ਨਵੀਂ ਦਿੱਲੀ: ਪਾਕਿਸਤਾਨ ਕ੍ਰਿਕਟ ‘ਚ ਇੱਕ ਵਾਰ ਫ਼ਿਰ ਤੋਂ ਸਪਾਟ ਫ਼ਿਕਸਿੰਗ ਮਾਮਲੇ ‘ਚ ਕ੍ਰਿਕਟਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਤੇਜ਼ ਗੇਂਦਬਾਜ਼ ਮੁਹਮੰਦ ਇਰਫ਼ਾਨ, ਖਾਲਿਦ ਲਤੀਫ਼ ਅਤੇ ਸ਼ਰਜ਼ੀਲ ਖਾਨ ਨੂੰ ਪੀ.ਸੀ.ਬੀ. ਨੇ ਸਪਾਟ ਫ਼ਿਕਸਿੰਗ ਦੇ ਦੋਸ਼ ‘ਚ ਪਾਕਿਸਤਾਨ ਸੁਪਰ ਲੀਗ ਤੋਂ ਮੁਅੱਤਲ ਕਰ ਦਿੱਤਾ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਦੱਸਿਆ ਕਿ ਸ਼ਰਜ਼ੀਲ ਅਤੇ ਲਤੀਫ਼ ਦੋਵੇਂ ਇਸਲਾਮਾਬਾਦ ਯੂਨਾਈਟਿਡ ਦੇ ਲਈ ਖੇਡਦੇ ਹਨ ਅਤੇ ਉਨ੍ਹਾਂ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ।
ਫ਼ਿਕਸਿੰਗ ਮਾਮਲੇ ‘ਚ ਪਾਕਿ ਕ੍ਰਿਕਟਰਾਂ ‘ਤੇ ਪਹਿਲਾਂ ਵੀ ਲਗ ਚੁੱਕਾ ਹੈ ਬੈਨ
ਜਾਣਕਾਰੀ ਦੇ ਮੁਤਾਬਕ 2010 ‘ਚ ਇੰਗਲੈਂਡ ਦੌਰੇ ‘ਤੇ ਗਈ ਪਾਕਿਸਤਾਨੀ ਟੀਮ ਦੇ ਬੱਲੇਬਾਜ਼ ਸਲਮਾਨ ਬੱਟ, ਤੇਜ਼ ਗੇਂਦਬਾਜ਼ ਮੁਹੰਮਦ ਆਸਿਫ਼ ਅਤੇ ਮੁਹੰਮਦ ਆਮਿਰ ਨੂੰ ਫ਼ਿਕਸਿੰਗ ‘ਚ ਦੋਸ਼ੀ ਪਾਇਆ ਗਿਆ ਸੀ। ਇਨ੍ਹਾਂ ਸਾਰਿਆਂ ‘ਤੇ 5 ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਸੀ ਅਤੇ ਜੇਲ ਦੀ ਸਜ਼ਾ ਵੀ ਕਟਣੀ ਪਈ ਸੀ। ਮੁਹੰਮਦ ਆਮਿਰ ਨੇ ਪਿਛਲੇ ਹੀ ਸਾਲ ਸਜ਼ਾ ਕੱਟਣ ਦੇ ਬਾਅਦ ਪਾਕਿਸਤਾਨੀ ਟੀਮ ‘ਚ ਵਾਪਸੀ ਕੀਤੀ ਹੈ।