ਲਾਂ ਤੇ ਦਾਲਾਂ ਆਦਿ ਤੋਂ ਹਾਸਲ ਹੁੰਦੇ ਹਨ। ਹਾਈ ਬਲੱਡ ਦੇ ਰੋਗੀ ਨੂੰ ਖਾਣੇ ‘ਚ ਨਮਕ ਦੀ ਮਾਤਰਾ ਬੇਹੱਦ ਘੱਟ ਰੱਖਣੀ ਚਾਹੀਦੀ ਹੈ। ਸ਼ਾਕਾਹਾਰੀ ਬੰਦੇ ਨੂੰ ਦੁੱਧ, ਦੁੱਧ ਨਾਲ ਬਣੇ ਪਦਾਰਥ, ਦਹੀਂ, ਸੋਇਆਬੀਨ, ਦਾਲਾਂ ਆਦਿ ਲੋੜੀਂਦੀ ਮਾਤਰਾ ਵਿੱਚ ਲੈਣੀਆਂ ਚਾਹੀਦੀਆਂ ਹਨ। ਮਾਸਾਹਾਰੀ ਘੱਟ ਚਰਬੀ ਵਾਲਾ ਮੀਟ ਜਿਵੇਂ ਮੱਛੀ ਤੇ ਆਂਡਾ ਖਾ ਸਕਦੇ ਹਨ। ਵਜ਼ਨ ਵਧਣ ਤੋਂ ਰੋਕਣਾ ਚਾਹੀਦਾ ਹੈ।
ਜਿਗਰ ਦੀ ਇਨਫ਼ੈਕਸ਼ਨ ਤੇ ਸੋਜ ਹੀ ਅਕਸਰ ਪੀਲੀਏ ਦਾ ਕਾਰਨ ਹੁੰਦੀ ਹੈ। ਇਹ ਖ਼ਤਰਨਾਕ ਰੋਗ ਹੈ। ਪੀਲੀਆ ਦੌਰਾਨ ਮਰੀਜ਼ ਦੀ ਭੁੱਖ ਮਰ ਜਾਂਦੀ ਹੈ। ਉਲਟੀਆਂ ਲੱਗਦੀਆਂ ਜਾਂ ਜੀ ਕੱਚਾ ਹੁੰਦਾ ਹੈ। ਇਸ ਰੋਗ ‘ਚ ਜਿਗਰ ਕਮਜ਼ੋਰ ਹੋ ਜਾਂਦਾ ਹੈ। ਇਸ ਕਰਕੇ ਵੱਧ ਚਰਬੀ ਭਰਪੂਰ ਆਹਾਰ ਜਿਵੇਂ- ਘੀ, ਤੇਲ ਘੱਟ ਲੈਣ ਦੇ ਨਾਲ ਹੀ, ਚਾਹ, ਤਲੀਆਂ ਚੀਜ਼ਾਂ, ਮਸਾਲੇ, ਸਿਗਰਟ, ਸ਼ਰਾਬ ਬੰਦ ਕਰ ਦੇਣੇ ਚਾਹੀਦੇ ਹਨ। ਆਹਾਰ ‘ਚ ਫ਼ਲਾਂ ਦਾ ਰਸ, ਗੰਨੇ ਦਾ ਰਸ, ਗੁਲੂਕੋਜ਼ ਆਦਿ ਵੀ ਲਏ ਜਾ ਸਕਦੇ ਹਨ। ਭੋਜਨ ‘ਚ ਚੌਲ, ਰੋਟੀ-ਦਾਲ, ਉਬਲੀਆਂ ਹਰੀਆਂ ਸਬਜੀਆਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ।ਟਾਈਡਾਇਡ ਬੁਖਾਰ ਭਾਰਤ ‘ਚ ਹੋਣ ਵਾਲਾ ਇੱਕ ਆਮ ਬੁਖਾਰ ਹੈ। ਇਸ ਵਿੱਚ ਆਂਤੜੀਆਂ ਕਮਜ਼ੋਰ ਹੋ ਜਾਂਦੀਆਂ ਹਨ। ਉਹਨਾਂ ਵਿੱਚ ਛਾਲੇ ਵੀ ਬਣ ਜਾਂਦੇ ਹਨ। ਇਸ ਲਈ ਇਸ ਸਮੇਂ ਦੌਰਾਨ ਹਲਕਾ ਭੋਜਨ ਹੀ ਕਰਨਾ ਚਾਹੀਦਾ ਹੈ। ਰੋਗੀ ਨੂੰ ਫ਼ਲਾਂ ਦਾ ਰਸ, ਮੱਠਾ, ਦਹੀ, ਦਾਲ ਦਾ ਪਾਣੀ ਆਦਿ ਭਰਪੂਰ ਮਾਤਰਾ ‘ਚ ਦੇਣਾ ਚਾਹੀਦਾ ਹੈ। ਆਈਸਕ੍ਰੀਮ ਲਈ ਜਾ ਸਕਦੀ ਹੈ। ਪਰ ਜੇ ਬੁਖਾਰ ਨਾਲ ਦਸਤ ਲਗੇ ਹੋਣ ਤਾਂ ਅੰਬ, ਪਪੀਤਾ, ਸਮਰੂਦ ਆਦਿ ਫ਼ਲ ਨਹੀਂ ਖਾਣੇ ਚਾਹੀਦੇ। ਟਾਈਫ਼ਾਇਡ ‘ਚ ਸੇਬ ਖਾਧੇ ਜਾ ਸਕਦਾ ਹੈ। ਇਸ ਤੋਂ ਬਿਨਾਂ ਪੱਕੇ ਹੋਏ ਕੇਲੇ ਵੀ ਲੈਣੇ ਚਾਹੀਦੇ ਹਨ। ਭੋਜਨ ‘ਚ ਚਾਵਲ, ਦਲੀਆ, ਸਾਬੂਦਾਣਾ, ਦਹੀ ਲਏ ਜਾ ਸਕਦੇ ਹਨ। ਮੂੰਗੀ ਦੀ ਦਾਲ ਵੀ ਲਈ ਜਾ ਸਕਦੀ ਹੈ। ਬੁਖਾਰ ਉਤਰ ਜਾਣ ਪਿੱਛੋਂ ਹੀ ਰੋਟੀ ਲੈਣੀ ਚਾਹੀਦੀ ਹੈ। ਤਲੀਆਂ ਚੀਜ਼ਾਂ ਤੋਂ ਪ੍ਰਹੇਜ਼ ਕਰਨਾ ਹੈ। ਵੱਧ ਮਿਰਚਾਂ ਮਸਾਲੇ ਵੀ ਨਹੀਂ ਖਾਣੇ ਚਾਹੀਦੇ।ਦਸਤ ਜਾਂ ਪੇਚਿਸ (ਡਾਇਰੀਆ) ਰੋਗ ਦਾ ਕਾਰਣ ਦੂਸ਼ਿਤ ਭੋਜਨ ਜਾਂ ਇਨਫ਼ੈਕਸ਼ਨ ਹੁੰਦੇ ਹਨ। ਬੱਚਿਆ ‘ਚ ਪੇਟ ਦੇ ਕੀੜਿਆਂ ਦੇ ਕਾਰਨ ਵੀ ਦਸਤ ਲੱਗ ਜਾਂਦੇ ਹਨ। ਰੋਗੀ ਦੇ ਸਰੀਰ ਦੇ ‘ਚ ਪਾਣੀ ਜਾਂ ਨਮਕ ਦੀ ਘਾਟ ਨਾ ਆਵੇ। ਖੁਰਾਕ ‘ਚ ਪੱਕੇ ਹੋਏ ਫ਼ਲ, ਕੇਲੇ ਚਾਵਲ ਤੇ ਦਹੀਂ ਵੀ ਲਿਆ ਜਾ ਸਕਦਾ ਹੈ। ਪੀਣ ਵਾਲੇ ਪਾਣੀ ਦਾ ਸ਼ੁਧ ਹੋਣਾ ਜ਼ਰੂਰੀ ਹੈ। ਕਈ ਵਾਰ ਕੁਝ ਖਾਸ ਕਿਸਮ ਦੀਆਂ ਵਸਤਾਂ ਛੱਡਣ ਨਾਲ ਵੀ ਦਸਤ ਰੁਕ ਜਾਂਦੇ ਹਨ, ਜਿਵੇਂ ਸੀਲਿਅਕ ਰੋਗ ਅਤੇ ਸੰਗ੍ਰਹਿਣੀ ‘ਚ ਗਲੂਟੇਨ ਰਹਿਤ ਆਹਾਰ ਦੇਣ ਨਾਲ ਦਸਤ ਰੁਕ ਜਾਂਦੇ ਹਨ। ਕੁਝ ਬੱਚਿਆ ਨੂੰ ਗੁਲੂਕੋਜ਼ ਪਹੁੰਚਾਉਣ ਵਾਲੇ ਇਨਜ਼ਾਇਮ ਦੀ ਘਾਟ ਕਰਕੇ ਦੁੱਧ ਨਹੀਂ ਪਚਦਾ। ਅਜਿਹੇ ਬੱਚਿਆਂ ਨੂੰ ਦੁੱਧ ਪਿਲਾਉਣਾ ਬੰਦ ਕਰਨ ਨਾਲ ਦਸਤ ਬੰਦ ਹੋ ਜਾਂਦੇ ਹਨ। ਸਭ ਕਿਸਮ ਦੇ ਬੁਖਾਰਾਂ ‘ਚ ਸਰੀਰ ਦੀ ਪ੍ਰੋਟੀਨ, ਕਾਰਬੋਹਾਈਡ੍ਰੇਟ, ਵਿਟਾਮਨ ਦੀ ਲੋੜ ਪੂਰੀ ਕਰਦੇ ਰਹੋ।
-ਡਾ. ਅਜੀਤਪਾਲ ਸਿੰਘ ਐਮ.ਡੀ.