ਸੱਥ ਵਿੱਚ ਬੈਠੇ ਨਾਥੇ ਅਮਲੀ ਨੂੰ ਉੱਚੀ ਉੱਚੀ ਹੱਸੀ ਜਾਂਦੇ ਨੂੰ ਵੇਖ ਕੇ ਬਾਬਾ ਚੂੜ੍ਹ ਸਿਉਂ ਸੱਥ ‘ਚ ਆਉਂਦਾ ਹੀ ਸੱਥ ਵਾਲੇ ਥੜ੍ਹੇ ਕੋਲ ਸੋਟੀ ਦੇ ਸਹਾਰੇ ਖੜ੍ਹ ਕੇ ਅਮਲੀ ਨੂੰ ਕਹਿੰਦਾ, ”ਅੱਜ ਬਾਹਲਾ ਹੱਸੀ ਜਾਨੈਂ ਅਮਲੀਆ ਓਏ ਜਿਮੇਂ ਕੱਠੇ ਹੋਏ ਜੁਆਕ ਬਾਂਦਰ ਬਾਂਦਰੀ ਦਾ ਤਮਾਸ਼ਾ ਵੇਂਹਦੇ ਹੱਸਦੇ ਹੁੰਦੇ ਐ?”
ਸੀਤਾ ਮਰਾਸੀ ਬਾਬੇ ਚੂੜ੍ਹ ਦੀ ਗੱਲ ਸੁਣ ਕੇ ਬਾਬੇ ਨੂੰ ਕਹਿੰਦਾ, ”ਅੱਜ ਭੋਰਾ ਕੰਡਾ ਵੱਧ ਮਿਲ ਗਿਆ ਹੋਣੈ। ਤਾਹੀਂ ਤਾਂ ਇਉਂ ਗੱਲਾਂ ਮਾਰਦੈ ਜਿਮੇਂ ਰੇਡੀਏ ਆਲੇ ਖਬਰਾਂ ਸਣਾਈ ਜਾਂਦੇ ਹੁੰਦੇ ਐ।”
ਗੇਲੇ ਕਾਮਰੇਡ ਕਾ ਭੱਬੂ ਕਹਿੰਦਾ, ”ਕੰਡਾ ਕਾਹਨੂੰ ਵੱਧ ਮਿਲਿਆ। ਇਹ ਤਾਂ ਅਰਜਨ ਬੁੜ੍ਹੇ ਕੇ ਸੱਤੂ ਨੇ ਰੰਗ ਚੜ੍ਹਾਇਆ ਲੱਗਦੈ। ਤਾਹੀਉਂ ਖ਼ੁਸ਼ ਐ ਐਨਾ। ਇਹ ਤੇ ਸੱਤੂ ਕੱਲ੍ਹ ਬੱਕਬੋਟ ‘ਤੇ ਕਿਤੇ ਜਾ ਕੇ ਆਏ ਐ। ਓਦੋਂ ਹੋਇਆ ਹੋਊ ਕੁਸ। ਊਂ ਤਾਂ ਅਮਲੀ ਸੱਥ ‘ਚੋਂ ਕਦੇ ਗੈਰ ਹਾਜਰ ਈ ਨ੍ਹੀ ਹੋਇਆ।”
ਮਾਹਲੇ ਨੰਬਰਦਾਰ ਨੇ ਪੁੱਛਿਆ, ”ਓਹਦੇ ਨਾਲ ਕਿਥੋਂ ਰਲ ਗਿਆ ਇਹੇ। ਉਹ ਤਾਂ ਸਿਰੇ ਦਾ ਗਾਲ੍ਹੜੀ ਐ ਸੱਤੂ।”
ਬੁੱਘਰ ਦਖਾਣ ਕਹਿੰਦਾ, ”ਇਹ ਸੀਤਾ ਮਰਾਸੀ ਕਿਹੜਾ ਘੱਟ ਐ ਕਿਸੇ ਦੀ ਨੂੰਹ ਧੀ ਤੋਂ। ਗੱਲ ਇਹ ਮਨ੍ਹੀ ਡਿੱਗਣ ਦਿੰਦਾ। ਸੱਤਾਂ ਨੂੰ ਸੱਤਰ ਈ ਦੱਸਦਾ।”
ਬਾਬੇ ਚੂੜ੍ਹ ਸਿਉਂ ਨੇ ਫ਼ੇਰ ਮੋੜੀ ਅਮਲੀ ਵੱਲ ਨੂੰ ਮੁਹਾਰ, ”ਕਿੱਥੇ ਗਏ ਸੀ ਓਏ ਨਾਥਾ ਸਿਆਂ। ਐਥੇ ਨੇੜੇ ਤੇੜੇ ਈ ਗਏ ਸੀ ਕੁ ਕਿਤੇ ਦੂਰ ਦਰਾਡੇ?”
ਮਾਹਲਾ ਨੰਬਰਦਾਰ ਬਾਬੇ ਚੂੜ੍ਹ ਸਿਉਂ ਨੂੰ ਕਹਿੰਦਾ, ”ਚੂੜ੍ਹ ਸਿਆਂ ਤੂੰ ਇਹਨੂੰ ਇਉਂ ਪੁੱਛ ਬਈ ਕੰਮ ਕਿਹੜੇ ਗਏ ਸੀ। ਜਾਣ ਨੂੰ ਤਾਂ ਇਹ ਸਾਰੀ ਦਿਹਾੜੀਓ ਈ ਤੁਰਿਆ ਫ਼ਿਰਦੈ।?”
ਬਾਬੇ ਨੇ ਨੰਬਰਦਾਰ ਨੂੰ ਹੈਰਾਨੀ ਨਾਲ ਪੁੱਛਿਆ, ”ਕਿਉਂ! ਐਹੋ ਜਾ ਕਿਹੋ ਜਾ ਕੰਮ ਸੀ ਨੰਬਰਦਾਰਾ ਜਿੱਥੇ ਇਹ ਗਏ ਸੀ। ਪਹਿਲੀ ਗੱਲ ਤਾਂ ਇਹ ਐ ਬਈ ਨਾਥਾ ਸਿਉਂ ਤਾਂ ਕਿਸੇ ਦੇ ਨਾਲ ਈ ਨ੍ਹੀ ਗਿਆ ਕਦੇ, ਆਹ ਹੁਣ ਪਤੰਦਰੋ ਜੇ ਬੋਕਬੋਟ ‘ਤੇ ਭੋਰਾ ਝੂਟਾ ਲੈ ਆਇਆ ਤਾਂ ਗੱਲ ਛੱਤਣੀ ਚੱਕ ‘ਤੀ ਜਿਮੇਂ ਗਾਹਾਂ ‘ਮਰੀਕਾ ਨੂੰ ਜੁਅ੍ਹਾਜ ਚੜ੍ਹਿਆ ਹੁੰਦੈ।”
ਬਾਬੇ ਦੀ ਗੱਲ ਵਿੱਚੋਂ ਟੋਕ ਕੇ ਖੱਟਿਆਂ ਦਾ ਘੀਰੂ ਟਿੱਚਰ ‘ਚ ਬਾਬੇ ਨੂੰ ਕਹਿੰਦਾ, ”ਇੱਕ ਗੱਲ ਤਾਂ ਬਾਬਾ ਅਮਲੀ ਦੇ ਬਾਹਰ ਜਾਣ ਨਾਲ ਵਧੀਆ ਹੋ ਗੀ, ਕੋਈ ਨਾ ਕੋਈ ਲਤੀਫ਼ਾ ਜ਼ਰੂਰ ਲੈ ਕੇ ਆਇਆ ਹੋਊ। ਅਮਲੀ ਦੇ ਇੱਕ ਦਿਨ ਦੇ ਦੌਰੇ ਨਾਲ ਆਪਣੀ ਸੱਥ ‘ਚ ਦਸ ਦਿਨਾਂ ਦੀ ਰੌਣਕਾ ਆ ਜਾਂਦੀ ਐ। ਹੁਣ ਵੀ ਜਿਹੜਾ ਜਾ ਕੇ ਆਇਐ, ਕੁਝ ਨਾ ਕੁਝ ਤਾਂ ਸਣਾਊਗਾ ਈ।”
ਅਮਲੀ ਦੇ ਕੋਲ ਬੈਠਾ ਬੁੜ੍ਹਾ ਕਰਤਾਰਾ ਝਿੱਫ਼ ਅਮਲੀ ਦੀ ਬਾਂਹ ਫ਼ੜ ਕੇ ਕਹਿੰਦਾ, ”ਦੱਸਦੇ ਖਾਂ ਅਮਲੀਆ ਓਏ ਕਿੱਥੇ ਗਏ ਸੀ?”
ਅਮਲੀ ਬੁੜ੍ਹੇ ਕਰਤਾਰੇ ਦੇ ਗੋਡੇ ‘ਤੇ ਹੱਥ ਮਾਰ ਕੇ ਕਹਿੰਦਾ, ”ਲੈ ਸੁਣ ਲਾ ਫ਼ਿਰ ਤਾਇਆ। ਮੈਂ ਤਾਂ ਸੱਥ ਨੂੰ ਈ ਆਉਂਦਾ ਸੀ। ਇਹ ਜਿਹੜਾ ਅਰਜਨ ਬੁੜ੍ਹੇ ਕਾ ਸੱਤੂ ਐ, ਇਹ ਆਵਦੇ ਘਰ ਮੂਹਰੇ ਖੜ੍ਹਾ ਮੈਨੂੰ ਕਹਿੰਦਾ ‘ਨਾਥਿਆ ਯਾਰ ਮੇਰੇ ਨਾਲ ਚੱਲ, ਆਪਾਂ ਮੇਰੇ ਨਾਨਕਿਆਂ ਤੋਂ ਕਤੂਰਾ ਲੈ ਕੇ ਆਉਣੈ।’ ਮੈਂ ਸੱਤੂ ਨਾਲ ਉਨ੍ਹਾਂ ਆਲੇ ਬੱਕਬੋਟ ‘ਤੇ ਚੜ੍ਹ ਕੇ ਸੱਤੂ ਦੇ ਨਾਨਕਿਆਂ ਨੂੰ ਚੱਲ ਪੇ ਦੋਹੇ ਜਣੇ।”
ਅਮਲੀ ਦੀ ਗੱਲ ਦੇ ਵਿੱਚ ਬੋਲਦੇ ਮਾਹਲੇ ਨੰਬਰਦਾਰ ਨੇ ਅਮਲੀ ਨੂੰ ਪੁੱਛਿਆ, ”ਨਾਨਕੇ ਕਿੱਥੇ ਐ ਅਮਲੀਆ ਸੱਤੂ ਦੇ ਓਏ?”
ਅਮਲੀ ਨੰਬਰਦਾਰ ਨੂੰ ਖਿਝ ਕੇ ਬੋਲਿਆ, ”ਕਿਉਂ ਮੈਂ ਗਾਹਾਂ ਸੱਤੂ ਕੇ ਬੁੜ੍ਹੇ ਦੀ ਜੰਨ ਗਿਆ ਸੀ ਕੁ ਮੈਂ ਵਚੋਲਾ ਸੀ ਬਈ ਮੈਨੂੰ ਸੱਤੂ ਦੇ ਨਾਨਕਿਆਂ ਦਾ ਪਤੈ। ਨੰਬਰਦਾਰਾ ਤੂੰ ਪਹਿਲਾਂ ਗੱਲ ਸੁਣ ਲੈ, ਫ਼ੇਰ ਆਪਾਂ ਨਾਨਕਿਆਂ ਦੀ ਵੀ ਉੱਘ ਸੁੱਘ ਕੱਢ ਲਾਂ ਗੇ।”
ਜੰਗਾ ਰਾਹੀ ਕਹਿੰਦਾ, ”ਤੂੰ ਤੇ ਸੱਤੂ ਕਤੂਰਾ ਫ਼ਿਰ ਕਿਹੜੇ ਪਿੰਡੋਂ ਲੈ ਕੇ ਆਏ ਐਂ। ਓੱਥੇ ਈ ਨਾਨਕੇ ਐ?”
ਨਾਥਾ ਅਮਲੀ ਕਹਿੰਦਾ, ”ਓ ਪਤੰਦਰੋ ਗੱਲ ਤਾਂ ਸੁਣ ਲੋ। ਅਸੀਂ ਤਾਂ ਕਤੂਰੇ ਆਲੇ ਪਿੰਡ ਅੱਪੜੇ ਈ ਨ੍ਹੀ। ਰਾਹ ‘ਚੋਂ ਈ ਮੁੜੇ ਆਏ ਆਂ।”
ਬਾਬੇ ਚੂੜ੍ਹ ਸਿਉਂ ਨੇ ਪੁੱਛਿਆ, ”ਰਾਹ ‘ਚੋਂ ਕਿੱਥੋਂ?”
ਅਮਲੀ ਕਹਿੰਦਾ, ”ਗੱਲ ਤਾਂ ਬਾਬਾ ਇਉਂ ਹੋਈ ਐ। ਮੈਂ ਤੇ ਸੱਤੂ ਬੱਕਬੋਟ ‘ਤੇ ਜਦੋਂ ਚੱਲ ਪੇ, ਆਪਣੇ ਪਿੰਡ ਆਲੇ ਤੇਲ ਪੰਪ ਤੋਂ ਜਦੋਂ ਬੱਕਬੋਟ ‘ਚ ਤੇਲ ਪਵਾਉਣ ਲੱਗੇ ਤਾਂ ਸੱਤੂ ਤੇਲ ਪੰਪ ਆਲੇ ਨੂੰ ਵੀਹ ਰਪੀਏ ਫ਼ੜਾ ਕੇ ਕਹਿੰਦਾ ‘ਆਹ ਲੈ ਮਿੱਤਰਾ ਵੀਹਾਂ ਦਾ ਨੋਟ, ਟੈਂਕੀ ਫ਼ੁੱਲ ਕਰਦੇ।’ ਹੁਣ ਤੂੰ ਆਪ ਈ ਵੇਖ ਲਾ ਬਾਬਾ ਬਈ ਸੱਠਾਂ ਪੈਂਹਟਾਂ ਨੂੰ ਤਾਂ ਤੇਲ ਦਾ ਲੀਟਰ ਹੋਇਆ ਫ਼ਿਰਦਾ, ਵੀਹਾਂ ਨਾਲ ਢੋਲ ਕਿੱਥੋਂ ਭਰਦੂ ਕੋਈ ਬਈ। ਉਹ ਤੇਲ ਪਾਉਣ ਆਲਾ ਵੀਹ ਰਪੀਏ ਫ਼ੜ ਕੇ ਸੱਤੂ ਨੂੰ ਕਹਿੰਦਾ ‘ਦਸ ਰਪੀਏ ਹੋਰ ਦੇ ਕੇ ਪੰਪ ਚੀ ਹਿੱਸਾ ਪਾ ਲਾ ਖਾਂ।’ ਇਹ ਸੱਤੂ ਉਹਦੇ ਨਾਲ ਗਾਲੋ ਗਾਲੀ। ਮੈਂ ਮਸਾਂ ਸੱਤੂ ਨੂੰ ਤੇਲ ਪੰਪ ਤੋਂ ਲੈ ਕੇ ਗਿਆ। ਗਾਹਾਂ ਜਾਂਦੇ ਜਾਂਦਿਆਂ ਦਾ ਜਦੋਂ ਕਰਾੜ ਆਲੇ ਪਿੰਡ ਵਿੱਚਦੀ ਨੰਘਣ ਲੱਗੇ ਤਾਂ ਬੱਕਬੋਟ ਖਰਾਬ ਹੋ ਗਿਆ। ਫ਼ੇਰ ਓੱਥੇ ਘੈਂਟਾ ਖੌਹਜੀ ਗਿਆ। ਨਾ ਸੂਤ ਹੋਇਆ ਬੱਕਬੋਟ। ਓੱਥੇ ਕਿਤੇ ਕਰਾੜ ਆਲੇ ਪਿੰਡ ‘ਚ ਸੱਤੂ ਦੀ ਮਾਸੀ ਐ। ਬੱਕਬੋਟ ਰੋੜ੍ਹ ਕੇ ਜਾ ਖੜਕਾਇਆ ਮਾਸੜ ਦੇ ਬਾਰ ਦਾ ਕੁੰਡਾ। ਜਦੋਂ ਮਾਸੜ ਦੇ ਘਰੇ ਵੜੇ ਤਾਂ ਉਨ੍ਹਾਂ ਦੇ ਗਾਹਾਂ ਚਾਰ ਪੰਜ ਹੋਰ ਬੈਠੇ ਘਰੇ। ਅੰਦਰਲੀ ਬੈਠਕ ‘ਚ ਲਾ ਲਾ ਹੋਈ ਜਾਵੇ। ਬੈਠਕ ਦਾ ਅਦੰਰੋਂ ਬਾਰ ਡਾਇਆ ਵਿਆ। ਖਾਸਾ ਰੌਲਾ ਪਈ ਜਾਵੇ। ਸਾਨੂੰ ਵੀ ਸੱਤੂ ਦੇ ਮਾਸੜ ਨੇ ਅੰਦਰੇ ਈ ਸੱਦ ਲਿਆ।”
ਗੱਲ ਚੱਲੀ ਜਾਂਦੀ ‘ਚ ਬੁੱਘਰ ਦਖਾਣ ਕਹਿੰਦਾ, ”ਮੈਂ ਜਾਣਦਾਂ ਇਹਦੇ ਮਾਸੜ ਨੂੰ। ਸਿਰੇ ਦਾ ਚੋਰ ਐ ਓਹੋ। ਮੇਰੀ ਵੀ ਸਾਲੀ ਐ ਕਰਾੜ ਆਲੇ। ਉਨ੍ਹਾਂ ਦੇ ਘਰੇ ਵੀ ਉਹਨੇ ਚੋਰੀ ਕਰ ਲੀ ਸੀ। ਉਹਨੇ ਕਿਤੇ ਇੱਕ ਥਾਂ ਚੋਰੀ ਕੀਤੀ ਐ, ਥਾਂ ਥਾਂ ਤਾਂ ਉਹਨੇ ਚੋਰੀਆਂ ਕੀਤੀਆਂ। ਜਿਹੜੀ ਗੱਲ ਤੂੰ ਕਰਦੈਂ ਅਮਲੀਆ, ਬਈ ਅੰਦਰ ਬੈਠਕ ‘ਚ ਰੌਲਾ ਪਈ ਜਾਂਦਾ ਸੀ, ਉਹ ਰੌਲਾ ਵੰਡ ਵੰਡਾਰੇ ਦਾ ਪੈਂਦਾ ਹੋਣੈ। ਕਿਤੋਂ ਵੱਡੀ ਮਾਰ ਮਾਰ ਕੇ ਲਿਆਏ ਹੋਣੇ ਐਂ, ਮਾਲ ਹੋਣੈ ਬਾਹਲਾ, ਵੰਡਣ ਪਿੱਛੇ ਰੌਲਾ ਪੈ ਗਿਆ ਹੋਣੈ, ਹੋਰ ਮਾਸੜ ਕਿਹੜਾ ਮਾਲ ਪਟਵਾਰੀ ਐ ਬਈ ਮਰਲੇ ਕਨਾਲਾਂ ਦਾ ਹਸਾਬ ਕਤਾਬ ਕਰਦਾ ਕਰਦਾ ਲੜਦਾ ਸੀ ਕਿਸੇ ਨਾਲ।”
ਅਮਲੀ ਫ਼ੇਰ ਚੱਲ ਪਿਆ ਖਤਰਾਮਾਂ ਵਾਲੇ ਕੋਹਲੂ ਵਾਂਗੂੰ। ਕਹਿੰਦਾ, ”ਗੱਲ ਤਾਂ ਮਿਸਤਰੀਆ ਤੇਰੀ ਸੱਚੀ ਐ। ਉਹਦੇ ਮਾਸੜ ਨਾਲ ਤਿੰਨ ਚਾਰ ਜਣੇ ਹੋਰ ਬੈਠੇ ਬੂ ਬੂ ਕਰੀ ਜਾਂਦੇ ਸੀ। ਉਨ੍ਹਾਂ ਨੇ ਕੀ ਕੀਤਾ ਨਾਹ, ਪਤਾ ਨ੍ਹੀ ਕਿੱਥੋਂ ਨਗਦ ਪੈਂਸਿਆਂ ਦੀ ਚੋਰੀ ਕਰ ਕੇ ਲਿਆਏ ਸੀ। ਓਹਦੇ ਵੰਡ ਵੰਡਾਰੇ ਪਿੱਛੇ ਖਪੇ ਖ਼ੂਨ ਹੋਈ ਜਾਂਦੇ ਸੀ।”
ਅਮਲੀ ਦੀ ਗੱਲ ਵਿੱਚੋਂ ਟੋਕ ਕੇ ਬਾਬੇ ਚੂੜ੍ਹ ਸਿਉਂ ਨੇ ਮੁਸ਼ਕਣੀਆਂ ਹੱਸ ਕੇ ਅਮਲੀ ਨੂੰ ਪੁੱਛਿਆ, ”ਚੋਰੀ ‘ਚ ਵੀ ਅਮਲੀਆ ਨਗਦ ਉਧਾਰ ਹੋ ਜਾਂਦੈ ਬਈ?”
ਅਮਲੀ ਕਹਿੰਦਾ, ”ਨਗਦ ਉਧਾਰ ਦਾ ਮਤਬਲ ਐ ਬਾਬਾ ਬਈ ਪੈਂਸੇ ਚੋਰੀ ਕੀਤੇ ਸੀ।”
ਮਾਹਲਾ ਨੰਬਰਦਾਰ ਕਹਿੰਦਾ, ”ਚੱਲ ਤੂੰ ਗਾਹਾਂ ਦੱਸ ਗੱਲ ਬਈ ਫ਼ੇਰ ਕੀ ਹੋਇਆ ਓੱਥੇ?”
ਅਮਲੀ ਕਹਿੰਦਾ, ”ਹੋਣ ਨੂੰ ਕੁਸ ਓੱਥੇ ਜਿਹੜਾ ਪੁਸ਼ਕਰ ਦਾ ਮੇਲਾ ਲੱਗਿਆ ਵਿਆ ਸੀ ਬਈ ਕੋਈ ਬੌਰੀਆ ਚੰਡੋਲ ਤੋਂ ਡਿੱਗ ਪਿਆ ਸੀ। ਮਾਸੜ ਅਰਗੇ ਚਾਰ ਪੰਜ ਜਣਿਆਂ ‘ਚ ਚੋਰੀ ਕੀਤੇ ਪੈਂਸੇ ਵੰਡਣ ਪਿੱਛੇ ਰੌਲਾ ਪੈ ਗਿਆ। ਕਦੇ ਵੀਹ ਪੰਜਾਹ ਓਧਰ ਵਧ ਜਾਣ ਕਦੇ ਓੱਧਰ। ਕਦੇ ਇੱਕ ਵੱਲ ਵਧ ਜਾਣ ਤੀਹ ਪੈਂਤੀ ਕਦੇ ਦੂਜੇ ਕੋਲ ਦਸ ਵੀਹ ਘਟ ਜਾਣ। ਇੱਕ ਉਨ੍ਹਾਂ ‘ਚੋਂ ਕਹਿੰਦਾ ‘ਪੈਂਸੇ ਤਾਂ ਵੰਡ ਵੰਡਾਰੇ ‘ਚ ਏਨੇ-ਏਨੇ ਈਂ ਆਉਣੇ ਐ ਭਾਮੇਂ ਸਤੀਲਦਾਰ ਤੋਂ ਗਣਾ ਲੋ।’ ਪੈਂਸੇ ਤਾਂ ਬਾਬਾ ਬਾਹਲੇ ਨ੍ਹੀ ਸੀ, ਪਰ ਕਿਸੇ ਨੂੰ ਗਿਣਨੇ ਨ੍ਹੀ ਸੀ ਆਉਂਦੇ।”
ਬਾਬਾ ਚੂੜ੍ਹ ਸਿਉਂ ਕਹਿੰਦਾ, ”ਪੈਂਸੇ ਤਾਂ ਅਮਲੀਆ ਹਰੇਕ ਹੀ ਗਿਣ ਲੈਂਦੈ। ਆਏਂ ਕਿਮੇਂ ਰੌਲਾ ਪੈ ਗਿਆ ਸੀ ਗਿਣਤੀ ਪਿੱਛੇ?”
ਅਮਲੀ ਕਹਿੰਦਾ, ”ਰੌਲੇ ਦੀ ਗੱਲ ਤਾਂ ਬਾਬਾ ਇਉਂ ਬਹੁਤੀ ਧੁਖੀ ਕਿਉਂਕਿ ਪੈਂਸਿਆਂ ਦੀ ਇਹ ਨਾ ਸਮਝ ਲੱਗੇ ਬਈ ਪੈਂਸੇ ਚੋਰੀ ਕਿੰਨੇ ਕੀਤੇ ਸੀ। ਆਹ ਨ੍ਹੀ ਪਤਾ ਲੱਗਦਾ ਸੀ। ਹੁਣ ਇਹਦਾ ਫ਼ੈਸਲਾ ਕੌਣ ਕਰਦਾ ਉਨ੍ਹਾਂ ਪੰਜਾਂ ਚੌਹਾਂ ‘ਚੋਂ? ਜਦੋਂ ਉਨ੍ਹਾਂ ਪੰਜਾਂ ਚੌਹਾਂ ‘ਚ ਵੰਡ ਵੰਡਾਰੇ ਦੀ ਗੱਲ ਸਿਰੇ ਨਾ ਲੱਗੀ ਤਾਂ ਉਨ੍ਹਾਂ ਨੇ ਪਿੰਡ ਇੱਕ ਬਜੁਰਗ ਬਾਣੀਏ ਕਰੋੜੀ ਮੱਲ ਨੂੰ ਸੱਦ ਲਿਆਂਦਾ ਪਿੰਡ ‘ਚੋਂ। ਕਰੋੜੀ ਮੱਲ ਨੂੰ ਕਹਿੰਦੇ ‘ਸੇਠ ਸਾਹਬ! ਆਹ ਪੈਂਸੇ ਵੰਡ ਕੇ ਦਿਉ ਸਾਡੇ ਪੰਜਾਂ ‘ਚ। ਜਦੋਂ ਅਸੀਂ ਵੰਡਣ ਲੱਗਦੇ ਆਂ ਤਾਂ ਪੈਂਸੇ ਵਧ ਘਟ ਬਹੁਤ ਜਾਂਦੇ ਐ। ਨਾਲੇ ਸਾਨੂੰ ਗਿਣਤੀ ‘ਚ ਇਹ ਨ੍ਹੀ ਸਮਝ ਆਈ ਕਿ ਪੈਂਸੇ ਹੈ ਕਿੰਨੇ?’ ਸੇਠ ਕਰੋੜੀ ਮੱਲ ਟਿੱਚਰ ‘ਚ ਕਹਿੰਦਾ ਦਿਲ ਰੱਖੋ ਦਿਲ। ਤੜਕੇ ਨੂੰ ‘ਖਬਾਰ ‘ਚ ਖਬਰ ਆ ਈ ਜਾਣੀ ਐ ਬਈ ਕਿੰਨੇ ਪੈਂਸੇ ਚੋਰੀ ਹੋਏ ਐ। ਅੱਬਲ ਤਾਂ ਰਾਤ ਨੂੰ ਟੈਲੀਵੀਜਨ ‘ਚ ਈ ਪਤਾ ਲੱਗ ਜੂ। ਫ਼ੇਰ ਵੰਡ ਵੰਡਾਰਾ ਕਰਨਾ ਵੀ ਸੌਖਾ ਹੋ ਜੂ। ਤੜਕੇ ਤਕ ਠਹਿਰ ਜੋ। ‘ਖਬਾਰ ਦੀ ‘ਡੀਕ ਕਰੋ ਸਾਰੇ ਈ ਨਬੇੜੇ ਹੋ ਜਾਣਗੇ।”
ਜਦੋਂ ਸੇਠ ਨੇ ਇਹ ਗੱਲ ਕਹੀ ਤਾਂ ਉਨ੍ਹਾਂ ਪੰਜਾਂ ਜਣਿਆਂ ਨੇ ਸੇਠ ਦਾ ਕੁੱਟ ਕੁੱਟ ਕੇ ਕਚੂੰਬਰ ਕੱਢ ‘ਤਾ। ਅਸੀਂ ਤਾਂ ਬਾਬਾ ਬੱਕਬੋਟ ਸੱਤੂ ਦੇ ਮਾਸੜ ਦੇ ਘਰ ਛੱਡਿਆ ਤੇ ਘਰੋਂ ਡਾਕ ਬਣ ਕੇ ਭੱਜਿਆਏ ਬਈ ਹੁਣ ਸਾਡੇ ‘ਤੇ ਵੀ ਨਾ ਕਦੇ ਹੱਥ ਉੱਠ ਖੜ੍ਹੇ।”
ਸੀਤਾ ਮਰਾਸੀ ਟਿੱਚਰ ‘ਚ ਕਹਿੰਦਾ, ”ਬੱਕਬੋਟ ਵੀ ਫ਼ਿਰ ਮਾਸੜ ਦਾ ਈ ਹੋਣੈ ਜਿਹੜਾ ਉਨ੍ਹਾਂ ਦੇ ਘਰੇ ਈ ਛੱਡਿਆਏ।”
ਭੱਬੂ ਕਹਿੰਦਾ, ”ਉਹ ਵੀ ਚੋਰੀ ਦਾ ਈ ਹੋਊ, ਹੋਰ ਕਿਹੜਾ ਉਨ੍ਹਾਂ ਨੇ ਝੋਨਾ ਵੇਚ ਕੇ ਲਿਆ ਹੋਣੈ।”
ਬੁੱਘਰ ਦਖਾਣ ਨੇ ਪੁੱਛਿਆ, ”ਬੱਕਬੋਟ ਸੀ ਕਿਹੜਾ ਅਮਲੀਆ ਓਏ?”
ਅਮਲੀ ਕਹਿੰਦਾ, ”ਰੀਂਢਲ ਫੀਂਢਲ ਜਾ ਜਿਹੜਾ ਹੁੰਦੈ ਉਹ ਲੱਗਦਾ ਸੀ। ਬਾਕੀ ਮੈਂ ਕਿਹੜਾ ਬਿੱਕਰ ਗਲੋਲਾ ਮਕੈਨਿਕ ਆਂ ਬਈ ਮੈਨੂੰ ਬੱਕਬੋਟ ਦੇ ਨਾਂਅ ਦਾ ਪਤੈ।”
ਏਨੇ ਚਿਰ ਨੂੰ ਗੱਲਾਂ ਕਰੀ ਜਾਂਦਿਆਂ ਤੋਂ ਪਿੰਡ ਦੇ ਗੁਰਦੁਆਰੇ ਦੇ ਸਪੀਕਰ ‘ਚੋਂ ਹੋਕਾ ਆ ਗਿਆ ਬਈ ਕੁਝ ਦਿਨ ਪਹਿਲਾਂ ਪ੍ਰੀਤਮ ਸਿਉਂ ਨੰਬਰਦਾਰ ਦੀ ਸੁਰਗਵਾਸ ਹੋਈ ਮਾਤਾ ਦੇ ਭੋਗ ਦੀ ਤਿਆਰੀ ਐ। ਸਭ ਮਾਈ ਭਾਈ ਨੰਬਰਦਾਰਾਂ ਦੇ ਗ੍ਰਹਿ ਵਿਖੇ ਪਹੁੰਚਣ ਦੀ ਕ੍ਰਿਪਾਲਤਾ [email protected]
ਹੋਕਾ ਸੁਣਦੇ ਸਾਰ ਹੀ ਸਾਰੀ ਸੱਥ ਵਾਲੇ ਪ੍ਰੀਤਮ ਸਿਉਂ ਨੰਬਰਦਾਰ ਦੇ ਘਰ ਨੂੰ ਉਸ ਦੀ ਮਾਤਾ ਦੀ ਅੰਤਿਮ ਅਰਦਾਸ ‘ਚ ਸ਼ਾਮਲ ਹੋਣ ਲਈ ਚੱਲ ਪਏ।