ਸੱਥ ਵੱਲ ਤੁਰੇ ਆਉਂਦੇ ਬਿਸ਼ਨੇ ਕੇ ਕੰਤੇ ਨੂੰ ਬੱਕਰੀਆਂ ਵਾਲੇ ਭਾਨੇ ਕੋਲ ਵਾੜੇ ਮੂਹਰੇ ਖੜ੍ਹ ਗਿਆ ਵੇਖ ਕੇ ਬਾਬੇ ਪਿਸ਼ੌਰਾ ਸਿਉਂ ਨੇ ਨਾਥੇ ਅਮਲੀ ਨੂੰ ਪੁੱਛਿਆ, ”ਕਿਉਂ ਬਈ ਨਾਥਾ ਸਿਆਂ! ਕੰਤਾ ਚੰਗਾ ਭਲਾ ਸੱਥ ਵੱਲ ਨੂੰ ਤੁਰਿਆ ਆਉਂਦਾ ਇੱਕਦਮ ਬੱਕਰੀਆਂ ਆਲੇ ਭਾਨੇ ਕੋਲ ਵਾੜੇ ਵੱਲ ਵੇਂਹਦਾ ਵੇਂਹਦਾ ਮੂੰਹ ਨਾਲ ਮੂੰਹ ਜੋੜ ਕੇ ਇਉਂ ਖੜ੍ਹ ਗਿਆ ਜਿਮੇਂ ਕੋਈ ਪੱਠ ਖਰੀਦਣੀ ਹੁੰਦੀ ਐ। ਭਾਨਾ ਵੀ ਹੱਥ ਦੇ ਸ਼ਿਅ੍ਹਾਰੇ ਜੇ ਕਰਦਾ ਕਰਦਾ ਕੰਤੇ ਨੂੰ ਵਾੜੇ ਅੰਦਰ ਇਉਂ ਸੱਦ ਕੇ ਲੈ ਗਿਆ ਜਿਮੇਂ ਗਾਹਾਂ ਉਹ ਕੱਸੂ ਆਣੇ ਆਲਾ ਬਖਤੌਰਾ ਵੈਦ ਹੁੰਦਾ ਬਈ ਕੋਈ ਬਮਾਰ ਠਮਾਰ ਬੱਕਰੀ ਬੁੱਕਰੀ ਵਖਾਉਣੀ ਹੁੰਦੀ ਐ।”
ਸੀਤੇ ਮਰਾਸੀ ਨੇ ਬਾਬੇ ਦੀ ਗੱਲ ਸੁਣ ਕੇ ਪੁੱਛਿਆ, ”ਇਹ ਕੰਤਾ ਵੈਦਗੀ ਵੀ ਕਰ ਲੈਂਦਾ ਬਾਬਾ?”
ਨਾਥਾ ਅਮਲੀ ਉੱਚੀ ਉੱਚੀ ਹੱਸ ਕੇ ਕਹਿੰਦਾ, ”ਵੈਦਗੀ ਨੂੰ ਇਹ ਕਿਹੜਾ ਗਾਹਾਂ ਚਿੰਤਪੁਰੀਆ ਗੁੱਜਰ ਵੈਦ ਐ ਬਈ ਫੂਕ ਮਾਰ ਕੇ ਭੇਡ ਦੀ ਬੱਕਰੀ ਬਣਾ ਦੂ। ਸਿੱਧਾ ਤਾਂ ਤੁਰਿਆ ਨ੍ਹੀ ਜਾਂਦਾ ਇਹਤੋਂ। ਉੱਠਣ ਲੱਗਿਆ ਇਉਂ ਉੱਠੂ ਜਿਮੇਂ ਨਿਓਲ ਲੱਗੇ ਆਲਾ ਬੋਤਾ ਵਿੰਗ ਤੜਿੰਗਾ ਜਾ ਹੋ ਕੇ ਉੱਠਦਾ ਹੁੰਦੈ। ਉਂਈ ਪਤੰਦਰੋ ਜੀਹਦੇ ਮਗਰ ਪੈ ਜਾਨੇਂ ਐਂ ਨਾ, ਟੀਸੀ ‘ਤੇ ਚੜ੍ਹਾ ਕੇ ਹਟਦੇ ਐਂ। ਬੰਦਾ ਨ੍ਹੀ ਵੇਖਣਾ ਕਬੰਦਾ ਨ੍ਹੀ ਵੇਖਣਾ। ਬਨੇਰੇ ਨੂੰ ਝਾਲਰ ਲਾਉਣ ਲੱਗੇ ਮਿੰਟ ਲਾਉਣੇ ਐਂ। ਜਿੱਦੇਂ ਬੰਤੇ ਬਿੰਬਰ ਕੇ ਗਾਮੇ ਨੂੰ ਟਰੈਗਟ ਦੀ ਚੋਰੀ ‘ਚ ਗਰਜਾਮਾਂ ਆਲੀ ਪੁਲਸ ਫ਼ੜ ਕੇ ਲੈ ਗਈ ਸੀ, ਓੱਦੇਂ ਕੋਈ ਨ੍ਹੀ ਬੋਲਿਆ ਨਾਲੇ ਅਗਲੇ ਅੱਧੇ ਪਿੰਡ ਦੇ ਸਾਹਮਣੇ ਘਰੋਂ ਤੂੜੀ ਆਲੀ ਸਬ੍ਹਾਤ ‘ਚੋਂ ਟਰੈਗਟ ਕਢਾ ਕੇ ਲੈ ਕੇ ਗਏ ਸੀ। ਜੇ ਨੱਥੇ ਨੰਬਰਦਾਰ ਨੂੰ ਕਿਹਾ ਬਈ ਨੰਬਰਦਾਰਾ ਸਾਡੇ ਨਾਲ ਗਰਜਾਮਾਂ ਨੂੰ ਚੱਲ, ਮੁੰਡੇ ਨੂੰ ਛਡਾ ਕੇ ਲਿਆਉਣਾ, ਤਾਂ ਉਦੋਂ ਸਾਰਾ ਪਿੰਡ ਈ ਮੁੱਕਰ ਗਿਆ ਜਾਣ ਤੋਂ। ਹੁਣ ਪਤੰਦਰ ਗੱਲਾਂ ਦੇ ਗਲੇਲੇ ਈ ਵੱਟੀ ਜਾਂਦੇ ਐ।”
ਬਾਬੇ ਪਿਸ਼ੌਰਾ ਸਿਉਂ ਨੇ ਮੁਸ਼ਕਣੀਆਂ ਹੱਸ ਕੇ ਅਮਲੀ ਨੂੰ ਟਿੱਚਰ ‘ਚ ਪੁੱਛਿਆ, ”ਅਮਲੀਆ ਕਿੱਥੋਂ ਆਲੀ ਪੁਲਸ ਫ਼ੜ ਕੇ ਲੈ ਗੀ ਸੀ ਗਾਮੇ ਨੂੰ?”
ਅਮਲੀ ਫ਼ੇਰ ਉੱਧੜਿਆ ਕੱਚੇ ਧਾਗੇ ਦੇ ਗਲੋਟੇ ਵਾਂਗੂੰ, ”ਦੱਸੀ ਤਾਂ ਜਾਨਾ ਬਾਬਾ ਬਈ ਗਜਰਾਮਾਂ, ਗਜਰਾਮਾਂ, ਗਜਰਾਮਾਂ। ਮੈਂ ਕੋਈ ਪਿਸਤੋ ਤਾਂ ਨ੍ਹੀ ਬੋਲਦਾ। ਕਿੰਨੇ ਵਾਰੀ ਦੱਸਿਆ ਬਈ ਗਜਰਾਮਾਂ ਆਲੀ ਪੁਲਸ ਸੀ। ਤੁਸੀਂ ਤਾਂ ਉਈਂ ਅਗਲੇ ਦਾ ਗੁੱਡਾ ਬੰਨ੍ਹ ਕੇ ਛੱਡਦੇਂ ਐਂ।”
ਸੀਤਾ ਮਰਾਸੀ ਕਹਿੰਦਾ, ”ਗਜਰਾਮਾਂ ਨ੍ਹੀ ਓਏ ਅਮਲੀਆ, ਗਰਜਾਮਾਂ। ਜੇ ਕਿਸੇ ਪਿੰਡ ਸ਼ਹਿਰ ਦਾ ਨਾਂਅ ਨਹੀਂ ਲੈਣਾ ਆਉਂਦਾ ਤਾਂ ਕਿਸੇ ਲਿਖੇ ਪੂੰਝੇ ਨੂੰ ਪੁੱਛ ਲਈਦਾ ਹੁੰਦਾ।”
ਸੀਤੇ ਮਰਾਸੀ ਦੀ ਗੱਲ ‘ਤੇ ਸਾਰੀ ਸੱਥ ਉੱਚੀ ਉੱਚੀ ਹੱਸ ਪਈ।
ਸੱਜਣ ਪਾੜ੍ਹਾ ਕਹਿੰਦਾ, ”ਆਹ ਸੀਤਾ ਸਿਉਂ ਤੋਂ ਪੁੱਛ ਲੋ ਬਈ ਜੇ ਕਿਸੇ ਨੇ ਕਿਸੇ ਪਿੰਡ ਸ਼ਹਿਰ ਦਾ ਨਾਂਅ ਪੁੱਛਣਾ ਹੋਵੇ ਤਾਂ। ਅਮਲੀ ਤਾਂ ਭਲਾਂ ਅਨਪੜ੍ਹ ਐ, ਕਈ ਚੀਜਾਂ ਦੇ ਨਾਂ ਨੂੰ ਜਮਾਨ ਨਹੀਂ ਵੀ ਉਲਟਦੀ ਹੁੰਦੀ ਬੰਦੇ ਦੀ, ਆਹ ਸੀਤਾ ਸਿਉਂ ਤਾਂ ਸਭ ਕੁਸ ਜਾਣਦੈ। ਇਹ ਵੀ ਜਰਗਾਮਾਂ ਨੂੰ ਹੋਰ ਈ ਕੁਸ ਕਹੀ ਜਾਂਦੈ।”
ਸੱਜਣ ਪਾੜ੍ਹੇ ਦੇ ਮੂੰਹੋਂ ਜਰਗਾਮਾਂ ਨਾਂ ਸੁਣ ਕੇ ਸੱਥ ‘ਚ ਫ਼ੇਰ ਹਾਸੜ ਛਿੜ ਗਈ। ਗੁਰਦਿੱਤਾ ਬੁੜ੍ਹਾ ਅੱਖਾਂ ਤੋਂ ਐਣਕਾਂ ਲਾਹ ਕੇ ਸਾਫੇ ਦੇ ਲੜ ਨਾਲ ਅੱਖਾਂ ਦਾ ਪਾਣੀ ਪੂੰਝਦਾ ਬਾਬੇ ਪਿਸ਼ੌਰਾ ਸਿਉਂ ਨੂੰ ਕਹਿੰਦਾ, ”ਕਿਉਂ ਪਸ਼ੌਰਾ ਸਿਆਂ! ਊਂ ਤਾਂ ਸੱਜਣ ਨੂੰ ਸਾਰਾ ਪਿੰਡ ਪਾੜ੍ਹਾ ਪਾੜ੍ਹਾ ਕਹਿੰਦਾ, ਗੱਲ ਇਹਦੇ ‘ਚ ਪਾੜ੍ਹਿਆਂ ਆਲੀ ਇੱਕ ਮਨ੍ਹੀ ਦੀਂਹਦੀ। ਇਹਨੇ ਗੱਲ ਊਈਂ ਸਿਰੇ ਲਾ ‘ਤੀ। ਇਹਨੇ ਵੀ ਠੋਹਲੂ ਬਾਹਮਣ ਆਲੀ ਗੱਲ ਕਰ ‘ਤੀ।”
ਬੁੱਘਰ ਦਖਾਣ ਗੁਰਦਿੱਤੇ ਬੁੜ੍ਹੇ ਨੂੰ ਕਹਿੰਦਾ, ”ਠੋਹਲੂ ਆਲੀ ਕਿਮੇਂ ਸੀ ਗੱਲ ਤਾਇਆ?”
ਗੁਰਦਿੱਤਾ ਬੁੜ੍ਹਾ ਕਹਿੰਦਾ, ”ਕੇਰਾਂ ਠੋਹਲੂ ਬਾਹਮਣ ਦਾ ਪੱਠੇ ਲੱਦਿਆਂ ਆਲੀ ਬਲਦ ਗੱਡੀ ‘ਤੇ ਬੈਠੇ ਦਾ ਗੁਲੂਬੰਦ ਡਿੱਗ ਪਿਆ। ਗੱਡੀ ਦੇ ਪਿੱਛੇ ਕਿਤੇ ਪੰਜ ਸੱਤ ਬੁੜ੍ਹੀਆਂ ਸਿਰਾਂ ‘ਤੇ ਪੱਠੇ ਚੱਕੀ ਤੁਰੀਆਂ ਆਉਂਦੀਆਂ ਸੀ। ਠੋਹਲੂ ਨੂੰ ਗੁਲੂਬੰਦ ਡਿੱਗੇ ਦਾ ਪਤਾ ਨਾ ਲੱਗਿਆ। ਪੱਠੇ ਚੱਕੀ ਆਉਂਦੀਆਂ ਬੁੜ੍ਹੀਆਂ ‘ਚੋਂ ਇੱਕ ਬੁੜ੍ਹੀ ਠੋਹਲੂ ਨੂੰ ‘ਵਾਜ ਮਾਰ ਕੇ ਕਹਿੰਦੀ ‘ਬਾਬਾ! ਤੇਰਾ ਹਲੂਮਾਨ ਡਿੱਗ ਪਿਆ।’ ਡਿੱਗਿਆ ਪਿਆ ਗੁਲੂਬੰਦ ਵੇਖ ਕੇ ਠੋਹਲੂ ਬੁੜ੍ਹੀ ਨੂੰ ਕਹਿੰਦਾ ‘ਫ਼ੜਾਈਂ ਕੁੜੇ ਫ਼ੜਾਈਂ ਚੱਕ ਕੇ।’ ਜਦੋਂ ਬੁੜ੍ਹੀ ਨੇ ਗੁਲੂਬੰਦ ਚੱਕ ਕੇ ਠੋਹਲੂ ਨੂੰ ਫ਼ੜਾ ਕੇ ਕਿਹਾ ਬਈ ‘ਲੈ ਫ਼ੜ ਬਾਬਾ ਆਵਦਾ ਹਲੂਮਾਨ ਤਾਂ ਠੋਹਲੂ ਬਾਹਮਣ ਗੁਲੂਬੰਦ ਫ਼ੜ ਕੇ ਉਹਨੂੰ ਕਹਿੰਦਾ ‘ਹਲੂਮਾਨ ਨ੍ਹੀ ਕੁੜੇ ਗੁਲੂਮਾਨ ਹੁੰਦੈ।’ ਉਹ ਗੱਲ ਇਨ੍ਹਾਂ ਦੀ। ਜਗਰਾਮਾਂ ਦਾ ਪਤਾ ਨ੍ਹੀ ਕੀ ਕੀ ਨਾਂ ਧਰੀ ਬੈਠੇ ਐ। ਕੋਈ ਗਜਰਾਮਾਂ ਕਹੀ ਜਾਂਦਾ। ਕੋਈ ਗਰਜਾਮਾਂ ਕਹੀ ਜਾਂਦਾ। ਆਹ ਸੱਜਣ ਪਾੜ੍ਹਾ ਜਰਗਾਮਾਂ ਈ ਬੋਲੀ ਜਾਂਦੈ। ਫ਼ੇਰ ਇੱਕ ਦੂਜੇ ‘ਤੇ ਤਵਾ ਲਾਉਣ ਲੱਗੇ ਵੀ ਚੜ੍ਹਦਾ ਲਹਿੰਦਾ ਨ੍ਹੀ ਵੇਂਹਦੇ। ਅਕੇ ਅਮਲੀ ਤਾਂ ਭਲਾਂ ਅਣਪੜ੍ਹ ਐ ਇਹਦੀ ਜਮਾਨ ਨ੍ਹੀ ਉਲਟਦੀ। ਆਹ ਸੀਤਾ ਮਰਾਸੀ ਕਿਹੜਾ ਪੜ੍ਹਾਈ ਦਾ ਚੀਨ ‘ਚੋਂ ਕੋਰਸ ਕਰ ਕੇ ਆਇਆ। ਅਮਲੀ ਨੇ ਤਾਂ ਹਜੇ ਦੋ ਚਾਰ ਜਮਾਤਾਂ ਪੜ੍ਹੀਆਂ ਈਂ ਹੋਣੀਐਂ, ਆਹ ਮਰਾਸੀ ਤਾਂ ਲੱਗਦਾ ਸਕੂਲ ਕੋਲ ਦੀ ਕੱਟਾ ਲੈ ਕੇ ਮਨ੍ਹੀ ਨੰਘਿਆ ਹੋਣਾ।”
ਗੁਰਦਿੱਤੇ ਬੁੜ੍ਹੇ ਦੇ ਮੂੰਹੋਂ ਪੜ੍ਹਾਈ ਦੀ ਗੱਲ ਸੁਣ ਕੇ ਨਾਥਾ ਅਮਲੀ ਵੀ ਹੋ ਗਿਆ ਫ਼ਿਰ ਪੰਜ ਪੌਣ ‘ਤੇ। ਕਹਿੰਦਾ, ”ਤੇ ਆਹ ਜੀਹਨੂੰ ਪੱਚੀ ਪਿੰਡ ਪਾੜ੍ਹਾ ਪਾੜ੍ਹਾ ਕਹੀ ਜਾਂਦੇ ਐ ਸੱਜਣ ਪਾੜ੍ਹੇ ਨੂੰ, ਇਹ ਕਿਹੜਾ ਲਦੇਣ ਨਾਲ ਸਕੂਲ ‘ਚ ਇੱਕੋ ਬੋਰੀ ‘ਤੇ ਬਹਿੰਦਾ ਰਿਹੈ। ਆਉਂਦੀ ਊੜੇ ‘ਤੇ ਇੱਲ੍ਹ ਇਹਨੂੰ ਮਨ੍ਹੀ। ਇਹਨੂੰ ਤਾਂ ਆਵਦੇ ਲੈ ਪਿਉ ਦਾ ਨਾਂ ਨ੍ਹੀ ਲੈਣਾ ਆਉਂਦਾ।”
ਅਮਲੀ ਦੀ ਗੱਲ ਸੁਣ ਕੇ ਬਾਬਾ ਪਿਸ਼ੌਰਾ ਸਿਉਂ ਅਮਲੀ ਨੂੰ ਕਹਿੰਦਾ, ”ਇਹਨੂੰ ਤਾਂ ਅਮਲੀਆ ਭਲ ਨਹੀਂ ਆਉਂਦਾ, ਤੂੰ ਦੱਸ ਦੇ।”
ਅਮਲੀ ਕਹਿੰਦਾ, ”ਛਨੱਤਰ ਸਿਉਂ।”
ਜਦੋਂ ਅਮਲੀ ਨੇ ਨਛੱਤਰ ਸਿੰਘ ਨੂੰ ਛਨੱਤਰ ਸਿਉਂ ਕਿਹਾ ਤਾਂ ਸਾਰੀ ਸੱਥ ਫ਼ੇਰ ਉੱਚੀ ਉੱਚੀ ਹੱਸ ਪਈ।”
ਅਮਲੀ ਦੇ ਮੂੰਹੋਂ ਛਨੱਤਰ ਸਿੰਘ ਨਾਂਅ ਸੁਣ ਕੇ ਸੂਬੇਦਾਰ ਰਤਨ ਸਿਉਂ ਕਹਿੰਦਾ, ”ਓ ਗੱਲ ਸੁਣੋ ਬਈ ਚੋਬਰੋ, ਸੱਥ ‘ਚ ਸਭ ਕੁਸ ਮਨਜੂਰ ਹੁੰਦੈ। ਜੋ ਵੀ ਕੋਈ ਸੱਥ ‘ਚ ਆ ਕੇ ਹਾਸੇ ਠੱਠੇ ਨਾਲ ਬੋਲਦੈ, ਬੋਲਣ ਦਿਉ। ਐਮੇਂ ਨਾ ਬਾਤ ਦਾ ਬਤੰਗੜ ਬਣਾਇਆ ਕਰੋ। ਇਹ ਤਾਂ ਭਲਾਂ ਅਨਪੜ੍ਹ ਬੰਦੇ ਐ ਜਿੰਨ੍ਹਾਂ ਨੂੰ ਤੁਸੀਂ ਜਗਰਾਮਾਂ ‘ਚ ਭਜਾਈ ਫ਼ਿਰਦੇ ਐਂ। ਆਹ ਪਰਸੋਂ ਦੀ ਗੱਲ ਐ ਸ਼ੈਂਤ ਚੌਥੇ ਦੀ। ਸੋਨੂੰ ਪੜ੍ਹੇ ਲਿਖੇ ਦੀ ਗੱਲ ਦੱਸ ਦਿੰਨੈ। ਰਾਹੂ ਕੇ ਗੁਆੜ ਆਲੇ ਗਲਜਾਰ ਸਿਉਂ ਦਾ ਮੁੰਡਾ ਸ਼ੈਂਕਲ ‘ਤੇ ਚੜ੍ਹਿਆ ਜਾਂਦਾ ਸਟੈਟੀ ਮੂਹਰੇ ਚਿੱਕੜ ‘ਚ ਧੜੱਮ ਦੇਣੇ ਡਿੱਗ ਪਿਆ।”
ਸੂਬੇਦਾਰ ਦੇ ਮੂੰਹੋਂ ਸਾਇਕਲ ਨੂੰ ਸ਼ੈਂਕਲ ਤੇ ਸੋਸਾਇਟੀ ਨੂੰ ਸਟੈਟੀ ਸੁਣ ਕੇ ਸਾਰੀ ਸੱਥ ਨੇ ਹਾਸਾ ਛੱਤਣੀ ਚੜ੍ਹਾ ‘ਤਾ। ਹੱਥ ‘ਤੇ ਹੱਥ ਮਾਰ ਹੱਸਦਿਆਂ ਨੂੰ ਵੇਖ ਕੇ ਸੂਬੇਦਾਰ ਪੰਜ ਭੱਠਾਂ ਜਿੰਨੀ ਗਰਮੈਸ਼ ਫ਼ੜ ਕੇ ਸੱਥ ਵਾਲਿਆਂ ਨੂੰ ਇਉਂ ਖਿਝ ਕੇ ਪੈ ਗਿਆ ਜਿਮੇਂ ਡੋਲੀ ਤੁਰਦੀ ਵੇਲੇ ਡੋਲੀ ਉੱਤੋਂ ਦੀ ਸੁੱਟੀ ਭਾਨ ਪਿੱਛੇ ਪੈਸੇ ਚੱਕਣ ਆਲੇ ਜੁਆਕ ਆਪਸ ਵਿੱਚ ਲੜਦੇ ਗੁੱਸੇ ‘ਚ ਬੋਲ ਪੈਂਦੇ ਹੁੰਦੇ ਐ।
ਸੱਥ ਵਾਲਿਆਂ ਨੂੰ ਕਹਿੰਦਾ, ”ਕਿਆ ਹੀਂ ਹੀਂ ਲਾਈ ਐ। ਆਪ ਕੋ ਕਿਸੀ ਕੋ ਵੀ ਮੱਤ ਨ੍ਹੀ। ਇੱਕ ਪੜ੍ਹਿਆ ਲਿਖਿਆ ਇਨਸਾਨ ਕੋਈ ਕਾਮ ਕੀ ਬਾਤ ਬਤਾਂਦਾ ਹੈ, ਆਪ ਲੋਗ ਹਾਂਸੀ ਕਰ ‘ਤੇ ਹੈਂ। ਕੱਲ੍ਹ ਸੇ ਬਾਅਦ ਮੈਂ ਸੱਥ ਮੇਂ ਨ੍ਹੀਂ ਆਊਂਗਾ।”
ਇੰਨੀ ਗੱਲ ‘ਤੇ ਗੁੱਸਾ ਵਿਖਾਉਂਦਾ ਜਦੋਂ ਸੂਬੇਦਾਰ ਰਤਨ ਸਿਉਂ ਸੱਥ ‘ਚੋਂ ਉੱਠ ਕੇ ਤੁਰਨ ਲੱਗਿਆ ਤਾਂ ਬਾਬੇ ਪਿਸ਼ੌਰਾ ਸਿਉਂ ਨੇ ਸੂਬੇਦਾਰ ਨੂੰ ਬਾਂਹੋਂ ਫ਼ੜ ਕੇ ਬਿਠਾ ਲਿਆ। ਸੂਬੇਦਾਰ ਨੂੰ ਕਹਿੰਦਾ, ”ਓ ਬਹਿ ਜਾ ਯਾਰ ਰਤਨ ਸਿਆਂ। ਐਮੇਂ ਕਿਉਂ ਹਰਖ ਗਿਐਂ। ਤੈਨੂੰ ਮੈਂ ਦੱਸਦਾਂ ਬਈ ਇਹ ਤੇਰੀ ਗੱਲ ਤੋਂ ਕਿਉਂ ਹੱਸੇ ਐ। ਇਹ ਇਉਂ ਹੱਸੇ ਐ ਬਈ ਤੂੰ ਪੜ੍ਹ ਲਿਖ ਕੇ ਫ਼ੌਜ ‘ਚ ਵੀਹ ਸਾਲ ਨੋਕਰੀ ਕਰ ਕੇ ਵੀ ਸ਼ੈਂਕਲ ਸਟੈਟੀ ਕਹੀ ਜਾਨੈਂ। ਇਹ ਤਾਂ ਅਨਪੜ੍ਹ ਕਰ ਕੇ ਇਨ੍ਹਾਂ ਨੂੰ ਬਹੁਤੀਆਂ ਚੀਜਾਂ ਦੇ ਸਿੱਧੇ ਨਾਂਅ ਨ੍ਹੀ ਲੈਣੇ ਆਉਂਦੇ। ਤੂੰ ਤਾਂ ਯਾਰ ਪੜ੍ਹਿਆ ਲਿਖਿਆ ਬੰਦੈਂ। ਨਾਲੇ ਜਿਹੜੇ ਜਮਾਨੇ ‘ਚ ਤੂੰ ਪੜ੍ਹ ਗਿਐਂ ਓਸ ਜਮਾਨੇ ‘ਚ ਤਾਂ ਕੋਈਓ ਈ ਤੇਰੇ ਜਿੰਨੀਆਂ ਪੜ੍ਹਿਐ।”
ਬਾਬੇ ਦੀ ਗੱਲ ਵਿੱਚੋਂ ਟੋਕ ਕੇ ਮਾਹਲਾ ਨੰਬਰਦਾਰ ਬਾਬੇ ਨੂੰ ਕਹਿੰਦਾ, ”ਨਾਲੇ ਪਸ਼ੌਰਾ ਸਿਆਂ ਉਦੋਂ ਤਾਂ ਸਕੂਲ ਮਨ੍ਹੀ ਸੀ ਨੇੜੇ ਤੇੜੇ ਹੁੰਦਾ। ਆਪਣੇ ਨੇੜੇ ਤਾਂ ਪੱਤੋ ਹੁੰਦਾ ਸੀ ਜਾਂ ਨਥਾਣੇ ਸੀ। ਸਰਹਾਲੀ ਆਪਾਂ ਨੂੰ ਦੂਰ ਪੈਂਦਾ ਸੀ। ਉੱਥੇ ਵੀ ਬਹੁਤ ਪੁਰਾਣਾ ਸਕੂਲ ਐ।”
ਜੱਗਾ ਕਾਮਰੇਡ ਕਹਿੰਦਾ, ”ਨਥਾਣੇ ਆਲੇ ਨਾਲੋਂ ਤਾਂ ਪੱਤੋ ਆਲਾ ਬਹੁਤਾ ਪੁਰਾਣਾ। ਇਹ ਨਥਾਣੇ ਆਲਾ ਤਾਂ ਹੁਣ ਬਣਿਆ ਹਜੇ ਥੋੜੇ ਕੁ ਸਾਲਾਂ ਦਾ।”
ਦੂਜੇ ਤਾਂ ਸਾਰੇ ਸਕੂਲਾਂ ਦੀ ਗੱਲ ਕਰਨ ਲੱਗ ਪਏ, ਸੂਬੇਦਾਰ ਰਤਨ ਸਿਉਂ ਸੱਥ ‘ਚੋਂ ਉੱਠ ਕੇ ਇਉਂ ਭੱਜ ਗਿਆ ਜਿਮੇਂ ਅਵਾਰਾ ਕੁੱਤਾ ਰੋਟੀਆਂ ਬੰਨ੍ਹੀਆਂ ਸਣੇ ਪੋਣਾ ਚੁੱਕ ਕੇ ਭੱਜ ਗਿਆ ਹੁੰਦਾ। ਜਦੋਂ ਸੂਬੇਦਾਰ ਸੱਥ ਤੋਂ ਦੂਰ ਨਿੱਕਲ ਗਿਆ ਤਾਂ ਪਿਸ਼ੌਰਾ ਸਿਉਂ ਸੱਥ ਵਾਲਿਆਂ ਨੂੰ ਕਹਿੰਦਾ, ”ਐਮੇਂ ਨਾ ਯਾਰ ਇਹਦੇ ਨਾਲ ਬਹੁਤਾ ਬੋਲਿਆ ਕਰੋ। ਜਿਹੜਾ ਬੰਦਾ ਗੱਲ ਨਾ ਸਹਾਰਦਾ ਹੋਵੇ ਉਹਦੇ ਨਾਲ ਓਨਾਂ ਕੁ ਬੋਲਿਆ ਕਰੋ ਜਿੰਨੀ ਕੁ ਲੋੜ ਹੁੰਦੀ ਐ। ਹੁਣ ਇਹਨੇ ਸੱਥ ‘ਚ ਨ੍ਹੀ ਆਉਣਾ।”
ਬਾਬੇ ਦਾ ਸੁਝਾਅ ਸੁਣ ਕੇ ਨਾਥਾ ਅਮਲੀ ਕਹਿੰਦਾ, ”ਇਹ ਕਿਤੇ ਬਾਬਾ ਅੱਜ ਕੋਈ ਨਮਾਂ ਭੱਜਿਆ ਸੱਥ ‘ਚੋਂ। ਕਿੰਨੇ ਵਾਰੀ ਅੱਗੇ ਭੱਜਿਐ। ਪੰਜਾਂ ਸੱਤਾਂ ਦਿਨਾਂ ਪਿੱਛੋਂ ਫ਼ੇਰ ਆ ਖੜ੍ਹਦੈ। ਹੁਣ ਘਰੇ ਮਨ੍ਹੀ ਇਹਨੂੰ ਕੋਈ ਝੱਲਦਾ। ਆਹ ਜਿੱਦੇਂ ਤਿਆਰੂ ਕੇ ਬੱਗੇ ਨਾਲ ਲੜਕੇ ਗਿਐ, ਇਹ ਤਾਂ ਓਦੇਂ ਵੀ ਕਹਿੰਦਾ ਸੀ ਬਈ ਅੱਜ ਤੋਂ ਬਾਅਦ ਨ੍ਹੀ ਮੈਂ ਸੱਥ ‘ਚ ਆਉਂਦਾ ਮੁੜ ਕੇ। ਅੱਜ ਫ਼ੇਰ ਆ ਜੱਫ਼ਾ ਲਾਇਆ।”
ਮਾਹਲੇ ਨੰਬਰਦਾਰ ਨੇ ਪੁੱਛਿਆ, ”ਬੱਗੇ ਨਾਲ ਕੀ ਗੱਲ ਹੋ ਗੀ ਸੀ ਅਮਲੀਆ?”
ਅਮਲੀ ਕਹਿੰਦਾ, ”ਬੱਗੇ ਨਾਲ ਵੀ ਬਿਨਾਂ ਗੱਲੋਂ ਈ ਲੜ ਪਿਆ ਸੀ। ਐਥੇ ਕਿਤੇ ਟੈਂਪੂ ਤੋਂ ਉੱਤਰ ਕੇ ਭੰਗਚਿੜੀ ਪਿੰਡ ਤੋਂ ਇੱਕ ਬੰਦਾ ਸੱਥ ‘ਚ ਆ ਕੇ ਪੁੱਛਣ ਲੱਗ ਪਿਆ ਬਈ ਏਥੇ ਮੱਖਣ ਵੈਦ ਦਾ ਘਰ ਕਿਹੜਾ। ਸੂਬੇਦਾਰ ਨੇ ਕਿਤੇ ਓਹਤੋਂ ਪੁੱਛ ਲਿਆ ਬਈ ਕਾਹਦੀ ਦੁਆਈ ਲੈਣੀ ਐ ਤੂੰ ਮੱਖਣ ਵੈਦ ਤੋਂ। ਉਹ ਬੰਦਾ ਕਹਿੰਦਾ ‘ਮੇਰੇ ਗੋਡੇ ਬਹੁਤ ਦੁਖਦੇ ਐ, ਗੋਡਿਆਂ ਦੀ ਦੁਆਈ ਲੈਣ ਆਇਆਂ। ਇਹ ਉਹਨੂੰ ਕਹਿੰਦਾ ‘ਗੋਡਿਆਂ ਦੀ ਦੁਆਈ ਤਾਂ ਤੈਨੂੰ ਮੈਂ ਦੱਸ ਦਿੰਨਾਂ’। ਉਹ ਕਹਿੰਦਾ ‘ਦੱਸ’। ਇਹ ਕਹਿੰਦਾ ‘ਤੂੰ ਪਾਣੀ ਬਹਿ ਕੇ ਪੀਆ ਕਰ। ਖੜ੍ਹ ਕੇ ਨਾ ਪਾਣੀ ਪੀਆ ਕਰ, ਗੋਡੇ ਨਾ ਤੇਰੇ ਦੁਖਣਗੇ’। ਏਥੇ ਕਿਤੇ ਤਿਆਰੂ ਕਾ ਬੱਗਾ ਬੈਠਾ ਸੀ। ਬੱਗਾ ਸੂਬੇਦਾਰ ਨੂੰ ਕਹਿੰਦਾ ‘ਜੇ ਫ਼ੌਜੀਆ ਬੰਦਾ ਕੋਡਾ ਹੋ ਕੇ ਪਾਣੀ ਪੀਆ ਕਰੇ ਤਾਂ ਕੁਸ ਮਨ੍ਹੀ ਦੁੱਖਣਾ’। ਜਦੋਂ ਬੱਗੇ ਨੇ ਇਹ ਗੱਲ ਕਹੀ ਤਾਂ ਓਹਦੇ ਨਾਲ ਗਾਲੋ ਗਾਲੀ। ਦੋਹੇ ਬੋਲਣੋਂ ਈ ਨਾ ਹਟਣ। ਹਾਰ ਕੇ ਬਾਬੇ ਪੂਰਨ ਸਿਉਂ ਨੇ ਬੱਗੇ ਨੂੰ ਘੂਰ ਘੱਪ ਕੇ ਸੱਥ ‘ਚੋਂ ਦਬੱਲਿਆ। ਇਹ ਫ਼ੇਰ ਵੀ ਅੱਧਾ ਘੈਂਟਾ ਬੋਲੀ ਗਿਆ। ਓੱਦੇਂ ਵੀ ਇਹੀ ਗੱਲ ਕਹਿ ਕੇ ਗਿਆ ਸੀ ਜਿਹੜੀ ਅੱਜ ਕਹਿ ਕੇ ਗਿਆ ਬਈ ਏਦੂੰ ਮੁੜ ਕੇ ਨ੍ਹੀ ਮੈਂ ਸੱਥ ‘ਚ ਆਉਂਦਾ। ਫ਼ੇਰ ਬੋਲੂ ਵੀ ਅੱਧੀ ਹਿੰਦੀ ਅੱਧੀ ਪੰਜਾਬੀ। ਅੱਠਾਂ ਦਸਾਂ ਦਿਨਾਂ ਮਗਰੋਂ ਫੇਰ ਆ ਗਿਆ। ਦੋ ਚਾਰ ਦਿਨ ਪਿੱਛੋਂ ਅੱਜ ਫ਼ੇਰ ਕਜੀਆ ਕਲੇਸ ਪਾ ਕੇ ਭੱਜ ਗਿਆ।”
ਏਨੇ ਚਿਰ ਨੂੰ ਬੁੱਘਰ ਦਖਾਣ ਸੂਬੇਦਾਰ ਰਤਨ ਸਿਉਂ ਨੂੰ ਸੱਥ ਵੱਲ ਆਉਂਦਾ ਵੇਖ ਕੇ ਕਹਿੰਦਾ, ”ਹੋਅ ਫੇ:ਰ ਆਉਂਦਾ ਬਰੀ ਦਾ ਤਿਉਰ। ਐਥੇ ਆਊ ਸੱਥ ‘ਚ।”
ਸੂਬੇਦਾਰ ਨੂੰ ਸੱਥ ਵੱਲ ਆਉਂਦਾ ਵੇਖ ਕੇ ਬਾਬਾ ਪਿਸ਼ੌਰਾ ਸਿਉਂ ਕਹਿੰਦਾ, ”ਚਲੋ ਓਏ ਉੱਠੋ ਘਰਾਂ ਨੂੰ ਚੱਲੋ। ਸੱਥ ‘ਚ ਆ ਕੇ ਕਿਤੇ ਫ਼ੇਰ ਨਾ ਕਿਸੇ ਨਾਲ ਲੜ ਪੇ। ਐਮੇਂ ਗੱਲ ਵਧੂ।”
ਬਾਬੇ ਦੇ ਕਹਿਣ ‘ਤੇ ਸਾਰੇ ਜਣੇ ਸੱਥ ‘ਚੋਂ ਉੱਠ ਕੇ ਆਪੋ ਆਪਣੇ ਘਰਾਂ ਨੂੰ ਤੁਰ ਗਏ।