ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਆਸਟਰੇਲੀਆ ਵਿਰੁੱਧ ਪੁਣੇ ਟੈਸਟ ਵਿੱਚ ਮਿਲੀ 333 ਦੌੜਾਂ ਦੀ ਵੱਡੀ ਹਾਰ ਦੇ ਸਦਮੇ ਤੋਂ ਉਭਰਦੇ ਹੋਏ ਨਵੇਂ ਜੋਸ਼ ਨਾਲ ਕਿਹਾ ਹੈ ਕਿ ਹਰ ਦਿਨ ਇੱਕ ਨਵਾਂ ਦਿਨ ਹੁੰਦਾ ਹੈ ਤੇ ਹਰ ਦਿਨ ਦੇ ਨਾਲ ਤੁਹਾਨੂੰ ਇੱਕ ਨਵਾਂ ਮੌਕਾ ਮਿਲਦਾ ਹੈ।
ਆਸਟਰੇਲੀਆ ਵਿਰੁੱਧ ਮੌਜੂਦਾ ਚਾਰ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਹਾਰ ਨਾਲ ਭਾਰਤੀ ਟੀਮ ਦਾ ਪਿਛਲਾ 19 ਮੈਚਾਂ  ਵਿੱਚ ਅਜੇਤੂ ਰਹਿਣ ਦਾ ਕ੍ਰਮ ਟੁੱਟ ਗਿਆ। ਇਸ ਹਾਰ ਤੋਂ ਬਾਅਦ ਭਾਰਤੀ ਟੀਮ ਦੀ ਹਰ ਪਾਸੇ ਆਲੋਚਨਾ ਹੋ ਰਹੀ ਹੈ, ਪਰ ਕਪਤਾਨ ਵਿਰਾਟ ਇਨ੍ਹਾਂ ਆਲੋਚਨਾਵਾਂ ਤੋਂ ਦੂਰ ਪਹਾੜਾਂ ‘ਤੇ ਟ੍ਰੈਕਿੰਗ ਕਰ ਕੇ ਖੁਦ ਨੂੰ ਸੀਰੀਜ਼ ਦੇ ਅਗਲੇ ਮੈਚਾਂ ਲਈ ਤਰੋਤਾਜ਼ਾ ਕਰ ਰਹੇ ਹਨ।
ਵਿਰਾਟ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਤਸਵੀਰ ਪੋਸਟ ਕੀਤੀ ਹੈ। ਵਿਰਾਟ ਦੇ ਇਲਾਵਾ ਸਟਾਰ ਆਫ਼ ਸਪਿਨਰ ਆਰ. ਅਸ਼ਵਿਨ, ਅਜਿੰਕਯ ਰਹਾਨੇ, ਉਮੇਸ਼ ਯਾਦਵ ਤੇ ਰਵਿੰਦਰ ਜਡੇਜਾ ਨੇ ਵੀ ਆਪਣੇ ਸੋਸ਼ਲ ਅਕਾਊਂਟ ‘ਤੇ ਆਪਣੀਆਂ ਟ੍ਰੈਕਿੰਗ ਕਰਦੀਆਂ ਤਸੀਵਰਾਂ ਸਾਂਝੀਆਂ ਕੀਤੀਆਂ ਹਨ।