ਸਾਡੇ ਹਰ ਇੱਕ ਬੰਦੇ ਦੇ ਦਿਮਾਗ ਵਿੱਚ ਕਰੋੜਾਂ ਡਾਲਰ ਦੇ ਵਿੱਚਾਰ ਭਰੇ ਹੋਏ ਹਨ। ਸਮੱਸਿਆ ਇਹ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਇਨ੍ਹਾਂ ਵਿੱਚਾਰਾਂ ਨੂੰ ਕਰੋੜਾਂ ਡਾਲਰਾਂ ਵਿੱਚ ਤਬਦੀਲ ਕਿਵੇਂ ਕਰਨਾ ਹੈ। ਰਾਬਰਟ ਕੀਓਸਾਕੀ ਦੀ ਉਕਤ ਟਿੱਪਣੀ ਨੂੰ ਹਕੀਕਤ ਵਿੱਚ ਸਾਕਾਰ ਕਰਕੇ ਇੱਕ ਲੇਖਿਕਾ ਨੇ ਕ੍ਰਿਸ਼ਮਾ ਕਰ ਦਿਖਾਇਆ। 1965 ਵਿੱਚ ਜਨਮੀ ਇਹ ਲੇਖਿਕਾ ਕਿਸੇ ਸਮੇਂ ਸਰਕਾਰ ਵੱਲੋਂ ਦਿੰਤੇ ਜਾਂਦੇ ਗੁਜ਼ਾਰੇ ਭੱਤੇ ਤੇ ਆਪਣਾ ਜੀਵਨ ਨਿਰਵਾਹ ਕਰਦੀ ਸੀ। ਆਪਣੀਆਂ ਲਿਖਤਾਂ ਸਦਕਾ ਅੱਜ ਉਹ ਦੁਨੀਆਂ ਦੀ ਇੱਕ ਹਜ਼ਾਰ ਬਾਠਵੀਂ ਅਮੀਰ ਸ਼ਖਸੀਅਤ ਬਣ ਗਈ ਹੈ ਅਤੇ ਵਿਸ਼ਵ ਦੀ ਦੂਜੀ ਅਮੀਰ ਮਨੋਰੰਜਕ ਲੇਖਿਕਾ ਹੈ। ਇਹ ਲੇਖਿਕਾ ਅੱਜ ਬਰਤਾਨੀਆ ਦੇ ਅਮੀਰਾਂ ਵਿੱਚੋਂ 197 ਵੇਂ ਨੰਬਰ ਤੇ ਪਹੁੰਚ ਚੁੱਕੀ ਹੈ। ਮੈਂ ਜਿਸ ਲੇਖਿਕਾ ਬਾਰੇ ਗੱਲ ਕਰ ਰਿਹਾ ਹਾਂ, ਉਸਦਾ ਨਾਂ ਹੈ ਜੇ. ਕੇ. ਰੋਲਿੰਗ। ਜੇ. ਕੇ. ਰੋਲਿੰਗ ਇੰਗਲੈਂਡ ਵਿੱਚ ਪੈਦਾ ਹੋਈ ਉਹ ਲੇਖਿਕਾ ਹੈ ਜਿਸ ਨੇ ਹੈਰੀ ਪੋਟਰ ਨਾਮ ਦੇ ਨਾਵਲਾਂ ਦੀ ਲੜੀ ਲਿਖਕੇ ਪੂਰੀ ਦੁਨੀਆਂ ਵਿੱਚ ਤਹਿਲਕਾ ਮਚਾ ਦਿੱਤਾ।
ਇੰਗਲੈਂਡ ਦੀ ਮਹਾਰਾਣੀ ਤੋਂ ਵੀ ਜ਼ਿਆਦਾ ਅਮੀਰ ਜੇ. ਕੇ. ਰੋਲਿੰਗ ਕਿਸੇ ਸਮੇਂ ਗਰੀਬੀ ਦੀ ਦਲਦਲ ਵਿੱਚ ਜਿਊਣ ਲਈ ਮਜਬੂਰ ਸੀ। ਤਲਾਕਸ਼ੁਦਾ ਜੇ. ਕੇ. ਰੋਲਿੰਗ ਆਪਣੀ ਬੱਚੀ ਦੇ ਨਾਲ ਸਰਕਾਰੀ ਗੁਜ਼ਾਰੇ ਭੱਤੇ ਤੇ ਕਿਸੇ ਨਾ ਕਿਸੇ ਤਰ੍ਹਾਂ ਜ਼ਿੰਦਗੀ ਕੱਟ ਰਹੀ ਸੀ। 1990 ਦੀ ਗੱਲ ਹੈ ਉਹ ਮਾਨਚੈਸਟਰ ਤੋਂ ਲੰਡਨ ਜਾ ਰਹੀ ਸੀ ਕਿ ਉਸਦੀ ਰੇਲ ਗੱਡੀ ਲੇਟ ਹੋ ਗਈ। ਗੱਡੀ ਨੂੰ ਉਡੀਕਦਿਆਂ ਉਸਦੇ ਮਨ ਵਿੱਚ ਹੈਰੀ ਪੋਟਰ ਲਿਖਣ ਦਾ ਵਿੱਚਾਰ ਆਇਆ। ਮਾਂ ਦੀ ਮੌਤ, ਪਤੀ ਤੋਂ ਤਲਾਕ, ਪਹਿਲੇ ਬੱਚੇ ਦਾ ਜਨਮ ਅਤੇ ਗਰੀਬੀ- ਬਹੁਤ ਮਾੜੇ ਦਿਨ ਦੇਖ ਰਹੀ ਸੀ ਜੇ. ਕੇ. ਰੋਲਿੰਗ। ਕਈ ਵਾਰ ਤਾਂ ਉਸਨੁੰ ਭੁੱਖੇ ਸੌਣਾ ਪੈਂਦਾ ਸੀ। ਪੈਸੇ ਦੀ ਐਨੀ ਤੰਗੀ ਸੀ ਕਿ ਉਸਨੇ ਹੈਰੀ ਪੋਟਰ ਲੜੀ ਦਾ ਪਹਿਲਾ ਨਾਵਲ ਰੱਦੀ ਕਾਗਜ਼ਾਂ ਤੇ ਲਿਖਿਆ ਸੀ। ਜ਼ਿੰਦਗੀ ਵਿੱਚ ਸੰਘਰਸ਼ ਸੀ, ਮਨ ਵਿੱਚ ਸੁਪਨਾ ਸੀ, ਜਿੱਤਣ ਦੀ ਆਸ ਸੀ। ਉਹ ਜ਼ਿੰਦਗੀ ਦੀ ਲੜਾਈ ਬੜੇ ਹੌਸਲੇ ਨਾਲ ਲੜਦੀ ਰਹੀ। ਕਈ ਵਰ੍ਹਿਆਂ ਦੀ ਮਿਹਨਤ ਤੋਂ ਬਾਅਦ ਆਖਿਰ ‘ਹੈਰੀ ਪੋਟਰ ਐਂਡ ਦੀ ਫ਼ਿਲਾਸਫ਼ਰਜ਼ ਸਟੋਨ’ ਲਿਖੀ ਗਈ। ਹੁਣ ਸਮੱਸਿਆ ਇਸ ਨੂੰ ਛਪਾਉਣ ਦੀ ਆ ਗਈ। ਕੋਈ ਵੀ ਪ੍ਰਕਾਸ਼ਕ ਨਵੀਂ ਲੇਖਿਕਾ ਦੇ ਨਾਵਲ ਨੂੰ ਛਾਪਣ ਲਈ ਤਿਆਰ ਨਹੀਂ ਸੀ। ਉਂਝ ਵੀ ਇਹ ਇੱਕ ਜਾਦੂਗਰ ਬੱਚੇ ਦੀ ਕਹਾਣੀ ਸੀ। ਪ੍ਰਕਾਸ਼ਕਾਂ ਦੀ ਨਿਗਾਹ ਵਿੱਚ ਇਹ ਵਿਕਣਯੋਗ ਨਾਵਲ ਨਹੀਂ ਸੀ। ਬੜੀ ਮੁਸ਼ਕਿਲ ਨਾਲ ‘ਬਲੂਮਸਬਰੀ ਪ੍ਰਕਾਸ਼ਨ’ ਇਸਨੂੰ ਛਾਪਣ ਲਈ ਤਿਆਰ ਹੋਇਆ। ਬਦਲੇ ਵਿੱਚ ਉਸਨੇ ਸਿਰਫ਼ ਇੱਕ ਹਜ਼ਾਰ ਪੌਂਡ ਜੇ. ਕੇ. ਰੋਲਿੰਗ ਨੂੰ ਦਿੱਤੇ। ਇਹ ਰੋਲਿੰਗ ਦਾ ਸਫ਼ਲਤਾ ਵੱਲ ਪਹਿਲਾ ਕਦਮ ਸੀ। ਜ਼ਿੰਦਗੀ ਵਿੱਚ ਪਹਿਲਾ ਕਦਮ ਹੀ ਬਹੁਤ ਮਹੱਤਵਪੂਰਨ ਹੁੰਦਾ ਹੈ। ਬੱਸ ਇਹ ਸਫ਼ਲ ਕਦਮ ਨੇ ਜੇ. ਕੇ. ਰੋਲਿੰਗ ਦੀ ਜ਼ਿੰਦਗੀ ਬਦਲ ਦਿੱਤੀ। ਨਾਵਲ ਚੱਲ ਨਿਕਲਿਆ। ਅਮਰੀਕਾ ਵਿੱਚ ਇਸ ਪੁਸਤਕ ਦਾ ਕਾਪੀ ਰਾਈਟ ਇੱਕ ਲੱਖ ਡਾਲਰ ਵਿੱਚ ਖਰੀਦਿਆ ਗਿਆ। ਫ਼ਿਰ ਜਦੋਂ ਹੈਰੀ ਪੋਟਰ ਦੀ ਫ਼ਿਲਮ ਦੇ ਅਧਿਕਾਰ ਦੀ ਗੱਲ ਆਈ ਤਾਂ ਉਸਨੂੰ ਮੂੰਹ ਮੰਗੀ ਰਕਮ ਮਿਲੀ।ਇਸ ਤੋਂ ਬਾਅਦ ਜੇ. ਕੇ. ਰੋਲਿੰਗ ਨੇ ਇਯ ਲੜੀ ਵਿੱਚ ਛੇ ਨਾਵਲ ਲਿਖੇ। ਇਸ ਤੋਂ ਇਲਾਵਾ ਜੇ. ਕੇ. ਰੋਲਿੰਗ ਨੇ ਅਪਰਾਧ ਦੇ ਵਿਸ਼ੇ ਨੂੰ ਲੈ ਕੇ ਚਾਰ ਹੋਰ ਨਾਵਲ ਲਿਖੇ ਅਤੇ ਉਹ ਦੁਨੀਆਂ ਦੀ ਸਭ ਤੋਂ ਵੱਧ ਵਿਕਣ ਵਾਲੀ ਲੇਖਿਕਾ ਬਣ ਗਈ।
ਜੀਰੋ ਤੋਂ ਹੀਰੋ ਅਤੇ ਧਰਤੀ ਤੋਂ ਆਕਾਸ਼ ਦੀ ਉਡਾਰੀ ਮਾਰਨ ਵਾਲੀ ਜੇ. ਕੇ. ਰੋਲਿੰਗ ਸਿਰਫ਼ ਇਸ ਕਾਰਨ ਸਫ਼ਲ ਹੋਈ ਕਿ ਉਸਨੇ ਮੁਸੀਬਤਾਂ ਦੇ ਸਾਹਮਣੇ ਹਾਰ ਨਹੀਂ ਮੰਨੀ। ਹਰ ਦੁੱਖ ਦਾ ਹਿੰਮਤ ਨਾਲ ਮੁਕਾਬਲਾ ਕੀਤਾ ਅਤੇ ਮੰਜ਼ਿਲ ‘ਤੇ ਪਹੁੰਚਣ ਤੱਕ ਸਫ਼ਰ ਜਾਰੀ ਰੱਖਿਆ। ਉਸਨੇ ਨਾ ਸਿਰਫ਼ ਆਪਣੇ ਸੁਪਲਿਆਂ ਨੂੰ ਜਿਉਂਦਾ ਰੱਖਿਆ ਬਲਕਿ ਉਹਨਾਂ ਵਿੱਚ ਲਗਾਤਾਰ ਰੰਗ ਭਰਨ ਵਿੱਚ ਯਤਨਸ਼ੀਲ ਰਹੀ। ਉਸਦੇ ਆਤਮ ਬਲ ਨੇ ਉਸਨੁੰ ਮਾਨਸਿਕ ਤੌਰ ‘ਤੇ ਟੁੱਟਣ ਨਹੀਂ ਦਿੱਤਾ।ਯਕੀਂ ਕੇ ਨੂਰ ਸੇ, ਰੌਸ਼ਨ ਹੈਂ ਰਾਸਤੇ ਆਪਨੇ
ਯੇ ਤੋ ਚਿਰਾਗ ਹੈਂ, ਤੂਫ਼ਾਂ ਜਿਨ੍ਹੇ ਬੁਝਾ ਨਾ ਸਕੇ।
ਜੇ. ਕੇ. ਰੋਲਿੰਗ ਵਾਂਗ ਹੀ ਇੱਕ ਸ਼ਖਸ ਜੀਰੋ ਤੋਂ ਹੀਰੋ ਬਣਿਆ ਸੀ। ਉਹ ਸੀ 1906 ਵਿੱਚ ਜਪਾਨ ਵਿੱਚ ਜਨਮਿਆ ਸਾਇਸਰੋ ਹੌਂਡਾ। ਹੌਂਡਾ ਨੂੰ ਅੱਠਵੀਂ ਤੋਂ ਬਾਅਦ ਪੜ੍ਹਾਈ ਨਸੀਬ ਨਹੀਂ ਹੋਈ ਸੀ। ਪਰ ਉਹ ਸਾਡੀ ਇਸ ਦੁਨੀਆਂ ਦਾ ਹੈਨਰੀ ਫ਼ੋਰਡ ਤੋਂ ਬਾਅਦ ਦੂਜਾ ਵੱਡਾ ਇੰਜੀਨੀਅਰ ਮੰਨਿਆ ਜਾਂਦਾ ਹੈ। ਇੱਕ ਵਕਤ ਸੀ ਵੁਸ ਕੋਲ ਦੋ ਵੇਲੇ ਦੀ ਰੋਟੀ ਲਈ ਵੀ ਪੂੰਜੀ ਨਹੀਂ ਸੀ। ਆਉਣ ਜਾਣ ਲਈ ਸਿਰਫ਼ ਸਾਈਕਲ ਸੀ। ਕਾਰ ਖਰੀਦਣ ਲਈ ਉਸ ਕੋਲ ਪੈਸੇ ਨਹੀਂ ਸਨ। ਉਹ ਸੁਪਨੇਸਾਜ਼ ਵਿਅਕਤੀ ਨੇ ਇੱਕ ਬੇਕਾਰ ਪਏ ਜੀ. ਆਈ. ਇੰਜਣ ਨੂੰ ਆਪਣੀ ਸਾਈਕਲ ਵਿੱਚ ਫ਼ਿੱਟ ਕਰ ਲਿਆ। ਇਉਂ ਉਸਨੇ ਆਪਣੀ ਦੇਸੀ ਮੋਟਰ ਸਾਈਕਲ ਬਣਾ ਲਈ ਸੀ। ਇੱਕ ਦਿਨ ਉਸਦੇ ਦੋਸਤ ਨੇ ਉਸਦੀ ਸਾਈਕਲ ਤੋਂ ਬਣੀ ਮੋਟਰ ਸਾਈਕਲ ਵੇਖੀ ਅਤੇ ਉਸ ਵਰਗੀ ਇੱਕ ਹੋਰ ਮੋਟਰ ਸਾਈਕਲ ਬਣਾਉਣ ਲਈ ਬੇਨਤੀ ਕੀਤੀ। ਉਸਨੇ ਸਾਈਕਲ ‘ਤੇ ਫ਼ਿਰ ਇੱਕ ਇੰਜਣ ਫ਼ਿੱਟ ਕਰਕੇ ਮੋਟਰ ਸਾਈਕਲ ਬਣਾ ਕੇ ਦੇ ਦਿੱਤੀ। ਇਉਂ ਉਸਨੇ ਆਪਣੇ ਦੋਸਤਾਂ ਦੀ ਫ਼ੁਰਮਾਇਸ਼ ‘ਤੇ ਕਈ ਮੋਟਰ ਸਾਈਕਲ ਬਣਾਏ। ਅਸਲ ਵਿੱਚ ਇਉਂ ਇੱਕ ਸੰਸਾਰ ਪ੍ਰਸਿੱਧ ਮੋਟਰ ਸਾਈਕਲ ਕੰਪਨੀ ਦਾ ਜਨਮ ਹੋਇਆ ਸੀ। ਇਹ ਕੰਪਨੀ ਸੀ ‘ਹੌਂਡਾ ਮੋਟਰ ਸਾਈਕਲ ਕੰਪਨੀ’। ਇਸ ਕੰਪਨੀ ਦੇ ਸੰਸਥਾਪਕ ਸਨ ਗਰੀਬੀ ਨਾਲ ਜੂਝ ਰਹੇ ਸਾਇਸਰੋ ਹੌਂਡਾ। ਸਾਇਸਰੋ ਹੋਂਡਾ ਘੱਟ ਪੜ੍ਹਿਆ-ਲਿਖਿਆ ਵੱਡਾ ਇੰਜੀਨੀਅਰ ਸੀ।
ਸਾਇਸਰੋ ਹੌਂਡ ਦੀ ਜ਼ਿੰਦਗੀ ਇੱਕ ਦ੍ਰਿੜ੍ਹ ਨਿਸਚੇ ਵਾਲੇ, ਹਾਰ ਨਾ ਕਬੂਲਣ ਵਾਲੇ, ਹਰ ਵਕਤ ਨਵਾਂ ਸੋਚਣ ਵਾਲੇ ਅਤੇ ਵੱਡੇ ਸੁਪਨੇ ਲੈਣ ਵਾਲੇ ਸਫ਼ਲ ਇਨਸਾਨ ਦੀ ਕਹਾਣੀ ਹੈ। ਹੌਂਡਾ ਮੋਟਰਜ਼ ਦਾ ਸੰਸਥਾਪਕ ਸਾਇਸਰੋ ਹੌਂਡ ਦੂਜੇ ਵਿਸ਼ਵ ਯੁੱਧ ਵਿੱਚ ਪੂਰੀ ਦੀਵਾਲੀਆ ਹੋ ਗਿਆ ਸੀ। ਅਮਰੀਕੀ ਬੰਬਾਰੀ ਨੇ ਉਸਦੀ ਫ਼ੈਕਟਰੀ ਤਬਾਹ ਕਰ ਦਿੱਤੀ ਸੀ। ਉਹ ਸੜਕ ‘ਤੇ ਆ ਗਿਆ ਸੀ। ਉਸ ਕੋਲ ਰੋਟੀ ਕਮਾਉਣ ਦਾ ਕੋਈ ਸਾਧਨ ਨਹੀਂ ਸੀ। ਉਸਦੀ ਹਿੰਮਤ ਅਤੇ ਹਾਰ ਨਾ ਮੰਨਣ ਵਾਲੀ ਬਿਰਤੀ ਕਾਰਨ ਉਹ ਦੁਨੀਆਂ ਦੀ ਬਿਹਤਰੀਨ ਆਟੋ ਮੋਬਾਇਲ ਕੰਪਨੀ ਸਥਾਪਤ ਕਰਨ ਵਿੱਚ ਕਾਮਯਾਬ ਹੋ ਗਿਆ ਸੀ। ਹੌਂਡ ਦੀ ਕਾਮਯਾਬੀ ਪਿੱਛੇ ਉਸਦੇ ਸੰਸਥਾਪਕ ਦੀ ਸਖਤ ਘਾਲਣਾ ਸੀ। ਇਸ ਸਫ਼ਲ ਕਹਾਣੀ ਦਾ ਹੀਰੋ ਇੱਕ ਨਹੀਂ ਦੋ ਵਾਰ ਜੀਰੋ ਹੋ ਕੇ ਮੁੜ ਖੜ੍ਹਾ ਹੋਇਆ ਸੀ। ਪਹਿਲੀ ਵਾਰ ਅਮਰੀਕੀ ਬੰਬਾਰੀ ਨੇ ਉਸਦੀ ਫ਼ੈਕਟਰੀ ਨੂੰ ਤਬਾਹ ਕੀਤਾ ਸੀ ਅਤੇ ਦੂਜੀ ਵਾਰ ਜਾਪਾਨ ਵਿੱਚ ਆਏ ਭੂਚਾਲ ਨੇ ਉਸਦੀ ਫ਼ੈਕਟਰੀ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਸੀ। ਅਜਿਹੇ ਹਾਲਾਤ ਵਿੱਚ ਆਮ ਇਨਸਾਨ ਤਾਂ ਢੇਰੀ ਢਾਅ ਕੇ ਬਹਿ ਜਾਂਦਾ ਹੈ। ਬਹੁਤ ਸਾਰੇ ਲੋਕਾਂ ਨੂੰ ਆਰਥਿਕ ਘਾਟੇ ਨਾ ਸਹਿੰਦਿਆਂ ਖੁਦਕੁਸ਼ੀ ਕਰਦੇ ਵੇਖਿਆ ਗਿਆ ਪਰ:
‘ਕੁਛ ਇਸ ਤਰਹਿ ਤਹਿ ਕੀ ਹਮਨੇ ਮੰਜ਼ਿਲੇਂ
ਗਿਰ ਗਏ, ਗਿਰ ਕਰ ਉਠੇ, ਉਠ ਕਰ ਚਲ ਦੀਯੇ’
ਹੌਂਡਾ ਵੀ ਉਠਿਆ। 1945 ਵਿੱਚ ਉਸਨੇ ਜਦੋਂ ਆਪਣੀ ਮੋਟਰ ਸਾਈਕਲ ਫ਼ੈਕਟਰੀ ਖੋਲ੍ਹੀ ਤਾਂ ਉਸ ਕੋਲ ਪੁਰਜੇ ਖਰੀਦਣ ਲਈ ਪੈਸੇ ਨਹੀਂ ਸਨ। ਇਸ ਕੰਪ ਲਈ ਉਸਨੂੰ ਆਪਣੀ ਪਤਨੀ ਦੇ ਗਹਿਣੇ ਵੇਚਣੇ ਪਏ। ਉਸਦੀ ਪਤਨੀ ਨੇ ਉਸਦਾ ਹਰ ਤਰ੍ਹਾਂ ਸਾਥ ਦਿੱਤਾ। ਔਖਾ ਵੇਲਾ ਵੀ ਨਿਕਲ ਗਿਆ। ਅੱਠਵੀਂ ਪਾਸ ਇੰਜੀਨੀਅਰ ਨੇ ਉਹ ਕਰ ਵਿਖਾਇਆ ਜੋ ਵੱਡੇ-ਵੱਡੇ ਮਾਹਿਰ ਨਹੀਂ ਕਰ ਸਕੇ ਸਨ। ਹੌਂਡਾ ਪਹਿਲਾਂ ਜਾਪਾਨੀ ਸੀ, ਜਿਸਨੂੰ ਅਮਰੀਕਨ ਹਾਲ ਆਫ਼ ਫ਼ੇਮ ਲਈ ਚੁਣਿਆ ਗਿਆ। ਹੌਂਡਾ ਦੀ ਮਿਹਨਤ ਸਦਕਾ ਅੱਜ ਹੌਂਡਾ ਨੂੰ ਦੁਨੀਆਂ ਦੀਆਂ ਸਰਵੋਤਮ ਕੰਪਨੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਹੌਂਡਾ ਦੀ ਸਫ਼ਲਤਾ ਪਿੱਛੇ ਉਸਦੀ ਸਕਾਰਾਤਮਕ ਸੋਚ ਅਤੇ ਹਰ ਹਾਲਾਤ ਵਿੱਚ ਲੜਨ ਦੀ ਹਿੰਮਤ ਹੈ। ਹੌਂਡਾ ਇਉਂ ਕਹਿੰਦਾ ਨਜ਼ਰ ਆਉਂਦਾ ਹੈ:
ਯੇ ਕਹਿ ਕੇ ਦਿਲ ਨੇ ਮੇਰੇ, ਹੌਸਲੇ ਬੜ੍ਹਾਏ ਹੈਂ
ਗਮੋਂ ਕੀ ਧੂਪ ਕੇ ਆਗੇ, ਖੁਸ਼ੀ ਕੇ ਸਾਏ ਹੈਂ।
ਜੇ. ਕੇ. ਰੋਲਿੰਗ ਅਤੇ ਸਾਇਸਰੋ ਹੌਂਡਾ ਦੀਆਂ ਜੀਵਨ ਕਹਾਣੀਆਂ ਉਨ੍ਹਾ ਲੋਕਾਂ ਲਈ ਪ੍ਰੇਰਨਾ ਸਰੋਤ ਹਨ ਜੋ ਜ਼ਿੰਦਗੀ ਵਿੱਚ ਸਫ਼ਲਤਾ ਦੀ ਇਬਾਰਤ ਲਿਖਣ ਲਈ ਯਤਨਸ਼ੀਲ ਹਨ। ਯਾਦ ਰੱਖੋ ਕ੍ਰਿਸ਼ਨ ਜੀ ਦੇ ਇਹ ਸੂਤਰ ‘ਕਰਮ ਕਰੋ ਅਤੇ ਫ਼ਲ ਦੀ ਇੱਛਾ ਨਾ ਕਰੋ’ ਦੀ ਵਿਆਖਿਆ ਇਸ ਤਰੀਕੇ ਨਾਲ ਵੀ ਕੀਤੀ ਜਾ ਸਕਦੀ ਹੈ ਕਿ ਕਰਮ ਕਰੋ, ਮਿਹਨਤ ਕਰੋ, ਕਰਦੇ ਰਹੋ। ਜੇ ਮਨਪਸੰਦ ਫ਼ਲ ਨਹੀਂ ਵੀ ਮਿਲਦਾ ਤਾਂ ਵੀ ਨਿਰਾਸ਼ ਨਾ ਹੋਵੋ। ਉਲਟ ਅਤੇ ਵਿਪਰੀਤ ਪ੍ਰਸਥਿਤੀਆਂ ਵਿੱਚ ਕੁਝ ਲੋਕ ਟੁੱਟ ਜਾਂਦੇ ਹਨ ਪਰ ਕੁਝ ਅਜਿਹੇ ਵੀ ਹੁੰਦੇ ਹਨ ਜੋ ਰਿਕਾਰਡ ਤੋੜ ਦਿੰਦੇ ਹਨ। ਜੇ. ਕੇ. ਰੋਲਿੰਗ, ਸਾਇਸਰੋ ਹੌਂਡਾ, ਇਬਰਾਹੀਮ ਲਿੰਕਨ ਅਤੇ ਐਡੀਸ਼ਨ ਵਾਂਗ ਹਾਰਾਂ ਅੱਗੇ ਨਹੀਂ ਝੁਕਦੇ ਅਤੇ ਅੰਤ ਜਿੱਤ ਪ੍ਰਾਪਤ ਕਰ ਜਾਂਦੇ ਹਨ। ਬੱਚਿਆਂ ਨੂੰ ਇਹ ਸਮਝਾਉਣਾ ਜ਼ਰੂਰੀ ਹੁੰਦਾ ਹੈ ਕਿ ਰਾਤ ਤੋਂ ਬਾਅਦ ਦਿਨ ਹੀ ਹੁੰਦਾ ਹੈ, ਹਾਰ ਤੋਂ ਬਾਅਦ ਜਿੱਤ ਹੀ ਹੁੰਦੀ ਹੈ।
ਮੁਸ਼ਕਿਲੇਂ ਦਿਲ ਕੇ ਇਰਾਦੇ ਅਜ਼ਮਾਤੀ ਹੈਂ
ਹੁਸਨ ਕੇ ਪਰਦੇ ਨਿਗਾਹੋਂ ਸੇ ਹਟਾਤੀ ਹੈਂ
ਹੌਸਲਾ ਮਤ ਹਾਰ ਗਿਰ ਕਰ ਓ ਮੁਸਾਫ਼ਿਰ
ਠੋਕਰੇਂ ਇਨਸਾਨ ਕੋ ਚਲਨਾ ਲਿਖਾਤੀ ਹੈਂ।
ਸ੍ਰੀ ਵਾਲਿੰਟਨ ਨੇ ਕਿਹਾ ਸੀ ਕਿ ਜੀਵਨ ਵਿੱਚ ਸਫ਼ਲਤਾ ਸਾਡੀਆਂ ਉਪਲਬਧੀਆਂ ਦੁਆਰਾ ਹੀ ਨਹੀਂ ਨਾਪੀ ਜਾਂਦੀ, ਬਲਕਿ ਉਨ੍ਹਾਂ ਕਠਿਨਾਈਆਂ ਦੁਆਰਾ ਵੀ ਨਾਪੀ ਜਾਂਦੀ ਹੈ, ਜਿਹਨਾਂ ਮੁਸ਼ਕਿਲਾਂ, ਹਾਰਾਂ ਅਤੇ ਅਸਫ਼ਲਤਾਵਾਂ ਨੂੰ ਪਾਰ ਕਰਕੇ ਮਨੁੱਖ ਸਫ਼ਲ ਮਨੁੱਖ ਬਣਿਆ ਹੈ। ਜੇ ਤੁਸੀਂ ਇੰਦਰਧਨੁਸ਼ ਵਰਗੀ ਸਤਰੰਗੀ ਪੀਂਘ ਦਾ ਨਜ਼ਾਰਾ ਲੈਣਾ ਹੈ ਤਾਂ ਤੁਹਾਨੂੰ ਵਰਖਾ ਵੀ ਸਹਿਣ ਕਰਨੀ ਪਵੇਗੀ। ਜਿੱਤ ਹਮੇਸ਼ਾ ਉਨ੍ਹਾਂ ਦੀ ਹੁੰਦੀ ਹੈ ਜੋ ਹਾਰ ਨਹੀਂ ਮੰਨਦੇ। ਜ਼ਿੰਦਗੀ ਵਿੱਚ ਹਾਰ ਉਦੋਂ ਹੀ ਮੰਨੀ ਜਾਂਦੀ ਹੈ ਜਦੋਂ ਅਸੀਂ ਹਾਰ ਸਵੀਕਾਰ ਕਰ ਲੈਂਦੇ ਹਾਂ। ਮੰਜ਼ਿਲ ਵੱਲ ਦੌੜਦੇ ਹੋਏ ਡਿੱਗਣਾ ਸੁਭਾਵਿਕ ਹੁੰਦਾ ਹੈ ਅਤੇ ਡਿੱਗ ਕੇ ਉਠਣਾ ਅਤੇ ਫ਼ਿਰ ਦੌੜਨਾ ਵੀ ਜ਼ਿੰਦਗੀ ਦੀ ਦੌੜ ਦਾ ਹਿੱਸਾ ਹੁੰਦਾ ਹੈ। ਜਿੱਤਣ ਦੀ ਆਸ ਨਾਲ ਦੌੜਨਾ ਹੀ ਜ਼ਿੰਦਗੀ ਹੈ ਪਰ ਡਿੱਗ ਕੇ ਹਾਰ ਮੰਨ ਲੈਣਾ ਮੌਤ। ਇੱਕ ਲੋਕ ਕਥਨ ਹੈ, ਜੀਵੇ ਆਸਾ, ਮਰੇ ਨਿਰਾਸਾ।