ਨਵੀਂ ਦਿੱਲੀਂ ਭਾਰਤੀ ਕਪਤਾਨ ਅਤੇ ਬੰਗਲੌਰ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਭਾਵੇਂ ਹੀ ਟੀ 20 ਦੇ ਸ਼ੁਰੂਆਤੀ ਮੁਕਾਬਲਿਆਂ ਤੋਂ ਬਾਹਰ ਹੋਣ ਪਰ ਸੋਸ਼ਲ ਸਾਈਟ ਫ਼ੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਉਹ ਫ਼ਾਲੋ ਕੀਤੇ ਜਾਣ ਵਾਲੇ ਟਵੰਟੀ 20 ਲੀਗ ਦੇ ਸਭ ਤੋਂ ਜ਼ਿਆਦਾ ਚਰਚਿਤ ਖਿਡਾਰੀ ਹਨ। ਟੀ 20 ਲੀਗ ਅਜੇ ਸ਼ੁਰੂਆਤੀ ਪੜਾਅ ‘ਚ ਹੈ ਪਰ ਪ੍ਰਸ਼ੰਸਕਾਂ ‘ਚ ਇਸ ਨੂੰ ਲੈ ਕੇ ਕਾਫ਼ੀ ਉਤਸ਼ਾਹ ਹੈ ਅਤੇ ਉਹ ਸੋਸ਼ਲ ਸਾਈਟਾਂ ‘ਤੇ ਵੀ ਆਪਣੇ ਮਨ ਪਸੰਦ ਖਿਡਾਰੀਆਂ ਅਤੇ ਟੀਮਾਂ ਦੇ ਨਾਲ ਜੁੜੇ ਹੋਏ ਹਨ। ਇੱਥੇ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਫ਼ੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਟੀ-20 ਦੇ ਸਭ ਤੋਂ ਚਰਚਿਤ ਖਿਡਾਰੀ ਬੰਗਲੌਰ ਦੇ ਵਿਰਾਟ ਹਨ। ਫ਼ੇਸਬੁੱਕ ‘ਤੇ ਪੁਣੇ ਦੇ ਮਹਿੰਦਰ ਸਿੰਘ ਧੋਨੀ ਦੂਜੇ, ਹੈਦਰਾਬਾਦ ਦੇ ਯੁਵਰਾਜ ਸਿੰਘ ਤੀਜੇ, ਮੁੰਬਈ ਦੇ ਰੋਹਿਤ ਸ਼ਰਮਾ ਚੌਥੇ, ਕੋਲਕਾਤਾ ਦੇ ਸ਼ਾਕਿਬ ਅਲ ਹਸਨ 5ਵੇਂ, ਬੰਗਲੌਰ ਦੇ ਕ੍ਰਿਸ ਗੇਲ ਛੇਵੇਂ, ਹੈਦਰਬਾਦ ਦੇ ਸ਼ਿਖਰ ਧਵਨ ਸਤਵੇਂ, ਕੋਲਕਾਤਾ ਦੇ ਗੌਤਮ ਗੰਭੀਰ 8ਵੇਂ, ਮੁੰਬਈ ਦੇ ਹਰਭਜਨ ਸਿੰਘ ਨੌਵੇਂ ਅਤੇ ਪੰਜਾਬ ਦੇ ਗਲੇਨ ਮੈਕਸਵੇਲ ਦਸਵੇਂ ਸਥਾਨ ‘ਤੇ ਹਨ। ਜਦਕਿ ਇੰਸਟਾਗ੍ਰਾਮ ‘ਤੇ ਵੀ ਵਿਰਾਟ ਚੋਟੀ ‘ਤੇ ਹੈ ਅਤੇ ਪ੍ਰਸ਼ੰਸਕਾਂ ‘ਚ ਸਭ ਤੋਂ ਜ਼ਿਆਦਾ ਚਰਚਿਤ ਹਨ। ਧੋਨੀ ਇੱਥੇ ਵੀ ਦੂਜੇ ਸਥਾਨ ‘ਤੇ ਹਨ। ਟੀ 20 ‘ਚ ਵਾਪਸੀ ਕਰ ਰਹੇ ਡਿਵੀਲੀਅਰਸ ਤੀਜੇ, ਯੁਵਰਾਜ ਚੌਥੇ, ਰੋਹਿਤ 5ਵੇਂ, ਸੁਰੇਸ਼ ਰੈਨਾ ਛੇਵੇਂ, ਕ੍ਰਿਸ ਗੇਲ 7ਵੇਂ, ਹਰਭਜਨ ਸਿੰਘ 8ਵੇਂ, ਰਵਿੰਦਰ ਜਡੇਜਾ ਨੌਵੇਂ ਅਤੇ ਅਜਿੰਕਯ ਰਹਾਨੇ ਦਸਵੇਂ ਸਥਾਨ ‘ਤੇ ਹਨ। ਟੀ 20 ‘ਚ ਫ਼ਿਲਹਾਲ ਇਨ੍ਹਾਂ ਸੋਸ਼ਲ ਨੈੱਟਵਰਕਿੰਗ ਸਾਈਟਾਂ ‘ਤੇ ਚੋਟੀ ‘ਤੇ ਚਲ ਰਹੀਆਂ ਚਰਚਿਤ ਟੀਮਾਂ ‘ਚ ਦਿੱਲੀ ਡੇਅਰਡੇਵਿਲਜ਼ ਸ਼ਾਮਲ ਹੈ। ਗੁਜਰਾਤ ਆਪਣੇ ਖਰਾਬ ਪ੍ਰਦਰਸ਼ਨ ਦੇ ਬਾਵਜੂਦ ਦੂਜੇ ਸਥਾਨ ‘ਤੇ ਹੈ ਜਦਕਿ ਲਗਾਤਾਰ ਜਿੱਤ ਦਰਜ ਕਰਨ ਵਾਲੀ ਪੰਜਾਬ ਤੀਜੇ ਸਥਾਨ ‘ਤੇ ਹੈ। ਕੇ.ਕੇ.ਆਰ. ਚੌਥੇ, ਮੁੰਬਈ 5ਵੇਂ, ਪੁਣੇ 6ਵੇਂ, ਬੰਗਲੌਰ 7ਵੇਂ, ਹੈਦਰਾਬਾਦ 8ਵੇਂ ਨੰਬਰ ‘ਤੇ ਹੈ। ਹੈਦਰਾਬਾਦ ਨੇ ਅਜੇ ਤੱਕ ਆਪਣੇ ਦੋਵੇਂ ਮੈਚ ਜਿੱਤੇ ਹਨ।