ਖ਼ੁਰਾਕ ਦਾ ਅਸਲ ਕੰਮ ਜਿੱਥੇ ਸਰੀਰ ਨੂੰ ਊਰਜਾ ਦੇਣਾ, ਸਰੀਰ ਦੀ ਟੁੱਟ-ਭੱਜ ਦੀ ਮੁਰੰਮਤ ਕਰਨਾ ਹੈ, ਉੱਥੇ ਹੀ ਇਸ ਦਾ ਮਹੱਤਵ ਸਵਾਦ ਦੇ ਪੱਖ ਤੋਂ ਵੀ ਅਹਿਮ ਹੈ। ਸਵਾਦ ਜੀਵ ਵਿਕਾਸ ਵਿੱਚ ਮਨੁੱਖਾਂ ਤਕ ਪਹੁੰਚਦੇ ਪੰਜ ਪ੍ਰਮੁੱਖ ਗਿਆਨ ਇੰਦਰੀਆਂ ਦਾ ਹਿੱਸਾ ਹੈ।  ਅਸੀਂ ਸੁਣ, ਸੁੰਘ, ਦੇਖ, ਛੋਹ ਅਤੇ ਸਵਾਦ ਰਾਹੀਂ ਸੁਚੇਤ ਹੁੰਦੇ ਹਾਂ ਅਤੇ ਫ਼ਿਰ ਉਸ ਗਿਆਨ ਦੇ ਆਧਾਰ ਉੱਤੇ ਅੱਗੋਂ ਕੋਈ ਕਦਮ ਚੁੱਕਦੇ ਹਾਂ। ਗ਼ਲਤ ਸੁਨੇਹਾ ਸਾਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। ਕਈ ਵਾਰ ਕੋਈ ਵਸਤੂ ਦੇਖਣ ਵਿੱਚ ਅਤੇ ਸੁੰਘਣ ਪੱਖੋਂ ਤਾਂ ਠੀਕ ਲੱਗ ਸਕਦੀ ਹੈ, ਪਰ ਸਵਾਦ ਵਿੱਚ ਕੌੜੀ, ਤਿੱਖੀ ਜਾਂ ਖੱਟੀ ਹੋ ਸਕਦੀ ਹੈ। ਇਸ ਕਰਕੇ ਸਾਡੀ ਜੀਭ ਉਸ ਨੂੰ ਖਾਣ ਤੋਂ ਇਨਕਾਰ ਕਰ ਦਿੰਦੀ ਹੈ। ਜੇ ਅਜੋਕੇ ਸੰਦਰਭ ਵਿੱਚ ਦੇਖੀਏ ਤਾਂ ਮਨੁੱਖੀ ਛੇੜ-ਛਾੜ ਨਾਲ ਬਣਾਈ ਗਈ ਚੰਗੇ ਸਵਾਦ ਵਾਲੀ ਚੀਜ਼ ਸਾਡੇ ਸਰੀਰ ਨੂੰ ਨੁਕਸਨ  ਕਰ ਸਕਦੀ ਹੈ ਤੇ ਕੋਈ ਖੱਟੀ ਅਤੇ ਬਕਬਕੀ ਕੁਦਰਤੀ ਚੀਜ਼ ਸਾਨੂੰ ਫ਼ਾਇਦਾ ਦੇ ਸਕਦੀ ਹੈ।
ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਅਸੀਂ ਖ਼ੁਰਾਕ ਲਈ ਉਨ੍ਹਾਂ ਚੀਜ਼ਾਂ ਦੀ ਹੀ ਚੋਣ ਕੀਤੀ ਹੈ ਜੋ ਸਾਡੇ ਸਵਾਦ ਵਾਲੇ ਹਿੱਸੇ ਨੂੰ ਪ੍ਰਵਾਨ ਸੀ। ਭਾਵ ਅਨਾਜ ਵਿੱਚ ਕਣਕ, ਚੌਲ, ਦਾਲਾਂ ਜਾਂ ਫ਼ਲ ਸਬਜ਼ੀਆਂ ਦੀ ਇੱਕ ਲੰਮੀ ਸੂਚੀ ਸੀ। ਸਮੇਂ ਦੇ ਨਾਲ ਨਾਲ ਵਿਗਿਆਨਕ ਸਮਝ ਤਹਿਤ ਅਸੀਂ ਮਿੱਠਾ, ਨਮਕ ਅਤੇ ਘਿਓ ਜਾਂ ਤੇਲ ਨੂੰ ਆਪਣੀ ਖ਼ੁਰਾਕ ਨਾਲ ਜੋੜਿਆ ਤੇ ਇਸ ਤਰ੍ਹਾਂ ਖ਼ੁਰਾਕ ਵਿੱਚ ਸਵਾਦ ਦੀ ਸਰਦਾਰੀ ਹੁੰਦੀ ਗਈ। ਅਜੋਕੇ ਰੁਝਾਨ ਨੂੰ ਦੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਭੋਜਨ ਵਿੱਚ ਸਵਾਦ ਨੂੰ ਹੀ ਪ੍ਰਮੁੱਖ ਰੱਖਿਆ ਜਾ ਰਿਹਾ ਹੈ। ਖ਼ੁਰਾਕ ਦਾ ਮੂਲ ਮਕਸਦ ਹੈ ਕਿ ਉਸ ਨੂੰ ਸਰੀਰਕ ਤੰਦਰੁਸਤੀ ਲਈ ਉਸ ਵਿਚਲੇ ਗੁਣਾਂ ਕਰਕੇ ਚੁਣਿਆ ਜਾਵੇ, ਪਰ ਅੱਜ ਅਜਿਹਾ ਨਹੀਂ ਹੋ ਰਿਹਾ।
ਅਨਾਜ ਵਰਗ ਵਿੱਚ ਅਸੀਂ ਹੌਲੀ ਹੌਲੀ ਕਣਕ ਅਤੇ ਚੌਲ ਵੱਲ ਝੁਕਾ ਵਧਾਇਆ ਹੈ ਤੇ ਸਾਡੇ ਖਾਣੇ ਵਿੱਚ ਮੱਕੀ, ਬਾਜਰਾ ਤੇ ਰਾਗੀ ਆਦਿ ਲੋਪ ਹੋ ਗਏ ਹਨ। ਜੇ ਕਣਕ ਦੀ ਵਰਤੋਂ ‘ਤੇ ਵੀ ਨਜ਼ਰ ਮਾਰੀਏ ਤਾਂ ਅਸੀਂ ਇਸ ਦੇ ਛਿੱਲਕੇ (ਸੂੜੇ) ਨੂੰ ਮਨਜ਼ੂਰੀ ਨਹੀਂ ਦਿੱਤੀ ਅਤੇ ਮੈਦੇ ਉੱਤੇ ਵਧੇਰੇ ਨਿਰਭਰ ਹੋ ਗਏ ਕਿਉਂਕਿ ਉਸ ਨਾਲ ਬਣੇ ਖਾਣੇ ਸਵਾਦਲੇ ਤੇ ਨਰਮ ਹੁੰਦੇ ਹਨ। ਸਬਜ਼ੀਆਂ ਅਤੇ ਫ਼ਲਾਂ ਦੇ ਵਰਗ ਨੂੰ ਅਸੀਂ ਆਮ ਤੌਰ ‘ਤੇ ਬਿਮਾਰੀ ਵੇਲੇ ਦੀ ਖ਼ੁਰਾਕ ਵਜੋਂ ਹੀ ਜਾਣਦੇ ਹਾਂ। ਹੁਣ ਜਦੋਂ ਬਾਜ਼ਾਰੂ ਰੁਝਾਨ ਵਧ ਰਿਹਾ ਹੈ ਤਾਂ ਅਸੀਂ ਸ਼ਹਿਤੂਤ, ਬੇਰ ਅਤੇ ਜਾਮਨ ਵਰਗੇ ਫ਼ਲਾਂ ਨੂੰ ਪੇਂਡੂ ਕਹਿ ਕੇ ਨਾਕਾਰ ਦਿੱਤਾ ਹੈ ਤੇ ਹੋਰ ਸਥਾਨਕ ਫ਼ਲਾਂ ਵੱਲੋਂ ਵੀ ਧਿਆਨ ਫ਼ੇਰ ਲਿਆ ਹੈ। ਘਿਓ, ਤੇਲ, ਨਮਕ ਅਤੇ ਮਿੱਠਾ ਆਦਿ ਅੱਜ ਸਾਡੀ ਖ਼ੁਰਾਕ ਦੇ ਅਹਿਮ ਤੱਤ ਹਨ। ਇਨ੍ਹਾਂ ਤੱਤਾਂ ਦਾ ਮਕਸਦ ਖ਼ੁਰਾਕ ਨੂੰ ਸਵਾਦਲਾ ਬਣਾਉਣਾ ਹੀ ਹੈ। ਇਨ੍ਹਾਂ ਨਾਲ ਸਾਡੇ ਖ਼ੁਰਾਕੀ ਪਦਾਰਥ ਮਿੱਠੇ, ਨਮਕੀਨ, ਤਿੱਖੇ ਤੇ ਖਸਤਾ ਬਣਦੇ ਹਨ। ਇਹ ਸਾਰੇ ਤੱਤ ਅੱਜ ਸਾਡੀ ਖ਼ੁਰਾਕੀ ਥਾਲੀ ਵਿੱਚ ਲੋੜ ਤੋਂ ਵੱਧ ਵਰਤੋਂ ਵਿੱਚ ਆ ਰਹੇ ਹਨ।
ਖ਼ੁਰਾਕ ਵਿਗਿਆਨ ਨੇ ਖ਼ੁਰਾਕੀ ਤੱਤਾਂ ਬਾਰੇ ਸਾਡੀ ਜਾਣਕਾਰੀ ਵਿੱਚ ਵਾਧਾ ਕੀਤਾ ਜਿਵੇਂ ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਪਦਾਰਥਾਂ ਆਦਿ ਦੀ ਲੰਮੀ ਕਤਾਰ ਹੈ। ਭੋਜਨ ਵਿਗਿਆਨ ਨੇ ਸਾਡੀ ਖ਼ੁਰਾਕ ਨੂੰ ਮੂੰਹ ਤਕ ਪਹੁੰਚਾਉਣ ਲਈ ਖਾਣੇ ਨੂੰ ਸਵਾਦਲੇ ਬਣ ਾਉਣ ਦੇ ਢੰਗ ਦੱਸੇ। ਅੱਜ ਦੀ ਖ਼ੁਰਾਕ ਅਤੇ ਭੋਜਨ ਵਿੱਦਿਆ ਦਾ ਮਕਸਦ ਹੈ ਕਿ ਖਾਣਾ ਸਵਾਦਲਾ ਤੇ ਨਰਮ ਹੋਵੇ ਜਿਵੇਂ ਬਰੈੱਡ, ਬੰਦ, ਪੂਰੀ ਅਤੇ ਕੁਲਚਾ ਆਦਿ। ਮਿੱਠਾ ਹੋਵੇ ਜਿਵੇਂ ਕੇਕ, ਪੇਸਟਰੀਆਂ ਤੇ ਮਿਠਾਈਆਂ ਆਦਿ। ਨਮਕੀਨ ਤੇ ਖਸਤਾ ਹੋਣ ਜਿਵੇਂ ਭੁਜੀਆ, ਪਕੌੜੇ, ਸਮੋਸੇ ਅਤੇ ਹੋਰ ਆਦਿ ਪਦਾਰਥ। ਅਸੀਂ ਮੱਛੀ ਨੂੰ ਵਧੀਆ ਪ੍ਰੋਟੀਨ ਅਤੇ ਘੱਟ ਫ਼ੈਟ ਵਾਲਾ ਸਮਝ ਕੇ ਇਸਤੇਮਾਲ ਕਰਨਾ ਚਾਹੁੰਦੇ ਹਾਂ, ਪਰ ਖਾ ਤੇਲ ਵਿੱਚ ਤਲੇ ਹੋਏ ਮੱਛੀ ਦੇ ਪਕੌੜੇ, ਘਿਓ ਅਤੇ ਨਮਕ ਨਾਲ ਬਣੇ ਖਸਤਾ ਅਤੇ ਸਵਾਦਲੇ ਰੂਪ ਵਿੱਚ ਰਹੇ ਹਾਂ। ਸ਼ਾਇਦ ਇਸੇ ਮਕਸਦ ਦੇ ਮੱਦੇਨਜ਼ਰ ਹੀ ਉਹ ਅਨਾਜ, ਦਾਲਾਂ ਅਤੇ ਫ਼ਲ-ਸਬਜ਼ੀਆਂ ਗਾਇਬ ਹੋਏ ਹਨ, ਜੋ ਸਵਾਦਲਾ ਭੋਜਨ ਬਣਾਉਣ ਵਿੱਚ ਅੜਿਕਾ ਬਣਦੇ ਸਨ।
ਬੱਚਿਆਂ ਵਿੱਚ ਖ਼ੁਰਾਕ ਦੇ ਨਿਵੇਕਲੇ ਰੂਪ ਚਾਕਲੇਟ, ਕੇਕ, ਐਨਰਜੀ ਬਾਰ, ਕ੍ਰੀਮ ਬਿਸਕੁਟ, ਜੈਲੀ, ਕੈਂਡੀ, ਕੁਰਕਰੇ ਅਤੇ ਚਿਪਸ ਆਦਿ ਮਿਲਦੇ ਹਨ। ਸਾਰੀਆਂ ਸਰੀਰਕ ਇੰਦਰੀਆਂ ਵਿੱਚ ਖ਼ਾਸਕਰ ਸਵਾਦ ਅਤੇ ਗੰਧ ਦੀ ਇਹ ਖ਼ਾਸੀਅਤ ਹੈ ਕਿ ਵਿਅਕਤੀ ਨੂੰ ਜਿਸ ਕਿਸੇ ਸਵਾਦ ਜਾਂ ਗੰਦ ਦੀ ਆਦਤ ਪਾ ਦੇਵੇ, ਉਹ ਉਸ ਦਾ ਆਦੀ ਹੋ ਜਾਂਦਾ ਹੈ। ਇਸ ਦੇ ਮੱਦੇਨਜ਼ਰ ਹੀ ਬੱਚਿਆਂ ਦੇ ਸਵਾਦ ਨੂੰ ਕੁਝ ਇਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਕਿ ਵੱਡੇ ਹੋ ਕੇ ਵੀ ਉਹ ਇਸ ਨੂੰ ਜਾਰੀ ਰੱਖ ਸਕਣ। ਬਚਪਨ ਵਿੱਚ ਤਾਂ ਬੱਚੇ ਦੀ ਜ਼ਿੱਦ ਚੱਲ ਜਾਂਦੀ ਹੈ ਪਰ ਵੱਡਾ ਹੋ ਕੇ ਉਸ ਦੀ ਪੱਕੀ ਹੋਈ ਆਦਤ ਉਸ ਨੂੰ ਖ਼ੁਦ-ਬ-ਖ਼ੁਦ ਉਸ ਖਾਣੇ ਵੱਲ ਲੈ ਜਾਂਦੀ ਹੈ, ਜਿਸ ਤੋਂ ਉਸ ਨੂੰ ਰੋਕਿਆ ਜਾਂਦਾ ਸੀ। ਸਵਾਦ ਦੇ ਲਾਲਚਵੱਸ ਅਢੁੱਕਵਾਂ ਖਾਣਾ ਖਾਣ ਦੇ ਸਿੱਟੇ ਵਜੋਂ ਅੱਜ ਬੱਚਿਆਂ ਵਿੱਚ ਮੋਟਾਪੇ ਦੀ ਦਰ ਖ਼ਤਰਨਾਤਕ ਹੱਦ ਤੋਂ ਵੱਧ ਹੈ ਤੇ ਜਵਾਨ ਹੁੰਦੇ ਹੁੰਦੇ ਉਹ ਸ਼ੱਕਰ ਰੋਗ, ਦਿਲ ਦੀਆਂ ਬਿਮਾਰਿਆਂ ਤੇ ਹੱਡਿਆਂ ਦੇ ਨੁਕਸ ਦੇ ਸ਼ਿਕਾਰ ਹੋਣ ਲੱਗੇ ਹਨ।
ਬੱਚਿਆਂ ਦੀਆਂ ਖ਼ੁਰਾਕੀ ਆਦਤਾਂ ਨੂੰ ਸੇਧ ਦੇਣ ਲਈ ਘਰ ਦਾ ਖ਼ੁਰਾਕੀ ਵਾਤਾਵਰਣ ਕਾਫ਼ੀ ਅਹਿਮੀਅਤ ਰਖਦਾ ਹੈ। ਘਰ ਵਿੱਚ ਜੋ ਬਾਹਰੋਂ ਆਵੇਗਾ ਜਾਂ ਬਣੇਗਾ, ਬੱਚੇ ਉਹੀ ਖਾਣਗੇ। ਦੂਜਾ ਪੜਾਅ ਹੈ ਸਕੂਲ, ਬੱਚਾ ਜੇਬ ਖ਼ਰਚੀ ਨਾਲ ਮਨਮਰਜ਼ੀ ਦੀ ਚੀਜ਼ ਖ਼ਰੀਦ ਸਕਦਾ ਹੈ ਤੇ ਸਕੂਲ ਦਾ ਖ਼ੁਰਾਕੀ ਵਾਤਾਵਰਣ (ਕੰਟੀਨ) ਅਤੇ ਸਕੂਲ ਵੱਲੋਂ ਤੈਅ ਟਿਫ਼ਨ ਵਿੱਚ ਖਾਣੇ ਦੀ ਕਿਸਮ ਕਾਫ਼ੀ ਮਦਦਗਾਰ ਹੋ ਸਕਦੇ ਹਨ। ਸਵਾਦ ਦਾ ਕੰਮ ਸੁਚੇਤ ਕਰਨਾ ਹੈ ਕਿ ਖ਼ੁਰਾਕ ਤੁਹਾਡੀ ਜਾਨ ਨੂੰ ਖ਼ਤਰਾ ਤਾਂ ਨਹੀਂ ਪਹੁੰਚਾਵੇਗੀ, ਪਰ ਅਸੀਂ ਸਵਾਦ ਦੀ ਲਪੇਟ ਵਿੱਚ ਨੁਕਸਾਨ ਪਹੁੰਚਾਉਣ ਵਾਲੀ ਖਰਾਕ ਵੱਲ ਹੀ ਖਿੱਚੇ ਜਾ ਰਹੇ ਹਾਂ।