ਆਪਣੇ ਦੌਰ ਦੀ ਸ਼ਾਨਦਾਰ ਅਭਿਨੇਤਰੀ ਸ੍ਰੀਦੇਵੀ ਨੇ ਇੱਕ ਲੰਮਾ ਅਰਸਾ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕੀਤਾ। ਫ਼ਿਰ ਵਿਆਹੁਤਾ ਜ਼ਿੰਦਗੀ ਵਿੱਚ ਕਾਫ਼ੀ ਸਾਲ ਮਸਰੂਫ਼ ਰਹਿਣ ਤੋਂ ਬਾਅਦ ‘ਇੰਗਲਿਸ਼ ਵਿੰਗਲਿਸ਼’ ਰਾਹੀਂ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ। ਇਸੇ ਸਫ਼ਰ ਨੂੰ ਅੱਗੇ ਤੋਰਦਿਆਂ ਸ੍ਰੀਦੇਵੀ ਦੀ ਅਗਲੀ ਫ਼ਿਲਮ ‘ਮਾਮ’ ਅੱਜਕੱਲ੍ਹ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਬੀਤੇ ਦਿਨੀਂ ਇਸ ਫ਼ਿਲਮ ਦਾ ਪੋਸਟਰ ਜਾਰੀ ਕੀਤਾ ਗਿਆ। ਇਸ ਪੋਸਟਰ ਵਿੱਚ ਸ੍ਰੀਦੇਵੀ ਭਾਵੁਕ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ। ਪੋਸਟਰ ਵਿੱਚ ਸ੍ਰੀਦੇਵੀ ਕਾਲ਼ੇ ਰੰਗ ਦੇ ਲਿਬਾਸ ਵਿੱਚ ਵੱਖਰੇ ਹੀ ਅੰਦਾਜ਼ ‘ਚ ਨਜ਼ਰ ਆ ਰਹੀ ਹੈ। ਪੋਸਟਰ ‘ਤੇ ਵੱਖ ਵੱਖ ਭਾਸ਼ਾਵਾਂ ਵਿੱਚ ‘ਮਾਮ’ ਲਿਖਿਆ ਹੋਇਆ ਹੈ। ਸ੍ਰੀਦੇਵੀ ਦਾ ਬਿਹਤਰੀਨ ਲੁਕ ਦਿਖਾਈ ਦਿੰਦਾ ਹੈ। ਪੋਸਟਰ ‘ਤੇ ਫ਼ਿਲਮ ਰਿਲੀਜ਼ ਦੀ ਤਰੀਕ 14 ਜੁਲਾਈ ਵੀ ਦਰਸਾਈ ਗਈ ਹੈ। ਰਵੀ ਉਦਿਆਵਰ ਦੇ ਨਿਰਦੇਸ਼ਨ ਵਿੱਚ ਬਣੀ ਇਹ ਫ਼ਿਲਮ ਹਿੰਦੀ ਭਾਸ਼ਾ ਦੇ ਨਾਲ ਨਾਲ ਤਮਿਲ ਅਤੇ ਤੇਲਗੂ ਭਾਸ਼ਾ ਵਿੱਚ ਵੀ ਰਿਲੀਜ਼ ਕੀਤੀ ਜਾਵੇਗੀ। ਉਥੇ, ਇਸ ਫ਼ਿਲਮ ਵਿੱਚ ਉਨ੍ਹਾਂ ਨਾਲ ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਅਤੇ ਅਕਸ਼ੇ ਖੰਨਾ ਵੀ ਅਹਿਮ ਕਿਰਦਾਰ ਨਿਭਾ ਰਹੇ ਹਨ। ਮਨੀਸ਼ ਮਲਹੋਤਰਾ ਨੇ ਪੋਸਟਰ ਦੀ ਤਾਰੀਫ਼ ਕਰਦਿਆਂ ਕਿਹਾ, ‘ਮਾਮ’ ਵਿੱਚ ਸ੍ਰੀਦੇਵੀ ਸ਼ਾਨਦਾਰ ਅਭਿਨੇਤਰੀ ਦੇ ਰੂਪ ਵਿੱਚ, ਫ਼ਿਲਮ ਦੀ ਉਡੀਕ ਨਹੀਂ ਕਰ ਸਕਦਾ।’ ਕਰਨ ਜੌਹਰ ਨੇ ਵੀ ਟਵਿੱਟਰ ‘ਤੇ ਕਿਹਾ, ‘ਸ੍ਰੀਦੇਵੀ ਦੀ 300ਵੀਂ ਫ਼ਿਲਮ, ਕਰੀਅਰ ਦੇ 50 ਸਾਲ, ਮੇਰੀ ਪਸੰਦੀਦਾ ਅਭਿਨੇਤਰੀ ਸ੍ਰੀਦੇਵੀ ‘ਮਾਮ’ ਦੇ ਰੂਪ ਵਿੱਚ!’ ਚਰਚਾ ਹੈ ਕਿ ਅਪ੍ਰੈਲ ਦੇ ਪਹਿਲੇ ਹਫ਼ਤੇ ਫ਼ਿਲਮ ਦਾ ਟ੍ਰੇਲਰ ਮੁੰਬਈ ‘ਚ ਜਾਰੀ ਕੀਤਾ ਜਾਵੇਗਾ। ਇਸ ਫ਼ਿਲਮ ਦਾ ਨਿਰਮਾਣ ਸ੍ਰੀਦੇਵੀ ਦੇ ਪਤੀ ਬੋਨੀ ਕਪੂਰ ਨੇ ਕੀਤਾ ਹੈ। ਰਵੀ ਉਦਿਆਰ ਨੇ ਨਿਰਦੇਸ਼ਨ ਦਿੱਤਾ ਹੈ। ਫ਼ਿਲਮ ਦੀ ਕਾਸਟ ਵਿੱਚ ਪਹਿਲਾਂ ਕੁਝ ਪਾਕਿਸਤਾਨੀ ਕਲਾਕਾਰਾਂ ਦੇ ਨਾਂ ਸਨ ਪਰ ਭਾਰਤ ਵਿੱਚ ਪਾਕਿ ਕਲਾਕਾਰਾਂ ਦੇ ਬੈਨ ਕਾਰਨ ਇਹ ਨਾਂ ਗ਼ਾਇਬ ਹੋ ਗਏ। ਫ਼ਿਲਮ ਦਾ ਸੰਗੀਤ ਏ.ਆਰ. ਰਹਿਮਾਨ ਨੇ ਦਿੱਤਾ ਹੈ।